Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਰੋਨਾ ਕਾਰਨ ਹੋਟਲ ਮੋਟਲ ਸਨਅਤ ਬਰਬਾਦ ਹੋਈ

Posted on July 23rd, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ

ਕੈਨੇਡਾ-ਅਮਰੀਕਾ 'ਚ ਕਰੋਨਾ ਕਾਰਨ ਹੋਟਲ-ਮੋਟਲ ਸਨਅਤ ਬਰਬਾਦ ਹੋ ਗਈ ਹੈ। ਹਰ ਸ਼ਹਿਰ ਹੋਟਲ-ਮੋਟਲ ਖਾਲੀ ਪਏ ਹਨ, ਜਿਸ ਕਾਰਨ ਮਾਲਕਾਂ ਦੇ ਸਾਹ ਸੂਤੇ ਪਏ ਹਨ। ਕਈ ਹੁਣ ਬਿਜ਼ਨਸ ਵੇਚਣਾ ਚਾਹੁੰਦੇ ਹਨ ਪਰ ਕੋਈ ਅੱਧ ਮੁੱਲ 'ਤੇ ਵੀ ਲੈਣ ਨੂੰ ਰਾਜ਼ੀ ਨਹੀਂ।

ਹੋਟਲ ਐਸੋਸੀਏਸ਼ਨ ਆਫ ਕੈਨੇਡਾ ਦੇ ਅੰਕੜਿਆਂ ਮੁਤਾਬਕ ਕੈਨੇਡਾ 'ਚ ਹੋਟਲਾਂ-ਮੋਟਲਾਂ ਦੀ ਕਮਾਈ 90 ਫੀਸਦੀ ਘਟ ਗਈ, ਕਿਉਂਕਿ ਰਹਿਣ ਵਾਲੇ ਸਿਰਫ 5 ਫੀਸਦੀ ਆ ਰਹੇ ਸਨ। ਪਰ ਹੁਣ ਤੱਕ ਵੀ ਕੋਈ ਸੁਧਾਰ ਨਹੀਂ ਹੋਇਆ।

ਪਿਛਲੇ ਹਫਤਾਅੰਤ 'ਤੇ ਵੈਨਕੂਵਰ 'ਚ ਹੋਟਲ-ਮੋਟਲ 7 ਫੀਸਦੀ ਭਰੇ, ਜਾਣੀਕਿ 93 ਫੀਸਦੀ ਖਾਲੀ ਰਹੇ। ਕਈ ਛੋਟੇ ਸ਼ਹਿਰਾਂ 'ਚ ਹਾਲ ਇਸਤੋਂ ਵੀ ਮਾੜਾ ਹੈ।

ਹੋਟਲਾਂ-ਮੋਟਲਾਂ ਦੀ ਖਰੀਦ-ਵੇਚ ਨਾਲ ਸਬੰਧਤ ਅਦਾਰੇ CBRE Hotels ਮੁਤਾਬਕ ਅਗਲੇ ਸਾਲ 2021 ਵਿੱਚ ਵੀ ਹੋਟਲ-ਮੋਟਲ 20 ਫੀਸਦੀ ਤੋਂ ਵੱਧ ਨਹੀਂ ਭਰ ਸਕਦੇ। ਲੋਕ ਬਾਹਰ ਨਿਕਲਣੋਂ ਡਰ ਰਹੇ ਹਨ।

ਅਜਿਹੇ ਵਿੱਚ ਕੁਝ ਹੋਟਲ-ਮੋਟਲ ਮਾਲਕ ਸੋਚ ਰਹੇ ਹਨ ਕਿ ਹੋਟਲਾਂ-ਮੋਟਲਾਂ ਨੂੰ ਅਪਾਰਟਮੈਂਟਾਂ ਵਾਂਗ ਪੱਕੇ ਕਿਰਾਏ 'ਤੇ ਦੇ ਦਿੱਤਾ ਜਾਵੇ ਪਰ ਨਾਲ ਹੀ ਡਰ ਰਹੇ ਹਨ ਕਿ ਜੇ ਅਜਿਹਾ ਕੀਤਾ ਤਾਂ ਫਿਰ ਵਾਪਸ ਇਨ੍ਹਾਂ ਨੂੰ ਹੋਟਲ-ਮੋਟਲ ਬਣਾਉਣਾ ਔਖਾ ਹੋ ਜਾਵੇਗਾ।

ਸਰੀ ਤੋਂ ਅਮਰੀਕਾ ਜਾ ਕੇ ਹੋਟਲ ਖਰੀਦਣ ਵਾਲੇ ਇੱਕ ਪੰਜਾਬੀ ਮੁਤਾਬਕ ਉਹ 6 ਮਿਲੀਅਨ 'ਚ ਖਰੀਦਿਆ ਹੋਟਲ 3 ਮਿਲੀਅਨ 'ਚ ਛੱਡਣ ਲਈ ਵੀ ਤਿਆਰ ਹੈ ਪਰ ਕੋਈ ਗਾਹਕ ਨਹੀਂ ਮਿਲ ਰਿਹਾ। ਉਸਦੀ ਜੋੜੀ ਪੂੰਜੀ ਕੁਝ ਮਹੀਨਿਆਂ `ਚ ਹੀ ਸਵਾਹ ਹੋ ਗਈ ਹੈ।



Archive

RECENT STORIES