Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਮੈਂ ਹੂੰ ਬਲਾਤਕਾਰੀ': ਹਾਈ ਕੋਰਟ ਵੱਲੋਂ ਹਨੀ ਸਿੰਘ ਨੂੰ ਮਿਲੀ ਰਾਹਤ

Posted on July 4th, 2013

ਚੰਡੀਗੜ੍ਹ- ਮਸ਼ਹੂਰ ਰੈਪ ਸਟਾਰ ਹਨੀ ਸਿੰਘ ਦੇ ਖਿਲਾਫ ਅਸ਼ਲੀਲ ਗੀਤ ਗਾਉਣ ਸੰਬੰਧੀ ਦਾਇਰ ਪਟੀਸ਼ਨ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਇਕ ਗੈਰ ਸਰਕਾਰੀ ਸੰਸਥਾ 'ਹੈਲਪ' ਵੱਲੋਂ ਹਨੀ ਸਿੰਘ ਦੇ ਵਿਰੁੱਧ ਯੂ-ਟਿਊਬ 'ਤੇ ਪਾਏ ਗਏ ਇਕ ਗੀਤ 'ਮੈਂ ਹੂੰ ਬਲਾਤਕਾਰੀ' ਨੂੰ ਲੈ ਕੇ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਹਨੀ ਸਿੰਘ ਦੇ ਵਿਰੁੱਧ ਪੁਖਤਾ ਸਬੂਤ ਨਾ ਹੋਣ ਕਾਰਨ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ। 

ਆਪਣੇ ਖਿਲਾਫ ਦਾਇਰ ਪਟੀਸ਼ਨ ਸੰਬੰਧੀ ਜਵਾਬ ਦੇਣ ਲਈ ਪਹੁੰਚੇ ਹਨੀ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਇਹ ਗੀਤ ਉਸ ਨੇ ਨਹੀਂ ਗਾਇਆ ਸਗੋਂ ਉਸ ਦੇ ਕਿਸੇ ਬਹਿਰੂਪੀਏ ਵੱਲੋਂ ਗਾਇਆ ਗਿਆ ਹੈ। ਹਨੀ ਸਿੰਘ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਇਹ ਗੀਤ ਕਿਸੇ ਜਨਤਕ ਸਥਾਨ 'ਤੇ ਨਹੀਂ ਗਾਇਆ ਗਿਆ ਅਤੇ ਨਾ ਹੀ ਉਸ ਵੱਲੋਂ ਇਸ ਗੀਤ ਨੂੰ ਗਾਉਣ ਸੰਬੰਧੀ ਕੋਈ ਵੀਡੀਓ ਹੈ। ਇਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਅਦਾਲਤ ਨੇ ਇਹ ਮਾਮਲਾ ਖਾਰਜ ਕਰ ਦਿੱਤਾ। ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਯੂ-ਟਿਊਬ 'ਤੇ ਕਿਸੇ ਦੀ ਆਵਾਜ਼ 'ਚ ਗਾਏ ਗਏ ਗੀਤ ਨੂੰ ਕਿਸੇ ਦੇ ਵੀ ਨਾਂ 'ਤੇ ਅਪਲੋਡ ਕੀਤਾ ਜਾ ਸਕਦਾ ਹੈ, ਜਿਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਗੀਤ ਉਸ ਵੱਲੋਂ ਗਾਇਆ ਗਿਆ ਹੈ।


ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਹਨੀ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਸੀ ਇਸ ਲਈ ਉਸ ਨੇ ਮੀਡੀਆ ਨਾਲ ਗੱਲ ਕਰਨ ਦੀ ਬਜਾਏ ਅਦਾਲਤ 'ਚ ਆਪਣਾ ਜਵਾਬ ਦਾਇਰ ਕੀਤਾ, ਜਿਸ 'ਤੇ ਅਦਾਲਤ ਨੇ ਉਸ ਦੇ ਹੱਕ 'ਚ ਫੈਸਲਾ ਸੁਣਾਇਆ ਹੈ। ਹਨੀ ਸਿੰਘ ਦੇ ਵਕੀਲ ਅਣਮੋਲ ਰਤਨ ਸਿਧੂ ਨੇ ਕਿਹਾ ਕਿ ਹਨੀ ਸਿੰਘ ਮਸ਼ਹੂਰ ਗਾਇਕ ਹਨ ਅਤੇ ਉਸ ਵੱਲੋਂ ਕਈ ਗੀਤ ਗਾਏ ਗਏ ਹਨ, ਜਿਨ੍ਹਾਂ ਦੇ ਵੀਡੀਓ ਤੱਕ ਬਣਾਏ ਗਏ ਹਨ। ਅਦਾਲਤ ਦੇ ਆਦੇਸ਼ 'ਤੇ ਵੀਰਵਾਰ ਨੂੰ ਹਨੀ ਸਿੰਘ ਅਦਾਲਤ ਵਿਚ ਪਹੁੰਚੇ ਅਤੇ ਆਪਣਾ ਜਵਾਬ ਦਾਇਰ ਕੀਤਾ, ਜਿਸ ਦੀ ਸੱਚਾਈ ਨੂੰ ਮੰਨਦਿਆਂ ਅਦਾਲਤ ਨੇ ਮਾਮਲਾ ਖਤਮ ਕਰ ਦਿੱਤਾ।



Archive

RECENT STORIES