Posted on August 24th, 2020

'ਟੂਟੀ ਤੰਤੁ ਨ ਬਜੈ ਰਬਾਬੁ' ਦੇ ਅਨੁਵਾਨ ਹੇਠ ਸਵਰਾਜ ਬੀਰ ਨੇ 19 ਅਤੇ 20 ਅਗਸਤ ਦੀ 'ਪੰਜਾਬੀ ਟ੍ਰਿਬਿਊਨ' ਵਿਚ ਲਿਖੀ ਆਪਣੀ ਲਿਖਤ ਅੰਦਰ ਧਰਮ ਨਿਰਪੱਖਤਾ ਦੇ ਸੰਕਲਪ ਤੇ ਖੱਬੇ ਪੱਖੀ ਵਿਚਾਰਧਾਰਾ ਬਾਰੇ ਇਕ ਗੰਭੀਰ ਚਰਚਾ ਦੀ ਸ਼ੁਰੂਆਤ ਕੀਤੀ ਹੈ। ਅੰਗਰੇਜੀ ਮੀਡੀਏ ਵਿਚ ਯੋਗੇਂਦਰ ਯਾਦਵ ਤੇ ਪ੍ਰਤਾਪ ਭਾਨੂ ਮਹਿਤਾ ਵਿਚ ਛਿੜੀ ਬਹਿਸ ਨੂੰ ਆਧਾਰ ਬਣਾ ਕੇ ਉਸ ਨੇ ਇਸ ਚਰਚਾ ਦਾ ਆਗਾਜ ਕੀਤਾ ਹੈ।
ਸਵਰਾਜ ਬੀਰ ਨੇ ਯੋਗੇਂਦਰ ਯਾਦਵ ਦੀਆਂ ਇਨ੍ਹਾਂ ਦਲੀਲਾਂ ਨੂੰ ਸਹੀ ਠਹਿਰਾਇਆ ਹੈ ਕਿ ''ਅਯੁੱਧਿਆ ਵਿਚ ਅੱਜ (5 ਅਗਸਤ) ਦਾ ਸਮਾਗਮ ਧਾਰਮਿਕ ਜਾਂ ਪਾਵਨ ਰਹੁ-ਰੀਤ ਨਹੀਂ ਹੈ। ਇਹ ਸਪਸ਼ਟ ਤੌਰ ਉਤੇ ਸਿਆਸੀ ਸਮਾਗਮ ਹੈ, ਜਿੱਤ ਦਾ ਕਰਮਕਾਂਡ। ਇਹ ਸਮਾਗਮ ਰਾਜਸਤਾ/ਤਾਕਤ ਦੀਆਂ ਕਈ ਪਰਤਾਂ ਦੇ ਮਿਲਾਪ ਦਾ ਪ੍ਰਤੀਕ ਹੈ। ਰਿਆਸਤ/ਸਟੇਟ ਦੀ ਤਾਕਤ, ਪ੍ਰਮੁਖ ਸਿਆਸੀ ਪਾਰਟੀ ਦੀ ਤਾਕਤ, ਬਹੁਗਿਣਤੀ ਫ਼ਿਰਕੇ ਦੀ ਕਰੂਰ/ਕਠੋਰ ਤਾਕਤ, ਆਧੁਨਿਕ ਮੀਡੀਏ ਦੀ ਤਾਕਤ ਅਤੇ ਧਾਰਮਿਕ ਸਤਾ ਦੀ ਤਾਕਤ।''
... ''ਇਸ ਜਿਤ ਦਾ ਸਿਹਰਾ ਹਿੰਦੂ ਰਾਸ਼ਟਰ ਦੇ ਆਗੂਆਂ ਸਿਰ ਨਹੀਂ ਬਝਣਾ ਚਾਹੀਦਾ। ਉਨ੍ਹਾਂ ਨੂੰ ਧਰਮ ਨਿਰਪਖ ਸਿਆਸਤ ਦੀ ਅਸਫ਼ਲਤਾ ਤੋਂ ਫਾਇਦਾ ਮਿਲਿਆ ਹੈ। ਧਰਮ ਨਿਰਪਖ ਸਿਆਸਤ ਦੇ ਪੈਰੋਕਾਰ ਇਸ ਹਾਰ ਲਈ ਜ਼ਿੰਮੇਵਾਰ ਹਨ।'' ... ''ਧਰਮ ਨਿਰਪਖਤਾ ਦਾ ਸੰਕਲਪ ਇਸ ਕਰ ਕੇ ਹਾਰ ਗਿਆ ਕਿਉਂਕਿ ਇਸ ਨੇ ਸਾਡੀਆਂ ਭਾਸ਼ਾਵਾਂ ਨੂੰ ਅਸਵੀਕਾਰ ਕੀਤਾ, ਕਿਉਂਕਿ ਇਹ ਸਾਡੀਆਂ ਰਵਾਇਤਾਂ ਦੀ ਭਾਸ਼ਾ ਸਿਖਣ ਵਿਚ ਅਸਫ਼ਲ ਰਿਹਾ, ਕਿਉਂਕਿ ਇਸ ਨੇ ਸਾਡੇ ਧਰਮਾਂ ਦੀ ਭਾਸ਼ਾ ਸਿਖਣ ਤੇ ਬੋਲਣ ਤੋਂ ਇਨਕਾਰ ਕੀਤਾ।''
ਸਵਰਾਜ ਬੀਰ ਯੋਗੇਂਦਰ ਯਾਦਵ ਦੀ ਉਕਤ ਦਲੀਲ ਨਾਲ ਅੰਸ਼ਕ ਸਹਿਮਤ ਹੁੰਦਿਆ ਟਿਪਣੀ ਕਰਦਾ ਹੈ, ''ਨਿਸ਼ਚੇ ਹੀ ਧਰਮ ਨਿਰਪਖਤਾ ਦੇ ਪੈਰੋਕਾਰਾਂ ਨੂੰ ਦੇਸ ਦੀਆਂ ਧਾਰਮਿਕ ਅਤੇ ਸਭਿਆਚਾਰਕ ਰਵਾਇਤਾਂ ਤੋਂ ਕੁਝ ਸਿਖਣਾ ਚਾਹੀਦਾ ਸੀ ਅਤੇ ਉਨ੍ਹਾਂ ਨੇ ਸਿਖਿਆ ਵੀ ਪਰ ਉਸ ਸਿਖਣ ਤੇ ਬੋਲਣ ਵਿਚ ਧਰਮ ਦੀ ਭਾਸ਼ਾ ਜਾਂ ਧਾਰਮਿਕ ਭਾਸ਼ਾ ਵਿਚ ਬੋਲਣ ਤੋਂ ਕਿਸੇ ਹਦ ਤਕ ਪਰੇ ਹਟਣਾ, ਕੁਝ ਰਵਾਇਤਾਂ ਦਾ ਵਿਰੋਧ ਕਰਨਾ, ਕੁਝ ਨੂੰ ਅਸਵੀਕਾਰ ਕਰਨਾ ਨਿਹਿਤ ਹੈ।''
ਯੋਗੇਂਦਰ ਯਾਦਵ ਦੀ ਇਸ ਦਲੀਲ ਕਿ ''ਧਰਮ ਨਿਰਪਖਤਾ ਦਾ ਸੰਕਲਪ ਇਸ ਲਈ ਹਾਰ ਗਿਆ ਕਿ ਇਸ (ਧਰਮ ਨਿਰਪਖਤਾ ਦੇ ਹਾਮੀਆਂ) ਨੇ ਹਿੰਦੂ ਧਰਮ ਦੀ ਨਵੀਂ ਵਿਆਖਿਆ ਕਰਨ ਦੀ ਥਾਂ ਹਿੰਦੂ ਧਰਮ ਦਾ ਮਖ਼ੌਲ ਉਡਾਇਆ,'' ਦਾ ਜੁਆਬ ਦੇਂਦਿਆ ਸਵਰਾਜ ਬੀਰ ਨੇ ਲਿਖਿਆ ਹੈ, ''ਵਿਰੋਧ ਕਰਨ ਤੇ ਮਖ਼ੌਲ ਉਡਾਉਣ ਵਿਚਲੀ ਲੀਕ ਬਹੁਤ ਧੁੰਦਲੀ ਹੁੰਦੀ ਹੈ। ਜਦੋਂ ਕੋਈ ਵਿਅਕਤੀ ਕਿਸੇ ਵੀ ਧਰਮ, ਵਿਚਾਰਧਾਰਾ ਜਾਂ ਰਵਾਇਤ ਦਾ ਵਿਰੋਧ ਕਰਦਾ ਹੈ ਤਾਂ ਉਸ ਵਿਚਾਰਧਾਰਾ ਦੇ ਸ਼ਰਧਾਲੂਆਂ ਨੂੰ ਲਗਦਾ ਹੈ ਕਿ ਉਹ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਖਿਲਵਾੜ ਕਰ ਰਿਹਾ ਹੈ, ਉਨ੍ਹਾਂ ਦਾ ਮਖ਼ੌਲ ਉਡਾ ਰਿਹਾ ਹੈ।''
ਇਸ ਦੀ ਮਿਸਾਲ ਦੇਂਦਿਆਂ ਸਵਰਾਜ ਬੀਰ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਭਗਤ ਕਬੀਰ ਜੀ ਦੀਆਂ ਇਨ੍ਹਾਂ ਤੁਕਾਂ ਦਾ ਹਵਾਲਾ ਦਿਤਾ ਹੈ, ''ਜੋ ਤੂ ਬ੍ਰਾਹਮਣ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥'' ਭਾਵ ਜੇ ਤੂੰ ਬ੍ਰਾਹਮਣੀ ਦੁਆਰਾ ਪੈਦਾ ਹੋਇਆ ਪੁਤਰ ਬ੍ਰਾਹਮਣ ਹੈ ਜੋ ਆਪਣੇ ਆਪ ਨੂੰ ਸਭ ਤੋਂ ਵਖਰਾ ਦਸਦਾ ਹੈ ਤਾਂ ਤੂੰ ਕਿਸੇ ਹੋਰ ਜਨਮ-ਰਸਤੇ ਰਾਹੀਂ ਜਨਮ ਕਿਉਂ ਨਹੀਂ ਲਿਆ। ਇਥੇ ਕਬੀਰ ਜੀ ਬ੍ਰਾਹਮਣ ਦੇ ਜਾਤੀਵਾਦੀ ਅਭਿਮਾਨ ਉਤੇ ਵਿਅੰਗ ਕਸ ਰਹੇ ਹਨ। ਬ੍ਰਾਹਮਣ ਕਹਿ ਸਕਦੇ ਹਨ ਕਿ ਉਨ੍ਹਾਂ ਦਾ ਮਖ਼ੌਲ ਉਡਾਇਆ ਜਾ ਰਿਹਾ ਹੈ।''
ਕਬੀਰ ਸਾਹਿਬ ਦੀ ਬਾਣੀ ਦੇ ਕੁਝ ਹੋਰ ਹਵਾਲੇ ਦੇ ਕੇ ਸਵਰਾਜ ਬੀਰ ਲਿਖਦਾ ਹੈ, ''ਇਹ ਦਲੀਲਾਂ ਲੋਕਾਂ ਦੀ ਬਹੁਗਿਣਤੀ ਨੂੰ ਨਾ 600 ਸਾਲ ਪਹਿਲਾਂ ਮਨਜ਼ੂਰ ਸਨ ਨਾ ਅੱਜ।'' ਇਥੇ ਸਵਰਾਜ ਬੀਰ ਦੇ ਧਿਆਨ ਵਿਚ ਰਖਣ ਵਾਲੀ ਗਲ ਸਿਰਫ ਏਨੀ ਹੈ ਕਿ ਨੁਕਤਾ ਇਹ ਨਹੀਂ ਕਿ ਇਹ ਦਲੀਲਾਂ ਲੋਕਾਂ ਨੂੰ ਮਨਜੂਰ ਹਨ ਜਾਂ ਨਹੀਂ, ਇਥੇ ਨੁਕਤਾ ਇਹ ਹੈ ਕਿ ਕੀ ਇਹ ਦਲੀਲਾਂ ਅਟਲ ਕੁਦਰਤੀ ਨੇਮਾਂ ਦੇ ਸਚ ਦੀ ਪੁਸ਼ਟੀ ਕਰਦੀਆਂ ਹਨ ਜਾਂ ਨਹੀਂ?
ਚਰਚਾ ਨੂੰ ਅਗੇ ਤੋਰਨ ਤੋਂ ਪਹਿਲਾਂ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਧਰਮ ਨਿਰਪਖਤਾ ਦਾ ਸੰਕਲਪ ਖਬੇ ਪਖੀ ਜਾਂ ਮਾਰਕਸਵਾਦੀ ਸੰਕਲਪ ਨਹੀਂ ਹੈ ਬਲਿਕ ਉਦਾਰ ਪੂੰਜੀਵਾਦ ਤੇ ਹੁਣ ਨਵ-ਉਦਾਰ ਪੂੰਜੀਵਾਦ ਦਾ ਸੰਕਲਪ ਹੈ। ਕਾਰਲ ਮਾਰਕਸ ਧਰਮ ਨਿਰਪਖਤਾ ਦੇ ਸੰਕਲਪ ਨੂੰ ਐਨ ਮੁਢ ਵਿਚ ਹੀ ਨਕਾਰ ਕੇ ਅਗੇ ਤੁਰਿਆ ਹੈ। ਯਹੂਦੀ ਧਰਮ ਦੇ ਮਸਲੇ ਬਾਰੇ ਗੱਲ ਕਰਦਿਆਂ ਮਾਰਕਸ ਦਾ ਬੜਾ ਸਪਸ਼ਟ ਕਥਨ ਹੈ, ''ਅਸੀਂ ਇਹ ਜ਼ੋਰ ਨਹੀਂ ਦੇਂਦੇ ਕਿ ਸ਼ਹਿਰੀ ਸਭਿਅਕ ਲੋਕ ਆਪਣੀ ਧਰਮ ਨਿਰਪਖਤਾ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਪਣੀ ਧਾਰਮਿਕ ਤੰਗਨਜ਼ਰੀ ਦੂਰ ਕਰਨ, ਅਸੀਂ ਜ਼ੋਰ ਦੇਂਦੇ ਹਾਂ ਕਿ ਇਕ ਵਾਰ ਜੇ ਉਹ ਆਪਣੀ ਧਰਮ ਨਿਰਪਖਤਾ ਤੋਂ ਛੁਟਕਾਰਾ ਪਾ ਲੈਣ ਤਾਂ ਉਹ ਆਪਣੀ ਧਾਰਮਿਕ ਤੰਗਨਜ਼ਰੀ ਦੂਰ ਕਰ ਲੈਣਗੇ।''
ਆਪਣੇ ਤੋਂ ਪਹਿਲੇ ਭੌਤਿਕਵਾਦੀ ਫਿਲਾਸਫਰ ਫਿਉਰਬਾਖ ਨਾਲ ਧਰਮ ਨਿਰਪਖਤਾ ਬਾਰੇ ਚਰਚਾ ਕਰਦਿਆਂ ਉਸ ਦਾ ਕਹਿਣਾ ਹੈ, ''ਫਿਊਰਬਾਖ ਧਾਰਮਿਕ ਸਵੈਪਰਾਏਪਣ ਦੇ ਸਚ ਂ ਇਕ ਕਲਪਿਤ ਧਾਰਮਿਕ ਸੰਸਾਰ ਅਤੇ ਇਕ ਧਰਮ ਨਿਰਪਖ ਸੰਸਾਰ ਂ ਦੀ ਦੋਹਰੀ ਵੰਡ ਤੋਂ ਸ਼ੁਰੂ ਕਰਦਾ ਹੈ। ਉਸ ਦਾ ਕੰਮ ਧਾਰਮਿਕ ਸੰਸਾਰ ਨੂੰ ਧਰਮ ਨਿਰਪਖ ਸੰਸਾਰ ਵਿਚ ਬਦਲਣਾ ਹੈ। ਉਹ ਇਹ ਸਚ ਉਕਾ ਹੀ ਅਣਗੌਲਿਆ ਕਰ ਦੇਂਦਾ ਹੈ ਕਿ ਇਹ ਕੰਮ ਪੂਰਾ ਕਰਨ ਤੋਂ ਬਾਅਦ (ਕੁਦਰਤ ਅਤੇ ਮਨੁਖ ਦੇ ਆਪਸੀ ਅਨੁਭਵੀ ਰਿਸ਼ਤੇ ਨੂੰ ਸਪਸ਼ਟ) ਕਰਨ ਵਾਲਾ ਮੁਖ ਕੰਮ ਫਿਰ ਵੀ ਰਹਿ ਜਾਏਗਾ। ਇਸ ਕਰ ਕੇ ਕਿ ਧਰਮ ਨਿਰਪਖ ਸੰਸਾਰ ਆਪਣੇ-ਆਪ ਵਿਚ ਹੀ ਉਚਾ ਉਠ ਜਾਏਗਾ ਅਤੇ (ਭਰਮਾਊ) ਬਦਲਾਂ ਵਿਚ ਆਪਣੇ-ਆਪ ਨੂੰ ਇਕ ਆਜ਼ਾਦ ਹਸਤੀ ਵਜੋਂ ਸਥਾਪਤ ਕਰ ਲਏਗਾ, ਜਿਸ ਦੀ ਸਿਰਫ ਧਰਮ ਨਿਰਪਖ ਸੰਸਾਰ ਦੇ ਅੰਦਰੂਨੀ ਵਿਰੋਧਾਂ ਤੇ ਗੁੰਝਲਦਾਰ ਵਿਰੋਧਤਾਈਆਂ ਦੇ ਆਧਾਰ ਉਤੇ ਹੀ ਵਿਆਖਿਆ ਕੀਤੀ ਜਾ ਸਕੇਗੀ। ਧਰਮ ਨਿਰਪਖਤਾ ਨੂੰ ਨਿਸ਼ਚਿਤ ਤੌਰ ਉਤੇ ਆਪਣੀਆਂ ਵਿਰੋਧਤਾਈਆਂ ਵਿਚੋਂ ਹੀ ਸਮਝਿਆ ਜਾ ਸਕੇਗਾ ਅਤੇ ਫਿਰ ਇਨ੍ਹਾਂ ਵਿਰੋਧਤਾਈਆਂ ਨੂੰ ਦੂਰ ਕਰ ਕੇ ਹੀ ਧਰਮ ਦਾ ਇਨਕਲਾਬੀਕਰਨ ਕੀਤਾ ਜਾ ਸਕੇਗਾ।''
ਕਾਰਲ ਮਾਰਕਸ ਧਰਮ ਨਿਰਪਖਤਾ ਦਾ ਕਿਤੇ ਵੀ ਪਖ ਨਹੀਂ ਪੂਰਦਾ ਸਗੋਂ ਉਹ ਇਸ ਨੂੰ ਮਨੁਖੀ ਸੋਚ ਅਤੇ ਸਮਾਜੀ ਚੇਤਨਾ ਵਿਚ ਹੋਰ ਉਲਝਣਾ ਪੈਦਾ ਕਰਨ ਵਾਲੇ ਇਕ ਵਰਤਾਰੇ ਵਜੋਂ ਵੇਖਦਾ ਹੈ। ਮਾਰਕਸ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਧਰਮ ਨਿਰਪਖਤਾ ਧਾਰਮਿਕ ਤੰਗਨਜ਼ਰੀ ਨੂੰ ਦੂਰ ਨਹੀਂ ਕਰਦੀ ਬਲਕਿ ਧਰਮ ਨਿਰਪਖਤਾ ਤੋਂ ਛੁਟਕਾਰਾ ਪਾ ਕੇ ਹੀ ਧਾਰਮਿਕ ਤੰਗਨਜ਼ਰੀ ਦੂਰ ਹੋ ਸਕਦੀ ਹੈ। ਧਰਮ ਨਿਰਪਖਤਾ ਦਾ ਸੰਕਲਪ ਐਨ ਉਸੇ ਤਰ੍ਹਾਂ ਹੈ ਜਿਵੇਂ ਮਾਰਕਸੀ ਭੌਤਿਕਵਾਦੀ ਦ੍ਰਿਸ਼ਟੀਕੋਣ ਦੇ ਸਪਸ਼ਟ ਹੋਣ ਤੋਂ ਬਾਅਦ ਵੀ ਨਾਸਤਿਕਤਾ ਦਾ ਮਰਿਆ ਸਪ ਕਮਿਊਨਿਸਟ ਲਹਿਰ ਦੇ ਗਲੇ ਪਾ ਦਿਤਾ ਗਿਆ ਹੈ, ਜਦੋਂ ਕਿ ਨਾਸਤਿਕਤਾ ਬਾਰੇ ਮਾਰਕਸ ਦਾ ਆਪਣਾ ਕਥਨ ਹੈ, ''ਕਮਿਊਨਿਜ਼ਮ ਦੀ ਸ਼ੁਰੂਆਤ (ਓਵਨ ਤੋਂ) ਨਾਸਤਿਕਤਾ ਨਾਲ ਹੁੰਦੀ ਹੈ। ਨਾਸਤਿਕਤਾ ਪਹਿਲੀ ਨਜ਼ਰੇ ਹੀ ਕਮਿਊਨਿਜ਼ਮ ਤੋਂ ਦੂਰ ਹੈ। ਬੇਸ਼ਕ ਨਾਸਤਿਕਤਾ ਅਜੇ ਵੀ ਇਕ ਖਿਆਲੀ (ਕਲਪਿਤ) ਵਿਚਾਰ ਹੀ ਹੈ। ਇਕ ਨਾਸਤਿਕ ਮਨੁਖ ਦਾ ਪਰਉਪਕਾਰੀ ਜਜਬਾ ਪਹਿਲੀ ਨਜ਼ਰੇ ਹੀ ਦ੍ਰਾਸ਼ਨਿਕ ਹੈ, ਖਿਆਲੀ (ਕਲਪਿਤ) ਹੈ ਪਰ ਇਕ ਕਮਿਊਨਿਸਟ ਮਨੁਖ ਦਾ ਪਰਉਪਕਾਰੀ ਜਜਬਾ ਹਕੀਕੀ ਅਤੇ ਸਦਾ ਹਰਕਤਸ਼ੀਲ ਹੈ।'' .... ''ਮਨੁਖ ਤੇ ਕੁਦਰਤ ਦੇ ਕਲਪਿਤ ਰਿਸ਼ਤੇ ਦੀ ਹੋਂਦ ਤੋਂ ਇਨਕਾਰੀ ਹੋਣ ਵਜੋਂ ਹੁਣ ਨਾਸਤਿਕਤਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਨਾਸਤਿਕਤਾ ਰਬ ਤੋਂ ਇਨਕਾਰੀ ਹੋਣਾ ਹੈ ਅਤੇ ਇਹ ਮਨੁਖੀ ਹੋਂਦ ਦੀ ਧਾਰਨਾ ਰਬ ਤੋਂ ਇਨਕਾਰੀ ਹੋਣ ਵਜੋਂ ਬਣਾਉਂਦੀ ਹੈ। ਪਰ ਸਮਾਜਵਾਦ ਨੂੰ ਸਮਾਜਵਾਦ ਦੇ ਤੌਰ ਉਤੇ ਹੁਣ ਅਜਿਹੀ ਕਿਸੇ ਵਿਚੋਲਗਿਰੀ ਦੀ ਲੋੜ ਨਹੀਂ। ਇਹ ਮਨੁਖ ਦੀ ਸਿਧਾਂਤਕ ਅਤੇ ਅਮਲੀ (ਇੰਦ੍ਰਿਆਵੀ) ਅਨੁਭਵੀ ਚੇਤਨਾ ਅਤੇ ਕੁਦਰਤ ਦੀ ਇਸ ਦੇ ਤਤ ਵਜੋਂ ਹੋਂਦ ਤੋਂ ਆਰੰਭ ਕਰਦਾ ਹੈ।'' (ਸਵਰਾਜ ਬੀਰ ਵਲੋਂ ਸ਼ਹੀਦ ਭਗਤ ਸਿੰਘ ਦੇ ਨਾਸਤਿਕਤਾ ਬਾਰੇ ਦਿਤੇ ਗਏ ਹਵਾਲੇ ਦੇ ਪ੍ਰਸੰਗ ਵਿਚ)
ਯੋਗੇਂਦਰ ਯਾਦਵ ਦੇ ਇਸ ਕਥਨ ਕਿ ''ਧਰਮ ਨਿਰਪਖਤਾ ਦਾ ਸੰਕਲਪ ਇਸ ਕਰ ਕੇ ਹਾਰ ਗਿਆ ਕਿਉਂਕਿ ਇਸ ਨੇ ਸਾਡੀਆਂ ਭਾਸ਼ਾਵਾਂ ਨੂੰ ਅਸਵੀਕਾਰ ਕੀਤਾ, ਕਿਉਂਕਿ ਇਹ ਸਾਡੀਆਂ ਰਵਾਇਤਾਂ ਦੀ ਭਾਸ਼ਾ ਸਿਖਣ ਵਿਚ ਅਸਫ਼ਲ ਰਿਹਾ, ਕਿਉਂਕਿ ਇਸ ਨੇ ਸਾਡੇ ਧਰਮਾਂ ਦੀ ਭਾਸ਼ਾ ਸਿਖਣ ਤੇ ਬੋਲਣ ਤੋਂ ਇਨਕਾਰ ਕੀਤਾ,'' ਬਾਰੇ ਸਵਰਾਜ ਬੀਰ ਦੀ ਟਿਪਣੀ ਹੈ, ''ਇਹ ਸੁਆਲ ਏਨੇ ਸਿਧੇ ਤਰੀਕੇ ਨਾਲ ਪੁਛਿਆ ਗਿਆ ਹੈ ਜਿਵੇਂ ਇਹ ਬਹੁਤ ਆਸਾਨ ਕੰਮ ਹੋਵੇ।'' ਦਰਅਸਲ ਸਵਰਾਜ ਬੀਰ ਨੂੰ ਏਨੀ ਕੀਮਤ ਤਾਰ ਕੇ ਵੀ ਅਜੇ ਜੇ ਇਹ ਸੁਆਲ ਔਖਾ ਲਗ ਰਿਹਾ ਹੈ ਤਾਂ ਇਸ ਦਾ ਕਾਰਨ ਫਿਰ ਇਹੀ ਹੈ ਕਿ ਉਹ ਅਜੇ ਵੀ ਇਸ ਸੁਆਲ ਨੂੰ ਪਛਮੀ ਬੌਧਿਕਤਾ ਦੇ ਚੌਖਟੇ ਵਿਚੋਂ ਹੀ ਵੇਖ ਰਿਹਾ ਹੈ। ਜੇ ਉਹ ਇਸ ਸੁਆਲ ਨੂੰ ਵੈਦਿਕ ਫਿਲਾਸਫੀ ਦੇ ਚੌਖਟੇ ਵਿਚੋਂ ਵੇਖੇ ਤਾਂ ਉਸ ਨੂੰ ਇਸ ਸੁਆਲ ਦੀ ਬੜੀ ਛੇਤੀ ਸਮਝ ਆ ਸਕਦੀ ਹੈ। ਇਥੇ ਇਹ ਵੀ ਸਪਸ਼ਟ ਕਰਨ ਦੀ ਲੋੜ ਹੈ ਕਿ ਵੈਦਿਕ ਫਿਲਾਸਫੀ ਨਿਰੋਲ ਬ੍ਰਾਹਮਣੀ ਵਿਚਾਰਧਾਰਾ ਨਹੀਂ ਹੈ। ਸਵਰਾਜ ਬੀਰ ਨੇ ਬਾਬਾ ਸਾਹਿਬ ਅੰਬੇਡਕਰ ਦੀ ਇਕ ਮਸ਼ਹੂਰ ਲਿਖਤ ਜਾਤਪਾਤ ਦਾ ਬੀਜ ਨਾਸ ਦਾ ਹਵਾਲਾ ਦਿਤਾ ਹੈ। ਇਸ ਹਵਾਲੇ ਅਨੁਸਾਰ ਬਾਬਾ ਸਾਹਿਬ ਦਾ ਕਥਨ ਹੈ, ''ਮੈਨੂੰ ਬਹੁਤ ਤਸਲੀ ਹੋਵੇਗੀ, ਜੇ ਮੈਂ ਹਿੰਦੂਆਂ ਨੂੰ ਇਹ ਮਹਿਸੂਸ ਕਰਵਾ ਸਕਾਂ ਕਿ ਉਹ ਭਾਰਤ ਦੇ ਬਿਮਾਰ ਲੋਕ ਹਨ ਅਤੇ ਉਨ੍ਹਾਂ ਦੀ ਬਿਮਾਰੀ ਬਾਕੀ ਦੇ ਹਿੰਦੋਸਤਾਨੀਆਂ ਦੀ ਸਿਹਤ ਅਤੇ ਖੁਸ਼ੀ ਲਈ ਖ਼ਤਰਾ ਹੈ।''
ਸਵਰਾਜ ਬੀਰ ਲਿਖਦਾ ਹੈ ਕਿ ''ਹਿੰਦੂ ਧਰਮ ਵਿਚਲੇ ਜਾਤੀਵਾਦ ਦੀ ਲੋਹ-ਜਕੜ ਤੋਂ ਬੀ ਆਰ ਅੰਬੇਡਕਰ ਏਨਾ ਨਿਰਾਸ਼ ਹੋਇਆ ਕਿ ਉਸ ਨੇ ਹਿੰਦੂ ਧਰਮ ਨੂੰ ਛਡ ਕੇ ਬੁਧ ਧਰਮ ਦੀ ਸ਼ਰਨ ਲਈ।''
ਬੇਸ਼ਕ ਇਹ ਬਾਬਾ ਸਾਹਿਬ ਦੀ ਸੋਚ ਦਾ ਇਕ ਪਖ ਹੈ। ਬਾਬਾ ਸਾਹਿਬ ਦੀ ਫਿਲਾਸਫੀ ਦਾ ਇਕ ਹੋਰ ਪਖ ਵੀ ਹੈ। ਬਾਬਾ ਸਾਹਿਬ ਨੇ ਵੈਦਿਕ ਫਿਲਾਸਫੀ ਦੀ ਭਰਵੀਂ ਪੁਣਛਾਣ ਕਰ ਕੇ ਸਾਡੇ ਗਿਆਨ ਵਿਚ ਮੌਲਿਕ ਵਾਧਾ ਕੀਤਾ ਹੈ। ਉਨ੍ਹਾਂ ਨੇ ਵੈਦਿਕ ਫਿਲਾਸਫੀ ਦੀਆਂ ਭੌਤਿਕਵਾਦੀ ਅਤੇ ਆਦਰਸ਼ਵਾਦੀ ਂ ਦੋ ਧਾਰਾਵਾਂ ਂ ਵਿਚਕਾਰ ਸਪਸ਼ਟ ਨਿਖੇੜਾ ਕੀਤਾ ਹੈ। ਇਹ ਨਿਖੇੜਾ ਸਾਨੂੰ ਬ੍ਰਾਹਮਣਵਾਦ ਦੀ ਮਨ-ਕਲਪਿਤ ਘਾੜਤ ਬ੍ਰਹਮਾ ਦੀ ਜੜ੍ਹ ਤਕ ਪਹੁੰਚਣ ਵਿਚ ਸਹਾਇਤਾ ਕਰਦਾ ਹੈ।
ਬਾਬਾ ਸਾਹਿਬ ਦੇ ਆਪਣੇ ਕਥਨ ਅਨੁਸਾਰ, ''ਭਾਵੇਂ ਹਿੰਦੂ ਧਰਮ ਅਤੇ ਹਿੰਦੂ ਫਿਲਾਸਫੀ ਦੀ ਸੋਚ ਭਾਈਚਾਰੇ ਦੇ ਸਿਧਾਂਤ ਤੋਂ ਅਣਜਾਣ ਹੈ ਪਰ ਹਿੰਦੂ ਧਰਮ ਅਤੇ ਹਿੰਦੂ ਫਿਲਾਸਫੀ ਦੀ ਸੋਚ ਨੇ ਇਕ ਅਜਿਹੇ ਸੰਕਲਪ ਨੂੰ ਜਨਮ ਦਿਤਾ ਹੈ, ਜਿਸ ਦੀਆ ਸਮਾਜੀ ਜਮਹੂਰੀਅਤ ਲਈ ਭਾਈਚਾਰੇ ਦੇ ਸਿਧਾਂਤ ਨਾਲੋ ਵੀ ਕਿਤੇ ਵਧ ਸੰਭਾਵਨਾਵਾਂ ਹਨ। ਇਹ ਸੰਕਲਪ ਬ੍ਰਹਮਵਾਦ ਦਾ ਸਿਧਾਂਤ ਹੈ। ਇਹ ਮੰਨਣਾ ਅਤੇ ਅਹਿਸਾਸ ਕਰਨਾ ਕਿ ਤੁਸੀਂ ਅਤੇ ਮੈਂ ਸਾਰੇ ਇਕੋ ਹੀ ਬ੍ਰਹਮ ਦਾ ਅੰਸ਼ ਹਾਂ ਤਾਂ ਇਹ ਜਮਹੂਰੀਅਤ ਤੋਂ ਸਿਵਾਏ ਕਿਸੇ ਹੋਰ ਸਿਧਾਂਤ ਵਾਸਤੇ ਕੋਈ ਥਾਂ ਹੀ ਨਹੀਂ ਛਡਦਾ। ਇਹ ਸੋਚ ਜਮਹੂਰੀਅਤ ਦਾ ਸਿਰਫ ਪ੍ਰਚਾਰ ਹੀ ਨਹੀਂ ਕਰਦੀ ਸਗੋਂ ਜਮਹੂਰੀਅਤ ਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਾ ਦੇਂਦੀ ਹੈ। ਜਮਹੂਰੀਅਤ ਨੂੰ ਮਨੁਖ ਦੀ ਲੋੜ ਬਣਾ ਦੇਂਦੀ ਹੈ।''
ਬਾਬਾ ਸਾਹਿਬ ਨੇ ਲਿਖਿਆ ਹੈ, ''ਜੇ ਕੋਈ ਪੁਛੇ ਕਿ ਇਹ ਬ੍ਰਹਮਵਾਦ ਕੀ ਹੈ ਤਾਂ ਇਹ ਹੈਰਾਨੀਜਨਕ ਨਹੀਂ ਹੋਵੇਗਾ। ਕਿਉਂਕਿ ਹਿੰਦੂਆ ਲਈ ਵੀ ਇਹ ਨਵਾਂ ਸਿਧਾਂਤ ਹੈ। ਹਿੰਦੂ ਵੇਦਾਂਤ ਤੋਂ ਜਾਣੂ ਹਨ, ਉਹ ਬ੍ਰਾਹਮਣਵਾਦ ਤੋਂ ਜਾਣੂ ਹਨ ਪਰ ਨਿਸਚਿਤ ਤੌਰ ਉਤੇ ਉਹ ਬ੍ਰਹਮਵਾਦ ਤੋਂ ਜਾਣੂ ਨਹੀਂ ਹਨ। ਬ੍ਰਹਮਵਾਦ ਦੇ ਤਤ ਨੂੰ ਇਕ ਧਾਰਨਾ ਵਿਚ ਪੇਸ਼ ਕੀਤਾ ਜਾ ਸਕਦਾ ਹੈ ਕਿ ਸਾਡੇ ਆਲੇਦੁਆਲੇ ਦਿਸ ਰਿਹਾ ਸਗਲ ਪਸਾਰਾ ਬ੍ਰਹਮ ਹੈ।''
ਇਸੇ ਆਧਾਰ ਉਤੇ ਬਾਬਾ ਸਾਹਿਬ ਨੇ ਪਛਮੀ ਤਰਜ ਦੀ ਪ੍ਰਚਲਿਤ ਜਮਹੂਰੀਅਤ ਦੀ ਆਲੋਚਨਾ ਕੀਤੀ ਹੈ, ''ਪਛਮੀ ਤਰਜ ਦੀ ਜਮਹੂਰੀਅਤ ਦਾ ਆਧਾਰ ਇਹ ਹੈ ਕਿ ਅਸੀਂ ਸਾਰੇ ਪਰਮਾਤਮਾ (ਗਾਡ) ਦੇ ਬਚੇ ਹਾਂ। ਇਹ ਵਿਚਾਰ ਜਮਹੂਰੀਅਤ ਦੀ ਬੜੀ ਕਮਜ਼ੋਰ ਬੁਨਿਆਦ ਹੈ। ਇਹੀ ਕਾਰਨ ਹੈ ਕਿ ਜਿਥੇ ਕਿਤੇ ਵੀ (ਪਛਮੀ ਤਰਜ ਦੀ) ਜਮਹੂਰੀਅਤ ਦੀ ਸਿਰਜਣਾ ਹੋਈ ਹੈ, ਉਥੇ ਹੀ ਇਹ ਇਸ ਕਮਜ਼ੋਰ ਬੁਨਿਆਦ ਉਤੇ ਖੜੀ ਹੈ। ਜਮਹੂਰੀਅਤ ਦੇ ਪਛਮੀ ਵਿਦਿਆਰਥੀਆਂ ਨੇ ਇਹ ਵਿਸ਼ਵਾਸ ਪ੍ਰਚਾਰਿਆ ਹੈ ਕਿ ਜਮਹੂਰੀਅਤ ਦਾ ਮੂਲ ਆਧਾਰ ਇਸਾਈ ਧਰਮ ਜਾਂ ਪਲੈਟੋ ਦੀ ਫਿਲਾਸਫੀ ਹੈ ਅਤੇ ਜਮਹੂਰੀਅਤ ਦਾ ਹੋਰ ਕੋਈ ਸੋਮਾ ਨਹੀਂ। ਪਰ ਜੇ ਕਿਤੇ ਉਹ ਜਾਣਦੇ ਕਿ ਭਾਰਤ ਨੇ ਬ੍ਰਹਮਵਾਦ ਦਾ ਸਿਧਾਂਤ ਵਿਕਸਿਤ ਕੀਤਾ ਹੈ, ਜਿਹੜਾ ਜਮਹੂਰੀਅਤ ਦੀ ਸਭ ਤੋਂ ਵਧੀਆ ਬੁਨਿਆਦ ਬਣਦਾ ਹੈ, ਤਾਂ ਉਹ ਏਨੇ ਕਟੜਵਾਦੀ ਨਾ ਹੁੰਦੇ।'' ਬਾਬਾ ਸਾਹਿਬ ਨੇ ਇਹ ਜਾਣਕਾਰੀ ਵੀ ਦਿਤੀ ਹੈ ਕਿ, ''ਹਿੰਦੂ ਧਰਮ ਦਾ ਸਮੁਚਾ ਸਦਾਚਾਰ ਤੇ ਧਾਰਮਿਕ ਮਾਨਤਾਵਾਂ ਸਿਮ੍ਰਿਤੀਆਂ ਵਿਚ ਦਰਜ ਹਨ। ਇਹ ਸਿਮ੍ਰਿਤੀਆਂ 108 ਦੇ ਕਰੀਬ ਹਨ। ਇਨ੍ਹਾਂ ਸਿਮ੍ਰਿਤੀਆਂ ਵਿਚੋਂ ਹੀ ਹਿੰਦੂ ਧਰਮ ਤੇ ਇਸਦਾ ਨੀਤੀ ਸਾਸ਼ਤਰ ਸਮਝਿਆ ਜਾ ਸਕਦਾ ਹੈ। ਇਨ੍ਹਾਂ ਸਾਰੀਆ ਸਿਮ੍ਰਿਤੀਆਂ ਦਾ ਇਕ ਸਾਂਝਾ ਸ੍ਰੋਤ ਹੈ ਂ ਮਨੂ ਸਿਮ੍ਰਿਤੀ।''
ਮਨੂ ਸਿਮ੍ਰਿਤੀ ਦਾ ਆਰੰਭ ਏਨਾ ਸ਼ਬਦਾਂ ਨਾਲ ਹੁੰਦਾ ਹੈ, ''ਆਦਿ ਕਾਲ ਦੀ ਗੱਲ ਹੈ। ਇਕ ਸਥਾਨ ਉਤੇ ਮਹਾਂਰਿਸ਼ੀ ਲੋਗ ਇਕਾਗਰ-ਚਿਤ ਅਤੇ ਸੁਖੀ ਆਸਣ ਵਿਚ ਬੈਠੇ ਭਗਵਾਨ ਮਨੂ ਦੇ ਕੋਲ ਪੂਰੀ ਸ਼ਰਧਾ ਭਗਤੀ ਨਾਲ ਜਾ ਕੇ ਪ੍ਰਸ਼ਨ ਕਰਤਾ ਦੇ ਰੂਪ ਵਿਚ ਬੋਲੇ। ਹੇ ਭਗਵਾਨ! ਸਾਰੇ ਵਰਣਾਂ ਂ ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ ਂ ਅਤੇ ਬ੍ਰਾਹਮਣ ਵਰਣ ਦੇ ਪਿਤਾ ਤੇ ਵੈਸ਼ ਵਰਣ ਦੀ ਮਾਤਾ ਦੇ ਸੰਜੋਗ ਆਦਿ ਭਾਵ ਉਚ ਵਰਣ ਦੇ ਪਿਤਾ ਤੇ ਹੇਠਲੇ ਵਰਣ ਦੀ ਮਾਤਾ ਦੇ ਸੰਜੋਗ ਤੋਂ, ਬ੍ਰਾਹਮਣ ਵਰਣ ਦੇ ਪਿਤਾ ਤੇ ਖਤਰੀ ਵਰਣ ਦੀ ਮਾਤਾ ਦੇ ਸੰਜੋਗ ਤੋਂ ਤਥਾ ਇਸ ਦੇ ਉਲਟ ਹੇਠਲੇ ਵਰਣ ਦੇ ਪੁਰਸ਼ ਤੇ ਬ੍ਰਾਹਮਣ ਵਰਣ ਦੀ ਮਾਤਾ ਦੇ ਸੰਜੋਗ ਤੋਂ ਪੈਦਾ ਹੋਈ ਔਲਾਦ ਦੇ ਕਰਮਵਾਰ ਨਿਭਾਹੇ ਜਾਣ ਵਾਲੇ ਧਰਮ ਨੂੰ ਕਹਿਣ ਦੇ ਤੁਸੀਂ ਯੋਗ ਹੋ, ਇਸ ਲਈ ਕਿਰਪਾ ਕਰ ਕੇ ਉਨ੍ਹਾਂ ਨੂੰ ਕਹੋ।
ਅੰਡਜ, ਜੇਰਜ, ਸੇਤਜ, ਉਤਭੁਜ ਭਾਵ ਸਾਰੇ ਜੀਵ ਸਮੂਹਾਂ ਦੇ ਜਨਮ ਤੇ ਮੌਤ, ਉਨ੍ਹਾਂ ਦੇ ਕਰਨ ਵਾਲੇ ਤੇ ਨਾ ਕਰਨ ਵਾਲੇ ਕੰਮਾਂ, ਉਨ੍ਹਾਂ ਦੇ ਵਿਸ਼ਵਾਸਾਂ ਤੇ ਉਨ੍ਹਾਂ ਦੇ ਆਚਾਰ ਨੂੰ ਯਥਾਯੋਗ ਤੇ ਇਛਾ ਅਨੁਸਾਰ ਕਹਿਣ ਦੇ ਤੁਸੀਂ ਯੋਗ ਹੋ, ਇਸ ਲਈ ਕਿਰਪਾ ਕਰ ਕੇ ਉਨ੍ਹਾਂ ਨੂੰ ਕਹੋ। ਕਿਉਂਕਿ ਹੇ ਪ੍ਰਭੂ! ਸਿਰਫ ਤੁਸੀਂ ਹੀ ਇਕ ਪੂਰਨ ਅਲੌਕਿਕ ਈਸ਼ਵਰ, ਮਨੁਖੀ ਸੋਚ ਤੋਂ ਪਾਰ ਤਥਾ ਅਮਿਤ ਵੇਦ ਦੇ ਸਦੀਵੀ ਗਿਆਨ ਦੇ ਜਾਣਨਹਾਰ, ਯਗ ਕਰਤਾ ਤੇ ਬ੍ਰਹਮਾ ਨੂੰ ਜਾਣਨ ਵਾਲੇ ਮੰਨੇ ਗਏ ਹੋ। ਫਿਰ ਮਹਾਂਰਿਸ਼ੀਆਂ ਵਲੋਂ ਇਸ ਤਰ੍ਹਾਂ ਪੁਛੇ ਗਏ ਸੁਆਲਾਂ ਬਾਰੇ ਅਪਾਰ ਗਿਆਨ ਵਾਲੇ ਮਨੂ ਉਨ੍ਹਾਂ ਸਾਰੇ ਮਹਾਂਰਿਸ਼ੀਆਂ ਦਾ ਉਚਿਤ ਸਤਿਕਾਰ ਕਰ ਕੇ ਬੋਲੇ ਂ ਸੁਣੋਂ! ਪਰਲੋ ਕਾਲ ਵਿਚ ਇਹ ਸੰਸਾਰ ਹਨੇਰੇ ਵਿਚ ਲੀਨ, ਅਣਜਾਣ, ਚਿਹਨ ਰਹਿਤ, ਪ੍ਰਮਾਣ ਆਦਿ ਤਰਕ ਤੋਂ ਹੀਣ, ਅਣਜਾਣਿਆ ਤਥਾ ਪੂਰਨ ਰੂਪ ਵਿਚ ਸੁਪਤ ਅਵਸਥਾ ਵਿਚ ਸੀ, ਤਾਂ ਫਿਰ ਆਪਣੀ ਇਛਾ ਨਾਲ ਸਰੀਰ ਧਾਰਨ ਕਰਨ ਵਾਲੇ, ਮਨੁਖੀ ਇੰਦ੍ਰੀਆਂ ਦੀ ਪਕੜ ਵਿਚ ਨਾ ਆਉਣ ਵਾਲੇ ਅਦ੍ਰਿਸ਼ਟ, ਅਮਿਤ ਸਰਬਸ਼ਕਤੀਮਾਨ ਹਨੇਰੇ ਨੂੰ ਦੂਰ ਕਰਨ ਵਾਲੇ ਭਗਵਾਨ ਂ ਆਕਾਸ਼ ਆਦਿ ਮੂਲ ਤਤਾਂ ਸਮੇਤ ਪ੍ਰਗਟ ਹੋਏ। ਜਿਹੜੇ ਭਗਵਾਨ ਮਨੁਖੀ ਗਿਆਨ ਇੰਦ੍ਰੀਆਂ ਦੀ ਪਹੁੰਚ ਅਤੇ ਸਮੂਹ ਪ੍ਰਾਣੀਆਂ ਦੀ ਸੋਚ ਤੋਂ ਪਾਰ, ਸੂਖਮ ਸਰੂਪ, ਅਗਮ, ਸਦਾ ਰਹਿਣ ਵਾਲੇ ਹਨ, ਉਹ ਖੁਦ ਪ੍ਰਗਟ ਹੋਏ। ਫਿਰ ਉਸ ਪਰਮਾਤਮਾ ਨੇ ਅਨੇਕ ਤਰ੍ਹਾਂ ਦੀ ਪਰਜਾ ਦੀ ਸਿਰਜਣਾ ਕਰਨ ਦੀ ਇਛਾ ਨਾਲ ਸਭ ਤੋਂ ਪਹਿਲਾਂ ਪਾਣੀ ਦੀ ਸਿਰਜਣਾ ਕੀਤੀ ਅਤੇ ਉਸ ਪਾਣੀ ਵਿਚ ਸ਼ਕਤੀ ਰੂਪੀ ਬੀਜ ਬੀਜਿਆ। ਇਸ ਬੀਜ ਨੇ ਹਜਾਰਾਂ ਸੂਰਜਾਂ ਦੇ ਬਰਾਬਰ ਪ੍ਰਕਾਸ਼ ਵਾਲੇ ਸੋਨੇ ਵਰਗੇ ਸ਼ੁਧ ਆਂਡੇ ਦਾ ਰੂਪ ਧਾਰਨ ਕਰ ਲਿਆ ਅਤੇ ਫਿਰ ਉਸ ਆਂਡੇ ਵਿਚੋਂ ਸਮੂਹ ਲੋਕਾਂ ਦੀ ਸਿਰਜਣਾ ਕਰਨ ਵਾਲੇ ਬ੍ਰਹਮਾ ਜੀ ਪੈਦਾ ਹੋਏ।''
ਮਨੂ ਸਿਮ੍ਰਿਤੀ ਵਿਚ ਹੀ ਵਰਣ ਵੰਡ ਦੇ ਰੂਪ ਵਿਚ ਜਾਤਪਾਤ ਦੇ ਬੀਜ ਬੀਜੇ ਗਏ ਹਨ। ਔਰਤਾਂ ਨੂੰ ਸ਼ੂਦਰਾਂ ਦਾ ਦਰਜਾ ਦਿਤਾ ਗਿਆ ਹੈ। ਜਿਸ ਦਾ ਖਮਿਆਜਾ ਹੁਣ ਤਕ ਇਸ ਦੇ ਲਿਖੇ ਜਾਣ ਤੋਂ ਹਜਾਰਾਂ ਸਾਲਾਂ ਬਾਅਦ ਵੀ ਮਨੁਖ ਜਾਤੀ ਦਾ ਵਡਾ ਹਿਸਾ ਭੁਗਤ ਰਿਹਾ ਹੈ। ਇਹੀ ਮਨੂ ਸਿਮ੍ਰਿਤੀ ਮਨ-ਕਲਪਿਤ ਬ੍ਰਾਹਮਣਵਾਦ ਭਾਵ ਮਨ-ਕਲਪਿਤ ਦੇਵੀ-ਦੇਵਤਿਆਂ ਦੀ ਭਗਤੀ ਦੇ ਨਾਂ ਉਤੇ ਅਨੇਕ ਕਿਸਮ ਦੇ ਕਰਮਕਾਂਡ ਦੀ ਜਨਕ ਹੈ। ਇਕ ਸੁਆਲ ਅਕਸਰ ਕੀਤਾ ਜਾਂਦਾ ਹੈ ਕਿ ਗੁਲਾਮਦਾਰੀ ਤਾਂ ਦੁਨੀਆ ਭਰ ਦੇ ਲਗਪਗ ਸਾਰੇ ਹੀ ਸਮਾਜਾਂ ਵਿਚ ਰਹੀ ਹੈ ਪਰ ਜਾਤਪਾਤ ਵਰਗਾ ਚੀੜ੍ਹਾ ਸਮਾਜੀ ਪ੍ਰਬੰਧ ਸਿਰਫ ਸਾਡੇ ਹੀ ਦੇਸ ਵਿਚ ਕਿਉਂ ਮੌਜੂਦ ਹੈ, ਜਿਹੜਾ ਗੁਲਾਮਦਾਰੀ ਯੁਗ ਦੇ ਖਤਮ ਹੋ ਜਾਣ ਦੇ ਬਾਵਜੂਦ ਅਜੇ ਤਕ ਵੀ ਕਾਇਮ ਹੈ? ਇਸ ਸੁਆਲ ਦਾ ਜੁਆਬ ਮਨੂ ਸਿਮ੍ਰਿਤੀ ਦੇ ਸੂਤਰਾਂ ਵਿਚ ਦਰਜ ਹੈ, ਜਿਨ੍ਹਾਂ ਨੇ ਜਾਤਪਾਤ ਨੂੰ ਧਾਰਮਿਕ ਰੰਗਤ ਦੇ ਕੇ ਇਨ੍ਹਾਂ ਨੂੰ ਮੰਨਣਾ ਇਕ 'ਰਬੀ' ਆਦੇਸ਼ ਬਣਾ ਦਿਤਾ ਹੈ।
ਮਨੂ ਸਿਮ੍ਰਿਤੀ ਵਿਚ ਦਰਜ ਹੈ, ''ਉਸ ਮਹਾਨ ਤੇਜ ਵਾਲੇ ਬ੍ਰਹਮਾਂ ਨੇ ਇਸ ਲੋਕ ਦੀ ਰਖਿਆ ਲਈ ਆਪਣੇ ਮੂੰਹ ਬਾਹਾਂ ਜੰਘਾ ਅਤੇ ਪੈਰਾਂ ਵਿਚੋਂ ਕਰਮਵਾਰ ਚੌਹਾਂ ਵਰਣਾਂ ਨੂੰ ਪੈਦਾ ਕੀਤਾ ਅਤੇ ਇਨ੍ਹਾਂ ਦੇ ਅਡ-ਅਡ ਕੰਮ ਨਿਸ਼ਚਿਤ ਕਰ ਦਿਤੇ। ਈਸ਼ਵਰ ਨੇ ਸ਼ੂਦਰਾਂ ਲਈ ਇਹ ਹੀ ਕੰਮ ਕਰਨ ਦਾ ਆਦੇਸ਼ ਦਿਤਾ ਕਿ ਉਹ ਦੂਜੇ ਤਿੰਨਾਂ ਵਰਣਾਂ (ਸੁਵਰਣਾਂ) ਦੀ ਸੇਵਾ ਕਰਨ। ਰਾਜੇ ਨੂੰ ਚਾਹੀਦਾ ਹੈ ਕਿ ਉਹ ਸਖਤੀ ਨਾਲ ਸ਼ੂਦਰਾਂ ਨੂੰ ਉਨ੍ਹਾਂ ਲਈ ਨੀਯਤ ਕੀਤੇ ਹੋਏ ਕੰਮ ਕਰਨ ਲਈ ਲਾਵੇ। ਅਗਰ ਉਹ ਆਪਣੇ ਨੀਯਤ ਕੀਤੇ ਕੰਮ ਤੋਂ ਮੁਨਕਿਰ ਹੋਣਗੇ ਤਾਂ ਉਹ ਸਾਰੇ ਜਗਤ ਨੂੰ ਹੀ ਪ੍ਰੇਸ਼ਾਨੀ ਵਿਚ ਪਾ ਦੇਣਗੇ।'' ਇਹੀ ਮਨੂਵਾਦੀ ਸੋਚ ਅਤੇ ਇਸ ਦੇ ਆਧਾਰ ਉਤੇ ਬਣੀ ਬ੍ਰਾਹਮਣੀ ਮਾਨਸਿਕਤਾ ਨੇ ਹੀ ਅਗਲੇ ਸਮੇਂ ਵਿਚ ਵਰਣ ਵੰਡ ਨੂੰ ਜਾਤਪਾਤ ਦਾ ਰੂਪ ਦੇ ਕੇ ਸਾਰੇ ਸਮਾਜ ਨੂੰ ਦਰਜਾ-ਬਦਰਜੀ ਖਾਨਿਆਂ ਵਿਚ ਵੰਡ ਦਿਤਾ। ਇਹੀ ਵੰਡ ਸਾਡੇ ਦੇਸ ਦੀਆਂ ਸਾਰੀਆਂ ਸਮਸਿਆਵਾਂ ਦੀ ਜੜ੍ਹ ਹੈ। ਇਸ ਵੰਡ ਦੇ ਆਧਾਰ ਉਤੇ ਬਣੀ ਸੋਚ ਅਤੇ ਮਾਨਸਿਕਤਾ ਹੀ ਸਮੂਹ ਲੋਕਾਂ ਦਾ ਇਕ ਭਾਈਚਾਰਾ ਬਣਨ ਵਿਚ ਸਭ ਤੋਂ ਵਡੀ ਰੁਕਾਵਟ ਹੈ।
ਮਨੁਖੀ ਸਮਾਜ ਦੇ ਐਨ ਮੁਢ ਵਿਚ ਕੁਦਰਤੀ ਤੌਰ ਉਤੇ ਵਿਕਸਿਤ ਹੋਇਆ ਔਰਤ ਪ੍ਰਧਾਨ ਸਮਾਜ ਭਾਰੂ ਸੀ। ਬਾਅਦ ਵਿਚ ਜਦੋਂ ਨਿਜੀ ਜਾਇਦਾਦ ਉਤੇ ਆਧਾਰਿਤ ਪਿਤਾ-ਪੁਰਖੀ ਮਰਦ ਪ੍ਰਧਾਨ ਸਮਾਜ ਹੋਂਦ ਵਿਚ ਆਇਆ ਤਾਂ ਕੁਦਰਤੀ ਦਸਤੂਰ ਦੇ ਉਲਟ ਬਣੇ ਇਸ ਜਾਤਪਾਤੀ ਸਮਾਜ ਦੀ ਜਾਇਜਤਾ ਠਹਿਰਾਉਣ ਲਈ ਕਿਸੇ ਜਾਅਲੀ 'ਰਬੀ' ਹਸਤੀ ਦਾ ਮਾਨਸਿਕ ਬਿੰਬ ਘੜਨ ਦੀ ਲੋੜ ਪਈ। ਉਸੇ ਲੋੜ ਵਿਚੋਂ ਇਕ ਛੋਟੇ ਜਿਹੇ ਸ੍ਰੇਸ਼ਠ ਪੁਜਾਰੀ (ਬ੍ਰਾਹਮਣ) ਵਰਗ ਨੇ 'ਬ੍ਰਹਮ' ਦੇ ਵਿਅਕਤੀ ਰੂਪ ਮਨ-ਕਲਪਿਤ ਬ੍ਰਹਮਾ ਦੀ 'ਰਬੀ' ਹਸਤੀ ਦਾ ਮਾਨਸਿਕ ਬਿੰਬ ਘੜ ਲਿਆ। ਹਥੀਂ ਕਿਰਤ ਨਾਲੋਂ ਟੁਟ ਕੇ ਵਿਹਲੜ ਜ਼ਿੰਦਗੀ ਜਿਉਣ ਤੇ ਰਾਜਸੀ-ਸਮਾਜੀ ਤੇ ਪਦਾਰਥਕ ਸਹੂਲਤਾਂ ਮਾਣਨ ਦੀ ਆਪਣੀ ਲਾਲਸਾ ਅਧੀਨ, ਆਮ ਬੌਧਿਕ ਅਤੇ ਮਾਨਸਿਕ ਕੰਗਾਲੀ ਦੇ ਉਸ ਦੌਰ ਵਿਚ, ਆਪਣੇ ਆਪ ਨੂੰ 'ਰਬੋਂ' ਉਚ ਜਾਤੀ ਸਾਬਤ ਕਰਨ ਵਾਸਤੇ, ਸਮਾਜ ਵਿਚ ਕਰਮਕਾਂਡ, ਵਰਣ ਵੰਡ ਅਤੇ ਜਾਤਪਾਤੀ ਕੋਹੜ ਫੈਲਾਉਣ ਦਾ ਧਾਰਮਿਕ ਆਧਾਰ ਤਿਆਰ ਕਰਨ ਲਈੇ, ਬ੍ਰਹਮਾ ਦੇ ਰੂਪ ਵਿਚ ਘੜੀ ਇਹੀ ਮਾਨਸਿਕ ਕਲਪਨਾ ਅੱਜ ਤਕ ਮਨੁਖ ਜਾਤੀ ਨੂੰ ਊਚ-ਨੀਚ ਵਿਚ ਵੰਡਣ ਅਤੇ ਅਨੇਕ ਕਿਸਮ ਦੇ ਕਰਮਕਾਂਡੀ ਭਰਮਜਾਲ ਫੈਲਾਉਣ ਦਾ ਮੂਲ ਆਧਾਰ ਬਣੀ ਹੋਈ ਹੈ।
ਜੇ ਸਵਰਾਜ ਬੀਰ ਜੀ ਬਾਬਾ ਸਾਹਿਬ ਅੰਬੇਡਕਰ ਤੇ ਸਾਹਿਬ ਕਾਂਸ਼ੀ ਰਾਮ ਜੀ ਵਾਂਗ ਇਸ ਮਨੂਵਾਦੀ ਸੋਚ ਦੀ ਤਹਿ ਵਿਚ ਜਾਂਦੇ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਸਿਖਾਂ ਦਾ ਇਕ ਧਾਰਮਿਕ ਗ੍ਰੰਥ ਕਰਾਰ ਨਾ ਦੇ ਕੇ ਇਸ ਨੂੰ ਨਿਠ ਕੇ ਪੜ੍ਹਦੇ, ਤਾਂ ਉਨ੍ਹਾਂ ਨੂੰ ਪਤਾ ਲਗਦਾ ਕਿ ਗੁਰਮਤਿ ਨੇ ਬ੍ਰਹਮ ਅਤੇ ਬ੍ਰਹਮਾ ਵਿਚਕਾਰ ਪਹਿਲਾਂ ਹੀ ਬੜਾ ਸਪਸ਼ਟ ਨਿਖੇੜਾ ਕੀਤਾ ਹੋਇਆ ਹੈ। ਗੁਰਮਤਿ ਬ੍ਰਹਮ ਦੀ ਹੋਂਦ ਨੂੰ ਪ੍ਰਵਾਨ ਕਰਦੀ ਹੈ ਪਰ ਬ੍ਰਹਮਾ ਦੀ ਹੋਂਦ ਨੂੰ ਮੂਲੋਂ ਹੀ ਨਕਾਰ ਦੇਂਦੀ ਹੈ। ਗੁਰਮਤਿ ਮਨੂਵਾਦ ਅਤੇ ਇਸ ਦੇ ਪ੍ਰਗਟ ਰੂਪ ਬ੍ਰਾਹਮਣਵਾਦ ਦੇ ਮੁਢ ਬ੍ਰਹਮਾ ਨੂੰ ਨਕਾਰ ਕੇ ਇਸ ਦੀ ਜੜ੍ਹ ਹੀ ਪੁਟ ਦੇਂਦੀ ਹੈ।
ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ॥ (ਪੰਨਾ ੭੮੨) ਯਥਾ ਇਹ ਸਾਰਾ ਪਸਾਰਾ ਬ੍ਰਹਮ ਹੈ, ਸਭ ਥਾਂ ਬ੍ਰਹਮ ਹੀ ਪਸਰਿਆ ਹੋਇਆ ਹੈ, ਸਭ ਪਾਸੇ ਬ੍ਰਹਮ ਹੀ ਨਜਰ ਆਉਂਦਾ ਹੈ।
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ (ਪੰਨਾ ੧੦੩੫) ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ (ਪੰਨਾ ੫੫੯) ਯਥਾ ਬ੍ਰਹਮਾ ਬਿਸਨ ਮਹੇਸ ਦੀ ਕੋਈ ਹੋਂਦ ਨਹੀਂ। ਬ੍ਰਹਮਾ ਦੇ ਨਾਂ ਉਤੇ ਜਿਹੜਾ ਵੇਦਾਂ ਦਾ ਗਿਆਨ ਦਿਤਾ ਜਾ ਰਿਹਾ ਹੈ, ਇਹ ਸਾਰਾ ਮਨ-ਕਲਪਿਤ ਅਤੇ ਝੂਠ ਹੈ। ਗੁਰਮਤਿ ਨੇ ਇਹ ਗਿਆਨ ਵੀ ਦਿਤਾ ਹੈ ਕਿ
ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ॥ ਮਾਇਆ ਮੋਹੁ ਪਸਰਿਆ ਪਸਾਰਾ॥ ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ॥ (ਪੰਨਾ ੧੦੫੩)
ਯਥਾ ਸਿਮ੍ਰਤੀਆਂ ਤੇ ਸਾਸਤਰਾਂ ਵਿਚ ਜਿੰਨਾ ਵਿਸਥਾਰ ਹੈ, ਇਹ ਸਾਰਾ ਮਨ-ਕਲਪਿਤ ਝੂਠ ਅਤੇ ਝੂਠੇ ਪਿਆਰ ਦਾ ਪਸਾਰਾ ਹੈ। ਮੂਰਖ ਮਨੁਖ ਇਨ੍ਹਾਂ ਨੂੰ ਪੜ੍ਹਦਾ ਹੈ ਪਰ ਸਬਦ ਵਿਚਲੇ ਆਤਮਿਕ ਗਿਆਨ ਦਾ ਭੇਦ ਨਹੀਂ ਪਾ ਸਕਦਾ। ਗੁਰੂ ਦੇ ਆਤਮਿਕ ਗਿਆਨ ਵਲ ਮੂੰਹ ਕਰਨ ਵਾਲਾ ਕੋਈ ਵਿਰਲਾ ਮਨੁਖ ਹੀ ਇਸ ਦਾ ਭੇਦ ਪਾ ਸਕਦਾ ਹੈ।
ਬੇਦ ਕੀ ਪੁਤ੍ਰੀ ਸਿੰਮ੍ਰਿਤ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ ਰਹਾਉ॥ ਕਟੀ ਨ ਕਟੈ ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗੁ ਕਉ ਖਾਈ॥ (ਪੰਨਾ ੩੨੯) ਯਥਾ ਵੇਦ ਹੀ ਸਿਮ੍ਰਤੀਆਂ ਦੇ ਜਨਕ ਹਨ। ਇਨ੍ਹਾਂ ਵਿਚਲਾ ਗਿਆਨ ਮਨੁਖੀ ਮਨ ਨੂੰ ਪਏ ਸੰਗਲ ਤੇ ਜੰਜੀਰਾਂ ਵਾਂਗ ਹਨ। ਇਹ ਇੰਝ ਹੈ ਜਿਵੇਂ ਕੋਈ ਮਨੁਖ ਆਪਣੇ ਆਲੇਦੁਆਲੇ ਆਪ ਹੀ ਜਾਲ ਬੁਣ ਲਏ ਅਤੇ ਫਿਰ ਉਸ ਦੇ ਮੋਹ ਵਿਚ ਆਪ ਹੀ ਫਸ ਕੇ ਮਰ ਜਾਏ। ਸਾਰੇ ਯਤਨਾਂ ਦੇ ਬਾਵਜੂਦ ਜਿਹੜਾ ਜਾਲ ਕਟਿਆ ਨਹੀਂ ਜਾ ਸਕਦਾ ਅਤੇ ਜਿਹੜਾ ਸਪਣੀ ਦਾ ਰੂਪ ਧਾਰ ਕੇ ਜਗਤ ਨੂੰ ਖਾ ਰਿਹਾ ਹੈ।
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਰ ਪੜਿਆ ਮੁਕਤਿ ਨ ਹੋਈ॥ (ਪੰਨਾ ੭੪੭) ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀਂ ਕੀਮਤਿ ਪਾਈ॥ (ਪੰਨਾ ੭੪੭) ਯਥਾ ਵੇਦ ਕਤੇਬ ਸਿਮ੍ਰਿਤੀਆਂ ਤੇ ਸਾਰੇ ਸ਼ਾਸਤਰ ਪੜ੍ਹ ਕੇ ਵੀ (ਮਨ ਦੀ) ਮੁਕਤੀ ਨਹੀਂ ਮਿਲਦੀ। ਵੇਦ ਪੜ੍ਹ ਪੜ੍ਹ ਕੇ ਬ੍ਰਹਮੇ ਵਰਗੇ ਅਨੇਕ ਹਾਰ ਹੰਭ ਗਏ ਹਨ ਪਰ ਉਨ੍ਹਾਂ ਨੇ ਉਸ ਇਕੁ (ਏਕੋ) ਦੀ ਰਤੀ ਭਰ ਵੀ ਕੀਮਤ ਨਹੀਂ ਜਾਣੀ। ਤਥਾ ਏਕੋ ਦਾ ਭੇਦ ਨਹੀਂ ਪਾਇਆ।
ਸਵਰਾਜ ਬੀਰ ਨੇ ਖਬੇ ਪਖੀਆਂ ਅਤੇ ਧਰਮ ਨਿਰਪਖਤਾ ਦੇ ਹਾਮੀਆਂ ਬਾਰੇ ਟਿਪਣੀ ਕੀਤੀ ਹੈ, ''ਖਬੇ-ਪਖੀਆਂ ਅਤੇ ਧਰਮ ਨਿਰਪਖਤਾ ਦੇ ਹਾਮੀਆਂ ਵਿਚ ਖਾਮੀਆਂ ਹੋ ਸਕਦੀਆਂ ਹਨ, ਉਨ੍ਹਾਂ ਦੇ ਵਿਚਾਰਾਂ ਅਤੇ ਭਾਸ਼ਾ ਵਿਚ ਪੁਖ਼ਤਗੀ ਤੇ ਨਵੀਨਤਾ ਦੀ ਘਾਟ ਹੋ ਸਕਦੀ ਹੈ, ਉਨ੍ਹਾਂ ਦੇ ਵਿਚਾਰਾਂ ਦਾ ਅਸਰ ਘਟਿਆ ਹੈ ਅਤੇ ਉਨ੍ਹਾਂ ਨੂੰ ਹਾਸ਼ੀਏ ਉਤੇ ਵੀ ਧਕਿਆ ਗਿਆ ਹੈ, ਪਰ ਉਨ੍ਹਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਅਜਿਹੇ ਧਰਮ-ਅਨੁਸਾਰੀ ਬਣ ਜਾਣ ਜਿਸ ਕਾਰਨ ਰਵਾਇਤੀ ਧਰਮ ਦਾ ਪਾਲਣ ਕਰਨ ਵਾਲੇ ਉਨ੍ਹਾਂ ਦਾ ਸਨਮਾਨ ਕਰਨ ਜਾਂ ਖਬੇ-ਪਖੀ ਅਤੇ ਧਰਮ ਨਿਰਪਖਤਾ ਦੇ ਹਾਮੀ ਧਰਮ ਦੀ ਅਜਿਹੀ ਵਿਆਖਿਆ ਕਰਨ, ਜਿਹੜੀ ਸਭ ਨੂੰ ਪਸੰਦ ਹੋਵੇ। ਲੋਕਾਂ ਦੀ ਵਡੀ ਬਹੁਗਿਣਤੀ ਨੂੰ ਜਾਤੀਵਾਦ, ਨਾਰੀ ਦਾ ਦਮਨ, ਮਰਦ-ਪ੍ਰਧਾਨ ਸੋਚ, ਆਪਣੇ ਧਰਮ ਨੂੰ ਸਭ ਤੋਂ ਉਤਮ ਕਹਿਣਾ ਪਸੰਦ ਹੈ। ਖਬੇ-ਪਖੀ ਅਤੇ ਧਰਮ ਨਿਰਪਖਤਾ ਦੇ ਹਾਮੀਆਂ ਤੋਂ ਅਜਿਹੀ ਉਮੀਦ ਕਰਨੀ ਉਨ੍ਹਾਂ ਨੂੰ ਇਤਿਹਾਸ ਅਤੇ ਸਮਾਜ ਵਿਚਲੀ ਉਨ੍ਹਾਂ ਦੀ ਭੂਮਿਕਾ ਤੋਂ ਵਿਛੁੰਨਿਆ ਕਰਨਾ ਹੋਵੇਗਾ। ਕਬੀਰ ਜੀ ਦਾ ਕਥਨ ਹੈ : ''ਟੂਟੀ ਤੰਤੁ ਨ ਬਜੈ ਰਬਾਬੁ॥'' ਤੰਦ ਟੁਟ ਜਾਵੇ ਤਾਂ ਰਬਾਬ ਨਹੀਂ ਵਜਦੀ। ਸਾਡੇ ਸਮਾਜ ਵਿਚ ਭਗਤ ਕਬੀਰ ਅਤੇ ਭਗਤ ਰਵਿਦਾਸ ਜਿਹੀਆਂ ਆਵਾਜ਼ਾਂ ਨੂੰ ਬਹੁਤ ਦੇਰ ਲਈ ਹਾਸ਼ੀਏ ਉਤੇ ਰਖਿਆ ਗਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਅਰਥਾਂ ਤੋਂ ਵਿਰਵੀਆਂ ਹਨ। ਉਨ੍ਹਾਂ ਦੇ ਅਰਥ ਮਨੁਖਤਾਮਈ ਹਨ। ਕੁਝ ਇਸ ਤਰ੍ਹਾਂ ਦੀ ਗੱਲ ਧਰਮ ਨਿਰਪਖਤਾ ਦੇ ਹਾਮੀਆਂ ਅਤੇ ਖਬੇ-ਪਖੀਆਂ ਬਾਰੇ ਵੀ ਕਹੀ ਜਾ ਸਕਦੀ ਹੈ।''
ਬਿਨ ਪੜ੍ਹਿਓ ਕੁਝ ਸੁਣੀਆਂ ਸੁਣਾਈਆਂ ਧਾਰਨਾਵਾਂ ਦੇ ਆਧਾਰ ਉਤੇ ਖਬੇ ਪਖੀ ਹੋਣ ਦਾ ਭਰਮ ਪਾਲਣ ਦੀ ਬਜਾਇ ਸਵਰਾਜ ਬੀਰ ਨੂੰ ਮਾਰਕਸ ਅਤੇ ਏਂਗਲਜ ਦੀ ਫਿਲਾਸਫੀ ਖੁਦ ਪੜ੍ਹਨ ਦੀ ਲੋੜ ਹੈ। ਮਾਰਕਸ-ਏਂਗਲਜ ਨੇ ਭੌਤਿਕਵਾਦ ਅਤੇ ਆਦਰਸ਼ਵਾਦ ਵਿਚਕਾਰ ਬੜਾ ਸਪਸ਼ਟ ਨਿਖੇੜਾ ਕੀਤਾ ਹੈ। ਏਂਗਲਜ ਦਾ ਕਥਨ ਹੈ, ''ਕੀ ਸੰਸਾਰ ਦੀ ਰਚਨਾ ਰਬ ਨੇ ਬਣਾਈ ਹੈ ਜਾਂ ਅੰਤਹੀਣ ਆਦਿਕਾਲ ਤੋਂ ਸੰਸਾਰ ਇਵੇਂ ਹੀ ਹੋਂਦ ਰਖਦਾ ਆ ਰਿਹਾ ਹੈ, ਇਸ ਸੁਆਲ ਦਾ ਜੁਆਬ ਦੇਣ ਵਾਲੇ ਫਿਲਾਸਫਰ ਦੋ ਵਡੇ ਧੜਿਆਂ ਵਿਚ ਵੰਡੇ ਹੋਏ ਸਨ। ਜਿਹੜੇ ਫਿਲਾਸਫਰ ਕੁਦਰਤ ਨਾਲੋਂ ਮਨੁਖੀ ਮਨ ਨੂੰ ਸਿਰਮੌਰ ਮੰਨਦੇ ਸਨ ਅਤੇ ਅੰਤਿਮ ਤੌਰ ਉਤੇ ਕਿਸੇ ਵੀ ਤਰ੍ਹਾਂ ਸੰਸਾਰ ਦੀ ਰਚਨਾ ਹੋਈ ਮੰਨਦੇ ਸਨ, ਉਹ ਆਦਰਸ਼ਵਾਦੀ ਧੜਾ ਬਣੇ ਅਤੇ ਦੂਜੇ ਜਿਹੜੇ ਕੁਦਰਤ ਨੂੰ ਸਿਰਮੌਰ ਮੰਨਦੇ ਸਨ, ਉਹ ਸਾਰੇ ਭੌਤਿਕਵਾਦੀਆਂ ਦੀਆਂ ਅਡ-ਅਡ ਧਿਰਾਂ ਵਿਚ ਸ਼ੁਮਾਰ ਹੁੰਦੇ ਸਨ। ਆਦਰਸ਼ਵਾਦ ਅਤੇ ਭੌਤਿਕਵਾਦ ਂ ਇਹ ਦੋ ਪ੍ਰਪਾਟੀਆਂ ਮੌਲਿਕ ਰੂਪ ਵਿਚ ਇਸ ਤੋਂ ਬਿਨਾਂ ਹੋਰ ਕੋਈ ਅਹਿਮੀਅਤ ਨਹੀਂ ਸਨ ਰਖਦੀਆਂ। ਇਥੇ ਵੀ ਅਸੀਂ ਇਨ੍ਹਾਂ ਦੀ ਵਰਤੋਂ ਇਸ ਤੋਂ ਬਿਨਾਂ ਕਿਸੇ ਵੀ ਹੋਰ ਭਾਵਨਾ ਨਾਲ ਨਹੀਂ ਕਰ ਰਹੇ। ... ਸੋਚ ਵਿਚ ਉਲਝਣਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਇਨ੍ਹਾਂ ਪ੍ਰਪਾਟੀਆਂ ਨੂੰ ਕੁਝ ਹੋਰ ਅਰਥ ਦਿਤੇ ਜਾਂਦੇ ਹਨ।'' ਭੌਤਿਕਵਾਦ ਦੀ ਇਹ ਕਿੰਨੀ ਸਪਸ਼ਟ ਵਿਆਖਿਆ ਹੈ। ਕਿਸੇ ਗਲਤ-ਫਹਿਮੀ ਦੀ ਕੋਈ ਗੁੰਜਾਇਸ਼ ਹੀ ਨਹੀਂ।
ਗੁਰਮਤਿ ਦਾ ਮੁਢ ਹੀ ੴ (ਏਕੋ) ਸਤਿ ਤੋਂ ਹੁੰਦਾ ਹੈ। ਭਾਵ ਸਾਡੇ ਚਾਰਚੁਫੇਰੇ ਪਸਰਿਆ ਏਕੋ ਹੈ ਅਤੇ ਇਹ ਸਚ ਹੈ। ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ॥ (ਪੰਨਾ ੨੯੨)। ਇਹ ਬ੍ਰਹਿਮੰਡੀ ਹੋਂਦ ਅਸੀਮ ਅਤੇ ਸਦੀਵੀ ਹੈ। ਇਕ ਓਕਾਂਰ ਯਥਾ ੧+ਓਮ+ਆਕਾਰ ਤਥਾ ਵੈਦਿਕ (ਹਿੰਦੂ) ਫਿਲਾਸਫੀ ਦਾ ਪਰਮ ਅਖਰ ਓਮ ਜਮਾ ਇਹ ਬ੍ਰਹਿਮੰਡੀ ਆਕਾਰ ਇਕ ਹੈ। ਵੈਦਿਕ ਫਿਲਾਸਫੀ ਵਿਚ ਬ੍ਰਹਮ ਨੂੰ ਵੀ ਪਰਮ ਅਖਰ ਦੇ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਅਮੂਰਤ ਅਖਰ ਓਮ ਨਾਲ ਆਕਾਰ ਅਤੇ ਇਕ ਲਾ ਕੇ ਇਸ ਅਸੀਮ ਅਤੇ ਸਦੀਵੀ ਬ੍ਰਹਿਮੰਡੀ ਹੋਂਦ (ਬ੍ਰਹਮ) ਨੂੰ ਸਾਡੀ ਚੇਤਨਾ ਅਤੇ ਸਾਡੇ ਮਨਾਂ ਵਿਚ ਸਾਕਾਰ ਕਰਨ ਦਾ ਕ੍ਰਿਸ਼ਮਾ ਕੀਤਾ ਹੈ। ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥ (ਪੰਨਾ ੧੪੧) ਕੁਦਰਤਿ ਕਾਦਰ ਕਰਣ ਕਰੀਮਾ॥ (ਪੰਨਾ ੧੦੮੪)। ਕੁਦਰਤਿ ਕਰਨੈਹਾਰ ਅਪਾਰਾ ਕੀਤੇ ਕਾ ਨਾਹੀ ਕਿਹੁ ਚਾਰਾ॥ (ਪੰਨਾ ੧੦੪੨)
ਵੈਦਿਕ ਫਿਲਾਸਫੀ ਬਾਰੇ ਫ੍ਰੈਡਰਿਕ ਏਂਗਲਜ ਦੀ ਧਾਰਨਾ ਹੈ, ''ਤੁਲਨਾਤਮਿਕ ਮਿਥਿਹਾਸ ਦੀ ਮੁਢਲੀ ਖੋਜ ਨੇ ਹਿੰਦ-ਯੂਰਪੀਨ ਲੋਕਾਂ ਦੇ ਸਮੁਚੇ ਧਾਰਮਿਕ ਵਰਤਾਰੇ (ਫਿਲਾਸਫੀ) ਦਾ ਮੁਢ ਭਾਰਤੀ ਵੇਦਾਂ ਵਿਚ ਲਭਿਆ ਹੈ। ਇਹ ਸਪਸ਼ਟ ਹੋ ਗਿਆ ਹੈ ਕਿ ਭਾਰਤੀ, ਇਰਾਨੀ, ਯੂਨਾਨੀ, ਰੋਮਨ, ਜਰਮਨ ਅਤੇ ਜਿਥੋਂ ਤਕ ਤਥ ਲਭੇ ਹਨ ਕੇਂਦਰੀ ਯੂਰਪ, ਲਿਥੂਨੀਅਨ ਅਤੇ ਸਲਾਵ ਸਾਰੇ ਇਨ੍ਹਾਂ ਹਿੰਦ-ਯੂਰਪੀਨ ਲੋਕਾਂ ਵਿਚ ਸ਼ਾਮਿਲ ਹਨ।''
ਬਿਨਾ ਸ਼ਕ ਭਾਰਤ ਸਮੇਤ ਇਨ੍ਹਾਂ ਸਾਰੇ ਦੇਸਾਂ ਦੀ ਫਿਲਾਸਫੀ ਦਾ ਆਰੰਭ ਵੇਦਾਂ ਨਾਲ ਹੋਇਆ ਹੈ। ਇਸ ਦੀ ਪੁਸ਼ਟੀ ਬਾਬਾ ਸਾਹਿਬ ਅੰਬੇਡਕਰ ਨੇ ਵੀ ਕੀਤੀ ਹੈ। ਵੈਦਿਕ ਫਿਲਾਸਫੀ ਵਿਚ ਭੌਤਿਕਵਾਦ ਅਤੇ ਆਦਰਸ਼ਵਾਦ ਦੀਆਂ ਦੋ ਧਾਰਾਵਾਂ ਮੁਢ ਤੋਂ ਨਾਲੋਂ-ਨਾਲ ਚਲਦੀਆ ਆ ਰਹੀਆ ਹਨ। ਬ੍ਰਹਮ ਅਸੀਮ ਅਤੇ ਸਦੀਵੀ ਬ੍ਰਹਿਮੰਡੀ ਹਕੀਕਤ ਭਾਵ ਭੌਤਿਕਵਾਦ ਨੂੰ ਪ੍ਰਗਟ ਕਰਦਾ ਆ ਰਿਹਾ ਹੈ ਤੇ ਇਸ ਦਾ ਮਨ ਕਲਪਿਤ ਰੂਪ ਬ੍ਰਹਮਾ ਆਦਰਸ਼ਵਾਦ ਨੂੰ ਪ੍ਰਗਟ ਕਰਦਾ ਆ ਰਿਹਾ ਹੈ। ਇਹ ਬ੍ਰਹਮਾ ਦੀ ਮਨ ਕਲਪਿਤ ਹੋਂਦ ਹੀ ਮਨੂਵਾਦ, ਵਰਣ ਵੰਡ, ਜਾਤਪਾਤ, ਬ੍ਰਾਹਮਣੀ ਕਰਮਕਾਂਡ, ਨਰਕ-ਸੁਰਗ, ਪੁਨਰ ਜਨਮ ਤੇ ਬ੍ਰਾਹਮਣੀ ਪਾਪ-ਪੁੰਨ ਦੇ ਭਰਮਜਾਲ ਦੀ ਜਨਕ ਹੈ।
ਸਵਰਾਜ ਬੀਰ ਦੀ ਇਹ ਧਾਰਨਾ ਦਰੁਸਤ ਨਹੀਂ ਕਿ ''ਹੋਰ ਵਿਚਾਰਧਾਰਾਵਾਂ ਜਿਵੇਂ ਸਾਂਖ, ਚਾਰਵਾਕ, ਆਜੀਵਕ, ਬੁਧ ਧਰਮ ਆਦਿ ਨੂੰ ਹਾਸ਼ੀਏ ਉਤੇ ਧਕ ਦਿਤਾ ਗਿਆ। ਪ੍ਰਾਚੀਨ ਆਰੀਆ ਲੋਕਾਂ ਦੇ ਗੌਰਵ ਨੂੰ ਪ੍ਰਚਾਰਿਆ ਗਿਆ। ਉਹ ਮਹਾਨ ਇਨਕਲਾਬ, ਜਿਹੜਾ ਮਧਕਾਲੀਨ ਸਮਿਆਂ ਵਿਚ ਬਸੇਸ਼ਰ, ਕਬੀਰ, ਗੁਰੂ ਨਾਨਕ ਦੇਵ, ਭਗਤ ਨਾਮਦੇਵ, ਭਗਤ ਰਵਿਦਾਸ ਅਤੇ ਭਗਤੀ ਲਹਿਰ ਦੇ ਹੋਰ ਰਹਿਬਰਾਂ ਨੇ ਲਿਆਂਦਾ, ਨੂੰ ਬਿਲਕੁਲ ਵਿਸਾਰ ਦਿਤਾ ਗਿਆ। ਇਸੇ ਤਰ੍ਹਾਂ ਇਸਲਾਮ ਤੇ ਸੂਫ਼ੀਆਂ ਦੇ ਯੋਗਦਾਨ ਨੂੰ ਸਵੀਕਾਰਨ ਦੀ ਥਾਂ ਮਧਕਾਲੀਨ ਸਮਿਆਂ ਨੂੰ ਗ਼ੁਲਾਮੀ ਦਾ ਯੁਗ ਗਰਦਾਨਿਆ ਗਿਆ।''
ਗੁਰਮਤਿ ਨੇ ਇਨ੍ਹਾਂ ਸਾਰੀਆਂ ਵਿਚਾਰਧਾਰਾਵਾਂ ਨੂੰ ਆਪਣੇ ਵਿਚ ਆਤਮਸਾਤ ਕੀਤਾ ਹੈ। ਇਸ ਲਿਖਤ ਦੀ ਸੀਮਤਾਈ ਹੋਣ ਕਾਰਨ ਇਥੇ ਏਨਾ ਕਹਿਣਾ ਹੀ ਕਾਫੀ ਹੈ ਕਿ ਗੁਰਮਤਿ ਨੇ ਆਪਣੇ ਤੋਂ ਪਹਿਲੇ ਵਿਕਸਿਤ ਹੋਏ ਸਾਰੇ ਧਰਮਾਂ ਤੇ ਵਿਚਾਰਧਾਰਾਵਾਂ ਦੀ ਪੁਣਛਾਣ ਅਤੇ ਪੜਚੋਲ ਕੀਤੀ ਹੈ। ਕੁਦਰਤੀ ਨੇਮਾਂ ਉਤੇ ਪੂਰੀਆ ਉਤਰਦੀਆਂ ਸਾਰੀਆਂ ਧਾਰਨਾਵਾਂ ਤੇ ਸਦਾਚਾਰ ਨੂੰ ਮਾਨਤਾ ਦਿਤੀ ਹੈ ਅਤੇ ਕੁਦਰਤੀ ਨੇਮਾਂ ਦੇ ਵਿਰੁਧ ਜਾਂਦੀਆਂ ਸਾਰੀਆਂ ਧਾਰਨਾਵਾਂ ਤੇ ਦੁਰਾਚਾਰ ਦਾ ਬੜੀ ਦ੍ਰਿੜਤਾ ਨਾਲ ਖੰਡਨ ਕੀਤਾ ਹੈ। ਗੁਰਮਤਿ ਨੇ ਔਰਤ-ਮਰਦ ਦੇ ਰਿਸ਼ਤੇ ਦੀ ਸਭ ਤੋਂ ਖੂਬਸੂਰਤ ਤੇ ਸਮਾਜੀ ਵਿਆਖਿਆ ਕੀਤੀ ਹੈ। ਜੇ ਸਵਰਾਜਬੀਰ ਨੇ ਬੁਲੇ ਸ਼ਾਹ ਤੇ ਵਾਰਿਸ ਸ਼ਾਹ ਦੀ ਹੀਰ ਦੀ ਸੋਚ ਤੋਂ ਪਾਰ ਜਾ ਕੇ ਗੁਰਮਤਿ ਨੂੰ ਪੜ੍ਹਿਆ ਹੁੰਦਾ ਤਾਂ ਉਸ ਨੂੰ ਪਤਾ ਲਗਦਾ ਕਿ ਗੁਰਮਤਿ ਨੇ 'ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥' (ਪੰਨਾ ੧੧੩੬) ਦਾ ਮੌਲਿਕ ਸੰਕਲਪ ਦੇ ਕੇ ਇਸ ਖੇਤਰ ਦੀ ਸਮਾਜੀ ਏਕਤਾ ਦਾ ਸਭ ਤੋਂ ਵਡਾ ਆਧਾਰ ਮੁਹਈਆ ਕੀਤਾ ਹੈ। ਇਹ ਵਖਰੀ ਗੱਲ ਹੈ ਕਿ ਸਿਖਾਂ ਸਮੇਤ ਅਸੀਂ ਪੰਜਾਬੀਆਂ ਨੂੰ ਗੁਰੂ ਸਾਹਿਬ ਵਲੋਂ ਦਿਤੇ ਗਏ ਏਕਤਾ ਦੇ ਆਧਾਰ ਨੂੰ ਅਸਲੋਂ ਹੀ ਅਣਗੌਲਿਆ ਕਰ ਦਿਤਾ ਹੈ।
ਲਿਖਤ ਨੂੰ ਸਮੇਟਦਿਆਂ ਕਿਹਾ ਜਾ ਸਕਦਾ ਹੈ ਕਿ ਵੈਦਿਕ ਫਿਲਾਸਫੀ ਵਿਚ ਭੌਤਿਕਵਾਦ ਤੇ ਆਦਰਸ਼ਵਾਦ ਦੀਆਂ ਦੋ ਧਾਰਾਵਾਂ ਨਾਲੋਂ-ਨਾਲ ਚਲਦੀਆਂ ਆ ਰਹੀਆ ਹਨ। ਬਾਬਾ ਸਾਹਿਬ ਅੰਬੇਦਕਰ ਦੇ ਕਥਨ ਅਨੁਸਾਰ ਬ੍ਰਹਮ ਦੇ ਸੰਕਲਪ ਨੂੰ ਆਧਾਰ ਮੰਨ ਕੇ ਚਲਦੀ ਆ ਰਹੀ ਬ੍ਰਹਮਵਾਦੀ ਧਾਰਾ ਭੌਤਿਕਵਾਦੀ ਹੈ, ਗੁਰਮਤਿ ਜਿਸਦਾ ਵਿਸਥਾਰ ਤੇ ਤਤਸਾਰ ਹੈ ਅਤੇ ਮਨ-ਕਲਪਿਤ ਬ੍ਰਹਮਾ ਨੂੰ ਆਧਾਰ ਮੰਨ ਕੇ ਚਲਦੀ ਆ ਰਹੀ ਧਾਰਾ ਬ੍ਰਾਹਮਣਵਾਦੀ ਭਾਵ ਆਦਰਸ਼ਵਾਦੀ ਹੈ। ਹਿੰਦੂ ਰਾਸ਼ਟਰ ਦੇ ਪੈਰੋਕਾਰ ਮਨ-ਕਲਪਿਤ ਬ੍ਰਾਹਮਣਵਾਦੀ ਧਾਰਾ ਦੇ ਪੈਰੋਕਾਰ ਹਨ, ਜਿਨ੍ਹਾਂ ਨੇ ਸਾਮਰਾਜੀ ਪੂੰਜੀ ਨਾਲ ਗਠਜੋੜ ਕਰ ਲਿਆ ਹੈ। ਇਸ ਲਈ ਯੋਗੇਂਦਰ ਯਾਦਵ ਦੀ ਇਹ ਧਾਰਨਾ ਬਿਲਕੁਲ ਸਹੀ ਹੈ ਕਿ ਖਬੇ ਪਖੀਆਂ ਦਾ ਧਰਮ ਨਿਰਪਖਤਾ ਦਾ ਸੰਕਲਪ ਇਸ ਕਰ ਕੇ ਹਾਰ ਗਿਆ ਕਿਉਂਕਿ ਇਸ ਨੇ ਸਾਡੀਆਂ ਭਾਸ਼ਾਵਾਂ ਨੂੰ ਅਸਵੀਕਾਰ ਕੀਤਾ, ਇਹ ਸਾਡੀਆਂ ਰਵਾਇਤਾਂ ਦੀ ਭਾਸ਼ਾ ਸਿਖਣ ਵਿਚ ਅਸਫ਼ਲ ਰਿਹਾ, ਇਸ ਨੇ ਸਾਡੇ ਧਰਮਾਂ ਦੀ ਭਾਸ਼ਾ ਸਿਖਣ ਤੇ ਬੋਲਣ ਤੋਂ ਇਨਕਾਰ ਕੀਤਾ ਅਤੇ ਇਸ ਨੇ ਹਿੰਦੂ (ਵੈਦਿਕ) ਧਰਮ ਦੀ ਨਵੀਂ ਵਿਆਖਿਆ ਕਰਨ ਦੀ ਥਾਂ ਹਿੰਦੂ ਧਰਮ ਦਾ ਮਖ਼ੌਲ ਉਡਾਇਆ। ਇਹ ਸਚ ਮਾਰਕਸ ਨੇ ਕਮਿਊਨਿਸਟ ਮੈਨੀਫੈਸਟੋ ਵਿਚ ਦਰਜ ਕੀਤਾ ਹੈ ਕਿ ਕਿਸੇ ਵੀ ਦੇਸ ਦੀ ਕਮਿਊਨਿਸਟ ਲਹਿਰ ਆਪਣੇ ਦੇਸ ਦੀ ਫਿਲਾਸਫੀ ਨੂੰ ਆਤਮਸਾਤ ਕੀਤੇ ਬਿਨਾਂ ਲਹਿਰ ਨੂੰ ਅਗੇ ਨਹੀਂ ਵਧਾ ਸਕਦੀ। ਜਿਡੀ ਵਡੀ ਗਲਤੀ ਹਿੰਦੁਸਤਾਨ ਦੇ ਖਬੇ ਪਖੀਆਂ ਨੇ ਵੈਦਿਕ ਫਿਲਾਸਫੀ ਨੂੰ ਅਣਗੌਲਿਆ ਕਰ ਕੇ ਕੀਤੀ ਹੈ, ਉਸ ਤੋਂ ਵਡੀ ਗਲਤੀ ਪੰਜਾਬ ਦੇ ਖਬੇ ਪਖੀ ਗੁਰਮਤਿ ਨੂੰ ਅਣਗੌਲਿਆ ਕਰ ਕੇ ਕਰ ਰਹੇ ਹਨ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026