Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭੇਤ ਹੀ ਰਹੇਗੀ ਉੱਤਰਾਖੰਡ 'ਚ ਮੌਤਾਂ ਦੀ ਗਿਣਤੀ

Posted on July 1st, 2013

ਦੇਹਰਾਦੂਨ : ਦੇਵਭੂਮੀ ਉੱਤਰਾਖੰਡ 'ਚ ਕੁਦਰਤ ਦੇ ਕਹਿਰ ਤੋਂ ਕਿੰਨੇ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਦੀ ਜਾਨ ਗਈ ਇਸ ਨੂੰ ਲੈ ਕੇ ਇੱਥੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਜਿੱਥੇ ਮੁੱਖ ਮੰਤਰੀ ਵਿਜੇ ਬਹੁਗੁਣਾ ਦਾ ਸਪਸ਼ਟ ਕਹਿਣਾ ਹੈ ਕਿ ਅਸੀਂ ਕਦੇ ਵੀ ਨਹੀਂ ਜਾਣ ਸਕਾਂਗੇ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਕਾਰਨ ਅਜੇ ਵੀ ਲਗਪਗ ਤਿੰਨ ਹਜ਼ਾਰ ਲੋਕ ਲਾਪਤਾ ਹਨ। ਅਜਿਹੀ ਸਥਿਤੀ 'ਚ ਮਿ੍ਰਤਕਾਂ ਦੀ ਅਸਲੀ ਗਿਣਤੀ ਦਾ ਪਤਾ ਲੱਗਣਾ ਬਹੁਤ ਹੀ ਮੁਸ਼ਕਿਲ ਹੈ। ਦੂਜੇ ਪਾਸੇ ਐਤਵਾਰ ਨੂੰ ਰਾਹਤ ਏਜੰਸੀਆਂ ਨੇ ਬਦਰੀਨਾਥ 'ਚ ਫਸੇ 1366 ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਜੇ ਵੀ ਉੱਥੇ ਤਿੰਨ ਸੌ ਲੋਕ ਫਸੇ ਹੋਏ ਹਨ। 

ਚੇਤੇ ਰਹੇ ਕਿ ਸ਼ਨਿਚਰਵਾਰ ਨੂੰ ਸੂਬਾਈ ਵਿਧਾਨ ਸਭਾ ਦੇ ਸਪੀਕਰ ਗੋਵਿੰਦ ਸਿੰਘ ਕੁੰਜਵਾਲ ਨੇ ਕਿਹਾ ਸੀ ਕਿ ਤਬਾਹੀ 'ਚ ਘੱਟੋ-ਘੱਟ ਦਸ ਹਜ਼ਾਰ ਲੋਕ ਮਾਰੇ ਗਏ ਹਨ। ਇਸ ਤੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਅੰਕੜਾ ਇਕ ਹਜ਼ਾਰ ਤੋਂ ਜ਼ਿਆਦਾ ਨਹੀਂ ਹੈ। ਉਨ੍ਹਾਂ ਨੇ ਬਿਪਤਾ ਨਾਲ ਨਿਪਟਣ 'ਚ ਸਰਕਾਰ ਦੀ ਸਮਰੱਥਾ 'ਤੇ ਉੱਠ ਰਹੇ ਸਵਾਲਾਂ ਨੂੰ ਵੀ ਖ਼ਾਰਜ ਕੀਤਾ। 

ਦੂਜੇ ਪਾਸੇ ਬਦਰੀਨਾਥ ਤੋਂ ਯਾਤਰੀਆਂ ਨੂੰ ਕੱਢਣ ਦਾ ਕੰਮ ਜਾਰੀ ਰਿਹਾ। ਇਸ ਤਹਿਤ ਕੁਲ 1366 ਯਾਤਰੀ ਕੱਢੇ ਗਏ ਹਾਲਾਂਕਿ ਬਦਰੀਨਾਥ 'ਚ ਯਾਤਰੀਆਂ ਦੀ ਗਿਣਤੀ ਨੂੰ ਲੈ ਕੇ ਲਗਾਤਾਰ ਭਰਮ ਦੀ ਸਥਿਤੀ ਬਣੀ ਹੋਈ ਹੈ। ਸ਼ਨਿਚਰਵਾਰ ਨੂੰ ਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਉੱਥੇ ਅਜੇ ਵੀ ਪੰਜ ਸੌ ਯਾਤਰੀ ਫਸੇ ਹਨ। ਪਰ ਹੁਣ ਚਮੋਲੀ ਦੇ ਡੀਐਨ ਤਿੰਨ ਸੌ ਯਾਤਰੀਆਂ ਦੇ ਉੱਥੇ ਹੋਣ ਦੀ ਗੱਲ ਕਹਿ ਰਹੇ ਹਨ। ਹਾਲਾਂਕਿ ਸਥਾਨਕ ਸੂਤਰਾਂ ਮੁਤਾਬਕ ਇਹ ਗਿਣਤੀ ਇਕ ਹਜ਼ਾਰ ਦੇ ਆਸ-ਪਾਸ ਹੈ। ਇਸ ਤ੍ਰਾਸਦੀ ਦੇ ਪੰਦਰਾਂ ਦਿਨਾਂ ਬਾਅਦ ਪਹਿਲੀ ਵਾਰ ਕੇਦਾਰ ਵਾਦੀ ਦੇ ਦੂਰ-ਦੂਰੇਡੇ ਪਿੰਡਾਂ 'ਚ ਤਿੰਨ ਹੈਲੀਕਾਪਟਰਾਂ ਰਾਹੀਂ ਖਾਣ-ਪੀਣ ਦੀਆਂ ਵਸਤਾਂ ਭੇਜੀਆਂ ਗਈਆਂ। ਪ੍ਰਸ਼ਾਸਨ ਹੌਲੀ-ਹੌਲੀ ਸਰਗਰਮ ਹੋਇਆ ਹੈ ਪਰ ਰਾਹਤ ਦਾ ਇੰਤਜ਼ਾਰ ਕਰ ਰਹੇ ਪਿੰਡਾਂ ਦਾ ਸਬਰ ਟੁੱਟਣ ਲੱਗਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਹਤ ਦੇ ਨਾਂ 'ਤੇ ਮਿਲ ਸਰੀਹ ਮੁੱਠੀ ਭਰ ਸਮੱਗਰੀ ਨਾਲ ਸਾਡਾ ਕਦੋਂ ਤਕ ਗੁਜ਼ਾਰਾ ਹੋਵੇਗਾ। ਇਸ ਤੋਂ ਇਲਾਵਾ ਚਮੋਲੀ ਜ਼ਿਲ੍ਹੇ ਦੀ ਪਿੰਡਰ ਵਾਦੀ ਅਜੇ ਪੂਰੀ ਤਰ੍ਹਾਂ ਨਾਲ ਅਣਗੌਲੀ ਪਈ ਹੈ। ਵਾਦੀ ਦੇ ਤਕਰੀਬਨ ਦੋ ਸੌ ਪਿੰਡ ਪੂਰੀ ਤਰ੍ਹਾਂ ਕਟੇ ਹੋਏ ਹਨ। ਉੱਤਕਾਸ਼ੀ ਜ਼ਿਲ੍ਹੇ 'ਚ ਵੀ ਹਾਲਾਤ ਵੱਖਰੇ ਨਹੀਂ ਹਨ। ਭਾਗੀਰਥੀ ਦੀ ਤਬਾਹੀ ਤੋਂ ਬੇਘਰ ਹੋ ਚੁੱਕੇ ਸੈਂਕੜੇ ਪਰਿਵਾਰਾਂ ਨੂੰ ਤੁਰੰਤ ਮਦਦ ਦੀ ਲੋੜ ਹੈ ਜਦਕਿ ਪ੍ਰਸ਼ਾਸਨ ਦੇ ਯਤਨ ਨਾਕਾਫ਼ੀ ਸਾਬਤ ਹੋ ਰਹੇ ਹਨ।



Archive

RECENT STORIES