Posted on October 1st, 2020

ਅੰਮ੍ਰਿਤਸਰ । ਚੜ੍ਹਦੀ ਕਲਾ ਬਿਊਰੋ
ਭਾਰਤ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਰੋਸ ਵਜੋਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਇੱਥੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ, ਜਿਸ ਦੌਰਾਨ ਕਿਸਾਨਾਂ ਵਲੋਂ ਵੱਖ ਵੱਖ ਥਾਈਂ ਰੇਲ ਗੱਡੀਆ ਦੀਆਂ ਲਾਈਨਾਂ ਤੇ ਟੌਲ ਪਲਾਜ਼ਿਆਂ 'ਤੇ ਧਰਨੇ ਲਾਏ ਗਏ, ਸ਼ਾਪਿੰਗ ਮਾਲਾਂ ਦਾ ਘਿਰਾਓ ਕੀਤਾ ਗਿਆ ਅਤੇ ਰਿਲਾਇੰਸ ਤੇ ਐੱਸਾਰ ਕੰਪਨੀ ਦੇ ਪੈਟਰੋਲ ਪੰਪਾਂ ’ਤੇ ਵੀ ਪ੍ਰਦਰਸ਼ਨ ਕੀਤੇ ਗਏ।
ਦੈਜੇ ਪਾਸੇ ਅਕਾਲੀ ਦਲ (ਬਾਦਲ) ਵਲੋਂ ਪੰਜਾਬ `ਚ ਤਿੰਨ ਤਖਤ ਸਾਹਿਬਾਨ ਤੋਂ ਕਿਸਾਨਾਂ ਦੇ ਹੱਕ 'ਚ ਸ਼ੁਰੂ ਕੀਤੇ ਮਾਰਚ ਚੰਡੀਗੜ੍ਹ ਪੁੱਜਣ 'ਤੇ ਚੰਡੀਗੜ੍ਹ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਇਸਦੇ ਨਾਲ ਹੀ ਪੁਲਿਸ ਵਲੋਂ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਪਰਮਬੰਸ ਸਿੰਘ ਰੋਮਾਣਾ ਨੂੰ ਹਿਰਾਸਤ 'ਚ ਲੈਣ ਦੀ ਜਾਣਕਾਰੀ ਵੀ ਮਿਲੀ ਹੈ। 
ਵੀਰਵਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਾਰਚ ਸ਼ੁਰੂ ਕੀਤਾ। ਉਨ੍ਹਾਂ ਰਾਸ਼ਟਰਪਤੀ ਕੋਲੋਂ ਮੰਗ ਕੀਤੀ ਕਿ ਖੇਤੀ ਕਾਨੂੰਨਾਂ ਦੇ ਹੋ ਰਹੇ ਭਾਰੀ ਵਿਰੋਧ ਨੂੰ ਦੇਖਦਿਆਂ ਲੋਕ ਸਭਾ ਤੇ ਰਾਜ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਕਿਸਾਨ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ। ਉਨ੍ਹਾਂ ਸੱਦਾ ਦਿੱਤਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਸਮੁੱਚੀਆਂ ਧਿਰਾਂ ਇਕਜੁੱਟ ਹੋਣ ਅਤੇ ਇਕੱਠੇ ਹੋ ਕੇ ਇਸ ਖਿਲਾਫ ਸੰਘਰਸ਼ ਕੀਤਾ ਜਾਵੇ। 
ਇਸੇ ਤਰਾਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਮਾਰਚ ਤ਼ਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਰਦਾਸ ਕਰਨ ਉਪਰੰਤ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਚੰਡੀਗੜ੍ਹ ਲਈ ਰਵਾਨਾ ਹੋਇਆ। ਰਵਾਨਾ ਹੋਣ ਤੋਂ ਪਹਿਲਾਂ ਬੀਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਸਰਕਾਰ ਵੱਲੋਂ ਲਿਆਂਦੇ ਨਵੇਂ ਕਿਸਾਨ ਮਾਰੂ ਬਿਲਾਂ ਨਾਲ ਕਿਸਾਨੀ ਦੇ ਨਾਲ ਨਾਲ ਸਮਾਜ ਦਾ ਹਰ ਵਰਗ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਬਿੱਲ ਧੱਕੇ ਨਾਲ ਪਾਸ ਕੀਤੇ ਹਨ, ਜਿਨ੍ਹਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤਖ਼ਤ ਸਾਹਿਬਾਨ ਤੋਂ ਅਰਦਾਸ ਕਰਕੇ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ। 
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ’ਤੇ ਵਿਸ਼ਾਲ ਕਿਸਾਨ ਮਾਰਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਇਤਿਹਾਸ ਅਨੁਸਾਰ ਕਿਸਾਨਾਂ ਦੇ ਹੱਕ ਵਿੱਚ ਲੜਾਈ ਵਿੱਢੀ ਹੈ ਤੇ ਹਰ ਪੱਧਰ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜ ਦਹਾਕੇ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ’ਤੇ ਅਕਾਲੀਆਂ ਵੱਲੋਂ ਲਿਆਂਦੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਮਤੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇਸ਼ ਭਰ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਕਿਸਾਨੀ ਦੇ ਮੁੱਦੇ ’ਤੇ ਇੱਕ ਮੰਚ ਉੱਤੇ ਇਕੱਠਿਆਂ ਕਰੇਗਾ।

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026