Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲੀ-ਭਾਜਪਾ ਗੱਠਜੋੜ 'ਚ ਆਈ ਤਰੇੜ: ਅਗਾਂਹ ਕੀ ਹੋਵੇਗਾ?

Posted on September 26th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਲਗਭਗ ਦੋ ਦਹਾਕਿਆਂ ਦੌਰਾਨ ਸਾਰੇ ਕੌਮੀ ਅਸੂਲ ਛਿੱਕੇ ਟੰਗ ਕੇ, ਕੇਵਲ ਸੱਤਾ ਲਈ ਅਕਾਲੀ ਦਲ ਵਲੋਂ ਭਾਜਪਾ ਨਾਲ ਨਿਭਾਇਆ ਜਾ ਰਿਹਾ "ਨਾਪਾਕ ਗੱਠਜੋੜ" ਆਖਰ ਬਾਦਲਾਂ ਨੂੰ ਤੋੜਨਾ ਪੈ ਗਿਆ। ਬੀਬਾ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਕਿਸਾਨ ਸੰਘਰਸ਼ ਦੀ ਇਹ ਦੂਜੀ ਵੱਡੀ ਪ੍ਰਾਪਤੀ ਹੈ।

ਬਹੁਤ ਸਾਰੇ ਲੋਕਾਂ ਨੂੰ ਇਸ 'ਤੇ ਯਕੀਨ ਨਹੀਂ ਹੋ ਰਿਹਾ। ਕਈਆਂ ਦਾ ਤੌਖਲਾ ਹੈ ਕਿ ਇਹ ਕਿਵੇਂ ਹੋ ਸਕਦਾ?

ਵਾਕਿਆ ਹੀ ਇਹ ਘਟਨਾ ਵੱਡੀ ਹੈ, ਉਡੀਕੀ ਜਾ ਰਹੀ ਸੀ ਪਰ ਹਾਲੇ ਵੀ ਬਹੁਤਿਆਂ ਨੂੰ ਯਕੀਨ ਨਹੀਂ ਸੀ ਕਿ ਅਕਾਲੀ ਦਲ ਏਨੀ ਜਲਦੀ ਅਜਿਹਾ ਸਟੈਂਡ ਲੈ ਲਵੇਗਾ। ਇਸ ਬੇਯਕੀਨੀ ਦਾ ਵੱਡਾ ਕਾਰਨ ਬੀਤੇ ਵਿੱਚ ਬਾਦਲਾਂ ਵਲੋਂ ਸਾਰੇ ਅਸੂਲ ਛਿੱਕੇ ਟੰਗ ਕੇ ਭਾਜਪਾ ਦੀ ਦੀ ਹਰ ਗਲਤ ਕਾਰਵਾਈ ਨੂੰ ਮਗਰ-ਮਗਰ ਸਹੀ ਠਹਿਰਾਈ ਜਾਣਾ ਸੀ, ਚਾਹੇ ਉਹ ਮਸਲਾ ਸਿਆਸੀ ਹੋਵੇ ਜਾਂ ਧਾਰਮਿਕ। ਕਸ਼ਮੀਰ 'ਚ ਧਾਰਾ 370 ਦਾ ਖਾਤਮਾ, ਰਾਮ ਮੰਦਰ ਜਿਹੇ ਮਸਲੇ ਕੁਝ ਮਿਸਾਲਾਂ ਹਨ।

ਲੋਕ ਸਮਝਦੇ ਹਨ ਕਿ ਭਾਜਪਾ ਕੋਲ ਸੱਤਾ ਹੈ ਤੇ ਉਹ ਈਡੀ, ਵਿਜੀਲੈਂਸ, ਸੀਬੀਆਈ ਵਰਤ ਕੇ ਬਾਦਲਾਂ ਨੂੰ ਬਲੈਕਮੇਲ ਵੀ ਕਰ ਸਕਦੇ ਹਨ ਅਤੇ ਜੇਲ੍ਹ ਵਿੱਚ ਵੀ ਪਹੁੰਚਾ ਸਕਦੇ ਹਨ। ਇਸੇ ਕਰਕੇ ਲੋਕਾਂ ਦੇ ਮਨਾਂ 'ਚ ਸ਼ੱਕ ਉੱਭਰ ਰਿਹਾ ਹੈ ਕਿ ਏਨਾ ਵੱਡਾ ਡਰ ਹੋਣ ਦੇ ਬਾਵਜੂਦ ਬਾਦਲ ਇਹ ਸਟੈਂਡ ਕਿਵੇਂ ਲੈ ਗਏ? ਉਹ ਵੀ ਜਦੋਂ ਬਰਗਾੜੀ ਮਾਮਲਾ ਸਿਰ 'ਤੇ ਤਲਵਾਰ ਵਾਂਗ ਲਟਕ ਰਿਹਾ ਹੋਵੇ ਤੇ ਸ਼ਰੋਮਣੀ ਕਮੇਟੀ ਹੱਥੋਂ ਖਿਸਕਣ ਦੇ ਆਸਾਰ ਬਣ ਰਹੇ ਹੋਣ?

ਇਸਦਾ ਜਵਾਬ ਇਹੀ ਹੋ ਸਕਦਾ ਕਿ ਬਾਦਲ ਕਸੂਤੇ ਫਸ ਗਏ ਹਨ। ਚਾਹੇ ਭਾਜਪਾ ਨਾਲ ਰਹਿੰਦੇ ਜਾਂ ਛੱਡਦੇ, ਸਵਾਲ ਦੋਵੇਂ ਪਾਸੇ ਹੋਂਦ ਬਚਾਉਣ ਦਾ ਬਣ ਜਾਂਦਾ। ਤੇ ਫਿਰ ਪੰਜਾਬ ਦੇ ਹੱਕ 'ਚ ਖੜ੍ਹ ਕੇ ਲੜਨਾ ਹੀ ਆਖਰੀ ਰਾਹ ਬਚਿਆ ਸੀ, ਇੱਧਰ ਸ਼ਾਇਦ ਬਚਾਅ ਹੋ ਜਾਵੇ, ਉਧਰ ਤਾਂ ਨਿਗਲਿਆ ਜਾਣਾ ਤੈਅ ਸੀ।

ਇਹ ਗੱਲ ਤਾਂ ਪੱਕੀ ਹੈ ਕਿ ਇਹ ਫੈਸਲਾ ਸੁਖਬੀਰ ਬਾਦਲ ਦਾ ਹੈ, ਨਾਲ ਦੇ ਕਰੀਬੀਆਂ ਦਾ ਹੈ, ਪਰਕਾਸ਼ ਸਿੰਘ ਬਾਦਲ ਦਾ ਨਹੀਂ ਹੋ ਸਕਦਾ। ਹਾਂ, ਹੁਣ ਇਹ ਕਹਿ ਕੇ ਨਾਲ ਜ਼ਰੂਰ ਖੜ੍ਹਨਾ ਪਵੇਗਾ; ਕੀ ਕਰਦੇ ਜੀ, ਸੁਣਦੇ ਨਹੀਂ ਸੀ ਸਾਡੀ। ਜੇ ਕੋਈ ਪੱਤਰਕਾਰ ਪੁਰਾਣੀਆਂ ਸਾਂਝਾਂ ਬਾਰੇ ਬਿਆਨ ਯਾਦ ਕਰਾਏਗਾ ਤਾਂ ਵੱਡੇ ਬਾਦਲ ਹੁਣੀਂ ਏਨਾ ਕਹਿ ਕੇ ਰੋਕ ਦੇਣਗੇ; ਛੱਡੋ ਜੀ ਪੁਰਾਣੀਆਂ ਗੱਲਾਂ।

ਕੁਝ ਵੀ ਹੋਵੇ, ਜਿੱਥੇ ਪੰਥਕ ਲੋਕਾਂ ਨੂੰ ਇਹ ਤੌਖਲਾ ਹੈ ਕਿ ਇਹ ਸਭ 2022 ਦੀਆਂ ਚੋਣਾਂ ਜਿੱਤਣ ਲਈ ਡਰਾਮਾ ਹੈ, ਉੱਥੇ ਅੰਦਰ ਅਜੀਬ ਜਿਹੀ ਖੁਸ਼ੀ ਵੀ ਹੈ ਕਿ ਚਲੋ ਚੰਗਾ ਹੋਇਆ, ਹੋ ਸਕਦਾ ਸੁਧਰ ਹੀ ਜਾਣ। ਇੱਕ ਪਾਸੇ ਇਹ ਡਰ ਵੀ ਹੈ ਕਿ ਕਿਤੇ ਇਹ ਕਿਸਾਨੀ ਤੋਂ ਸ਼ੁਰੂ ਹੋਏ ਪੰਜਾਬ ਦੇ ਹੱਕੀ ਸੰਘਰਸ਼ ਨੂੰ, ਜਿਸ ਵਿੱਚ ਬੀਤੇ ਦੀਆਂ ਦੁਸ਼ਵਾਰੀਆਂ ਅਤੇ ਕਤਲੇਆਮਾਂ ਦਾ ਗੁੱਸਾ ਵੀ ਸ਼ਾਮਲ ਹੈ, ਕੁਰਾਹੇ ਪਾਉਣ ਦੀ ਚਾਲ ਤਾਂ ਨਹੀਂ? ਅੱਗੇ ਲੱਗ ਕੇ ਫਿਰ ਪੰਜਾਬੀਆਂ ਨੂੰ ਅੱਗ 'ਚ ਸੁੱਟ ਕੇ ਆਪ ਬਾਹਰ ਬਹਿ ਕੇ ਨਜ਼ਾਰੇ ਦੇਖਣ ਦਾ ਅਤੇ ਫਿਰ ਲਾਸ਼ਾਂ 'ਤੇ ਰੋਟੀਆਂ ਸੇਕਣ ਦਾ ਦੁਹਰਾਅ ਤਾਂ ਨਹੀਂ? ਪੰਜਾਬੀਆਂ ਨੂੰ ਇੱਕ ਵਾਰ ਫਿਰ ਮਰਵਾਉਣ ਦੀ ਸਾਜ਼ਿਸ਼ ਤਾਂ ਨਹੀਂ?

ਮੇਰੀ ਜਾਚੇ ਅਕਾਲੀਆਂ ਨਾਲੋਂ ਭਾਜਪਾ ਲਈ ਇਹ ਗੱਠਜੋੜ ਵਧੇਰੇ ਅਹਿਮ ਸੀ, ਜਿਸਦਾ ਅਹਿਸਾਸ ਕਰਵਾਉਣ ਲਈ ਹੀ ਅਕਾਲੀ ਦਲ ਨੇ ਇਹ ਗੱਠਜੋੜ ਤੋੜਿਆ ਹੈ। ਲੰਮਾ ਸਮਾਂ ਭਾਜਪਾ ਨਾਲ ਸ਼ਿਵ ਸੈਨਾ ਅਤੇ ਅਕਾਲੀ ਦਲ ਭਾਈਵਾਲ ਰਹੇ। ਅਕਾਲੀ ਦਲ ਦੀ ਭਾਈਵਾਲੀ ਭਾਜਪਾ ਦੇ ਘੱਟਗਿਣਤੀਆਂ ਵਿਰੋਧੀ ਚਿਹਰੇ ਨੂੰ ਵੀ ਦੇਸ਼-ਵਿਦੇਸ਼ 'ਚ ਲੁਕਾਉਂਦੀ ਸੀ। ਅਕਾਲੀ ਦਲ ਦੇ ਟੁੱਟਣ ਨਾਲ ਭਾਜਪਾ ਨੂੰ ਇਸਦਾ ਵੱਡਾ ਨੁਕਸਾਨ ਇਹੀ ਹੋਵੇਗਾ ਕਿ ਹੁਣ ਕੋਈ ਵੀ ਘੱਟਗਿਣਤੀਆਂ ਦੀ ਪਾਰਟੀ ਸਿੱਧੀ ਇਨ੍ਹਾਂ ਦੇ ਨਾਲ ਨਹੀਂ ਹੋਵੇਗੀ। ਬਾਹਰ ਇਹੀ ਪ੍ਰਭਾਵ ਜਾਵੇਗਾ ਕਿ ਮੁਸਲਮਾਨਾਂ ਤੋਂ ਬਾਅਦ ਸਿੱਖ ਵੀ ਭਾਜਪਾ ਦੇ ਵਿਰੋਧ 'ਚ ਆਣ ਖੜ੍ਹੇ ਹਨ।

ਸਿਆਸੀ ਤੌਰ 'ਤੇ ਭਵਿੱਖ 'ਚ ਕੁਝ ਵੀ ਹੋ ਸਕਦਾ। ਤੇਲ ਵੇਖੋ ਤੇਲ ਦੀ ਧਾਰ ਵੇਖੋ ਪਰ ਕੁਝ ਸਮੀਕਰਨ ਉੱਭਰ ਸਕਦੇ ਹਨ।

  1. ਨਵਜੋਤ ਸਿੱਧੂ ਦੀ ਭਾਜਪਾ 'ਚ ਵਾਪਸੀ ਕਰਾ ਕੇ ਪੰਜਾਬ 'ਚ ਭਾਜਪਾ ਨੂੰ ਸਿੱਖਾਂ ਦੀ ਅਗਵਾਈ 'ਚ ਖੜ੍ਹਾ ਕਰਨ ਦਾ ਹੰਭਲਾ ਮਾਰਿਆ ਜਾ ਸਕਦਾ। ਹੋਰ ਬਹੁਤ ਸਾਰੇ ਸਿੱਖ ਆਗੂ ਹਨ, ਜੋ ਭਾਜਪਾ ਦੀ ਸੱਤਾ ਦੇ ਮੁਰੀਦ ਹਨ, ਉਹ ਆਪਣੇ ਕੇਡਰ ਸਮੇਤ ਜੰਪ ਕਰਨ ਲਈ ਉਤਾਵਲੇ ਹੋਣਗੇ।

  2. ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ, ਬ੍ਰਹਮਪੁਰਾ ਤੇ ਹੋਰ ਆਗੂਆਂ ਨੂੰ ਇਕੱਠੇ ਕਰਕੇ, ਉਨ੍ਹਾਂ ਨੂੰ ਅਸਲ ਅਕਾਲੀ ਦਲ ਗਰਦਾਨ ਕੇ ਅਕਾਲੀ-ਭਾਜਪਾ ਗੱਠਜੋੜ ਕਾਇਮ ਰਹਿਣ ਦੀ ਗੱਲ ਉਭਾਰੀ ਜਾ ਸਕਦੀ ਹੈ।

  3. ਅੱਡ-ਅੱਡ ਚੋਣਾਂ ਲੜਕੇ ਕਿਸੇ ਵੀ ਵੱਡੇ ਧੜੇ ਨਾਲ ਏਕਾ ਕਰਕੇ ਪੰਜਾਬ 'ਚ ਭਾਜਪਾ ਵਲੋਂ ਆਪਣਾ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਵੀ ਦੇਖੇ ਜਾ ਸਕਦੇ ਹਨ। ਯਾਦ ਰਹੇ ਕਿ ਬਾਦਲਾਂ ਨੇ ਕਿਤੇ ਲਿਖ ਕੇ ਨਹੀਂ ਦਿੱਤਾ ਕਿ ਉਹ ਮੁੜ ਕਦੇ ਭਾਜਪਾ ਨਾਲ ਨਹੀਂ ਜੁੜਨਗੇ। ਹੁਣ ਵੀ ਐਲਾਨ ਕਰਦਿਆਂ ਉਨ੍ਹਾਂ "ਕੌਮੀ ਜਮਹੂਰੀ ਗੱਠਜੋੜ 'ਚੋਂ ਬਾਹਰ ਜਾ ਰਹੇ ਹਾਂ" ਸ਼ਬਦ ਵਰਤੇ ਹਨ, "ਭਾਜਪਾ ਨੂੰ ਹਮੇਸ਼ਾ-ਹਮੇਸ਼ਾ ਲਈ ਛੱਡ ਰਹੇ ਹਾਂ" ਨਹੀਂ ਕਿਹਾ।

ਹਰੇਕ ਚੜ੍ਹਾਈ ਮਗਰੋਂ ਉਤਰਾਈ ਹੁੰਦੀ ਹੈ ਤੇ ਹਰੇਕ ਸ਼ੁਰੂਆਤ ਦਾ ਅੰਤ ਜ਼ਰੂਰ ਹੁੰਦਾ। ਅਕਾਲੀ ਦਲ-ਭਾਜਪਾ ਗੱਠਜੋੜ ਦਾ ਵੀ ਅਤੇ ਇਨ੍ਹਾਂ ਦੋਵਾਂ ਦੀ ਇਕੱਲਿਆਂ-ਇਕੱਲਿਆਂ ਦੀ ਉਤਰਾਈ ਜਾਂ ਅੰਤ ਹੋਣਾ ਵੀ ਕੁਦਰਤੀ ਸਚਾਈ ਹੈ ਪਰ ਪੰਜਾਬ ਦੇ ਲੋਕਾਂ ਨੂੰ ਅਕਾਲੀ ਦਲ ਦੀ ਬਹੁਤ ਲੋੜ ਹੈ, ਇੱਕ ਖੇਤਰੀ ਪਾਰਟੀ ਦੀ, ਜੋ ਉਨ੍ਹਾਂ ਦੇ ਹੱਕਾਂ ਲਈ ਲੜ ਸਕੇ। ਬਾਦਲਾਂ ਉੱਤੇ ਲੋਕਾਂ ਨੂੰ ਹਾਲੇ ਯਕੀਨ ਨਹੀਂ ਕਿ ਉਹ ਲੋਕਾਂ ਦੇ ਹੱਕਾਂ ਲਈ ਲੜ ਸਕਣਗੇ, ਪਿਛਲਾ 3 ਦਹਾਕਿਆਂ ਦਾ ਇਤਿਹਾਸ ਲੋਕਾਂ ਨੂੰ ਯਕੀਨ ਨਹੀਂ ਕਰਨ ਦੇ ਰਿਹਾ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਅਜਿਹਾ ਅਸੰਭਵ ਹੈ। ਸ਼ਰੋਮਣੀ ਅਕਾਲੀ ਦਲ ਮਗਰੋਂ ਬੱਬੇ, ਡੱਡੇ, ਟੈਂਕੇ, ਐੜੇ ਲਾਹੁਣ ਦੀ ਲੋੜ ਹੈ।

ਮੇਰੀ ਜਾਚੇ ਖੁੱਲ੍ਹੇ ਮਨ ਨਾਲ ਵਾਪਰ ਰਹੀਆਂ ਸਾਰੀਆਂ ਘਟਨਾਵਾਂ 'ਤੇ ਬਾਜ਼ ਨਿਗ੍ਹਾ ਰੱਖਣੀ ਬਣਦੀ ਹੈ, ਅਧਿਐਨ ਕਰਨਾ ਚਾਹੀਦਾ ਹੈ ਤੇ ਮੌਜੂਦ ਸਾਰੇ ਰਾਹਾਂ 'ਚੋਂ ਉਤਮ ਰਾਹ ਦੀ ਚੋਣ ਕਰ ਲੈਣੀ ਚਾਹੀਦੀ ਹੈ। ਕੁੱਦ ਕੇ ਝਟਪਟ ਕਿਸੇ ਮਗਰ ਲੱਗਣ ਦਾ ਸਮਾਂ ਨਹੀਂ, ਬਹੁਤ ਬੋਚ-ਬੋਚ ਕੇ ਪੱਬ ਰੱਖਣ ਦਾ ਹੈ।

ਪੰਜਾਬ ਇੱਕ ਵਾਰ ਫਿਰ ਬਹੁਤ ਹੀ ਖਤਰਨਾਕ ਮੋੜ 'ਤੇ ਆਣ ਖਲੋਤਾ ਹੈ। ਇਹ ਨਾ ਹੋਵੇ ਕਿ ਇਨ੍ਹਾਂ ਤੋਂ ਖਿਝੇ ਪੰਜਾਬੀ ਮੁੜ ਕਿਸੇ ਹੋਰ ਦੇ ਚੁੰਗਲ 'ਚ 3 ਦਹਾਕੇ ਫਸੇ ਰਹਿਣ। ਬਾਦਲਾਂ ਨੂੰ ਵੀ ਪੰਜਾਬੀਆਂ ਦਾ ਯਕੀਨ ਜਿੱਤਣ ਲਈ ਹਾਲੇ ਕਈ ਪੜਾਅ ਸਰ ਕਰਨੇ ਪੈਣਗੇ। ਪੰਜਾਬ ਦੀ ਰਾਜਨੀਤੀ 'ਚ ਆਉਣ ਵਾਲਾ ਸਮਾਂ ਬਹੁੁਤ ਦਿਲਚਸਪ ਹੋਵੇਗਾ।

ਅੱਖਾਂ ਤੇ ਕੰਨ ਖੁੱਲ੍ਹੇ ਰੱਖੋ ਪੰਜਾਬੀਓ, ਬੱਸ ਉਹੀ ਰਾਹ ਚੁਣਿਓ ਜੋ ਪੰਜਾਬ ਦੇ ਹਿਤ 'ਚ ਹੋਵੇ।

(ਲੇਖਕ ਪੰਜਾਬ 'ਚ ਸ਼ਰੋਮਣੀ ਅਕਾਲੀ ਦਲ ਦੇ ਉਭਾਰ ਦਾ ਉਡੀਕਵਾਨ ਹੈ, ਜਿਸ ਅਕਾਲੀ ਦਲ ਪਿੱਛੇ ਬਰੈਕਟਾਂ ਵਿੱਚ ਕੁਝ ਲਿਖਣ ਦੀ ਲੋੜ ਨਾ ਹੋਵੇ ਅਤੇ ਜਿਸਦੀ ਕਮਾਂਡ ਨਵੀਂ ਪੰਜਾਬ-ਪ੍ਰਸਤ ਲੀਡਰਸ਼ਿਪ ਹੱਥ ਹੋਵੇ। ਪਤੀ-ਪਤਨੀ ਰਿਸ਼ਤੇ 'ਚੋਂ ਪੈਦਾ ਹੋਏ ਬੱਚੇ, ਜੋ ਅਕਸਰ ਅਕਾਲੀ ਦਲ 'ਚ ਰਹਿੰਦਿਆਂ ਭਾਜਪਾ ਲਈ ਸੋਸ਼ਲ ਮੀਡੀਏ 'ਤੇ ਰਫੂ ਲਾਉਣ ਦਾ ਕੰਮ ਕਰਦੇ ਸਨ, ਪਤਨੀ ਭਾਜਪਾ ਨੂੰ ਸੌਂਪ ਕੇ ਨਾਨਕੇ ਭੇਜ ਦੇਣੇ ਚਾਹੀਦੇ ਹਨ।)



Archive

RECENT STORIES