Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ. ਸੀ. ਵਿਧਾਨ ਸਭਾ ਬਾਹਰ ਧਮਾਕੇ ਦੀ ਸਾਜ਼ਿਸ਼ ਨਾਕਾਮ

Posted on July 3rd, 2013

ਵੈਨਕੂਵਰ (ਗੁਰਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੇ 146ਵੇਂ ਰਾਸ਼ਟਰੀ ਦਿਹਾੜੇ 'ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਭਵਨ ਬਾਹਰ ਹੋਣ ਵਾਲੇ ਬੰਬ ਧਮਾਕਿਆਂ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤੇ ਜਾਣ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ। ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਦੇ ਸਹਾਇਕ ਕਮਿਸ਼ਨਰ ਜੇਮਜ਼ ਮਲੀਜ਼ੀਆ ਨੇ ਪੱਤਰਕਾਰ ਸੰਮੇਲਨ 'ਚ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਵਿਕਟੋਰੀਆ ਸ਼ਹਿਰ 'ਚ ਪਾਰਲੀਮੈਂਟ ਬਿਲਡਿੰਗ ਸਾਹਮਣੇ ਇਕੱਠੇ ਹੋਏ 40 ਹਜ਼ਾਰ ਕੈਨੇਡੀਅਨ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਬੰਬ ਧਮਾਕੇ ਰਾਹੀਂ ਨੁਕਸਾਨ ਪਹੁੰਚਾਉਣ ਦੇ ਮਕਸਦ ਅਧੀਨ ਬੰਬ ਪ੍ਰੈਸ਼ਰ ਕੂਕਰ ਤਿਆਰ ਕੀਤੇ ਗਏ, ਜਿਨ੍ਹਾਂ ਦਾ ਪੁਲਿਸ ਵੱਲੋਂ ਪਤਾ ਲਗਾਏ ਜਾਣ ਕਾਰਨ ਵੱਡਾ ਦੁਖਾਂਤ ਵਾਪਰਨ ਤੋਂ ਟਲ ਗਿਆ। ਇਸ ਮਾਮਲੇ 'ਚ ਪੁਲਿਸ ਵੱਲੋਂ ਸਰੀ ਦੇ ਵਸਨੀਕ 38 ਸਾਲਾ ਜੌਹਨ ਸਟੂਅਰਟ ਨਟਾਲ ਅਤੇ ਉਸ ਦੀ 29 ਸਾਲਾ ਪ੍ਰੇਮਿਕਾ ਅਮੈਂਡਾ ਕਰੋਡੀ ਨੂੰ ਸੋਮਵਾਰ ਨੂੰ ਐਬਟਸਫੋਰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਦੀ ਮਦਦ ਨਾਲ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ 'ਤੇ ਪਿਛਲੇ ਪੰਜ ਮਹੀਨਿਆਂ ਤੋਂ ਨਿਗ੍ਹਾ ਰੱਖੀ ਜਾ ਰਹੀ ਸੀ। ਪੁਲਿਸ ਦੇ ਦਾਅਵੇ ਅਨੁਸਾਰ ਦੋਵਾਂ ਸ਼ੱਕੀਆਂ ਵੱਲੋਂ ਧਮਾਕੇ ਲਈ ਤਿੰਨ ਪ੍ਰੈਸ਼ਰ ਕੂਕਰ ਬੰਬ ਤਿਆਰ ਕੀਤੇ ਗਏ, ਜੋ ਕਿ ਅਮਰੀਕਾ 'ਚ ਬੌਸਟਨ ਮੈਰਾਥਾਨ ਦੌੜ ਮੌਕੇ ਹੋਏ ਧਮਾਕਿਆਂ ਲਈ ਵਰਤੀ ਸਮੱਗਰੀ ਨਾਲ ਮਿਲਦੇ ਹਨ, ਜਿਨ੍ਹਾਂ ਨਾਲ ਤਿੰਨ ਮੌਤਾਂ ਸਮੇਤ 260 ਵਿਅਕਤੀ ਗੰਭੀਰ ਜ਼ਖਮੀ ਹੋਏ ਸਨ। ਇਸ ਦੌਰਾਨ ਕੈਨੇਡੀਅਨ ਅਧਿਕਾਰੀਆਂ ਨੇ ਬੌਸਟਨ ਅਤੇ ਵਿਕਟੋਰੀਆ ਦੇ ਮਾਮਲਿਆਂ ਨੂੰ ਇਕ-ਦੂਜੇ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ।


ਗ੍ਰਿਫ਼ਤਾਰ ਕੈਨੇਡੀਅਨ ਜੋੜੇ 'ਤੇ ਅਲ-ਕਾਇਦਾ ਤੋਂ ਪ੍ਰੇਰਿਤ ਹੋਣ ਦੇ ਦੋਸ਼
ਰੌਇਲ ਕੈਨੇਡੀਅਨ ਪੁਲਿਸ ਦੇ ਸਹਾਇਕ ਕਮਿਸ਼ਨਰ ਜੇਮਜ਼ ਮਲੀਜ਼ੀਆ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਜੌਹਨ ਸਟੂਅਰਟ ਨਟਾਲ ਅਤੇ ਅਮੈਂਡਾ ਕਰੋਡੀ ਦਹਿਸ਼ਤਗਰਦੀ ਸੰਗਠਨ 'ਅਲ-ਕਾਇਦਾ' ਤੋਂ ਪ੍ਰੇਰਿਤ ਸਨ ਅਤੇ ਇਸੇ ਸੋਚ ਅਧੀਨ ਉਹ ਕੈਨੇਡਾ 'ਚ ਵੱਡੀ ਅਪਰਾਧਿਕ ਵਾਰਦਾਤ ਦੀ ਤਾਕ ਵਿਚ ਸਨ। ਦੂਜੇ ਪਾਸੇ ਇਸ ਗੱਲ ਦਾ ਪੁਲਿਸ ਕੋਲ ਕੋਈ ਸਬੂਤ ਨਹੀਂ ਕਿ ਦੋਵਾਂ ਸ਼ੱਕੀਆਂ ਨੂੰ ਅਲ-ਕਾਇਦਾ ਨਾਲ ਸਬੰਧ ਜਾਂ ਧਮਾਕੇ ਲਈ ਸਹਿਯੋਗ ਮਿਲਿਆ ਹੋਵੇ। ਫੜੇ ਗਏ ਸਰੀ ਵਾਸੀ ਨਟਾਲ ਦੇ ਵਕੀਲ ਟੌਮ ਮੋਰੀਨੋ ਨੇ ਦੱਸਿਆ ਕਿ ਉਸ ਦੇ ਮੁਵੱਕਲ ਨੇ ਹਾਲ ਹੀ 'ਚ ਇਸਲਾਮ ਧਾਰਨ ਕੀਤਾ ਹੈ। 9 ਜੁਲਾਈ ਨੂੰ ਦੋਵਾਂ ਸ਼ੱਕੀਆਂ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਸਰੀ, ਬੀ. ਸੀ. ਦੀ ਜਾਮੀਆ ਮਸਜਿਦ ਦੇ ਪ੍ਰਧਾਨ ਆਦਮ ਬਖਸ਼ ਦਾ ਕਹਿਣਾ ਹੈ ਕਿ ਸ਼ੱਕੀਆਂ ਦਾ ਉਨ੍ਹਾਂ ਦੇ ਫਿਰਕੇ ਨਾਲ ਸਬੰਧ ਨਹੀਂ ਤੇ ਉਕਤ ਨਾਂਅ ਵੀ ਮੁਸਲਿਮ ਨਹੀਂ ਹਨ। ਉਧਰ ਬੀ. ਸੀ. ਮੁਸਲਿਮ ਐਸੋਸੀਏਸ਼ਨ ਦੇ ਬੁਲਾਰੇ ਡੇਵਿਡ ਅਲੀ ਨੇ ਇਸ ਗੱਲ 'ਤੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ੱਕੀਆਂ ਦਾ ਕਿਸੇ ਇਸਲਾਮਿਕ ਪਿਛੋਕੜ ਨਾਲ ਸੰਬੰਧ ਹੈ।


ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਨੇ ਬੀ. ਸੀ. ਵਿਧਾਨ ਸਭਾ 'ਤੇ ਹਮਲੇ ਦੀ ਸਾਜ਼ਿਸ਼ ਬਾਰੇ ਅੱਜ ਬੋਲਦਿਆਂ ਕਿਹਾ ਕਿ ਕੈਨੇਡਾ ਦਿਵਸ 'ਤੇ ਇਕੱਠੇ ਹੋਏ ਹਜ਼ਾਰਾਂ ਪਰਿਵਾਰਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸੋਚ ਅਤਿ ਦਰਦਨਾਕ ਹੈ। ਉਨ੍ਹਾਂ ਬੀ. ਸੀ. ਵਾਸੀਆਂ ਨੂੰ ਨਿਡਰਤਾ ਨਾਲ ਸਾਵਧਾਨ ਹੋ ਕੇ ਗਲਤ ਅਨਸਰਾਂ ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ।

ਸਰੀ ਵਿਚ ਰਹਿ ਰਿਹਾ ਸੀ ਸ਼ੱਕੀ ਕੈਨੇਡੀਅਨ ਜੋੜਾ
ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਹਾਲ ਨੇੜੇ ਬੰਬ ਧਮਾਕੇ ਕਰਨ ਦੀ ਸਾਜ਼ਿਸ਼ 'ਚ ਫੜਿਆ ਗਿਆ ਜੌਹਨ ਸਟੂਅਰਟ ਨਟਾਲ ਤੇ ਉਸ ਦੀ ਸਾਥਣ ਅਮੈਂਡਾ ਕਰੋਡੀ ਸਰੀ ਸ਼ਹਿਰ ਦੇ ਸੰਘਣੀ ਭਾਰਤੀ ਤੇ ਪਾਕਿਸਤਾਨੀ ਵਸੋਂ ਵਾਲੇ ਇਲਾਕੇ 9700 ਬਲਾਕ ਅਤੇ 120 ਸਟਰੀਟ 'ਤੇ ਰਹਿੰਦੇ ਸਨ। ਮਕਾਨ ਮਾਲਕਣ ਸ਼ਾਂਤੀ ਥਾਮਣ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਦੋਵਾਂ 'ਤੇ ਕਦੇ ਵੀ ਸ਼ੱਕ ਨਹੀਂ ਹੋਇਆ, ਚਾਹੇ ਨਟਾਲ ਪਿਛਲੇ ਤਿੰਨ ਸਾਲ ਤੋਂ ਉਸ ਦੇ ਘਰ 'ਚ ਰਹਿ ਰਿਹਾ ਸੀ ਤੇ ਸਮੇਂ ਸਿਰ ਕਿਰਾਇਆ ਦਿੰਦਾ ਸੀ। ਸ਼ਾਂਤੀ ਦੇ ਦੱਸਣ ਅਨੁਸਾਰ ਨਟਾਲ ਨੇ ਪਹਿਲਾਂ ਇਸਲਾਮ ਧਾਰਨ ਨਹੀਂ ਸੀ ਕੀਤਾ, ਬਲਕਿ ਪਿਛਲੇ ਦੋ ਸਾਲਾਂ ਤੋਂ ਉਹ ਸਥਾਨਕ ਮਸੀਤ ਵਿਚ ਜਾਂਦਾ ਸੀ ਤੇ ਅਮੈਂਡਾ ਵੀ ਬੁਰਕਾ ਪਹਿਨਣ ਲੱਗ ਪਈ ਸੀ। ਮਕਾਨ ਮਾਲਕਣ ਮੁਤਾਬਿਕ ਦੋਵੇਂ ਕੁਝ ਸਮੇਂ ਤੋਂ ਬੇਸਮੈਂਟ 'ਚ ਰੈਡੀਕਲ ਟੇਪਾਂ ਸੁਣਦੇ ਤੇ ਵੀਡੀਉ ਵੇਖਦੇ ਰਹਿੰਦੇ ਸਨ। ਸ਼ਾਂਤੀ ਨੇ ਆਪਣੇ ਬਿਆਨ 'ਚ ਕਿਰਾਏਦਾਰ ਜੋੜੇ ਦੀ ਕਿਸੇ ਵੀ ਹਿੰਸਕ ਕਾਰਵਾਈ ਤੇ ਵਰਤਾਉ ਹੋਣ ਤੋਂ ਇਨਕਾਰ ਕੀਤਾ।



Archive

RECENT STORIES