Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਰਿਸ਼ ਦਾ ਅਨੰਦ ਮਾਣ ਰਹੀਆਂ 2 ਨਾਬਾਲਗ ਭੈਣਾਂ ਦੀ ਪਾਕਿਸਤਾਨ 'ਚ ਗੋਲੀ ਮਾਰ ਕੇ ਹੱਤਿਆ

Posted on July 1st, 2013

ਇਸਲਾਮਾਬਾਦ- ਬਾਰਿਸ਼ ਦੌਰਾਨ ਮੀਂਹ 'ਚ ਅਨੰਦ ਮਾਨਣਾ ਕਿਸ ਨੂੰ ਚੰਗਾ ਨਹੀਂ ਲੱਗਦਾ ਪਰ ਪਾਕਿਸਤਾਨ 'ਚ ਬਾਰਿਸ਼ ਦੌਰਾਨ ਅਨੰਦ ਮਾਣ ਰਹੀਆਂ ਦੋ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਮਾਸੂਮ ਲੜਕੀਆਂ ਨੂੰ ਬਾਰਿਸ਼ 'ਚ ਭਿੱਜਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। 

ਸੂਤਰਾਂ ਅਨੁਸਾਰ ਪਾਕਿਸਤਾਨ 'ਚ ਦੋ ਨਾਬਾਲਿਗ ਲੜਕੀਆਂ ਦੀ ਹੱਤਿਆ ਸਿਰਫ਼ ਇਸ ਲਈ ਕਰ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਬਾਰਿਸ਼ 'ਚ ਭਿੱਜਣ ਦੌਰਾਨ ਆਪਣੀ ਵੀਡੀਓ ਬਣਾਈ ਸੀ। ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਕਿ ਅਜਿਹਾ ਕਰਕੇ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ। ਗਿਲਗਿਟ ਦੇ ਉੱਤਰੀ ਪ੍ਰਾਂਤ ਦੇ ਚਿਲਾਸ ਸ਼ਹਿਰ 'ਚ ਨੂਰ ਬਸਰਾ ਅਤੇ ਨੂਰ ਸ਼ੇਜਾ ਨਾਂਅ ਦੀਆਂ ਦੋ ਭੈਣਾਂ ਆਪਣੇ ਬੰਗਲੇ ਦੇ ਬਾਹਰ ਰਿਵਾਇਤੀ ਕੱਪੜੇ ਪਾ ਕੇ ਬਾਰਿਸ਼ 'ਚ ਭਿੱਜ ਰਹੀਆਂ ਸਨ। ਬਾਰਿਸ਼ 'ਚ ਭਿੱਜਣ ਦੌਰਾਨ ਨੱਚਣ ਲੱਗ ਪਈਆਂ ਅਤੇ ਉਨ੍ਹਾਂ 'ਚੋਂ ਇਕ ਦੀ ਵੀਡੀਓ ਬਣਾਈ ਗਈ। ਇਹ ਵੀਡੀਓ ਜਦੋਂ ਮੋਬਾਈਲ ਦੇ ਜ਼ਰੀਏ ਫੈਲ ਗਈ ਤਾਂ ਪਾਕਿਸਤਾਨ ਦੇ ਇਸ ਰੂੜ੍ਹੀਵਾਦੀ ਸ਼ਹਿਰ 'ਚ ਹੱਲਾ ਮੱਚ ਗਿਆ। ਇਸ ਤੋਂ ਬਾਅਦ ਐਤਵਾਰ ਨੂੰ 5 ਬੰਦੂਕਧਾਰੀਆਂ ਨੇ ਦੋਵਾਂ ਲੜਕੀਆਂ ਸਮੇਤ ਉਨ੍ਹਾਂ ਦੀ ਮਾਂ ਦੀ ਵੀ ਹੱਤਿਆ ਕਰ ਦਿੱਤੀ। 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਕੀ ਦੇ ਮਤਰਏ ਭਰਾ 'ਤੇ ਸ਼ੱਕ ਹੈ। ਲੜਕੀਆਂ ਦੇ ਦੂਜੇ ਭਰਾ ਨੇ ਮਤਰਏ ਭਰਾ ਅਤੇ 4 ਹੋਰ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਫਿਲਹਾਲ ਸਾਰੇ ਦੋਸ਼ੀ ਪੁਲਿਸ ਹਿਰਾਸਤ ਤੋਂ ਬਾਹਰ ਹਨ। ਵਰਣਨਯੋਗ ਹੈ ਕਿ ਪਿਛਲੇ ਸਾਲ ਪਾਕਿਸਤਾਨ ਦੇ ਖੋਇਸਤਾਨ ਪਿੰਡ 'ਚ 4 ਔਰਤਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਕਿਉਂਕਿ ਉਨ੍ਹਾਂ ਨੇ ਇਕ ਵਿਆਹ ਸਮਾਗਮ ਦੌਰਾਨ ਇਕ ਵਿਅਕਤੀ ਨਾਲ ਗੀਤ ਗਾਇਆ ਸੀ।



Archive

RECENT STORIES