Posted on August 18th, 2020

ਹਰਿਭਜਨ ਸਿੰਘ ਦਾ ਜਨਮ 18 ਅਗਸਤ, 1920 ਨੂੰ ਲਮਡਿੰਗ, ਅਸਾਮ ਿਵਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਸ੍ਰੀਮਤੀ ਗੰਗਾ ਦੇਵੀ ਅਤੇ ਪਿਤਾ ਦਾ ਨਾਂ ਸ. ਗੰਡਾ ਸਿੰਘ ਸੀ। ਉਨ੍ਹਾਂ ਦਾ ਬਚਪਨ ਗਵਾਲਮੰਡੀ ਲਾਹੌਰ ਵਿਚ ਗੁਜ਼ਰਿਆ।
ਮੇਰੇ ਦਿੱਲੀ ਪੁੱਜਣ ਸਮੇਂ ਹਰਿਭਜਨ ਸਿੰਘ ਦਾ ਸਥਾਨ ਪ੍ਰਮੁੱਖ ਆਲੋਚਕ ਅਤੇ ਮੂਹਰਲੀ ਕਤਾਰ ਦੇ ਇਕ ਸਾਹਿਤਕਾਰ ਵਜੋਂ ਨਿਰਵਿਵਾਦ ਬਣ ਚੁੱਕਿਆ ਸੀ। ਮੈਂ ਉਮਰ ਦੇ ਪੱਖੋਂ ਵੀ ਤੇ ਸਾਹਿਤਕ ਕੱਦ ਦੇ ਪੱਖੋਂ ਵੀ ਉਹਨਾਂ ਤੋਂ ਬਹੁਤ ਛੋਟਾ ਸੀ। ਉਹਨਾਂ ਦਾ ਸੁਭਾਅ ਵੀ ਕੁਝ-ਕੁਝ ਸੰਕੋਚਵਾਂ ਸੀ। ਗੱਲ ਸੰਖੇਪ ਕਰਦੇ ਸਨ ਪਰ ਉਹ ਥੋੜ੍ਹੇ ਸ਼ਬਦਾਂ ਵਿਚ ਕਹਿਣ ਵਾਲ਼ਾ ਸਭ ਕਹਿ ਦਿੰਦੇ ਸਨ। ਸ਼ਾਇਦ ਇਉਂ ਘੱਟ ਬੋਲਣ ਦੀ ਕਸਰ ਉਹ ਆਪਣੇ ਨਾਲ ਗੱਲਾਂ ਕਰ ਕੇ ਪੂਰੀ ਕਰਦੇ ਸਨ। ਜਦੋਂ ਉਹ ਬਾਹਰੋਂ ਚੁੱਪ ਦਿਸਦੇ ਸਨ, ਆਪਣੇ ਅੰਦਰਲੇ ਨਾਲ ਗੱਲਾਂ ਕਰਦਿਆਂ ਉਹਨਾਂ ਦੇ ਬੁੱਲ੍ਹ ਹਿਲਦੇ-ਫਰਕਦੇ ਰਹਿੰਦੇ ਸਨ ਤੇ ਉਹਨਾਂ ਦੀਆਂ ਉਂਗਲਾਂ ਵੀ ਬੁੱਲ੍ਹਾਂ ਨਾਲ ਤਾਲ ਮਿਲਾਉਂਦੀਆਂ ਰਹਿੰਦੀਆਂ ਸਨ।
ਮਾਰਕਸਵਾਦੀ ਹਲਕੇ ਉਹਨਾਂ ਨੂੰ ਵਿਚਾਰਧਾਰਾ ਦੇ ਪੱਖੋਂ ਮਾਰਕਸਵਾਦ-ਵਿਰੋਧੀ ਮੰਨਦੇ ਸਨ ਅਤੇ ਉਹ ਆਪਣੇ ਸੰਬੰਧੀ ਇਸ ਧਾਰਨਾ ਨੂੰ ਆਪਣੀ ਸੁਭਾਵਿਕ ਸਹਿਜਤਾ ਨਾਲ ਸਵੀਕਾਰ ਕਰ ਕੇ ਇਸ ਦਾ ਖੰਡਣ ਕਰਨ ਦੀ ਲੋੜ ਨਹੀਂ ਸਨ ਸਮਝਦੇ। ਸਾਹਿਤਕ ਅਤੇ ਅਸਾਹਿਤਕ ਬਹਿਸਬਾਜ਼ੀ ਕਾਰਨ ਇਹ ਲਕੀਰ ਗੂੜ੍ਹੀ ਹੁੰਦੀ ਗਈ। ਤੇ ਫਿਰ ਕਿਸੇ ਪਲ ਆਪਣੇ ਇਸ ਵਿਰੋਧ ਨੂੰ ਸ਼ਬਦ ਦਿੰਦਿਆਂ ਉਹਨਾਂ ਨੇ ਇਕ ਕਵਿਤਾ ਲਿਖੀ-‘‘ਇਹ ਕੇਹੀ ਸ਼ਾਇਰੀ ਹੈ ਦੋਸਤੋ!’’ ਉਸ ਕਵਿਤਾ ਵਿਚ ਉਹਨਾਂ ਨੇ ਖਿਝ ਕੇ ਲਾਲ ਝੰਡੇ ਨੂੰ, ਜਿਸ ਨੂੰ ਕਮਿਊਨਿਸਟਾਂ ਤੋਂ ਇਲਾਵਾ ਦੁਨੀਆ ਭਰ ਦੇ ਮਜ਼ਦੂਰ ਸੀਸ ਝੁਕਾਉਂਦੇ ਹਨ, ਰੰਗੀ ਹੋਈ ਟਾਕੀ ਕਿਹਾ ਅਤੇ ਸਿੱਟਾ ਕੱਢਿਆ ਕਿ ਮਾਰਕਸਵਾਦੀ ਮੇਰਾ ਵਿਰੋਧ ਇਸ ਲਈ ਕਰਦੇ ਹਨ ਕਿਉਂਕਿ ‘‘ਮੈਂ ਰੰਗੀ ਹੋਈ ਟਾਕੀ ਨੂੰ ਸੂਰਜ ਆਖ ਨਾ ਸਕਿਆ।’’
ਇਹ ਕਵਿਤਾ ਅੰਮ੍ਰਿਤਾ ਪ੍ਰੀਤਮ ਦੇ ਰਸਾਲੇ ‘ਨਾਗਮਣੀ’ ਵਿਚ ਛਪੀ ਤਾਂ ਮਾਰਕਸੀ ਹਲਕਿਆਂ ਵਿਚ ਤੂਫ਼ਾਨ ਆ ਗਿਆ। ਇਸ ਕਵਿਤਾ ਦੇ ਵਿਰੋਧ ਵਿਚ ਦਰਜਨਾਂ ਕਵਿਤਾਵਾਂ ਲਿਖੀਆਂ ਗਈਆਂ। ਜੇ ਮੈਂ ਭੁਲਦਾ ਨਹੀਂ, ਇਹ ਜਵਾਬੀ ਕਵਿਤਾਵਾਂ ਅੱਗੇ ਚੱਲ ਕੇ ਕਿਤੇ ਇਕੱਠੀਆਂ ਵੀ ਛਪੀਆਂ ਸਨ। ਹਰਿਭਜਨ ਸਿੰਘ ਅਤੇ ਮਾਰਕਸੀ ਵਿਚਾਰਾਂ ਵਾਲੇ ਲੇਖਕਾਂ ਦੇ ਇਸ ਪ੍ਰਕਾਰ ਕਵਿਤੋ-ਕਵਿਤੀ ਹੋਣ ਨਾਲ ਦੋਵਾਂ ਧਿਰਾਂ ਵਿਚਕਾਰਲੀ ਲਕੀਰ ਹੋਰ ਗੂੜ੍ਹੀ ਹੋ ਗਈ। ਇਹ ਕਹਿਣ ਦੀ ਤਾਂ ਲੋੜ ਹੀ ਨਹੀਂ ਕਿ ਇਸ ਸਾਰੇ ਮਾਮਲੇ ਵਿਚ ਮੈਂ ਵੀ ਲਕੀਰ ਦੇ ਹਰਿਭਜਨ ਸਿੰਘ ਨਾਲੋਂ ਦੂਜੇ ਪਾਸੇ ਸੀ। ਭਾਵੇਂ ਇਸ ਤਕਰਾਰ ਦੇ ਸ਼ੁਰੂ ਵਿਚ ਮੇਰਾ ਉਹਨਾਂ ਨਾਲ ਕੋਈ ਸ਼ਬਦ ਸਾਂਝਾ ਨਹੀਂ ਸੀ ਹੋਇਆ, ਤਾਂ ਵੀ ਸੋਵੀਅਤ ਯੂਨੀਅਨ ਦੇ ਦੂਤਾਵਾਸ ਵਿਚ ਮੇਰਾ ਕੰਮ ਕਰਦੇ ਹੋਣਾ ਹੀ ਡਾਕਟਰ ਸਾਹਿਬ ਲਈ ਮੈਨੂੰ ਮਾਰਕਸੀ ਜਾਣ ਕੇ ਲਕੀਰ ਦੇ ਦੂਜੇ ਪਾਸੇ ਖੜ੍ਹਾ ਕਰਨ ਵਾਸਤੇ ਕਾਫ਼ੀ ਸੀ।
ਤੇ ਫੇਰ ਇਕ ਦਿਨ ਸਵਰਗੀ ਡਾਕਟਰ ਗਿਆਨੀ ਹਰੀ ਸਿੰਘ ਦੇ ਨਿਵਾਸ ਵਿਖੇ ਪੰਜਾਬੀ ਸਾਹਿਤ ਸਭਾ ਦੀ ਹੁੰਦੀ ਸਪਤਾਹਿਕ ਐਤਵਾਰੀ ਬੈਠਕ ਸਮੇਂ, ਬਾਕਾਇਦਾ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ, ਇਸ ਭਖਦੇ ਵਿਸ਼ੇ ਦੀ ਗੱਲ ਛਿੜ ਪਈ। ਇਸ ਚਬਾ-ਚਬੀ ਵਿਚ ਮੇਰੇ ਰੋਸ ਦੇ ਸ਼ਬਦ ਵੀ ਡਾਕਟਰ ਸਾਹਿਬ ਦੇ ਵਿਰੋਧ ਵਿਚ ਸ਼ਾਮਲ ਹੋ ਗਏ। ਭਾਵੇਂ ਮੈਂ ਆਪਣੇ ਨਾਲੋਂ ਵਡੇਰੇ ਲੇਖਕ ਵਜੋਂ ਉਹਨਾਂ ਦੀ ਕਦਰ ਕਰਦਿਆਂ ਆਪਣੇ ਸ਼ਬਦਾਂ ਵਿਚ ਬੇਲੋੜੀ ਕੁੜੱਤਣ ਜਾਂ ਚੁਭਣ ਭਰਨ ਤੋਂ ਸੰਕੋਚ ਕਰ ਸਕਣ ਵਿਚ ਸਫ਼ਲ ਰਿਹਾ, ਤਾਂ ਵੀ ਮੇਰਾ ਇਹ ਵਿਸ਼ਵਾਸ ਤਾਂ ਜ਼ਰੂਰ ਸੀ ਕਿ ਉਹਨਾਂ ਨੂੰ ਲਾਲ ਝੰਡੇ ਲਈ ਸ਼ਬਦ ‘ਰੰਗੀ ਹੋਈ ਟਾਕੀ’ ਨਹੀਂ ਸਨ ਵਰਤਣੇ ਚਾਹੀਦੇ।
ਹਰਿਭਜਨ ਸਿੰਘ ਦਾ ਸਿਧਾਂਤ-ਜੋ ਮਗਰੋਂ ਉਹਨਾਂ ਨਾਲ ਸੰਬੰਧ ਸੁਖਾਵੇਂ ਹੋ ਜਾਣ ਪਿਛੋਂ ਉਹਨਾਂ ਦੇ ਹੀ ਮੂੰਹੋਂ ਕਈ ਵਾਰ ਸੁਣਿਆ-ਇਹ ਸੀ ਕਿ ਵਿਰੋਧੀ ਨੂੰ ਮਹੱਤਵ ਦੇਣ ਦੀ ਥਾਂ ਅਤੇ ਬਹਿਸ-ਮੁਬਾਹਿਸੇ ਵਿਚ ਪੈ ਕੇ ਆਪਣੇ ਮਨ ਉੱਤੇ ਉਸ ਦਾ ਭਾਰ ਲੱਦੀ ਰੱਖਣ ਦੀ ਥਾਂ ਉਸ ਨੂੰ ‘ਇਗਨੋਰ’-ਉਹ ਸ਼ਬਦ ‘ਇਗਨੋਰ’ ਹੀ ਵਰਤਦੇ ਸਨ-ਕਰ ਦਿਉ ਅਤੇ ਆਪਣੀ ਸੋਚਧਾਰਾ ਵਿਚੋਂ ਪੂਰੀ ਤਰ੍ਹਾਂ ਬੇਦਖਲ ਕਰ ਛੱਡੋ। ਉਹਨਾਂ ਦਾ ਕਹਿਣਾ ਸੀ ਕਿ ਆਪਣੇ ਮਾਨਸਿਕ-ਸਾਹਿਤਕ ਕਾਰਜ ਵਿਚ ਵਿਰੋਧੀ ਨੂੰ ਖ਼ਲਲ ਪਾਉਣ ਦੀ ਆਗਿਆ ਦੇ ਕੇ ਉਸ ਨੂੰ ਉਸ ਦੇ ਮਨੋਰਥ ਵਿਚ ਸਫ਼ਲ ਹੋਣ ਦਾ ਆਨੰਦ ਕਦੀ ਨਾ ਮਾਣਨ ਦਿਉ। ਉਹਨਾਂ ਦਾ ਇਹ ਸਿਧਾਂਤ ਅਤੇ ਉਪਦੇਸ਼ ਜ਼ਿੰਦਗੀ ਵਿਚ ਮੇਰੇ ਵੀ ਬਹੁਤ ਕੰਮ ਆਇਆ, ਪਰ ਉਸ ਸਮੇਂ ਕਾਵਿ-ਕਲੇਸ਼ ਕਾਰਨ ਉਹਨਾਂ ਵੱਲੋਂ ‘ਇਗਨੋਰ’ ਕੀਤੇ ਜਾਣ ਵਾਲਿਆਂ ਵਿਚ ਮੈਂ ਵੀ ਸ਼ਾਮਲ ਸੀ। ਇਹ ਦੁਪਾਸੀ ਚੁੱਪ ਲੰਮਾ ਸਮਾਂ ਬਣੀ ਰਹੀ, ਭਾਵੇਂ ਕਿ ਉਹਨਾਂ ਨਾਲ ਕਦੀ ਕਿਤੇ ਸਾਹਮਣਾ ਹੋ ਜਾਣ ਸਮੇਂ ਮੈਂ ਉਹਨਾਂ ਨੂੰ ‘ਸਤਿ ਸ੍ਰੀ ਅਕਾਲ’ ਬੁਲਾਉਣੋਂ ਕਦੀ ਨਹੀਂ ਸੀ ਉੱਕਿਆ ਅਤੇ ਹੁੰਗਾਰਾ ਭਰਨੋਂ ਉਹਨਾਂ ਨੇ ਵੀ ਕਦੀ ਸੰਕੋਚ ਨਹੀਂ ਸੀ ਕੀਤਾ।
... ਤੇ ਫੇਰ ਬਹੁਤ ਸਮੇਂ ਮਗਰੋਂ ਇਕ ਦਿਨ ਅਚਾਨਕ ਇਕ ਬਹੁਤ ਹੈਰਾਨਕੁਨ, ਸਗੋਂ ਕਿਹਾ ਜਾ ਸਕਦਾ ਹੈ ਕਿ ਬਹੁਤ ਅਜੀਬ ਗੱਲ ਵਾਪਰੀ। ਹਰਿਭਜਨ ਸਿੰਘ ਦੇ ਤੇ ਮੇਰੇ ਸਾਂਝੇ ਮਿੱਤਰ, ਕਵੀ-ਆਲੋਚਕ ਪ੍ਰੋ. ਇੰਦੇ ਨੇ ਮੈਨੂੰ ਕਿਹਾ, ‘‘ਤੁਹਾਡੇ ਲਈ ਡਾਕਟਰ ਸਾਹਿਬ ਦਾ ਇਕ ਸੁਨੇਹਾ ਹੈ।... ਉਹ ਮਿਲਣਾ ਚਾਹੁੰਦੇ ਨੇ ਅਤੇ ਉਹਨਾਂ ਨੇ ਸਮੇਂ ਤੇ ਸਥਾਨ ਬਾਰੇ ਪੁੱਛਿਆ ਹੈ ਕਿ ਉਹ ਤੁਹਾਨੂੰ ਕਦੋਂ ਤੇ ਕਿਥੇ ਮਿਲਣ।’’ ਮੇਰੀ ਹੈਰਾਨੀ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਸਗੋਂ ਹੈਰਾਨ ਨਾਲੋਂ ਮੈਂ ਪਰੇਸ਼ਾਨ ਵੱਧ ਹੋਇਆ। ਮੈਨੂੰ ਆਪਣੇ ਕੰਨਾਂ ਦਾ ਸੱਚ ਨਾ ਆਇਆ, ‘‘ਡਾਕਟਰ ਸਾਹਿਬ ਆਪ ਆ ਕੇ ਮੈਨੂੰ ਮਿਲਣਾ ਚਾਹੁੰਦੇ ਨੇ?...ਪਰ ਕਿਉਂ?’’ ਪ੍ਰੋ. ਇੰਦੇ ਨੇ ਦੱਸਿਆ, ‘‘ਉਹਨਾਂ ਨੇ ਤੁਹਾਡੀ ਪੁਸਤਕ ‘ਮੈਂ ਗ਼ਜ਼ਨਵੀ ਨਹੀਂ’ ਪੜ੍ਹੀ ਹੈ, ਜਿਸ ਦੀਆਂ ਕਹਾਣੀਆਂ ਉਹਨਾਂ ਨੂੰ ਬਹੁਤ ਚੰਗੀਆਂ ਲਗੀਆਂ ਨੇ। ਉਹ ਇਹਨਾਂ ਕਹਾਣੀਆਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਨੇ।’’ ਮੈਂ ਉਜਰ ਕੀਤਾ, ‘‘ਪਰ ਉਹ ਮੈਨੂੰ ਬੁਲਾ ਸਕਦੇ ਸਨ?’’ ਉਹਨੇ ਰਹੱਸ ਖੋਲ੍ਹਿਆ, ‘‘ਉਹਨਾਂ ਦਾ ਕਹਿਣਾ ਹੈ ਕਿ ਉਹ ਇਕ ਪਾਠਕ ਵਜੋਂ ਮਿਲਣਾ ਚਾਹੁੰਦੇ ਹਨ ਤੇ ਪਾਠਕ ਦਾ ਹੀ ਲੇਖਕ ਕੋਲ ਜਾਣਾ ਸੋਭਦਾ ਹੈ, ਲੇਖਕ ਨੂੰ ਬੁਲਾਉਣਾ ਪਾਠਕੀ ਧਰਮ ਨਹੀਂ।’’
ਮੈਨੂੰ, ਖ਼ਾਸ ਕਰ ਕੇ ਸਾਡੇ ਉਸ ਸਮੇਂ ਦੇ ਸੰਬੰਧਾਂ ਵੱਲ ਦੇਖਦਿਆਂ, ਉਹਨਾਂ ਨੂੰ ਕਹਾਣੀਆਂ ਦਾ ਚੰਗੀਆਂ ਲੱਗਣਾ ਸੁਣ ਕੇ ਬਹੁਤ ਖ਼ੁਸ਼ੀ ਤਾਂ ਹੋਣੀ ਹੀ ਸੀ, ਉਹਨਾਂ ਦੀ ਮਿਲਣ ਆਉਣ ਦੀ ਇੱਛਾ ਸੁਣ ਕੇ ਮੇਰੇ ਮਨ ਵਿਚ ਬਣੀ ਹੋਈ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਉਹਨਾਂ ਦੀ ਬਣਾਈ ਹੋਈ ਤਸਵੀਰ ਦੇ ਰੰਗ ਵੀ ਇਕਦਮ ਬਦਲ ਗਏ। ਮੈਂ ਇੰਦੇ ਨੂੰ ਆਖਿਆ, ‘‘ਡਾਕਟਰ ਸਾਹਿਬ ਨੇ ਸੁਨੇਹਾ ਭੇਜਣ ਸਮੇਂ ਅਤੇ ਤੁਸੀਂ ਸੁਨੇਹਾ ਪੁੱਜਦਾ ਕਰਨ ਸਮੇਂ ਇਹ ਕਿਵੇਂ ਸੋਚ ਲਿਆ ਕਿ ਮੈਂ ਉਹਨਾਂ ਨੂੰ ਸਥਾਨ ਤੇ ਸਮਾਂ ਦੱਸ ਕੇ ਬੁਲਾਉਣ ਦੀ ਜੁਰੱਅਤ, ਸਗੋਂ ਮੂਰਖਤਾ ਕਰ ਲਵਾਂਗਾ?... ਮੈਂ ਉਹਨਾਂ ਤੋਂ ਸਮਾਂ ਮੰਗ ਕੇ ਆਪ ਜਾਵਾਂਗਾ।’’ ਮੈਂ ਫ਼ੋਨ ਰਾਹੀਂ ਉਹਨਾਂ ਲਈ ਠੀਕ ਸਮੇਂ ਦਾ ਪਤਾ ਕਰ ਕੇ ਇਕ ਦਿਨ ਉਹਨਾਂ ਦੇ ਨਿਵਾਸ ਜਾ ਪੁੱਜਿਆ। ਸਭ ਤੋਂ ਪਹਿਲਾਂ ਮੈਂ ਇਹੋ ਗਿਲਾ ਕੀਤਾ ਕਿ ਤੁਹਾਡਾ ਸੁੁਨੇਹਾ ਬਹੁਤ ਪਰੇਸ਼ਾਨ ਕਰਨ ਵਾਲਾ ਸੀ। ਉਹ ਬੇਪਰਵਾਹੀ ਨਾਲ ਬੋਲੇ, ‘‘ਦੇਖ ਬਈ, ਤੇਰੀ ਕਿਤਾਬ ਮੈਨੂੰ ਬਹੁਤ ਚੰਗੀ ਲੱਗੀ। ਬਹੁਤ ਘੱਟ ਪੰਜਾਬੀ ਕਿਤਾਬਾਂ ਮੈਨੂੰ ਪੂਰੀਆਂ ਦੀਆਂ ਪੂਰੀਆਂ ਚੰਗੀਆਂ ਲਗਦੀਆਂ ਨੇ। ਮੈਂ ਤਾਂ ਤੇਰੇ ਇਕ ਪਾਠਕ ਦੀ ਹੈਸੀਅਤ ਵਿਚ ਤੈਨੂੰ ਮਿਲਣਾ ਸੀ। ਪਾਠਕ ਦਾ ਹੀ ਫ਼ਰਜ਼ ਹੈ ਕਿ ਉਹ ਲੇਖਕ ਕੋਲ ਜਾਵੇ।’’
‘‘ਪਾਠਕ ਹੋਵੇ ਹਰਿਭਜਨ ਸਿੰਘ ਤੇ ਲੇਖਕ ਹੋਵੇ ਗੁਰਬਚਨ ਸਿੰਘ ਭੁੱਲਰ। ਤੇ ਉਹ ਪਾਠਕ ਉਸ ਲੇਖਕ ਕੋਲ ਚੱਲ ਕੇ ਜਾਵੇ। ਹੋ ਗਈ ਨਾ ਕਮਾਲ!’’ ਮੈਂ ਹੱਸਿਆ ਅਤੇ ਸਵਾਲ ਕੀਤਾ, ‘‘ਪਰ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਜੇ ਤੁਸੀਂ ਮੇਰੇ ਸਾਹਮਣੇ ਲੇਖਕ ਜਾਂ ਆਲੋਚਕ ਦੀ ਥਾਂ ਪਾਠਕ ਦਾ ਭੇਖ ਧਾਰ ਕੇ ਵੀ ਆਉਗੇ, ਮੈਂ ਸਾਹਿਤਕ-ਸਮਾਜਕ ਸੁਚੱਜ ਤੇ ਮਰਯਾਦਾ ਭੁੱਲ ਹੀ ਜਾਵਾਂਗਾ।’’ ਉਹ ਮੁਸਕਰਾਏ, ‘‘ਚੱਲ ਛੱਡ ਇਹ ਗੱਲ, ਆਪਾਂ ਕਿਤਾਬ ਦੀ ਗੱਲ ਕਰੀਏ, ਤੇਰੀਆਂ ਕਹਾਣੀਆਂ ਦੀ। ਖ਼ਾਸਾ ਸਮਾਂ ਲੱਗ ਜਾਣਾ ਹੈ।’’ ਤੇ ਵਿਚ ਦੀ ਉਹਨਾਂ ਨੇ ਆਵਾਜ਼ ਮਾਰੀ, ‘‘ਕਿਰਪਾਲ ਕੌਰ ਜੀ, ਭੁੱਲਰ ਆਇਐ। ਇਹਦੀਆਂ ਕਹਾਣੀਆਂ ਦੇ ਤੁਸੀਂ ਵੀ ਤਾਂ ਪ੍ਰਸੰਸਕ ਹੋ। ਕੁਛ ਚਾਹ-ਪਾਣੀ ਵੀ ਹੋ ਜਾਵੇ।’’ ਕਿਰਪਾਲ ਕੌਰ ਆਪ ਚਾਹ-ਬਿਸਕੁਟ ਲੈ ਆਏ ਅਤੇ ਮੇਜ਼ ਉੱਤੇ ਰਖਦਿਆਂ ਬੋਲੇ, ‘‘ਭੁੱਲਰ ਜੀ, ਤੁਹਾਡੀਆਂ ਕਹਾਣੀਆਂ ਮੈਨੂੰ ਬੜੀਆਂ ਹੀ ਚੰਗੀਆਂ ਲੱਗੀਆਂ ਨੇ।...ਬਈ ਤੁਸੀਂ ਜ਼ਨਾਨੀਆਂ ਦੇ ਮਨ ਨੂੰ ਬਹੁਤ ਬਰੀਕੀ ਨਾਲ ਸਮਝਦੇ ਹੋ!’’ ਉਹਨਾਂ ਦੀ ਇਹ ਇਕੋ ਗੱਲ ਮੇਰੇ ਲਈ ਲੱਖ ਵਰਗੀ ਸੀ। ਡਾਕਟਰ ਸਾਹਿਬ ਨੇ ਮੁਸਕਰਾ ਕੇ ਉਹਨਾਂ ਦੀ ਗੱਲ ਉੱਤੇ ਮੁਹਰ ਲਾਈ, ‘‘ਕਿਰਪਾਲ ਕੌਰ ਨੂੰ ਜਿਹੜੀ ਚੀਜ਼ ਚੰਗੀ ਲੱਗ ਜਾਵੇ, ਬੜੇ ਰਸ ਨਾਲ ਪੜ੍ਹਦੇ ਨੇ।’’
ਉਹਨਾਂ ਕੋਲ ਬੈਠਣਾ, ਉਹਨਾਂ ਦੇ ਮੂੰਹੋਂ ਉਹਨਾਂ ਦੀਆਂ ਕਵਿਤਾਵਾਂ ਮਾਣਨਾ, ਸਾਹਿਤ ਬਾਰੇ ਉਹਨਾਂ ਦੇ ਵਿਚਾਰ ਜਾਣਨਾ ਅਤੇ ਜੀਵਨ ਬਾਰੇ ਉਹਨਾਂ ਦੇ ਅਨੁਭਵ ਸੁਣਨਾ ਮੁੱਲਵਾਨ ਪ੍ਰਾਪਤੀ ਹੁੰਦੀ ਸੀ। ਸਾਹਿਤ ਨੂੰ ਸਮਝਣ ਅਤੇ ਸਮਝਾਉਣ ਦੀ ਹਰਿਭਜਨ ਸਿੰਘ ਦੀ ਸਮਰਥਾ ਅਤੇ ਗਿਆਨਵਾਨਤਾ ਕਮਾਲ ਦੀ ਸੀ। ਉਹ ਪੰਜਾਬੀ ਦੇ ਕਈ ਹੋਰ ਆਲੋਚਕਾਂ ਵਾਂਗ ਓਪਰੇ ਬਦੇਸੀ ਆਲੋਚਕਾਂ ਦੇ ਲੰਮੇ-ਚੌੜੇ ਪ੍ਰਸੰਗੋਂ ਬਾਹਰੇ ਹਵਾਲੇ ਦੇ ਕੇ ਲੇਖਕਾਂ ਅਤੇ ਪਾਠਕਾਂ ਨੂੰ ਭੈਭੀਤ ਨਹੀਂ ਸਨ ਕਰਦੇ। ਉਹ ਹੋਰ ਗਿਆਨੀਆਂ ਦਾ ਗਿਆਨ, ਅਪ੍ਰਸੰਗਕ ਨੂੰ ਛੱਡਦਿਆਂ ਅਤੇ ਪ੍ਰਸੰਗਕ ਨੂੰ ਪਰਵਾਨਦਿਆਂ, ਆਪਣੇ ਗਿਆਨ ਵਿਚ ਰਚਾਉਂਦੇ ਸਨ। ਉਹ ਪੰਜਾਬੀ ਰਚਨਾ ਨੂੰ ਨਜ਼ਰ ਦੀ ਬਰੀਕੀ ਅਤੇ ਮਨ ਦੀ ਇਕਾਗਰਤਾ ਨਾਲ ਵਾਚਦਿਆਂ ਸਾਰੀ ਗੱਲ ਉਸੇ ਰਚਨਾ ਉਤੇ ਹੀ ਕੇਂਦਰਿਤ ਕਰਦੇ ਸਨ। ਉਹ ਰਚਨਾ ਦੇ ਲਿਖਤ ਰੂਪ ਦਾ ਤਾਂ ਟੀਕਾ ਕਰਦੇ ਹੀ ਸਨ, ਅਲਖਿਤ ਭਾਗ ਨੂੰ ਵੀ ਪੂਰੀ ਪ੍ਰਬੀਨਤਾ ਨਾਲ ਉਜਾਗਰ ਕਰ ਦਿੰਦੇ ਸਨ। ਇਹ ਉਹਨਾਂ ਦੀ ਸਾਹਿਤਕ-ਆਲੋਚਕ ਸੂਝ ਦਾ ਜਲੌਅ ਹੀ ਸੀ ਕਿ ਇਕ ਲੇਖਕ ਵਜੋਂ ਮੈਨੂੰ ਵੀ ਆਪਣੀਆਂ ਕਹਾਣੀਆਂ ਦੇ ਕਈ ਨਵੇਂ ਅਰਥ ਸਮਝ ਵਿਚ ਆਏ।
ਜਦੋਂ ਉਹਨਾਂ ਨੇ ਸਾਡੀ ਉਹ ਗੱਲਬਾਤ ਛਪਣ ਲਈ ਭੇਜੀ ਤਾਂ ਉਹਦੀ ਜਾਣਕਾਰੀ ਇਹਨਾਂ ਸ਼ਬਦਾਂ ਵਿਚ ਦਿੱਤੀ: ‘‘ਪੜ੍ਹਨਯੋਗ ਇੱਕੜ-ਦੁੱਕੜ ਕਹਾਣੀਆਂ ਤਾਂ ਨਜ਼ਰੇ ਪੈਂਦੀਆਂ ਹੀ ਰਹਿੰਦੀਆਂ ਹਨ, ਪਰ ਚੰਗੇ ਪੜ੍ਹਨਯੋਗ ਕਹਾਣੀ-ਸੰਗ੍ਰਹਿ ਕਦੀ-ਕਦਾਈਂ ਹੀ ਮਿਲਦੇ ਹਨ। ਇਹੋ ਜਿਹਾ ਹੀ ਇਕ ਸੰਗ੍ਰਹਿ ਹੈ ‘ਮੈਂ ਗ਼ਜ਼ਨਵੀ ਨਹੀਂ’। ਕਹਾਣੀਕਾਰ: ਗੁਰਬਚਨ ਸਿੰਘ ਭੁੱਲਰ। ਬਹੁਤਾ ਚਿਰ ਤਾਂ ਮੈਂ ਇਸ ਦੀ ਪਹਿਲੀ ਕਹਾਣੀ ‘ਦੀਵੇ ਵਾਂਗ ਬਲਦੀ ਅੱਖ’ ’ਤੇ ਅਟਕਿਆ ਰਿਹਾ। ਇਹ ਮੈਨੂੰ ਧੁਰ ਡੂੰਘ ਤੱਕ ਹਲੂਣ ਗਈ। ਦੂਜੀਆਂ ਕਹਾਣੀਆਂ ਪੜ੍ਹਨ ਤੋਂ ਮੈਨੂੰ ਅਚੇਤ ਝਿਜਕ ਸੀ। ਮਤੇ ਪਹਿਲੀ ਕਹਾਣੀ ਦਾ ਆਨੰਦ ਵੀ ਕਿਰਕਿਰਾ ਹੋ ਜਾਵੇ! ਖ਼ੈਰ, ਇਸ ਦਾ ਬਾਰ-ਬਾਰ ਆਨੰਦ ਮਾਣਨ ਤੋਂ ਬਾਅਦ ਹੀ ਮੈਂ ਅਗਾਂਹ ਵਧਿਆ। ਰਤਾ ਕੁ ਬੇਦਿਲੀ ਨਾਲ। ਖ਼ਾਹਮਖ਼ਾਹ ਦਾ ਖ਼ਿਆਲ ਸੀ ਕਿ ਅਗਲੀਆਂ ਕਹਾਣੀਆਂ ਪਹਿਲੀ ਦੇ ਮੇਚ ਦੀਆਂ ਨਹੀਂ ਹੋਣਗੀਆਂ। ਪਰ ਪੜ੍ਹਨ ਬਾਅਦ ਆਪਣਾ ਵਿਚਾਰ ਅਸਿੱਧ ਹੁੰਦਾ ਜਾਪਿਆ। ਇਸ ਸੰਗ੍ਰਹਿ ਦਾ ਇਕਾਗਰ ਪ੍ਰਭਾਵ ਮੇਰੇ ਉਪਰ ਨਵੇਕਲੀ ਜਿਹੀ ਛਾਪ ਛੱਡ ਗਿਆ। ਇਸੇ ਛਾਪ ਦਾ ਪ੍ਰੇਰਿਆ, ਮੈਂ ਗੁਰਬਚਨ ਨਾਲ ਗੱਲਾਂ ਕੀਤੀਆਂ। ਬਹੁਤ ਚਾਅ ਤਾਂ ਆਪਣਾ ਪ੍ਰਭਾਵ ਦੱਸਣ ਦਾ ਸੀ, ਪਰ ਕੁਝ ਮੌਕਾ ਗੁਰਬਚਨ ਪਾਸੋਂ ਪੁੱਛਾਂ ਪੁੱਛਣ ਦਾ ਵੀ ਬਣ ਗਿਆ।’’ ਲਿਖਤ ਉੱਤੇ ਉਹਨਾਂ ਨੇ ਆਪਣਾ ਨਾਂ ਵੀ ‘ਪਾਠਕ: ਹਰਿਭਜਨ ਸਿੰਘ’ ਦਿੱਤਾ।
ਇਕ ਦਿਨ ਉਹਨਾਂ ਦਾ ਫੋਨ ਆਇਆ, ‘ਬਈ ਭੁੱਲਰ, ਤੇਰੀ ਮਦਦ ਦੀ ਲੋੜ ਹੈ!... ਮੈਂ 25 ਪੰਜਾਬੀ ਕਹਾਣੀਆਂ ਦਾ ਇਕ ਸੰਗ੍ਰਹਿ ਨੈਸ਼ਨਲ ਬੁਕ ਟਰੱਸਟ ਲਈ ਅੰਗਰੇਜ਼ੀ ਵਿਚ ਤਿਆਰ ਕਰਨਾ ਹੈ। ਤੂੰ ਮੈਨੂੰ 23 ਕਹਾਣੀਕਾਰਾਂ ਦੀ ਸੂਚੀ ਬਣਾ ਦੇ।’’ ਮੈਂ ਹੱਸਿਆ, ‘‘ਡਾਕਟਰ ਸਾਹਿਬ, ਇਹ ਦੋ ਵਿਸ਼ੇਸ਼ ਕੌਣ ਨੇ?’’ ਉਹਨਾਂ ਨੇ ਇਕ ਨਾਂ ਲਿਆ। ਮੈਨੂੰ ਹੈਰਾਨੀ ਹੋਈ, ‘‘ਉਹਨੂੰ ਤੁਸੀਂ ਕਿਥੋਂ ਕਹਾਣੀਕਾਰਾਂ ਵਿਚ ਗਿਣ ਲਿਆ?’’ ਉਹਨਾਂ ਨੇ ਬੇਝਿਜਕ ਦੱਸਿਆ, ‘‘ਬਈ, ਕਈ ਵਾਰ ਬੰਦੇ ਦੀ ਕੋਈ ਮਜਬੂਰੀ ਵੀ ਹੋ ਜਾਂਦੀ ਹੈ। ਉਂਜ ਵੀ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਵਿਚ ਬਹੁਤੇ ਬੇਲਚਕ ਨਹੀਂ ਹੋਣਾ ਚਾਹੀਦਾ। ਉਹ ਮੇਰੇ ਨਾਲ ਪੜ੍ਹਾਉਂਦਾ ਰਿਹਾ ਹੈ।...ਜੇ ਮੈਂ ਉਹਦੀ ਕਹਾਣੀ ਨਾ ਲਈ, ਉਹ ਮੇਰੇ ਬੂਹੇ ਅੱਗੇ ਜਿਉਂਦਾ ਮੱਚ ਜਾਵੇਗਾ!’’
ਸੂਚੀ ਬਣੀ। ਕਹਾਣੀਆਂ ਆਗਿਆ-ਪੱਤਰਾਂ ਸਮੇਤ ਮੰਗਵਾਈਆਂ ਗਈਆਂ। ਡਾਕਟਰ ਸਾਹਿਬ ਨੇ ਉਹਨਾਂ ਦੇ ਅੰਗਰੇਜ਼ੀ ਅਨੁਵਾਦ ਦਾ ਵੀ ਪ੍ਰਬੰਧ ਕਰ ਲਿਆ। ਫੇਰ ਇਕ ਦਿਨ ਕਿਰਪਾਲ ਕੌਰ ਜੀ ਦਾ ਫੋਨ ਆਇਆ, ‘‘ਡਾਕਟਰ ਸਾਹਿਬ ਦੀ ਤਬੀਅਤ ਠੀਕ ਨਹੀਂ, ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ।’’ ਉਹ ਬੀਮਾਰ ਆਵਾਜ਼ ਵਿਚ ਬੋਲੇ, ‘‘ਮੈਂ ਉਸ ਪੁਸਤਕ ਦਾ ਕੰਮ ਮੁਕਾ ਦੇਣਾ ਚਾਹੁੰਦਾ ਹਾਂ ਪਰ ਅਜੇ ਖ਼ੁਦ ਕਰਨ ਜੋਗਾ ਹਾਂ ਨਹੀਂ। ਤੂੰ ਇਕ ਕੰਮ ਹੋਰ ਕਰ ਦੇ। ਮੇਰੇ ਵੱਲੋਂ ਉਹਦਾ ਦੋ ਪੰਨਿਆਂ ਦਾ ਮੁੱਖਬੰਦ ਲਿਖ ਦੇ।’’ ਅਗਲੇ ਦਿਨ ਮੈਂ ਗਿਆ ਤਾਂ ਪਤਾ ਲਗਿਆ, ਉਹਨਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ। ਉਹਨਾਂ ਦੀ ਸਿਹਤ ਦੀ ਪੁੱਛ-ਦੱਸ ਤੇ ਚਿੰਤਾ ਕਰਨ ਮਗਰੋਂ ਮੈਂ ਕਾਗ਼ਜ਼ ਮੇਜ਼ ਉੱਤੇ ਰੱਖੇ ਤਾਂ ਉਹ ਬੋਲੇ, ‘‘ਰੱਖ ਨਾ, ਮੈਨੂੰ ਪੜ੍ਹ ਕੇ ਸੁਣਾ।’’ ਸੁਣ ਕੇ ਉਹ ਪੂਰੇ ਸੰਤੁਸ਼ਟ ਹੋ ਗਏ, ‘‘ਤੂੰ ਬਿਲਕੁਲ ਓਵੇਂ ਲਿਖਿਆ ਹੈ ਜਿਵੇਂ ਮੈਂ ਲਿਖਣਾ ਸੀ। ਪਰ ਤੈਥੋਂ ਇਕ ਕਸਰ ਰਹਿ ਗਈ... ਪੁਸਤਕ ਦੇ ਕੰਮ ਵਿਚ ਸਹਿਯੋਗ ਵਾਸਤੇ ਭੁੱਲਰ ਦਾ ਧੰਨਵਾਦ।’’ ਮੈਂ ਹੱਸਿਆ, ‘‘ਕਮਾਲ ਕਰਦੇ ਹੋ ਡਾਕਟਰ ਸਾਹਿਬ! ਮੈਂ ਆਪ ਹੀ ਆਪਣਾ ਧੰਨਵਾਦ ਕਰਾਂ।’’ ਉਹ ਝੱਟ ਬੋਲੇ, ‘‘ਇਹ ਲਿਖਤ ਤੇਰੀ ਨਹੀਂ, ਮੇਰੀ ਹੈ ਤੇ ਤੇਰਾ ਧੰਨਵਾਦ ਮੈਂ ਕਰ ਰਿਹਾ ਹੋਵਾਂਗਾ।’’
ਵੈਸੇ ਤਾਂ ਕਿਸੇ ਵੀ ਰਚਨਾ ਨੂੰ, ਖਾਸ ਕਰ ਕੇ ਕਵਿਤਾ ਨੂੰ ਸੁਣਨ ਦਾ ਅਸਲ ਆਨੰਦ ਉਹਦੇ ਰਚਨਾਕਾਰ ਦੇ ਮੂੰਹੋਂ ਹੀ ਆਉਂਦਾ ਹੈ, ਪਰ ਡਾਕਟਰ ਸਾਹਿਬ ਦੇ ਮੂੰਹੋਂ ਉਹਨਾਂ ਦੀਆਂ ਕਵਿਤਾਵਾਂ ਸੁਣਨਾ ਤਾਂ ਅਨੋਖਾ ਅਨੁਭਵ ਹੁੰਦਾ ਸੀ। ਉਹਨਾਂ ਨੂੰ ਅੰਮ੍ਰਿਤਸਰ ਨਾਲ ਬੜਾ ਪਿਆਰ ਸੀ ਤੇ ਦਰਬਾਰ ਸਾਹਿਬ ਦੇ ਉਹ ਬੜੇ ਸ਼ਰਧਾਲੂ ਸਨ। ਦਰਬਾਰ ਸਾਹਿਬ ਦੇ ਪਸਾਰੇ ਵਿਚ ਹੋਈ ਢਾਹ-ਢੁਹਾਈ ਤੋਂ ਉਹ ਬੜੇ ਪਰੇਸ਼ਾਨ ਸਨ। ਫੇਰ ਇੰਦਰਾ ਗਾਂਧੀ ਦਾ ਕਤਲ ਤੇ ਜਵਾਬੀ ਕਾਰਵਾਈ ਵਿਚ ਸਿੱਖਾਂ ਦਾ ਕਤਲਾਮ ਹੋ ਗਿਆ। ਇਹਨਾਂ ਸਭ ਘਟਨਾਵਾਂ ਤੋਂ ਕਾਫ਼ੀ ਮਗਰੋਂ ਕਹਾਣੀਕਾਰ ਜਗਦੀਸ਼ ਕੌਸ਼ਲ ਨੇ ਕੁਝ ਦੋਸਤਾਂ ਨੂੰ ਖਾਣੇ ਲਈ ਬੁਲਾਇਆ। ਖਾਣੇ ਤੋਂ ਪਹਿਲਾਂ ਅਸੀਂ ਸਾਰੇ ਖੁੱਲ੍ਹੀ ਛੱਤ ਉੱਤੇ ਜਾ ਬੈਠੇ। ਕੁਦਰਤੀ ਸੀ ਕਿ ਅਸੀਂ ਡਾਕਟਰ ਸਾਹਿਬ ਨੂੰ ਕੁਝ ਸੁਣਾਉਣ ਲਈ ਕਹਿਣਾ ਹੀ ਸੀ। ਉਹਨਾਂ ਨੇ ਪੰਜਾਬ ਦੇ ਸਮਕਾਲ ਬਾਰੇ, ਖਾਸ ਕਰ ਕੇ ਇਹਨਾਂ ਘਟਨਾਵਾਂ ਬਾਰੇ ਕਵਿਤਾਵਾਂ ਸੁਣਾਈਆਂ। ਅਭੁੱਲ ਅਨੁਭਵ ਸੀ ਉਹ! ਇਉਂ ਲਗਦਾ ਸੀ ਜਿਵੇਂ ਉਹ ਪਹਿਲਾਂ ਦੀਆਂ ਲਿਖੀਆਂ ਕਵਿਤਾਵਾਂ ਨਾ ਸੁਣਾ ਰਹੇ ਹੋਣ ਸਗੋਂ ਇਹ ਹੁਣੇ ਉਹਨਾਂ ਨੂੰ ਉੱਤਰ ਰਹੀਆਂ ਹੋਣ!
ਉਹਨਾਂ ਨਾਲ ਹੁੰਦੀਆਂ ਰਹੀਆਂ ਮਿਲਣੀਆਂ ਦੀ ਤਾਂ ਕੋਈ ਗਿਣਤੀ ਨਾ ਰਹੀ। ਪਰ ਉਹਨਾਂ ਨਾਲ ਆਖ਼ਰੀ ਮਿਲਣੀ ਚੇਤੇ ਕਰ ਕੇ ਅੱਜ ਵੀ ਮਨ ਉਹਨਾਂ ਲਈ ਮੋਹ ਤੇ ਸਤਿਕਾਰ ਨਾਲ ਭਰ ਜਾਂਦਾ ਹੈ। ਮੈਂ ਦੂਰ ਦੱਖਣੀ ਦਿੱਲੀ ਦੇ ਇਕ ਹਸਪਤਾਲ ਵਿਚ ਗੰਭੀਰ ਬੀਮਾਰ ਪਏ ਹੋਏ ਭਾਪਾ ਪ੍ਰੀਤਮ ਸਿੰਘ ਜੀ ਨਵਯੁਗ ਦਾ ਪਤਾ ਲੈਣ ਗਿਆ। ਮੇਰਾ ਬੇਟਾ ਕਾਰ ਚਲਾ ਰਿਹਾ ਸੀ ਤੇ ਜਾਂਦੇ ਹੋਏ ਨੇ ਮੈਂ ਰਾਹ ਵਿਚੋਂ ਮਿੱਤਰ ਕਵੀ ਜੁਗਿੰਦਰ ਅਮਰ ਨੂੰ ਵੀ ਨਾਲ ਲੈ ਲਿਆ। ਵਾਪਸੀ ਵੇਲ਼ੇ ਸੋਚਿਆ, ਕੁਝ ਵਲੇਵਾਂ ਪਾ ਕੇ ਡਾਕਟਰ ਸਾਹਿਬ ਨੂੰ ਵੀ ਮਿਲ ਚੱਲੀਏ। ਕਿਰਪਾਲ ਕੌਰ ਨੇ ਦੱਸਿਆ, ਕੱਲ੍ਹ ਦਾ ਉਹਨਾਂ ਨੂੰ ਕੁਝ ਬੁਖ਼ਾਰ ਹੋ ਗਿਆ ਹੈ। ਉਹਨਾਂ ਨੇ ਨੂੰਹ ਨੂੰ ਤਿੰਨ ਕੁਰਸੀਆਂ ਰੱਖ ਕੇ ਡਾਕਟਰ ਸਾਹਿਬ ਨੂੰ ਦੱਸ ਆਉਣ ਲਈ ਕਿਹਾ ਤੇ ਸਾਨੂੰ ਬੋਲੇ, ‘‘ਤੁਸੀਂ ਉਹਨਾਂ ਕੋਲ ਕਮਰੇ ਵਿਚ ਹੀ ਚਲੇ ਚੱਲੋ।’’
ਉਹ ਬੁਖ਼ਾਰ ਨਾਲ ਪਏ ਹੋਏ ਸਨ। ਰੋਕਣ ਦੇ ਬਾਵਜੂਦ ਬੈਠੇ ਹੋ ਗਏ ਤੇ ਪਤਾ ਨਹੀਂ, ਉਹਨਾਂ ਦੇ ਜੀਅ ਵਿਚ ਕੀ ਆਈ, ਉਹ ਆਪਣੇ ਕੋਲ ਬਿਸਤਰੇ ਉੱਤੇ ਹੱਥ ਮਾਰ ਕੇ ਬੋਲੇ, ‘‘ਤੂੰ ਐਥੇ ਆ ਜਾ ਬਈ ਭੁੱਲਰ!’’ ਅਤੇ ਜੁਗਿੰਦਰ ਤੇ ਬੇਟੇ ਨੂੰ ਕੁਰਸੀਆਂ ਵੱਲ ਹੱਥ ਕਰਦਿਆਂ ਬੋਲੇ, ‘‘ਬੈਠੋ ਬਈ ਬੈਠੋ!’’ ਅਗਲੇ ਦਿਨ ਹਾਲ ਪੁੱਛਣ ਲਈ ਫੋਨ ਕੀਤਾ ਤਾਂ ਉਹ ਬੁਖ਼ਾਰ ਅਚਾਨਕ ਵਧ ਜਾਣ ਕਰਕੇ ਹਸਪਤਾਲ ਚਲੇ ਗਏ ਸਨ। ਅਜੇ ਮੈਂ ਹਸਪਤਾਲ ਜਾਣ ਦੀ ਸਲਾਹ ਹੀ ਕਰ ਰਿਹਾ ਸੀ ਕਿ ਉਹ ਚਲਾਣਾ ਕਰ ਗਏ! ਸ਼ਾਇਦ ਉਹਨਾਂ ਦੇ ਹਸਪਤਾਲ ਜਾਣ ਤੋਂ ਪਹਿਲਾਂ ਉਹਨਾਂ ਨੂੰ ਮਿਲਣ ਵਾਲਾ ਮੈਂ ਆਖ਼ਰੀ ਲੇਖਕ ਸੀ। ਸੰਪਰਕ: 011-42502364

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026