Posted on September 18th, 2020

ਸ਼ਿਕਾਇਤ ਦਾ ਪੰਨਾ: 1
ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ
ਇਹ ਵਕਤ ਉਹ ਹੈ, ਜਦ ਸਿੱਖੀ ਅਤੇ ਸਿੱਖੀ ਸਿਧਾਂਤਾਂ 'ਤੇ ਚੌਤਰਫਾ ਹਮਲੇ ਹੋ ਰਹੇ ਹਨ, ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ 'ਚ ਫਸਾਉਣ ਦੀ ਸਿਖਰ ਹੋਈ ਪਈ ਹੈ। ਇਨ੍ਹਾਂ ਚੁਣੌਤੀਆਂ ਦਾ ਟਾਕਰਾ ਇੱਕਮੁੱਠ ਹੋ ਕੇ ਹੀ ਕੀਤਾ ਜਾ ਸਕਦਾ ਹੈ ਪਰ ਅਫਸੋਸ ਕਿ ਕੌਮ ਦਾ ਵੱਡਾ ਹਿੱਸਾ ਦਸਮ ਗ੍ਰੰਥ ਅਤੇ ਅਜਿਹੇ ਹੋਰ ਵਿਵਾਦਾਂ 'ਚ ਉਲਝਿਆ ਹੋਇਆ ਹੈ, ਜੋ ਕਿ ਕੌਮ ਲਈ ਸੈਕੰਡਰੀ ਮੁੱਦੇ ਹਨ।
ਦਸਮ ਗ੍ਰੰਥ ਦਾ ਮਸਲਾ ਸਿੱਖੀ 'ਚ ਵਿਵਾਦ ਦਾ ਵੱਡਾ ਮੁੱਦਾ ਬਣਿਆ ਹੋਇਆ ਹੈ, ਜਿਸਨੂੰ ਆਪਸ 'ਚ ਬਹਿ ਕੇ ਵਿਚਾਰ ਨਾਲ ਸੁਲਝਾਇਆ ਜਾ ਸਕਦਾ ਹੈ ਪਰ ਹੁਣ ਸਾਡੇ ਕੁਝ ਵਿਦਵਾਨ ਇਸਨੂੰ ਸੁਲਝਾਉਣ ਲਈ ਪੰਜਾਬ ਪੁਲਿਸ ਰਾਹੀਂ, ਭਾਰਤੀ ਕਨੂੰਨ ਰਾਹੀਂ ਸਿੱਧੇ ਸਟੇਟ ਅੱਗੇ ਫਰਿਆਦੀ ਬਣ, ਜਾ ਖਲੋਏ ਹਨ। ਨਾਮਵਰ ਬੁੱਧੀਜੀਵੀਆਂ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸ. ਹਰਭਜਨ ਸਿੰਘ ਨੇ ਕੌਮੀ ਚਿੰਤਕਾਂ ਸ. ਗੁਰਤੇਜ ਸਿੰਘ ਅਤੇ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਦਾ ਪੰਨਾ: 2
ਇਸ ਤਰਾਂ ਆਪਣੀ ਧੌਣ ਖੁਦ ਜਾ ਕੇ ਸਟੇਟ ਨੂੰ ਫੜਾ ਦਿੱਤੀ ਗਈ ਹੈ ਕਿ ਤੁਸੀਂ ਫੈਸਲਾ ਕਰਕੇ ਦੱਸੋ ਕਿ ਅਸੀਂ ਕੀ ਮੰਨਣਾ ਤੇ ਕੀ ਨਹੀਂ। ਅਫਸੋਸ ਕਿ ਜਦ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦਾ ਮਸਲਾ ਗਰਮ ਹੈ ਤਾਂ ਅਜਿਹਿਆਂ ਗੰਭੀਰ ਮਸਲਿਆਂ 'ਤੇ ਦੜ੍ਹ ਵੱਟਣ ਵਾਲੇ ਬੁੱਧੀਜੀਵੀ ਅਤੇ ਜਥੇਬੰਦੀਆਂ ਉਨ੍ਹਾਂ ਸੈਕੰਡਰੀ ਮੁੱਦਿਆਂ ਦੀ ਆੜ 'ਚ ਕੌਮ ਦੇ ਉਨ੍ਹਾਂ ਬੁੱਧਿਜੀਵੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿੱਚ ਹਨ, ਜਿਨ੍ਹਾਂ ਆਪਣੀ ਸਾਰੀ ਉਮਰ ਕਦੇ ਕਿਸੇ ਕੌਮੀ ਚੁਣੌਤੀ ਅਤੇ ਕਦੇ ਕਿਸੇ ਕੌਮੀ ਪਰੇਸ਼ਾਨੀ 'ਚੋਂ ਕੱਢਣ ਲਈ ਲਾ ਦਿੱਤੀ। ਅਜਿਹੇ ਦਸਤਾਵੇਜ਼ ਪੇਸ਼ ਕੀਤੇ, ਜਿਨ੍ਹਾਂ ਨੂੰ ਲਿਖਣ ਦੀ ਤਾਂ ਕਿ ਪੜ੍ਹਨ ਦੀ ਸਮਰੱਥਾ ਵੀ ਬਹੁਤਿਆਂ 'ਚ ਹੈਨੀ।
ਸ. ਗੁਰਤੇਜ ਸਿੰਘ ਅਤੇ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਉਨ੍ਹਾਂ ਸ਼ਖਸਾਂ 'ਚ ਸ਼ੁਮਾਰ ਹਨ, ਜਿਨ੍ਹਾਂ ਸਭ ਤੋਂ ਪਹਿਲਾਂ ਭਾਰਤੀ ਸਟੇਟ ਦੇ ਯੂਏਪੀਏ ਸ਼ਿਕੰਜੇ ਨੂੰ ਚੈਲੰਜ ਕੀਤਾ, ਜਿਸ ਰਾਹੀਂ ਬੀਤੇ ਕੁਝ ਸਾਲਾਂ 'ਚ ਸਰਕਾਰ ਨੇ ਦਰਜਨਾਂ ਸਿੱਖ ਨੌਜਵਾਨ ਝੂਠੇ ਕੇਸਾਂ 'ਚ ਫਸਾ ਕੇ ਕੌਮ ਦੀ ਗੱਲ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਤਾਂ ਕਿ ਅਗਾਂਹ ਸਿੱਖ ਕੌਮੀ ਗੱਲ ਕਰਨੋਂ ਹੀ ਡਰਨ।
ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸ. ਹਰਭਜਨ ਸਿੰਘ ਵੀ ਸਤਿਕਾਰਯੋਗ ਬੁੱਧੀਜੀਵੀ ਹਨ ਅਤੇ ਉਨ੍ਹਾਂ ਦੀ ਦੀ ਵੀ ਦੇਣ ਹੈ ਪਰ ਅਜਿਹੇ ਮੌਕੇ, ਜਦਕਿ ਸਿੱਖਾਂ ਅਤੇ ਸਿੱਖੀ ਸਿਧਾਂਤਾਂ ਦੀ ਹੋਂਦ ਖਤਮ ਕਰਨ ਲਈ ਪੂਰੇ ਜ਼ੋਰ ਨਾਲ ਆਖਰੀ ਹੱਲਾ ਬੋਲਿਆ ਗਿਆ ਹੋਵੇ ਤੇ ਕੁਝ ਗੁਰੂ ਦੇ ਸਿੱਖ ਆਪਣੀ ਸਿਆਣਪ ਨਾਲ ਉਸ ਹੱਲੇ ਨੂੰ ਬੇਨਕਾਬ ਕਰਨ ਦੇ ਨਾਲ ਨਾਲ ਉਸਦੇ ਉਲਟ ਲੜ ਰਹੇ ਹੋਣ, ਨੂੰ ਕਨੂੰਨੀ ਦਾਅ-ਪੇਚ ਵਰਤ ਕੇ ਸੁੱਟਣ ਦੀ ਕੋਸ਼ਿਸ਼ ਕਰਨਾ ਸਿਰੇ ਦੀ ਨਿੰਦਣਯੋਗ ਕਾਰਵਾਈ ਹੈ।
ਕੀ ਹੁਣ ਥਾਣੇ ਫੈਸਲਾ ਕਰਨਗੇ ਕਿ ਸਿੱਖ ਕੀ ਲਿਖ ਸਕਦੇ ਹਨ ਅਤੇ ਕੀ ਬੋਲ ਸਕਦੇ ਹਨ, ਕਿਸ ਚੀਜ਼ ਦੀ ਕਥਾ ਹੋ ਸਕਦੀ? ਕੱਲ ਨੂੰ ਅਜਿਹੇ ਪਰਚੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਲਈ ਪ੍ਰਚਾਰਕਾਂ 'ਤੇ ਵੀ ਹੋਣਗੇ, ਜਿੱਥੇ ਬਹੁਤ ਥਾਈਂ ਹਿੰਦੂ-ਮੁਸਲਮਾਨਾਂ ਬਾਰੇ ਲਿਖਿਆ ਹੋਇਆ, ਜਿਵੇਂ ਕਿ ਹਿੰਦੂ ਅੰਨਾ ਤੁਰਕ ਕਾਣਾ। ਫਿਰ ਤਾਂ ਸਵਰਗਵਾਸੀ ਹਰਿੰਦਰ ਸਿੰਘ ਮਹਿਬੂਬ 'ਤੇ ਵੀ 'ਸਹਿਜੇ ਰਚਿਓ ਖਾਲਸਾ' ਕਾਰਨ ਪਰਚਾ ਦਰਜ ਕਰਵਾਉਣਾ ਪਊ, ਜਿਸ ਵਿੱਚ ਉਹ ਦੱਸਦੇ ਹਨ ਕਿ ਉਹ ਕਿੰਨੀਆਂ ਬਾਣੀਆਂ ਨੂੰ ਮੰਨਦੇ ਹਨ।
ਇਹ ਗੱਲ ਵੀ ਸੋਚਣ ਵਾਲੀ ਹੈ ਕਿ ਅਗਾਂਹ ਚੱਲ ਕੇ ਇਸ ਸਬੰਧੀ ਉਲਟੇ ਪਰਚੇ ਵੀ ਹੋਣਗੇ, ਜਦ ਕੋਈ ਸ਼ਿਕਾਇਤ ਕਰੇਗਾ ਕਿ ਦਸਮ ਗ੍ਰੰਥ ਦੇ ਨਾਮ ਹੇਠਲੀ ਲਿਖਤ ਗੁਰੁ ਗੋਬਿੰਦ ਸਿੰਘ ਦੇ ਨਾਮ ਪਾ ਕੇ ਮੇਰੀਆਂ ਧਾਰਮਿਕ ਭਾਵਨਾਵਾਂ ਭੜਕਾ ਰਹੇ ਹੋ! ਅੱਜ ਤੁਸੀਂ ਖੁਦ ਇੱਕ ਦੂਜੇ ਖਿਲਾਫ ਸ਼ਿਕਾਇਤਾਂ ਦਰਜ ਕਰਵਾ ਰਹੇ ਹੋ, ਕੱਲ੍ਹ ਨੂੰ ਜਦ ਹਿੰਦੂ-ਮੁਸਲਮਾਨ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਕਰਕੇ ਪ੍ਰਚਾਰਕਾਂ 'ਤੇ ਪਰਚੇ ਦਰਜ ਕਰਵਾਉਣਗੇ ਕਿ ਇਸ ਕਥਾ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਭੜਕਦੀਆਂ ਹਨ, ਤਾਂ ਫਿਰ ਸਭ ਨੇ ਪਿੱਟਣਾ।
ਸ਼ਿਕਾਇਤ ਦੀ ਇਹ ਕਾਰਵਾਈ ਖੁਦ ਖੱਜਲ ਹੋਣ ਵਾਲੀ ਗੱਲ ਹੈ। ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸ. ਹਰਭਜਨ ਸਿੰਘ ਵਰਗੇ ਸਿਆਣੇ-ਬਿਆਣੇ ਖੁਦ ਕੌਮ ਦੀ ਦਾੜ੍ਹੀ ਪੁਲਿਸ ਰਾਹੀਂ ਸਟੇਟ ਦੇ ਹੱਥ ਫੜਾਉਣ ਲੱਗੇ ਹਨ।
ਕਿਸੇ ਨਾਲ ਵੀ ਸਹਿਮਤ ਜਾਂ ਅਸਹਿਮਤ ਹੋਇਆ ਜਾ ਸਕਦਾ ਹੈ, ਉਸਦਾ ਹੱਲ ਗੁਰੁ ਸਾਹਿਬ ਨੇ ਆਪਸੀ ਵਿਚਾਰ ਦਰਸਾਇਆ ਹੋਇਆ ਹੈ ਪਰ ਇਹ ਸ਼ਿਕਾਇਤਾਂ ਦਰਜ ਕਰਵਾ ਕੇ ਸਟੇਟ ਦੀ ਝੋਲੀ ਬਹਿਣ ਦੇ ਬਹੁਤ ਮਾੜੇ ਸਿੱਟੇ ਨਿਕਲਣਗੇ। ਅਜਿਹਿਆਂ ਕਾਰਵਾਈਆਂ ਤੋਂ ਰੁਕਣਾ ਚਾਹੀਦਾ।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026