Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੰਘੂ ਬਾਰਡਰ ਤੋਂ ਅੱਖੀਂ ਡਿੱਠਾ ਹਾਲ

Posted on December 6th, 2020

  • ਹਰਪਾਲਸਿੰਘ

ਹੁਣ ਮੈਂ ਸਟੇਜ ਵਾਲੀ ਸਾਈਡ ਆ ਗਿਆ ਹਾਂ....ਏਥੇ ਸਟੇਜ ਦੇ ਸਾਹਮਣੇ ਹਰੇ ਰੰਗ ਦਾ ਕਾਰਪੇਟ ਵਿਛਾਇਆ ਗਿਆ ਹੈ....ਜਿਸਦੇ ਉਪਰ ਅਜੇ ਬਹੁਤ ਥੋੜੇ ਲੋਕ ਬੈਠੇ ਨੇ....ਪਰ ਲੋਕ ਆਉਣ ਲੱਗੇ ਨੇ...ਬੈਠਣ ਲੱਗੇ ਨੇ...ਜੇ ਪੰਜਾਬ ਵਾਲੇ ਪਾਸੇ ਤੋੰ ਖੜੇ ਹੋ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਸਟੇਜ ਨੂੰ ਦੇਖੀਏ ਤਾਂ ਖੱਬੇ ਪਾਸੇ ਦੁਕਾਨਾਂ ਨੇ ਜਿਹੜੀਆਂ ਖੁਲ੍ਹ ਗਈਆਂ ਹੋਈਆਂ ਨੇ...ਤੇ ਸੱਜੇ ਪਾਸੇ ਨੂੰ ਲੋਹੇ ਦੀ ਗਰਿੱਲ ਹੈ ਜਿਸਦੇ ਅਗਲੇ ਪਾਸੇ ਲੰਗਰ ਚਲ ਰਹੇ ਨੇ...ਦਵਾਈਆਂ ਦੀ ਮਦਦ ਮੋਜੂਦ ਹੈ...

ਮੈਂ ਫੈਸਲਾ ਨਹੀਂ ਕਰ ਪਾ ਰਿਹਾ ਹਾਂ ਕਿ ਸਟੇਜ ਅੱਗੇ ਬੈਠਿਆ ਜਾਵੇ ਜਾਂ ਮੋਰਚੇ ਚ ਮੌਜੂਦ ਪੂਰੇ ਕਾਫਲੇ ਦਾ ਚੱਕਰ ਕੱਟ ਕੇ ਆਇਆ ਜਾਵੇ...ਮੈਂ ਥੋੜੀ ਦੇਰ ਸਟੇਜ ਅੱਗੇ ਬੈਠਣ ਦਾ ਹੀ ਸੋਚਦਾ ਹਾਂ ਤੇ ਦਰੀ ਉਪਰ ਜਾ ਕੇ ਚੌਂਕੜੀ ਮਾਰ ਕੇ ਬੈਠ ਗਿਆ ਹਾਂ...

"ਬੇਨਤੀ ਹੈ ਕਿ ਜਿੰਨਾ ਨੇ ਦਰੀ ਉਪਰ ਆ ਕੇ ਬੈਠਣਾ ਹੈ ਉਹ ਬੂਟ ਚੱਪਲਾਂ ਪਾਸੇ ਲਾਹ ਕੇ ਆਉਣ..." ਸਟੇਜ ਤੋਂ ਇਹ ਅਨੋਉਂਸਮੇੰਟ ਕੀਤੀ ਜਾਂਦੀ ਹੈ...ਪਰ ਇਸਦਾ ਕੋਈ ਖ਼ਾਸਾ ਅਸਰ ਨਜ਼ਰ ਨਹੀਂ ਆਉਂਦਾ....ਕਿਉਂਕਿ ਚੱਪਲਾਂ ਜਾਂ ਬੂਟ ਦੂਰ ਉਤਾਰ ਕੇ ਬੈਠਣ ਦਾ ਮਤਲਬ ਨਹੀਂ ਰਹਿ ਜਾਂਦਾ....

ਫੇਰ ' ਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ ' ਦੀ ਸਾਂਝ ਤੋਂ ਬਾਦ ਸਟੇਜ ਦੀ ਕਾਰਵਾਈ ਸ਼ੁਰੂ ਹੁੰਦੀ ਹੈ...ਤੇ ਵਿਚ ਵਿਚ ਬੋਲੇ ਸੌ ਨਿਹਾਲ ਦੇ ਨਾਰੇ ਗੂੰਜਦੇ ਰਹਿੰਦੇ ਨੇ....ਬੁਲਾਰਾ ਚਾਹੇ ਪੰਜਾਬੀ ਸੀ ਜਾਂ ਕਿਸੇ ਦੂਸਰੀ ਸਟੇਟ ਦਾ...ਹਰ ਕੋਈ ਬੋਲੇ ਸੌ ਨਿਹਾਲ ਇਕ ਵਾਰ ਜਰੂਰ ਹੀ ਬੋਲ ਕੇ ਗਿਆ...

ਸਟੇਜ ਦਾ ਮਾਹੌਲ ਦੁਪਹਿਰ ਤਕ ਭਖ ਗਿਆ ਸੀ....ਇਕ ਤੋਂ ਬਾਦ ਇਕ ਤਕੜੇ ਬੁਲਾਰੇ ਬੋਲਣ ਆਉਂਦੇ ਰਹੇ....ਜਿੰਨਾ ਚੋਂ ਕੁਛ ਮਜ਼ੇਦਾਰ ਪਲ ਹੇਠਾਂ ਸਾਂਝੇ ਕਰਨ ਲੱਗ ਹਾਂ -

ਵਰਿੰਦਰ ਸਿੰਘ ਘੁੰਮਨ ਜੋ ਕਬੱਡੀ ਫਿਲਮ ਰਾਹੀਂ ਪੰਜਾਬੀ ਫ਼ਿਲਮਾਂ ਚ ਆਇਆ ਸੀ....ਜੋ ਇਕ ਮਸ਼ਹੂਰ ਬਾਡੀ ਬਿਲਡਰ ਵੀ ਹੈ....ਉਸਨੇ ਛੋਟਾ ਪਰ ਸ਼ਾਨਦਾਰ ਭਾਸ਼ਣ ਦਿੱਤਾ....

"ਗਾਉਣ ਵਾਲੇ ਗਾ ਕੇ ਚਲੇ ਗਏ ਪਰ ਮੈਨੂੰ ਤਾਂ ਗਾਣਾ ਵਜਾਉਣਾ ਨਹੀਂ ਆਉਂਦਾ...ਪਰ ਜੇ ਕੋਈ ਭਾਰ ਭੂਰ ਚਕਾਉਣਾ ਹੋਇਆ ਤਾਂ ਆਵਾਜ਼ ਮਾਰ ਲਿਓ " ਉਸਦੇ ਇਸ ਡਾਇਲਾਗ ਉਪਰ ਬਹੁਤ ਤਾੜੀਆਂ ਵਜੀਆਂ...

ਇਕ ਔਰਤ ਜੋ ਕਿਸੇ ਦੂਜੀ ਸਟੇਟ ਦੀ ਸੀ ਜਿਸਦਾ ਨਾਮ ਮੈਨੂੰ ਭੁਲ ਗਿਆ....ਉਸਨੇ ਵਾਹਵਾ ਘੈਂਟ ਸਪੀਚ ਦਿਤੀ...ਲੋਕ ਤਾੜੀਆਂ ਵੀ ਮਾਰਦੇ ਰਹੇ...ਪਰ ਸਪੀਚ ਦੇ ਅਖੀਰ ਚ ਉਸਨੇ ਜ਼ੋਰ ਨਾਲ ਆਖਿਆ -

"ਵੰਦੇ ਮਾਤਰਮ"

ਪਰ ਪੰਡਾਲ ਚ ਬੈਠੀ ਭੀੜ ਨੇ ਕੋਈ ਰਿਸਪਾਂਸ ਨਾ ਦਿੱਤਾ....

"ਭਾਰਤ ਮਾਤਾ ਕੀ .."

ਉਸਨੇ ਅਗਲਾ ਨਾਰਾ ਮਾਰਿਆ...ਇਸਦਾ ਵੀ ਕੋਈ ਰਿਸਪਾਂਸ ਨਾ ਮਿਲਿਆ...

" ਯਾਰ...ਕੋਈ ਏਨੂੰ ਦਸਿਓ ਕਿ ਸਾਡੀ ਲੜਾਈ ਹੀ ਇਹ ਨਾਰੇ ਮਾਰਨ ਵਾਲਿਆਂ ਨਾਲ ਚੱਲ ਰਹੀ " ਭੀੜ ਚੋਂ ਇਕ ਮੁੰਡਾ ਬੋਲਿਆ..

"ਬੋਲੇ ਸੌ ਨਿਹਾਲ " ਸਟੇਜ ਤੇ ਖੜੀ ਔਰਤ ਨੇ ਹੁਣ ਇਹ ਸ਼ਬਦ ਬੋਲੇ...

ਭੀੜ ਚੋਂ ਤਕੜਾ ਰਿਸਪਾਂਸ ਆਇਆ...ਲੋਕਾਂ ਨੇ ਇਸ ਜੈਕਾਰੇ ਦਾ ਜੁਆਬ ਜ਼ੋਰ ਸ਼ੋਰ ਨਾਲ ਦਿੱਤਾ...

ਗਾਇਕ ਅੰਗਰੇਜ਼ ਅਲੀ ਤੇ ਉਸ ਤੋਂ ਬਾਦ ਅਦਾਕਾਰ ਗੁਰ ਸ਼ਬਦ ਨੇ ਵੀ ਸ਼ਾਨਦਾਰ ਸਪੀਚ ਦਿਤੀਆਂ ਤੇ ਏਨਾ ਦੇ ਗਾਏ ਗੀਤਾਂ ਤੇ ਵੀ ਲੋਕਾਂ ਨੇ ਤਕੜਾ ਹੁੰਗਾਰਾ ਦਿੱਤਾ....ਇਸ ਸਮੇਂ ਤੱਕ ਲੋਕ ਟਰੈਕਟਰਾਂ ਟਰਾਲੀਆਂ ਦੇ ਉਪਰ ਖੜੇ ਹੋ ਕੇ ਏਨਾ ਨੂੰ ਦੇਖ ਰਹੇ ਸੀ...ਸੜਕ ਦੇ ਆਲੇ ਦੁਆਲੇ ਬਣੀਆਂ ਦੁਕਾਨਾਂ ਦੀਆਂ ਛਤਾਂ ਉਪਰ ਵੀ ਭੀੜ ਨਜ਼ਰ ਆ ਰਹੀ ਸੀ...

ਇਸ ਸਮੇਂ ਸਟੇਜ ਤੋਂ ਅਨੋਉਂਸਮੇੰਟ ਕੀਤੀ ਗਈ ਕਿ ਸਰਦਾਰ ਉਦੋਕੇ ਦਾ ਮੋਬਾਈਲ ਫੋਨ ਗੁਆਚ ਗਿਆ ਹੈ , ਕਿਸੇ ਨੂੰ ਮਿਲੇ ਤਾਂ ਮੋੜ ਦਵੇ....

ਸਟੇਜ ਤੇ ਮੌਜੂਦ ਬੋਲਣ ਆਏ ਮੋਹਤਬਰਾਂ ਨੇ ਮੋਦੀ ਨੂੰ ਸਟੇਜ ਤੋਂ ਹੀ ਗਾਲਾਂ ਕੱਢਣ ਲੱਗੇ ਕੋਈ ਲਿਹਾਜ਼ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ...ਮੋਦੀ ਸ਼ਾਹ ਦੀ ਜੋੜੀ ਨੂੰ ਜੰਗਲੀ ਗਧੇ ਵਰਗੇ ਸੰਬੋਧਨਾਂ ਨਾਲ ਵੀ ਨਵਾਜਿਆ ਗਿਆ...ਲੋਕਾਂ ਦੀਆਂ ਤਾੜੀਆਂ ਇਸ ਗੱਲ ਦਾ ਸਬੂਤ ਸੀ ਕਿ ਲੋਕ ਕਿਸ ਹੱਦ ਤਕ ਮੋਦੀ ਸ਼ਾਹ ਵਾਸਤੇ ਗੁੱਸੇ ਨਾਲ ਭਰੇ ਪੀਤੇ ਪਏ ਨੇ...

ਵੀਰ ਭਾਈ ਹੱਥਾਂ ਨੂੰ ਉਚਿਆਂ ਕਰਕੇ ' ਗੋਦੀ ਮੀਡੀਆ ਸਾਨੂੰ ਕਵਰ ਨਾ ਕਰੋ ' ਦੇ ਬੈਨਰ ਵੀ ਫੜ ਕੇ ਖੜੇ ਨਜ਼ਰ ਆਏ...

ਸਟੇਜ ਦੀ ਸਮਾਪਤੀ ਤੋਂ ਪਹਿਲਾਂ ਨੌਜਵਾਨਾਂ ਨੂੰ ਹਦਾਇਤ ਕੀਤੀ ਗਈ ਕਿ ਜਿਹੜੇ ਮੁੰਡੇ ਟਰੈਕਟਰਾਂ ਤੇ ਗੀਤ ਲਗਾ ਕੇ ਰਾਤ ਨੂੰ ਭੰਗੜੇ ਪਾਉਂਦੇ ਨੇ ਉਹ ਅਜਿਹਾ ਕੁਝ ਨਾ ਕਰਨ...ਜਦੋਂ ਜਿੱਤ ਹੋਵੇਗੀ ਉਦੋਂ ਏਦਾਂ ਕਰਨ ਤੋਂ ਏਨਾ ਨੂੰ ਕੋਈ ਨਹੀਂ ਰੋਕੇਗਾ..

ਇਸ ਤੋੰ ਬਿਨ੍ਹਾਂ ਉਥੇ ਭੀੜ ਚ ਖੜੇ ਲੋਕ ਕਿਸਾਨ ਆਗੂਆਂ ਦੀ ਮੀਟਿੰਗ ਦੀਆਂ ਅਪਡੇਟ ਲੈਣ ਲਈ ਮੋਬਾਈਲਾਂ ਨੂੰ ਘੜੀ ਮੁੜੀ ਦੇਖਦੇ ਰਹੇ....ਪਰ ਉਥੇ ਮੋਬਾਈਲ ਨੈਟਵਰਕ ਬਹੁਤ ਹੋਲੀ ਹੋਣ ਕਰਕੇ ਕੋਈ ਵੀ ਅਪਡੇਟ ਜਲਦੀ ਨਹੀਂ ਸੀ ਪਤਾ ਲੱਗ ਰਹੀ...

ਸਟੇਜ ਸਮਾਪਤੀ ਹੁੰਦੇ ਹੁੰਦੇ ਹੀ ਹਨੇਰਾ ਘਿਰਨ ਵਾਲਾ ਹੋ ਗਿਆ ਸੀ.....

ਸੜਕਾਂ ਤੇ ਪੰਜਾਬੀਆਂ ਦੇ ਟਰੈਕਟਰਾਂ ਉਪਰ ਰੋਸ਼ਨੀਆਂ ਜਗਮਗ ਕਰਨ ਲਗੀਆਂ ਸੀ....ਏਨਾ ਟਰੈਕਟਰਾਂ ਤੇ ਓਹੀ ਥੋੜੇ ਗੀਤ ਹੀ ਘੜੀ ਮੁੜੀ ਚਲਦੇ ਸੁਣਦੇ ਸੀ..."ਸਾਡੀ ਪੈਲੀ ਚ ਬੇਗਾਨਾ ਪੈਰ ਪੈ ਗਿਆ ਅਸੀਂ ਵੱਢਾਂਗੇ..."

ਹਿੰਮਤ ਸੰਧੂ ਦਾ ਇਹ ਗੀਤ ਸਭ ਤੋਂ ਜਿਆਦਾ ਵੱਜਦਾ ਦਿਖਿਆ....ਮੁੰਡੇ ਇਸ ਗੀਤ ਨੂੰ ਸੁਣਦੇ ਹੋਏ ਜੋਸ਼ ਨਾਲ ਭਰ ਜਾਂਦੇ ਸੀ....ਵੈਸੇ ਮੈਨੂੰ ਵੀ ਅੱਜ ਦੇ ਮਾਹੌਲ ਚ ਇਹ ਗੀਤ ਬਹੁਤ ਪਸੰਦ ਹੈ...

" ਐਲਾਨ " ਕੰਵਰ ਗਰੇਵਾਲ ਦੇ ਇਸ ਗੀਤ ਨੂੰ ਮੁੰਡੇ ਫਾਰਮਰ ਪ੍ਰੋਟੈਸਟ ਦਾ ਥੀਮ ਸੌਂਗ ਆਖਦੇ ਨਜ਼ਰ ਆਏ....

" ਅੱਜ ਹੁੰਦਾ ਭਿੰਡਰਾਂਵਾਲਾ ਜੇ ਮੋਦੀ ਨੂੰ ਗਲ ਤੋਂ ਫੜ ਲੈਂਦਾ " ਇਹ ਗੀਤ ਵੀ ਖੂਬ ਲਗਿਆ ਨਜ਼ਰ ਆਇਆ...

ਟਰੈਕਟਰਾਂ ਉਪਰ ' ਰਾਜ ਕਰੇਗਾ ਖਾਲਸਾ ' ਤੇ ਹੋਰ ਬਹੁਤ ਸਲੋਗਨ ਨਜ਼ਰ ਪੈਂਦੇ ਰਹੇ ਜੋ ਮੁੰਡਿਆਂ ਦੇ ਦਿਲਾਂ ਨੂੰ ਦਿਖਾ ਰਹੇ ਸੀ...

" ਅਸੀਂ ਤਾਂ ਲੰਡਨ ਜਾ ਘੇਰਿਆ ਸੀ ਇਹ ਤਾਂ ਫੇਰ ਦਿੱਲੀ ਹੈ " ਟਰੈਕਟਰਾਂ ਤੇ ਇਹ ਪੋਸਟਰ ਵੀ ਨਜ਼ਰ ਆਉਂਦੇ ਰਹੇ...

ਹੁਣ ਸੜਕ ਦੇ ਦੋਨਾਂ ਕੰਢਿਆਂ ਤੇ ਲੱਗੇ ਲੰਗਰ ਵਾਲੇ ਸਟਾਲਾਂ ਉਪਰ ਬਤੀਆਂ ਜਗਣ ਲਗੀਆਂ ਸੀ....

ਭਾਜੀ ਮਿਲੇ....ਇਹ ਉਹੀ ਨੇ ਜਿੰਨਾ ਦਾ ਗੋਦੀ ਮੀਡਿਆ ਵਾਲਾ ਵੀਡੀਓ ਵਾਇਰਲ ਹੋਇਆ ਸੀ...ਜਿਸਦੇ ਚ ਇਹ ਬਹੁਤ ਸਟਾਈਲ ਦੇ ਨਾਲ ' ਆਜ ਤਕ ' ਦੀ ਪੱਤਰਕਾਰ ਨੂੰ ' ਸਾਸਰੀ ਕਾਲ ਜੀ...ਆਪ ਕਹਾਂ ਥੇ ਜਬ ਹੱਮ ਪੰਜਾਬ ਮੇਂ ਬੈਠੇ ਥੇ ' ਆਖਦੇ ਨਜ਼ਰ ਆਏ ਸੀ....ਏਥੇ ਹੀ ਮੈਨੂੰ ਬਹੁਤ ਸਾਰੇ ਫੇਸਬੁਕ ਮਿੱਤਰਾਂ ਨੇ ਦੇਖਿਆ....ਜਿੰਨਾ ਨਾਲ ਮਿਲੇ...ਗੱਲਾਂ ਕੀਤੀਆਂ....ਹਰ ਕੋਈ ਬਹੁਤ ਜੋਸ਼ ਚ ਸੀ....ਏਥੇ ਹੀ ਮੈਨੂੰ ਰੁਪਿੰਦਰ ਸਿੰਘ ਇਹ ਭਾਜੀ ਉਸ ਜੱਥੇ ਚ ਵੀ ਸ਼ਾਮਲ ਸੀ ਜਿਹੜਾ ਬੈਰੀਕੇਡ ਤੋੜਦਾ ਹੋਇਆ ਦਿੱਲੀ ਤਕ ਆਇਆ ਸੀ...

" ਭਾਜੀ....ਆਪਾਂ ਇਹ ਪੂਰਾ ਸਫ਼ਰ ਲਿਖਣਾ ਹੈ....ਪਹਿਲਾਂ ਇਸ ਮੋਰਚੇ ਨੂੰ ਜਿੱਤ ਲਈਏ..." ਮੈਂ ਹੱਸ ਕੇ ਆਖਿਆ...

" ਹਾਂਜੀ....ਤੁਸੀਂ ਜਰੂਰ ਲਿਖਿਓ..." ਰੁਪਿੰਦਰ ਭਾਜੀ ਜੁਆਬ ਦਿੰਦੇ ਨੇ...

ਭਾਜੀ ਨਾਲ ਪੰਜਾਬ ਤੋਂ ਦਿੱਲੀ ਤਕ ਦੇ ਇਤਿਹਾਸਕ ਸਫ਼ਰ ਬਾਰੇ ਬਹੁਤ ਗੱਲਾਂ ਹੋਈਆਂ...ਜਿਸਨੂੰ ਬਹੁਤ ਸੰਜਮ ਨਾਲ ਸਮਾਂ ਲੈ ਕੇ ਬਾਦ ਚ ਲਿਖਾਂਗਾ ਪਰ ਕੁਝ ਗੱਲਾਂ ਜੋ ਉਹਨਾਂ ਨੇ ਕਹੀਆਂ ਉਸਦਾ ਜਿਕਰ ਹੁਣੇ ਹੀ ਕਰਨਾ ਚਾਹਾਂਗਾ...

ਮੁੰਡਿਆਂ ਨੇ ਜਿਹੜੇ ਡੈੱਕ ਸ਼ੋਂਕ ਵਜੋਂ ਟਰੈਕਟਰਾਂ ਤੇ ਲਗਾਏ ਸੀ....ਓਹੀ ਇਸ ਸਮੇਂ ਕੰਮ ਆਏ....ਏਨਾ ਉਪਰ ਵੱਜਦੇ ਗੀਤਾਂ ਨੇ ਬਹੁਤ ਜੋਸ਼ ਭਰਿਆ...

ਜਿਹੜੀ ਮੰਡੀਰ ਨੂੰ ਸਾਡੇ ਬੁਧੀਜੀਵੀ ਰੌਲਾ ਪਾਉਣ ਵਾਲੇ ਆਖਦੇ ਸੀ...ਏਹੀ ਮੰਡੀਰ ਜਦੋਂ ' ਹੁਰਰਰਰਰ ' ਕਰਕੇ ਬੈਰੀਕੇਡਾਂ ਵਲ ਆਉਂਦੀ ਸੀ ਤਾਂ ਪੁਲਿਸ ਦੌੜ ਜਾਂਦੀ ਸੀ....

ਸਾਡੀ ਪੰਜਾਬ ਦੀ 19 ਤੋਂ 22 ਕੁ ਸਾਲ ਦੀ ਜਿਹੜੀ ਜੇਨਰੇਸ਼ਨ ਬਾਹਰਲੇ ਮੁਲਕਾਂ ਨੂੰ ਚਲੀ ਗਈ ਹੈ...ਇਹ ਗੈਪ ਹਰਿਆਣੇ ਦੇ ਮੁੰਡਿਆਂ ਨੇ ਭਰਿਆ.....ਦਿਮਾਗ ਅਤੇ ਸ਼ਰੀਰ ਦੋਨਾਂ ਨੂੰ ਵਰਤਿਆ ਗਿਆ....ਤੇ ਬੈਰੀਕੇਡ ਪੱਥਰ ਵਗਾਹ ਵਗਾਹ ਪਰੇ ਨੂੰ ਸੁੱਟੇ ਜਾਂਦੇ ਰਹੇ...

ਆਪਾਂ ਤਾਂ ਭਾਜੀ ਪੰਜਾਬ ਪੁਲਿਸ ਦੀ ਮਾਰ ਖਾਦੀ ਹੈ...ਸਾਨੂੰ ਇਹ ਹਰਿਆਣੇ ਦਿੱਲੀ ਵਾਲੇ ਕੀ ਜਾਪਣਗੇ....ਏਨਾ ਨੂੰ ਆਪਾਂ ਹੱਥਾਂ ਦੇ ਜ਼ੋਰ ਨਾਲ ਧੱਕ ਆਏ...

ਜੇ ਵੀਰ ਅਸੀਂ ਜਿੱਤ ਗਏ...ਫੇਰ ਭਾਵੇਂ ਹਜ਼ਾਰ ਪਰਚੇ ਪਾ ਦਵੇ ਪੁਲਿਸ ਆਪਾਂ ਇਕ ਵਾਰ ਕਨਾਟ ਪਲੇਸ ਦੀ ਮਾਰਕੀਟ ਚ ਜਾ ਕੇ ਜਸ਼ਨ ਜਰੂਰ ਮਨ੍ਹਾ ਕੇ ਆਵਾਂਗੇ...

ਮੈਂ ਇਹ ਗੱਲ ਸੁਣ ਕੇ ਬੜਾ ਹਸਿਆ...ਖੁਸ਼ ਵੀ ਹੋਇਆ ਸੁਣ ਕੇ...

" ਭਾਜੀ...ਇਕ ਬੇਨਤੀ ਮੇਰੀ ਵੀ ਕਬੂਲ ਕਰਿਓ " ਮੈਂ ਹੱਥ ਜੋੜ ਕੇ ਆਖਿਆ...

" ਬੋਲੋ ਭਾਜੀ...ਹੁਕਮ ਕਰੋ " ਰੁਪਿੰਦਰ ਭਰਾ ਹੱਸ ਕੇ ਆਖਦਾ ਹੈ...

" ਜੇ ਜਿੱਤ ਹੋ ਗਈ...ਤਾਂ ਉਸੇ ਦਿਨ ਹੀ ਪੰਜਾਬ ਨਾ ਮੁੜ ਆਇਓ....ਉਡੀਕ ਲਿਓ ਸਾਨੂੰ ਵੀ...ਆਪਾਂ ਪੰਜਾਬ ਤੋਂ ਦਿੱਲੀ ਆਵਾਂਗੇ...ਤੇ ਇਕੱਠੇ ਪੰਜਾਬ ਨੂੰ ਮੁੜਾਂਗੇ "

ਇਹ ਗੱਲ ਬੋਲਦੇ ਬੋਲਦੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ.....

( ਬਾਕੀ ਅਗਲੇ ਭਾਗ ਚ )



Archive

RECENT STORIES