Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਿਸਾਨ ਅੰਦੋਲਨ: ਪੰਜਾਬ ਦੇ ਮੌਜੂਦਾ ਸੰਕਟ ਨੂੰ ਸਿੱਖ ਸੰਕਟ ਦੇ ਰੂਪ ਵਿਚ ਦੇਖਣਾ ਹੀ ਸਹੀ ਪਰਿਪੇਖ ਹੈ

Posted on September 29th, 2020

ਡਾ. ਸ. ਪ. ਸਿੰਘ *ਸਾਬਕਾ ਉਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।

ਪੰਜਾਬ ਮੌਜੂਦਾ ਸਮੇਂ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਸ ਸੰਕਟ ਨੂੰ ਭਾਰਤ ਦੇ ਦੂਜੇ ਰਾਜਾਂ ਦੇ ਪੱਧਰ ’ਤੇ ਵਾਚਣ ਦੀ ਥਾਂ ਵੱਖਰੇ ਸੰਦਰਭ ਵਿਚ ਦੇਖਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਰਾਜਨੀਤੀ ਦੂਜੇ ਰਾਜਾਂ ਨਾਲੋਂ ਵੱਖਰੇ ਸੰਦਰਭ ਵਿਚ ਧਿਆਨ ਮੰਗਦੀ ਹੈ। ਦਰਅਸਲ, ਪੰਜਾਬ ਦੀ ਰਾਜਨੀਤੀ ਨੂੰ ਸਿੱਖ ਜਾਂ ਪੰਥਕ ਰਾਜਨੀਤੀ ਦੇ ਰੂਪ ਵਿਚ ਦੇਖਣਾ ਬਣਦਾ ਹੈ। ਨਿਰਸੰਦੇਹ ਪੰਜਾਬ ਦੀ ਰਾਜਨੀਤੀ ਵਿਚ ਹੁਣ ਨਿਗੂਣਾ ਪ੍ਰਭਾਵ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਵੱਡੀ ਜਥੇਬੰਦੀ ਦਾ ਸੌ ਸਾਲ ਪਹਿਲਾਂ ਜਨਮ ਹੋਇਆ ਸੀ ਜੋ ਨਿਰੋਲ ਧਾਰਮਿਕ ਜਥੇਬੰਦੀ ਸੀ ਜਿਸ ਦਾ ਨਿਸ਼ਾਨਾ ਸਿਰਫ਼ ਸਿੱਖ ਮਸਲਿਆਂ ’ਤੇ ਕੇਂਦਰਿਤ ਹੋ ਕੇ ਕਾਰਜਸ਼ੀਲ ਹੋਣਾ ਸੀ। ਇਸ ਜਥੇਬੰਦੀ ਨੇ ਮੁੱਢਲੇ ਪੜਾਅ ’ਤੇ ਹੀ ਪ੍ਰਭਾਵਸ਼ਾਲੀ ਰੂਪ ਅਖ਼ਤਿਆਰ ਕਰ ਲਿਆ ਅਤੇ ਸਿੱਖ ਕੌਮ ਦੇ ਹਰਾਵਲ ਦਸਤਿਆਂ ਵਾਲੇ ਆਪਣੇ ਵਿਸ਼ੇਸ਼ ਸਥਾਨ ਨੂੰ ਗ੍ਰਹਿਣ ਕਰ ਲਿਆ। ਇਸ ਦਾ ਕਾਰਨ ਮੂਲ ਸਿੱਖ ਮਸਲਿਆਂ ਨਾਲ ਸਪੱਸ਼ਟ ਤੇ ਪ੍ਰਤੀਬੱਧ ਹੋਣਾ ਸੀ।

ਉਸ ਸਮੇਂ ਇਸ ਦਾ ਧੁਰਾ ਸਿੱਖ ਸੁਧਾਰ ਲਹਿਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ ਜਿਸ ਕਾਰਨ ਬਰਤਾਨਵੀ ਸਰਕਾਰ ਨੇ ਇਸ ਆਮ ਸਿੱਖਾਂ ਦੀ ਜਥੇਬੰਦੀ ਨੂੰ ਪ੍ਰਭਾਵਹੀਣ ਕਰਨ ਲਈ ਚੀਫ ਖ਼ਾਲਸਾ ਦੀਵਾਨ, ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਕ ਵੱਖਰੀ ਕਮੇਟੀ ਦੇ ਰੂਪ ਵਿਚ ਜਥੇਬੰਦੀਆਂ ਦਾ ਗਠਨ ਕੀਤਾ, ਪਰ ਗੁਰਦੁਆਰਾ ਸੁਧਾਰ ਲਹਿਰ, ਸਿੰਘ ਸਭਾ ਲਹਿਰ ਤੇ ਜੁਝਾਰੂ ਰਣਨੀਤੀ ਕਾਰਨ ਆਮ ਸਿੱਖਾਂ ਵਿਚ ਇਸ ਦੀ ਮਕਬੂਲੀਅਤ ਵਧਦੀ ਗਈ ਅਤੇ ਅਕਾਲੀ ਦਲ ਨੇ ਜਥੇਬੰਦਕ ਰੂਪ ਵਿਚ ਧਰਮ ਦੇ ਖੇਤਰ ਦੇ ਨਾਲ ਸਿੱਖ ਰਾਜਨੀਤੀ ’ਤੇ ਵੀ ਪ੍ਰਭਾਵ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਦੀ ਰਾਜਨੀਤੀ ਵਿਚ ਬਰਤਾਨਵੀ ਧਰਮ ਦੇ ਆਧਾਰ ’ਤੇ ਅਨੁਪਾਤ ਦੀ ਨੀਤੀ ਵਿਚ ਚੱਲਦਿਆਂ ਮੁਸਲਮਾਨਾਂ ਤੇ ਹਿੰਦੂਆਂ ਨਾਲ ਸਿੱਖਾਂ ਦੀ ਵੱਖਰੀ ਪਛਾਣ ਸਥਾਪਤ ਕਰਕੇ ਵਿਸ਼ੇਸ਼ ਸਥਾਨ ਲਈ ਸੰਘਰਸ਼ ਕਰਨਾ ਆਰੰਭ ਕੀਤਾ। ਮੁੱਢਲੇ ਪੱਧਰ ’ਤੇ ਹੀ ਵੱਡੀਆਂ ਪ੍ਰਾਪਤੀਆਂ ਕਾਰਨ ਇਸਨੇ ਪੰਜਾਬ ਦੀ ਰਾਜਨੀਤੀ ਵਿਚ ਆਪਣਾ ਦਖ਼ਲ ਸਥਾਪਤ ਕੀਤਾ।

ਸ਼੍ਰੋਮਣੀ ਅਕਾਲੀ ਦਲ ਨੇ ਆਰੰਭਲੇ ਪੜਾਅ ’ਤੇ ਹੀ ਸਾਮਰਾਜ ਵਿਰੋਧੀ ਪੈਂਤੜਾ ਅਪਣਾਇਆ ਅਤੇ ਪੰਜਾਬ ਦੀ ਸਿਆਸਤ ਵਿਚ ਜੁਝਾਰੂ ਰੂਪ ਦਿਖਾਉਣਾ ਆਰੰਭ ਕੀਤਾ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਰਾਜਨੀਤਕ ਸਾਂਝ ਪਾਉਣੀ ਸ਼ੁਰੂ ਕੀਤੀ, ਪਰ ਇਸ ਪ੍ਰਭਾਵ ਵਿਚ ਵੀ ਨਿਵੇਕਲੀ ਰਾਜਨੀਤਕ ਸੋਚ ਅਤੇ ਸੁਤੰਤਰ ਰਣਨੀਤੀ ਹੀ ਅਪਣਾਈ ਗਈ। ਇਹ ਕਾਂਗਰਸ ਦੇ ਬਰਤਾਨਵੀ ਸਮਾਜ ਨਾਲ ਸੰਘਰਸ਼ ਦੇ ਭਾਈਵਾਲ ਤਾਂ ਬਣੇ, ਪਰ ਪੰਥਕ ਸੋਚ ਨੂੰ ਹੀ ਰਾਜਨੀਤੀ ਦੇ ਕੇਂਦਰੀ ਧੁਰੇ ਵਜੋਂ ਹਥਿਆਰ ਦੇ ਰੂਪ ਵਿਚ ਪ੍ਰਯੋਗ ਵਿਚ ਲਿਆਂਦਾ। ਪੰਜਾਬ ਦੀ ਰਾਜਨੀਤੀ ਵਿਚ ਇਹ ਹੀ ਵੱਖਰੀ ਸੋਚ ਪ੍ਰਵਾਨ ਕੀਤੀ ਗਈ।

ਸਿੱਖ ਘੱਟਗਿਣਤੀ ਹੋਣ ਦੇ ਬਾਵਜੂਦ ਪੰਜਾਬ ਵਿਚ ਪ੍ਰਭਾਵਸ਼ਾਲੀ ਰਾਜਨੀਤਕ ਜਥੇਬੰਦੀ ਦੇ ਰੂਪ ਵਿਚ ਉੱਭਰੇ ਜਿਸਦੀ ਅਗਵਾਈ ਆਰੰਭਲੇ ਪੜਾਵਾਂ ’ਤੇ ਸ. ਸ਼ੇਰ ਸਿੰਘ, ਸ. ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਦੇ ਰੂਪ ਵਿਚ ਦੇਖੀ ਜਾ ਸਕਦੀ ਹੈ। ਪੰਜਾਬ ਦੀ ਰਾਜਨੀਤੀ ਵਿਚ ਵੀਹਵੀਂ ਸਦੀ ਦੇ ਚੌਥੇ ਦਹਾਕੇ ਨੂੰ ਵਿਸ਼ੇਸ਼ ਪ੍ਰਸੰਗ ਵਿਚ ਦੇਖਣਾ ਬਣਦਾ ਹੈ ਜਦੋਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਨਿਰੋਲ ਰਾਜਨੀਤਕ ਜਥੇਬੰਦੀ ਦੇ ਰੂਪ ਵਿਚ ਆਪਣਾ ਸਥਾਨ ਗ੍ਰਹਿਣ ਕੀਤਾ। ਇਸ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰ ਜਥੇਬੰਦੀ ਦੇ ਰੂਪ ਵਿਚ ਸਥਾਪਤ ਹੋ ਗਈ ਅਤੇ ਬਰਤਾਨਵੀ ਭਾਰਤੀ ਰਾਜਨੀਤੀ ਵਿਚ ਘੱਟਗਿਣਤੀ ਹੋਣ ਦੇ ਬਾਵਜੂਦ ਸ਼ਲਾਘਾਯੋਗ ਸਥਾਨ ਗ੍ਰਹਿਣ ਕਰਨ ਵਿਚ ਸਫਲ ਹੋਈ। ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦੀ ਲਹਿਰ ਦਾ ਮਹਤੱਵਪੂਰਨ ਅੰਗ ਬਣ ਕੇ ਪੰਜਾਬ ਦੀ ਰਾਜਨੀਤਕ ਉਥਲ-ਪੁਥਲ ਵਿਚ ਨਿਵੇਕਲਾ ਸਥਾਨ ਪ੍ਰਾਪਤ ਕੀਤਾ ਅਤੇ ਦੇਸ਼ ਦੀ ਵੰਡ ਸਮੇਂ ਭਾਰਤ ਵਿਚ ਹਿੰਦੂਆਂ ਤੇ ਮੁਸਲਮਾਨਾਂ ਦੇ ਨਾਲ-ਨਾਲ ਹੀ ਤੀਜੀ ਧਿਰ ਵਜੋਂ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿਚ ਪੰਥਕ ਹਿੱਤਾਂ ਕਾਰਨ ਅਕਾਲੀ ਦਲ ਨੇ ਆਪਣੀ ਪਛਾਣ ਸਥਾਪਤ ਕੀਤੀ।

ਦੇਸ਼ ਦੀ ਵੰਡ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਾਜਨੀਤਕ ਪੈਂਤੜੇਬਾਜ਼ੀ ਕਾਰਨ ਪੰਥਕ ਪਾਰਟੀ ਵੱਜੋਂ ਸਿੱਖਾਂ ਵਿਚ ਆਪਣੀ ਪਕੜ ਵਧੇਰੇ ਮਜ਼ਬੂਤ ਕੀਤੀ ਤੇ ਵੱਖ-ਵੱਖ ਪੜਾਵਾਂ ਵਿਚੋਂ ਹੁੰਦੀ ਹੋਈ 1964 ਵਿਚ ਪੰਜਾਬੀ ਸੂਬੇ ਵਜੋਂ ਵੱਖਰਾ ਪ੍ਰਾਂਤ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਦਰਅਸਲ, ਇਸ ਵੱਖਰੇ ਪ੍ਰਾਂਤ ਦੀ ਮੰਗ ਪਿੱਛੇ ਭਾਸ਼ਾ ਦੇ ਨਾਂ ਹੇਠ ਪ੍ਰਾਂਤ ਸਥਾਪਿਤ ਕਰਨਾ ਸੀ ਜਿਸ ਵਿਚ ਸਿੱਖਾਂ ਦਾ ਪ੍ਰਭਾਵਸ਼ਾਲੀ ਸਥਾਨ ਕਾਇਮ ਹੋਵੇ। ਇਹ ਪੰਜਾਬ ਦੀ ਰਾਜਨੀਤੀ ਵਿਚ ਮੀਲ ਪੱਥਰ ਸਾਬਤ ਹੋਇਆ ਜਿਸ ਨਾਲ ਪੰਜਾਬ ਦੀ ਰਾਜਨੀਤੀ ਨੂੰ ਸਿੱਖ ਰਾਜਨੀਤੀ ਵਿਚ ਬਦਲਦੇ ਰੂਪ ਵਿਚ ਦੇਖਿਆ ਜਾਣ ਲੱਗਾ। ਇਸ ਤਰ੍ਹਾਂ ਪੰਜਾਬੀ ਸੂਬੇ ਦਾ ਗਠਨ ਹੋਣ ’ਤੇ ਪੰਜਾਬ ਦੀ ਰਾਜਨੀਤੀ ਨੇ ਪੰਥਕ ਰਾਜਨੀਤੀ ਦੇ ਰੂਪ ਵਿਚ ਕਰਵਟ ਲਈ ਤੇ ਇਸ ਕਰਵਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਭਾਵਸ਼ਾਲੀ ਰਾਜਨੀਤਕ ਪਾਰਟੀ ਵਜੋਂ ਉੱਭਰਦੇ ਦੇਖਿਆ। ਇਸ ਸਮੇਂ ਵਿਚ ਸੰਤ ਫਤਿਹ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਪੰਥਕ ਸੋਚ ਦੇ ਨਾਲ ਨਾਲ ਰਾਜਨੀਤਕ ਸ਼ਕਤੀ ਦੀ ਲਾਲਸਾ ਵੀ ਪੈਦਾ ਹੋਣੀ ਸ਼ੁਰੂ ਹੋ ਗਈ। ਇਸ ਪ੍ਰਕਿਰਿਆ ਨਾਲ ਹੌਲੀ ਹੌਲੀ ਸ਼੍ਰੋਮਣੀ ਅਕਾਲੀ ਦਲ ਵਿਚ ਪੰਥਕ ਹਿੱਤਾਂ ਤੋਂ ਕਿਤੇ ਕਿਤੇ ਰਾਜਸੀ ਹਿੱਤ ਭਾਰੂ ਹੋਣ ਦੇ ਸੰਕੇਤ ਪ੍ਰਾਪਤ ਹੋਣੇ ਸ਼ੁਰੂ ਹੋ ਗਏ, ਪਰ ਸ਼੍ਰੋਮਣੀ ਅਕਾਲੀ ਦਲ ਨਿਰੰਤਰ ਤੌਰ ’ਤੇ ਪੰਥਕ ਹਿੱਤਾਂ ਦੀ ਰਾਖੀ ਵੱਜੋਂ ਹੀ ਸਥਾਪਤ ਹੋਈ ਜਿਸ ਦਾ ਇਕ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਅਕਾਲੀ ਦਲ ਦੇ ਕਬਜ਼ੇ ਦੇ ਰੂਪ ਵਿਚ ਹੀ ਦੇਖਿਆ ਜਾ ਸਕਦਾ ਹੈ। ਇਸ ਪ੍ਰਕਿਰਿਆ ਵਿਚ ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬਤੌਰ ਮੁੱਖ ਮੰਤਰੀ ਸਿੱਖ ਰਾਜਨੀਤਕ ਲੀਡਰ ਦੇ ਰੂਪ ਵਿਚ ਦੇਖਿਆ ਜਾਣ ਲੱਗਿਆ, ਪਰ ਅਕਾਲੀ ਦਲ ਨੇ ਪੰਥਕ ਹਿੱਤਾਂ ਨੂੰ ਰਾਜਨੀਤਕ ਸ਼ਕਤੀ ਪ੍ਰਾਪਤੀ ਦੇ ਬਾਵਜੂਦ ਇਕ ਸੰਤੁਲਨ ਪ੍ਰਦਾਨ ਕਰੀ ਰੱਖਿਆ।

ਪੰਜਾਬ ਦੀ ਰਾਜਨੀਤੀ ਵਿਚ ਇਸ ਸਮੇਂ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਪਛਾਣ ਵਿਚ ਸਮਾਨਅਰਥੀ ਦੇ ਰੂਪ ਵਿਚ ਹੀ ਦੇਖੇ ਜਾਂਦੇ ਹਨ। ਇਸ ਸੰਤੁਲਨ ਨੇ ਅਕਾਲੀ ਦਲ ਦਾ ਪ੍ਰਭਾਵਸ਼ਾਲੀ ਰੂਪ ਸਥਾਪਤ ਕਰ ਦਿੱਤਾ। ਇਹ ਸੰਤੁਲਨ ਕਾਇਮ ਕਰਨ ਵਿਚ ਅਕਾਲੀ ਦਲ ਵਿਚ ਧਾਰਮਿਕ ਲੀਡਰਸ਼ਿਪ ਤੇ ਰਾਜਨੀਤਕ ਲੀਡਰਸ਼ਿਪ ਦੇ ਰੂਪ ਵਿਚ ਦੋ ਧੁਰੇ ਸਥਾਪਤ ਹੋਣੇ ਮੰਨੇ ਜਾ ਸਕਦੇ ਹਨ। ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਨੂੰ ਦੇਖਿਆ ਜਾ ਸਕਦਾ ਹੈ। ਇਸ ਸਮੇਂ ਵਿਚ ਹੀ ਇਨ੍ਹਾਂ ਦੋਹਾਂ ਲੀਡਰਾਂ ਦੀ ਕਾਰਜਗੁਜ਼ਾਰੀ ’ਤੇ ਨਜ਼ਰ ਰੱਖਣ ਲਈ ਬਰਾਬਰ ਦੀ ਲੀਡਰਸ਼ਿਪ ਦਾ ਉੱਭਰਨਾ ਵੀ ਜ਼ਰੂਰੀ ਸੀ ਜਿਸ ਵਿਚ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ ਆਦਿ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ, ਪਰ ਇਹ ਸੰਤੁਲਨ ਉਸ ਸਮੇਂ ਵਿਗੜਨਾ ਆਰੰਭ ਹੋਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪਕੜ ਵਧੇਰੇ ਮਜ਼ਬੂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਆਪਣੇ ਪ੍ਰਭਾਵ ਨੂੰ ਵਧਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਤੇ ਬਦਕਿਸਮਤੀ ਨਾਲ ਜਥੇਦਾਰ ਟੌਹੜਾ ਵੀ ਰਾਜਨੀਤਕ ਲਾਲਸਾ ਦਾ ਸ਼ਿਕਾਰ ਹੋ ਕੇ ਰਾਜਸੀ ਸ਼ਕਤੀ ਦੇ ਹਿੱਸੇਦਾਰ ਬਣਨੇ ਆਰੰਭ ਹੋ ਗਏ। ਇਸ ਸਮੇਂ ਸ. ਬਾਦਲ ਦਾ ਧਾਰਮਿਕ ਮਸਲਿਆਂ ਵਿਚ ਪ੍ਰਭਾਵ ਵਧਦਾ ਗਿਆ, ਪਰ ਜਥੇਦਾਰ ਟੌਹੜਾ ਦੀ ਮੌਤ ਨਾਲ ਸ. ਬਾਦਲ ਦਾ ਸਿੱਖ ਰਾਜਨੀਤੀ ਵਿਚ ਧਾਰਮਿਕ ਤੇ ਰਾਜਨੀਤਕ ਪ੍ਰਭੂਤਵ ਕਾਇਮ ਹੋ ਗਿਆ।

ਇਹ ਉਹ ਸਥਿਤੀ ਸੀ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਹਿੱਤਾਂ ਦੀ ਥਾਂ ਰਾਜਨੀਤਕ ਹਿੱਤਾਂ ਲਈ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਅਤੇ ਮੋਗੇ ਦੀ ਅਕਾਲੀ ਕਾਨਫਰੰਸ ਵਿਚ ਅਕਾਲੀ ਦਲ ਨੂੰ ਪੰਥਕ ਰਾਜਨੀਤਕ ਪਾਰਟੀ ਦੀ ਥਾਂ ਪੰਜਾਬ ਪਾਰਟੀ ਦੇ ਰੂਪ ਵਿਚ ਪੇਸ਼ ਕੀਤਾ ਅਤੇ ਪਰਿਵਾਰਵਾਦ, ਪਦਾਰਥਵਾਦ ਤੇ ਹਿੰਦੂਤਵ ਸੋਚ ਨਾਲ ਭਾਈਵਾਲੀ ਕਰ ਲਈ। ਵੋਟ ਦੀ ਰਾਜਨੀਤੀ ਵਿਚ ਪੰਥਕ ਹਿੱਤਾਂ ਨਾਲ ਹਰ ਪ੍ਰਕਾਰ ਦਾ ਖਿਲਵਾੜ ਕਰਦੇ ਹੋਏ ਡੇਰਾਵਾਦ ਨੂੰ ਪ੍ਰਫੁਲਿੱਤ ਕਰਨ ਵਿਚ ਸਹਾਈ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਭਾਵਹੀਣ ਬਣਾ ਦਿੱਤਾ ਤੇ ਗੁਰਦੁਆਰਿਆਂ ਤੇ ਤਖ਼ਤਾਂ ਦੇ ਪ੍ਰਬੰਧ ਨੂੰ ਰਾਜਨੀਤੀ ਅਧੀਨ ਕਰ ਦਿੱਤਾ। ਇਸ ਪ੍ਰਕਿਰਿਆ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਚਿਹਰਾ ਪੰਥਕ ਨਾ ਰਹਿ ਕੇ ਇਕ ਧੜੇ ਦੇ ਰੂਪ ਵਿਚ ਨਜ਼ਰ ਆਉਣ ਲੱਗਾ ਤੇ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਭ੍ਰਿਸ਼ਟਾਚਾਰੀ ਤੇ ਪੰਥਕ ਹਿੱਤਾਂ ਦੇ ਉਲਟ ਜਾਣ ਵਾਲੇ ਦੇ ਰੂਪ ਵਿਚ ਦੇਖਿਆ ਗਿਆ।

ਸ. ਪ੍ਰਕਾਸ਼ ਸਿੰਘ ਬਾਦਲ ਦੇ ਪਿਛਲੇ ਦਸ ਸਾਲਾਂ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਸਭ ਤੋਂ ਬੁਰਾ ਸਮਾਂ ਕਿਹਾ ਜਾ ਸਕਦਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਸ਼ੁਰੂ ਹੋ ਗਿਆ ਤੇ ਡੇਰਾ ਸਾਧ ਦੀ ਮੁਆਫ਼ੀ ਅਤੇ ਬਰਗਾੜੀ ਦੀ ਘਟਨਾ ਨੇ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ਵਿਚ ਹਾਸ਼ੀਏ ’ਤੇ ਲਿਆਂਦਾ। ਇਸ ਸਥਿਤੀ ਵਿਚ ਭਾਜਪਾ ਨਾਲ ਭਾਈਵਾਲੀ ਨਾਲ ਕੇਂਦਰ ਵਿਚ ਨੂੰਹ ਦੇ ਕੇਂਦਰੀ ਕੈਬਨਿਟ ਮੰਤਰੀ ਬਣਨ ਨਾਲ ਹਰ ਪ੍ਰਕਾਰ ਦੇ ਸਮਝੌਤਿਆਂ ਨੇ ਅਕਾਲੀ ਦਲ ਨੂੰ ਸਿੱਖ ਮਨਾਂ ਵਿਚੋਂ ਖਾਰਜ ਕਰਨਾ ਆਰੰਭ ਕਰ ਦਿੱਤਾ। ਇਸ ਤਰ੍ਹਾਂ ਅਕਾਲੀ ਦਲ ਪੰਥਕ ਹਿੱਤਾਂ ਦੀ ਥਾਂ ਹਿੰਦੂਤਵੀ ਰਾਜਸੀ ਹਿੱਤਾਂ ਦੀ ਪੂਰਤੀ ਕਰਨ ਵਾਲੀ ਪਾਰਟੀ ਦੇ ਰੂਪ ਵਿਚ ਪੇਸ਼ ਹੋਇਆ ਅਤੇ ਬਾਦਲ ਤੇ ਮਜੀਠੀਆ ਪਰਿਵਾਰ ਦੀ ਪਾਰਟੀ ਹੀ ਬਣ ਕੇ ਰਹਿ ਗਈ।

ਪੰਥਕ ਮਨਾਂ ਵਿਚੋਂ ਗਾਇਬ ਹੋ ਰਹੀ ਇਸ ਪਾਰਟੀ ਨੂੰ ਵੱਡਾ ਧੱਕਾ ਉਸ ਸਮੇਂ ਲੱਗਾ ਜਦੋਂ ਕੇਂਦਰੀ ਮੰਤਰੀ ਮੰਡਲ ਵਿਚ ਰਹਿੰਦਿਆਂ ਭਾਜਪਾ ਦੇ ਏਜੰਡੇ ਨੂੰ ਅੱਖਾਂ ਮੀਟ ਕੇ ਪ੍ਰਵਾਨ ਕਰਦੀ ਹੋਈ ਬੀਬਾ ਹਰਸਿਮਰਤ ਕੌਰ ਬਾਦਲ ਜੰਮੂ ਕਸ਼ਮੀਰ ਦੀ ਭਾਸ਼ਾ ਨੀਤੀ ਵਿਚ ਪੰਜਾਬੀ ਨੂੰ ਕੱਢਣ ਲਈ ਅਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਪਾਸ ਕਰਨ ਵਿਚ ਹਿੱਸੇਦਾਰ ਹੀ ਨਹੀਂ ਬਣੀ, ਸਗੋਂ ਸਮਰਥਕ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ। ਇਸ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਆਰਡੀਨੈਂਸ ਦੇ ਹੱਕ ਵਿਚ ਭੁਗਤਣ ਨਾਲ ਅਕਾਲੀ ਦਲ ਪੰਜਾਬ ਦੀ ਕਿਸਾਨੀ ਦੇ ਵਿਰੋਧ ਵਿਚ ਖੜ੍ਹੀ ਨਜ਼ਰ ਆਈ। ਅਕਾਲੀ ਦਲ ਨੇ ਅੰਤਲੇ ਦਿਨਾਂ ਵਿਚ ਇਸ ਸਥਿਤੀ ਨੂੰ ਭਾਂਪਦੇ ਹੋਏ ਭਾਵੇਂ ਹਰਸਿਮਰਤ ਬਾਦਲ ਨੂੰ ਕੇਂਦਰੀ ਵਜ਼ਾਰਤ ਵਿਚੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ, ਪਰ ਅਸਤੀਫ਼ਾ ਦੇਣ ਦੇ ਬਾਵਜੂਦ ਕਿਸਾਨ ਵਿਰੋਧੀ ਬਿੱਲਾਂ ਦਾ ਅਸਿੱਧੇ ਰੂਪ ਵਿਚ ਸਮਰਥਨ ਕਰਨਾ ਹੋਰ ਵੀ ਨੁਕਸਾਨਦੇਹ ਸਾਬਤ ਹੋਇਆ। ਇਸ ਘਟਨਾ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਪੰਥਕ ਮਾਨਸਿਕਤਾ ਵਿਚੋਂ ਬਾਹਰ ਕਰਨਾ ਸ਼ੁਰੂ ਕੀਤਾ ਸੀ ਉੱਥੇ ਕਿਸਾਨ ਵਿਰੋਧੀ ਬਿਲਾਂ ਦੇ ਸਮਰਥਨ ਨੇ ਕਿਸਾਨੀ ਮਾਨਸਿਕਤਾ ਵਿਚੋਂ ਵੀ ਮਨਫ਼ੀ ਕਰ ਦਿੱਤਾ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ।

ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤੇ ਸਿਧਾਂਤ ਦਾ ਆਧਾਰ ਸਿੱਖਾਂ ਦੀ ਧਾਰਮਿਕ ਮਾਨਸਿਕਤਾ ਤੇ ਕਿਸਾਨੀ ਮਾਨਸਿਕਤਾ ਹੀ ਹੈ। ਅਕਾਲੀ ਦਲ ਨੇ ਹਮੇਸ਼ਾਂ ਪੰਥਕ ਹਿੱਤਾਂ ਤੇ ਕਿਸਾਨੀ ਹਿੱਤਾਂ ਦੇ ਸਮਰਥਨ ਵਿਚ ਹੀ ਸੰਘਰਸ਼ ਕੀਤੇ ਹਨ, ਪਰ ਇਤਿਹਾਸ ਦੇ ਇਸ ਪੜਾਅ ’ਤੇ ਅਕਾਲੀ ਦਲ ਨੇ ਦੋਵੇਂ ਧਿਰਾਂ ਨੂੰ ਵਿਸਾਰ ਕੇ ਨਿੱਜੀ ਹਿੱਤਾਂ ਨੂੰ ਪਹਿਲ ਦੇ ਕੇ ਅਕਾਲੀ ਦਲ ਦੇ ਇਤਿਹਾਸ ਨੂੰ ਦਾਗ਼ਦਾਰ ਕਰ ਦਿੱਤਾ ਹੈ।

ਇਸ ਪਿਛੋਕੜ ਵਿਚ ਹੀ ਮੌਜੂਦਾ ਸਥਿਤੀ ਵਿਚ ਧਾਰਮਿਕ ਖੇਤਰ ਵਿਚ ਡੇਰਾ ਸੱਚਾ ਸੌਦਾ, ਬਰਗਾੜੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦੀ ਸਥਿਤੀ ਤੇ ਇਸ ਪ੍ਰਤੀ ਅਕਾਲੀ ਦਲ ਦੀ ਰਣਨੀਤੀ ਦਾ ਪੂਰੀ ਤਰ੍ਹਾਂ ਫੇਲ੍ਹ ਹੋਣਾ ਅਤੇ ਰਾਜਨੀਤਕ ਪੱਧਰ ’ਤੇ ਹਿੰਦੂਤਵੀ ਸੋਚ ਦੇ ਸਮਰਥਕ ਦੇ ਰੂਪ ਵਿਚ ਦੇਖਿਆ ਜਾਣਾ ਤੇ ਕਿਸਾਨੀ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਅਸਫਲ ਹੋਣਾ ਹੀ ਅਸਲ ਵਿਚ ਪੰਜਾਬ ਦੇ ਸੰਕਟ ਅਤੇ ਪੰਥਕ ਸੰਕਟ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਮੌਜੂਦਾ ਪੰਜਾਬ ਦੀ ਸਥਿਤੀ ਵਿਚੋਂ ਪੰਥਕ ਸੋਚ ਨੂੰ ਮਨਫ਼ੀ ਕਰਨ ਦੀ ਰੁਚੀ ਨਾਲ ਸਥਿਤੀ ਵਿਚ ਸੁਧਾਰ ਨਹੀਂ ਹੋ ਸਕਦਾ। ਪੰਜਾਬ ਦੇ ਮੌਜੂਦਾ ਸੰਕਟ ਨੂੰ ਸਿੱਖ ਸੰਕਟ ਦੇ ਰੂਪ ਵਿਚ ਦੇਖਣਾ ਹੀ ਸਹੀ ਪਰਿਪੇਖ ਹੈ।



Archive

RECENT STORIES