Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਫਸਰਾਂ ਦੇ ਕਹਿਣ 'ਤੇ ਮੈਂ 83 ਨੌਜਵਾਨ ਝੂਠੇ ਮੁਕਾਬਲਿਆਂ 'ਚ ਮਾਰੇ- ਸਬ ਇੰਸਪੈਕਟਰ ਸੁਰਜੀਤ ਸਿੰਘ

Posted on July 1st, 2013

ਤਰਨਤਾਰਨ : ਖਾੜਕੂਵਾਦ ਦੇ ਦੌਰ 'ਚ ਪੰਜਾਬ ਪੁਲਸ ਵਲੋਂ ਬੇਕਸੂਰ ਨੌਜਵਾਨਾਂ ਨੂੰ ਫ਼ਰਜ਼ੀ ਮੁਕਾਬਲੇ ਬਣਾ ਕੇ ਮਾਰ ਮੁਕਾਉਣ ਦੇ ਅਕਸਰ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਤਰਨਤਾਰਨ 'ਚ ਤਾਇਨਾਤ ਸਬ ਇੰਸਪੈਕਟਰ ਨੇ ਆਪਣੇ ਆਪ ਨੂੰ 'ਇਨਕਾਊਂਟਰ ਸਪੈਸ਼ਲਿਸਟ' ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਪੁਲਸ 'ਚ ਭਰਤੀ ਹੋਣ ਤੋਂ ਬਾਅਦ ਇਕ ਮਹੀਨਾ ਥਾਣਾ ਮੁਖੀ ਦੇ ਨਾਲ ਗੰਨਮੈਨ ਤਾਇਨਾਤ ਰਿਹਾ ਤੇ ਫਿਰ ਉਸੇ ਹੀ ਥਾਣੇ 'ਚ ਐਸਐਚਓ ਦੀ ਕੁਰਸੀ 'ਤੇ ਬਿਠਾ ਦਿੱਤਾ ਗਿਆ। 

ਉਸ ਸਮੇਂ ਖਾੜਕੂਵਾਦ ਦਾ ਦੌਰ ਜਦੋਂ ਸਿਖਰਾਂ 'ਤੇ ਸੀ ਤਾਂ ਕਈ ਬੇਕਸੂਰ ਨੌਜਵਾਨਾਂ ਨੂੰ ਫ਼ਰਜ਼ੀ ਮੁਕਾਬਲੇ ਬਣਾ ਕੇ ਖ਼ਤਮ ਕਰਨ ਦੇ ਆਦੇਸ਼ ਮਿਲੇ। ਨਾ ਚਾਹੁੰਦੇ ਹੋਏ ਵੀ ਮੈਂ ਦੋ ਦਰਜਨ ਤੋਂ ਵੱਧ ਇਨਕਾਊਂਟਰਾਂ 'ਚ ਦਰਜਨਾਂ ਨੌਜਵਾਨਾਂ ਨੂੰ ਖਪਤ ਕਰ ਚੁੱਕਾ ਹਾਂ ਤੇ ਹੁਣ ਮੈਨੂੰ ਪੁਲਸ ਵਿਭਾਗ ਤੋਂ ਹੀ ਜਾਨ ਦਾ ਖ਼ਤਰਾ ਹੈ। ਇਸ ਸਬ ਇੰਸਪੈਕਟਰ ਨੇ ਕਿਹਾ ਕਿ ਹਾਈ ਕੋਰਟ ਦੇ ਆਦੇਸ਼ ਦੇ ਬਾਵਜੂਦ ਉਸ ਨੂੰ ਰੈਗੂਲਰ ਸਬ ਇੰਸਪੈਕਟਰ ਨਹੀਂ ਬਣਾਇਆ ਜਾ ਰਿਹਾ। ਇਨਸਾਫ਼ ਲੈਣ ਲਈ ਜਦੋਂ ਐਸਐਸਪੀ ਤਰਨਤਾਰਨ ਕੋਲ ਪੁੱਜਾ ਤਾਂ ਉਸ ਨੂੰ ਸ਼ਰੇਆਮ ਕੁਟਵਾਇਆ ਗਿਆ। ਇਸ ਸਬ ਇੰਸਪੈਕਟਰ ਨੇ ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਸੀਬੀਆਈ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਉਸ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ।

 ਅੰਮਿ੍ਰਤਸਰ ਦੇ ਥਾਣਾ ਅਜਨਾਲਾ ਦੇ ਪਿੰਡ ਜੌਂਸ ਮੁਹਾਰ ਨਿਵਾਸੀ ਸੁਰਜੀਤ ਸਿੰਘ ਨੇ ਮਨੁੱਖੀ ਅਧਿਕਾਰ ਸੰਗਠਨ ਦੇ ਸੀਨੀਅਰ ਨੇਤਾ ਕਿਰਪਾਲ ਸਿੰਘ ਰੰਧਾਵਾ ਦੀ ਮੌਜੂਦਗੀ 'ਚ ਦੱਸਿਆ ਕਿ 16 ਨਵੰਬਰ 1989 ਨੂੰ ਬਤੌਰ ਸਿਪਾਹੀ (ਨੰਬਰ 4956) ਭਰਤੀ ਹੋਇਆ। ਇਕ ਮਹੀਨਾ ਥਾਣਾ ਮਹਿਤਾ ਦੇ ਮੁਖੀ ਸਰਬਜੀਤ ਸਿੰਘ ਪੰਧੇਰ ਨਾਲ ਗੰਨਮੈਨ ਤਾਇਨਾਤ ਰਿਹਾ ਤੇ ਫਿਰ ਉਸ ਨੂੰ ਤਤਕਾਲੀ ਐਸਐਸਪੀ ਵਲੋਂ ਉਸੇ ਥਾਣੇ ਦਾ ਮੁਖੀ ਲਗਾ ਦਿੱਤਾ ਗਿਆ ਤੇ ਨਾਲ ਹੀ ਇਕ ਇੰਸਪੈਕਟਰ ਨੂੰ ਮੇਰੇ ਮਾਤਹਿਤ (ਅਧੀਨ) ਕਰ ਦਿੱਤਾ ਗਿਆ। ਇਹ ਭਾਵੇਂ ਹੀ ਨਿਯਮਾਂ ਦੇ ਖ਼ਿਲਾਫ਼ ਸੀ ਪ੍ਰੰਤੂ ਨਾਲ ਹੀ ਉਸ ਨੂੰ ਇਕ ਸੂਚੀ ਸੌਂਪੀ ਗਈ ਜਿਸ 'ਚ ਕਈ ਨੌਜਵਾਨਾਂ ਦੇ ਨਾਂ ਸਨ। ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਤੋਂ ਦੋ ਦਰਜਨ ਦੇ ਕਰੀਬ ਫ਼ਰਜ਼ੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ 'ਚ ਦਰਜਨਾਂ ਬੇਕਸੂਰ ਨੌਜਵਾਨਾਂ ਦੀ ਜਾਨ ਚਲੀ ਗਈ। 

ਸੁਰਜੀਤ ਸਿੰਘ ਮੁਤਾਬਕ 26 ਮਈ 1992 ਨੂੰ ਉਸ ਨੂੰ ਤਰੱਕੀ ਦੇ ਕੇ ਸੀ-ਟੂ ਬਣਾਇਆ ਗਿਆ। ਫਿਰ ਉਸੇ ਦਿਨ ਓਆਰਪੀ ਰੈਂਕ ਦੇ ਕੇ ਮੁੱਖ ਸਿਪਾਹੀ (ਹੈੱਡ ਕਾਂਸਟੇਬਲ), 3 ਜੂਨ 1992 ਨੂੰ ਓਆਰਪੀ ਰੈਂਕ ਏਐਸਆਈ, 10 ਅਪ੍ਰੈਲ 1993 ਨੂੰ ਓਆਰਪੀ ਰੈਂਕ ਐਸਆਈ ਬਣਾ ਦਿੱਤਾ ਗਿਆ। ਜਦੋਂਕਿ ਉਸ ਨਾਲੋਂ ਕਈ ਜੂਨੀਅਰ ਅਧਿਕਾਰੀਆਂ ਨੂੰ ਏਐਸਆਈ ਤੋਂ ਤਰੱਕੀ ਦੇ ਸਬ ਇੰਸਪੈਕਟਰ ਬਣਾਇਆ ਜਾ ਚੁੱਕਾ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਆਪਣੀ ਤਰੱਕੀ ਬਣਦੀ ਵੇਖ ਕੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਅਦਾਲਤ ਨੇ 7 ਸਤੰਬਰ 2012 ਨੂੰ ਆਦੇਸ਼ ਜਾਰੀ ਕਰਕੇ ਰੈਗੂਲਰ ਕਰਨ ਦੇ ਆਦੇਸ਼ ਦਿੱਤੇ ਪਰ ਇਸ ਦੇ ਬਾਵਜੂਦ ਉਸ ਨੂੰ ਰੈਗੂਲਰ ਸਬ ਇੰਸਪੈਕਟਰ ਨਹੀਂ ਬਣਾਇਆ ਜਾ ਰਿਹਾ। ਸੁਰਜੀਤ ਸਿੰਘ ਨੇ ਖਾੜਕੂਵਾਦ ਸਮੇਂ ਕੀਤੇ ਗਏ 23 ਮੁਕਾਬਲਿਆਂ ਦੀ ਸੂਚੀ ਵੀ ਸੌਂਪੀ ਤੇ ਕਿਹਾ ਕਿ ਸ਼ਨਿਚਰਵਾਰ ਨੂੰ ਲੁਧਿਆਣਾ ਦੇ ਕਮਿਸ਼ਨਰ ਦੇ ਕਹਿਣ 'ਤੇ ਤਰਨਤਾਰਨ ਦੇ ਐਸਐਸਪੀ ਨੂੰ ਮਿਲਣ ਲਈ ਜਦੋਂ ਗਿਆ ਤਾਂ ਉਸਦੀ ਗੱਲ ਸੁਣਨ ਦੀ ਬਜਾਏ ਪੁਲਸ ਬੁਲਾ ਕੇ ਸਰੇਆਮ ਕੁਟਵਾਇਆ ਗਿਆ ਤੇ ਕਥਿਤ ਤੌਰ 'ਤੇ ਜਾਨ ਤੋਂ ਹੱਥ ਧੋਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। 

ਸੁਰਜੀਤ ਸਿੰਘ ਨੇ ਮਨੁੱਖੀ ਅਧਿਕਾਰ ਸੰਗਠਨ ਦੇ ਸੀਨੀਅਰ ਨੇਤਾ ਕਿਰਪਾਲ ਸਿੰਘ ਰੰਧਾਵਾ ਦੀ ਮੌਜੂਦਗੀ 'ਚ ਦਾਅਵਾ ਕੀਤਾ ਕਿ ਮੈਨੂੰ ਖਾੜਕੂਵਾਦ ਦੇ ਦੌਰ ਸਮੇਂ ਸਿਪਾਹੀ ਹੋਣ ਮੌਕੇ ਥਾਣਾ ਮੁਖੀ ਬਣਾਉਣ ਤੇ ਫ਼ਰਜ਼ੀ ਮੁਕਾਬਲੇ ਕਰਨ ਲਈ ਮਜਬੂਰ ਕੀਤਾ ਜਾਂਦਾ ਰਿਹਾ ਤੇ ਮੈਂ ਬੇਕਸੂਰ ਨੌਜਵਾਨਾਂ ਦੇ ਖ਼ੂਨ ਨਾਲ ਆਪਣੇ ਹੱਥ ਲਾਲ ਕਰਦਾ ਰਿਹਾ। ਉਸ ਨੇ ਕਿਹਾ ਕਿ ਸੀਬੀਆਈ ਨੂੰ ਜੇਕਰ ਇਸ ਮਾਮਲੇ ਦੀ ਜਾਂਚ ਸੌਂਪੀ ਜਾਵੇ ਤਾਂ ਪੰਜਾਬ ਪੁਲਸ ਦੇ ਕਈ ਅਧਿਕਾਰੀਆਂ ਦੇ ਚਿਹਰੇ ਬੇਨਕਾਬ ਹੋਣਗੇ। 

ਸੁਰਜੀਤ ਸਿੰਘ ਨੇ ਆਪਣੇ ਪਰਿਵਾਰ ਦੀ ਜਾਨ ਦੀ ਹਿਫਾਜ਼ਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੂੰ 'ਖਾਕੀ' ਤੋਂ ਖ਼ਤਰਾ ਹੈ। 





Archive

RECENT STORIES