Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ਾਂ 'ਚ ਛਪਣ ਦੀ ਆਗਿਆ ਨਾ ਦਿੱਤੀ ਜਾਵੇ- ਕੈਨੇਡਾ ਦੇ ਸਿੱਖ

Posted on August 17th, 2020

ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਦਾ ਉਤਾਰਾ (ਵਾਇਆ ਸਿੰਘ ਵੀਡੀਓ, ਵੈਨਕੂਵਰ)

ਗੁਰਪ੍ਰੀਤ ਸਿੰਘ ਸਹੋਤਾ/ ਵੈਨਕੂਵਰ/ ਚੜ੍ਹਦੀ ਕਲਾ ਬਿਊਰੋ

ਸ਼੍ਰੋਮਣੀ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ੍ਰੀ ਅੰਮ੍ਰਿਤਸਰ ਤੋਂ ਇਲਾਵਾ ਬਾਹਰਲੇ ਮੁਲਕਾਂ 'ਚ ਛਾਪਣ ਦੀ ਆਗਿਆ ਦੇਣ ਦੀਆਂ ਤਿਆਰੀਆਂ ਦਾ ਕੈਨੇਡਾ 'ਚ ਵਿਰੋਧ ਹੋ ਰਿਹਾ ਹੈ।

ਕੈਨੇਡਾ 'ਚ ਸਿੱਖਾਂ ਦੀ ਸਭ ਤੋਂ ਪੁਰਾਣੀ ਸੰਸਥਾ "ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ" ਦੇ ਪ੍ਰਬੰਧਕਾਂ ਸਮੇਤ ਕੁਝ ਸਹਿਯੋਗੀ ਸਿੱਖ ਸੁਾਇਟੀਆਂ ਦੇ ਆਗੂਆਂ ਨੇ ਇਸ ਸਬੰਧੀ ਇੱਕ ਸਾਂਝਾ ਖਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਿਆ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਛਪਾਈ ਦਾ ਕੰਮ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਰੱਖੇ ਅਤੇ ਵਿਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੀ ਆਗਿਆ ਨਾ ਦਿੱਤੀ ਜਾਵੇ। ਮੀਟਿੰਗ 'ਚ ਸ਼ਾਮਲ ਕੁਝ ਸਿੱਖ ਸੰਸਥਾਵਾਂ ਦੇ ਨੁਮਾਇੰਦੇ (ਤਸਵੀਰ ਵਾਇਆ ਸਿੰਘ ਵੀਡੀਓ, ਵੈਨਕੂਵਰ)

ਉਕਤ ਆਗੂਆਂ ਦੀ ਦਲੀਲ ਹੈ ਕਿ ਪਹਿਲਾਂ ਹੀ ਪੰਥ 'ਚ ਵਿਵਾਦ ਬਹੁਤ ਹਨ ਤੇ ਜੇਕਰ ਇੱਕ ਜਾਂ ਇੱਕ ਤੋਂ ਵੱਧ ਸੰਸਥਾਵਾਂ ਨੂੰ ਛਪਾਈ ਦੇ ਅਧਿਕਾਰ ਦੇ ਦਿੱਤੇ ਗਏ ਤਾਂ ਇਹ ਵਿਵਾਦ ਹੋਰ ਵਧ ਜਾਣਗੇ ਅਤੇ ਸਰੂਪਾਂ 'ਚ ਮਿਲਾਵਟ ਦਾ ਖਦਸ਼ਾ ਵੀ ਵਧ ਜਾਵੇਗਾ।

ਇਸਤੋਂ ਪਹਿਲਾਂ ਵੀ ਕੈਨੇਡਾ ਦੇ ਸਿੱਖ ਸ਼੍ਰੋਮਣੀ ਕਮੇਟੀ ਦੀ ਇਸ ਤਿਆਰੀ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਇੱਕ ਨੂੰ ਵੀ ਛਪਾਈ ਦੇ ਹੱਕ ਮਿਲ ਗਏ ਤਾਂ ਭਵਿੱਖ 'ਚ ਇਸਨੂੰ ਆਧਾਰ ਬਣਾ ਕੇ ਹੋਰ ਲੋਕ ਵੀ ਦਬਾਅ ਪੁਆ ਕੇ ਛਪਾਈ ਦੇ ਅਧਿਕਾਰ ਲੈ ਲੈਣਗੇ। ਸਿੱਖ ਵਿਰੋਧੀ ਸੰਸਥਾਵਾਂ ਲਈ ਅਜਿਹੀ ਕਿਸੇ ਵੀ ਸੰਸਥਾ ਨੂੰ ਆਪਣੇ ਕਾਬੂ 'ਚ ਕਰਨਾ ਕੋਈ ਵੱਡੀ ਗੱਲ ਨਹੀਂ ਹੋਵੇਗੀ। ਸਿੱਖ ਵਿਰੋਧੀ ਸੰਸਥਾਵਾਂ ਸਿੱਖ ਚਿਹਰੇ-ਮੋਹਰੇ ਵਾਲੇ ਲੋਕ ਅੱਗੇ ਕਰਕੇ ਛਪਾਈ ਦੇ ਅਧਿਕਾਰ ਹਾਸਲ ਕਰ ਲੈਣਗੀਆਂ, ਸਿੱਟੇ ਵਜੋਂ ਗੁਰੂ ਗ੍ਰੰਥ ਸਾਹਿਬ 'ਚ ਮਨਚਾਹੀ ਮਿਲਾਵਟ ਕੀਤੀ ਜਾ ਸਕੇਗੀ। ਅਜਿਹੀ ਆਗਿਆ ਦੇਣੀ ਖੁਦ ਮਿਲਾਵਟ ਨੂੰ ਸੱਦਾ ਦੇਣਾ ਹੋਵੇਗਾ।

ਜਿਹੜੇ ਲੋਕ ਛਪਾਈ ਦੇ ਅਧਿਕਾਰ ਲੈਣ ਲਈ ਤਰਲੋਮੱਛੀ ਹੋ ਰਹੇ ਹਨ, ਉਨ੍ਹਾਂ 'ਤੇ ਕੈਨੇਡੀਅਨ ਸਿੱਖਾਂ ਨੂੰ ਵੈਸੇ ਵੀ ਕੋਈ ਬਹੁਤਾ ਇਤਬਾਰ ਨਹੀਂ, ਇਸ ਲਈ ਸ਼੍ਰੋਮਣੀ ਕਮੇਟੀ ਨੂੰ ਅਜਿਹੇ ਨੁਕਸਾਨਦੇਹ ਸਾਬਤ ਹੋਣ ਵਾਲੇ ਕਦਮ ਚੁੱਕਣ ਤੋਂ ਪਿੱਛੇ ਹਟਣਾ ਚਾਹੀਦਾ ਹੈ।



Archive

RECENT STORIES