Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਿੱਲੀ ਕਿਸਾਨ ਮੋਰਚਾ: ਹੁਣ ਤੱਕ ਕੀ-ਕੀ ਜਿੱਤ ਚੁੱਕਾ ਹੈ ਪੰਜਾਬ

Posted on December 7th, 2020

ਐੱਸ ਪੀ ਸਿੰਘ

ਘੋਲੀਆਂ ਅਤੇ ਹਾਕਮ ਵਿਚਾਲੇ ਗੱਲਬਾਤ ਲਗਾਤਾਰ ਜਾਰੀ ਹੈ। ਹਾਕਮ ਨੇ ਹਾਲੇ ਕਾਫੀ ਘੁੰਡੀਆਂ ਪਾਈਆਂ ਹੋਈਆਂ ਹਨ ਅਤੇ ਇਸ ਫ਼ਿਰਾਕ ਵਿਚ ਹੈ ਕਿ ਕਿਤੋਂ ਕੋਈ ਕੁੰਡੀ ਪੈ ਜਾਵੇ ਪਰ ਘੋਲੀਆਂ ਨੇ ਹਾਕਮ ਦੀ ਸਹੂਲਤ ਲਈ ਲੰਮੇਰੀਆਂ ਬਾਤਾਂ ਨੂੰ ਬੇਮਿਸਾਲ ਸੰਖੇਪਤਾ ਬਖ਼ਸ਼ ਦਿੱਤੀ ਹੈ- ਹਾਂ ਜਾਂ ਨਾਂਹ। ਇਕ ਵਾਰੀ ਹਰੀਆਂ ਪੱਗਾਂ-ਸਾਫ਼ਿਆਂ ਵਾਲੇ ਉਸ ਆਲੀਸ਼ਾਨ ਵਿਗਿਆਨ ਭਵਨ ਅੰਦਰ ਵੜ ਜਾਣ ਤੇ ਬੂਹਾ ਹੋ ਜਾਵੇ ਬੰਦ, ਤਾਂ ਫਿਰ ਬਾਹਰ ਤੁਸੀਂ ਭਾਵੇਂ ਸਿੰਘੂ ਬਾਰਡਰ ਨਿੱਠ ਬੈਠੇ ਹੋਵੋ ਭਾਵੇਂ ਟੀਕਰੀ ਬਾਰਡਰ ਵੱਲ ਖੜ੍ਹੇ ਹੋਵੋ ਜਾਂ ਘਰੇ ਟੀਵੀ ਨਾਲ ਚਿਪਕੇ ਹੋਵੋ, ਧਿਆਨ ਓਧਰ ਹੀ ਲੱਗਿਆ ਰਹਿੰਦਾ ਹੈ ਕਿ ਖ਼ੌਰੇ ਅੰਦਰੋਂ ਕਿਹੜੀ ਖ਼ਬਰ ਆਵੇ? ਬਾਹਰ ਵਾਲਿਆਂ ਨੇ ਸਵਾਲ ਵੀ ਸੰਖੇਪ ਕਰ ਦਿੱਤਾ ਹੈ: ‘‘ਕਿਉਂ ਜੀ, ਫੇਰ ਦਿੱਲੀ ਮੰਨਦੀ ਹਾਲੇ ਕਿ ਨਹੀਂ?’’

ਇੰਜ ਜਾਪਦੈ ਜਿਵੇਂ ਜੇ ਤਿੰਨ ਖੇਤੀ ਕਾਨੂੰਨ ਵਾਪਸ ਨਾ ਹੋਏ, ਜੇ ਗੱਲ ਸਿਰਫ਼ ਐੱਮ.ਐੱਸ.ਪੀ. ਦੀ ਗਾਰੰਟੀ ’ਤੇ ਹੀ ਆਣ ਮੁੱਕੀ, ਜੇ ਮਿੱਠੀਆਂ ਚੋਪੜੀਆਂ ਸੁਣ ਸੁੱਕੇ ਭਰੋਸਿਆਂ ਬਾਅਦ ਹੀ ਦਰੀਆਂ ਚੁੱਕ ਲਈਆਂ ਤਾਂ ਕੁਲ ਆਲਮ ਇਹਨੂੰ ਸਾਡੀ ਹਾਰ ਕਹਿਸੀ। ਪਰ ਜੇ ਫਸੀ ਨੂੰ ਫਟਕਣ ਦੇ ਰਾਹ ਚੱਲਦਿਆਂ ਸਰਕਾਰ ਨੇ ਤੁੰਮੇ ਦੀ ਗੋਲੀ ਸਮਝ, ਗ਼ਰੂਰ ਅੰਦਰੇ ਗਟਕ ਕੇ ਤਿੰਨੇ ਕਿਸਾਨ ‘ਭਲਾਈ’ ਕਾਨੂੰਨ ਵਾਪਸ ਲੈ ਲਏ ਤਾਂ ਹੀ ਸਾਡੀ ਜਿੱਤ ਹੋਵੇਗੀ।

ਪਰ ਲੋਕਾਈ ਅਤੇ ਹਾਕਮ ਵਿਚਕਾਰ ਜਿਹੜੀ ਵੱਡੀ ਗੱਲਬਾਤ ਵਿਗਿਆਨ ਭਵਨ ਤੋਂ ਬਾਹਰ ਹੋ ਰਹੀ ਹੈ, ਓਥੇ ਕੀ ਜਿੱਤਿਆ ਹਾਰਿਆ ਜਾ ਰਿਹਾ ਹੈ? ਸਾਡੀ ਕੈਮਰਿਆਂ, ਸੁਰਖੀਆਂ ਅਤੇ ਸਾਊਂਡ ਬਾਈਟਸ- ਆਵਾਜ਼ੀ ਟੁਕੜਿਆਂ-ਟੋਟਕਿਆਂ- ’ਤੇ ਪਲੀ ਸਹਾਫ਼ਤ ਨੂੰ ਇਸ ਰੜੇ ਮੈਦਾਨ ਚਲ ਰਹੀ ਹਾਕਮ ਦੀ ਅਵਾਮ ਨਾਲ ਗੁਫ਼ਤਗੂ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਹੈ।

ਇੱਕ ਲੰਬੇ ਸਮੇਂ ਤੋਂ ਪੰਜਾਬ ਦੇਸ਼ ਦੀ ਮੁੱਖ ਧਾਰਾ ਵਾਲੇ ਬਿਰਤਾਂਤ ਦੇ ਹਾਸ਼ੀਏ ’ਤੇ ਧੱਕਿਆ ਜਾ ਚੁੱਕਾ ਸੀ। ਅੰਨ ਉਗਾਉਣ ਵਾਲੇ ਹੋਰ ਵੀ ਸੂਬੇ ਉੱਠ ਖੜ੍ਹੇ ਸਨ। ਰਾਕਟਾਂ-ਮਿਜ਼ਾਈਲਾਂ-ਐਟਮੀ ਹਥਿਆਰਾਂ ਬਾਅਦ ਹੁਣ ’ਕੱਲ੍ਹਾ ਕੰਡੇਦਾਰ ਵਾੜ ਵਾਲਾ ਸੂਬਾ ਹੀ ਖੜਗਭੁਜਾ ਨਹੀਂ ਸੀ। ਜੰਗਾਂ ਹੁਣ ਮੈਦਾਨ-ਏ-ਮਰੀਸ਼ਦ ਵਿਚ ਲੜੀਆਂ ਜਾਂਦੀਆਂ ਹਨ ਜਿੱਥੇ ਵਰਲਡ ਬੈਂਕ, ਆਈਐਮਐਫ, ਡਬਲਿਊ.ਟੀ.ਓ. ਅਤੇ ਡਾਲਰ-ਰੁਪਈਏ ਦੇ ਸਮੀਕਰਨਾਂ ਵਿੱਚ ਮਿਹਨਤਕਸ਼ ਕਿਰਤੀ-ਕਿਸਾਨ-ਦੁਕਾਨਦਾਰ-ਮੁਲਾਜ਼ਮ ਉਨ੍ਹਾਂ ਵਿਸ਼ਾਲ ਮਸ਼ੀਨਾਂ ਦੇ ਪੁੜਾਂ ਵਿੱਚ ਦਰੜੇ ਜਾਂਦੇ ਹਨ ਜਿਨ੍ਹਾਂ ਦੇ ਕਲਪੁਰਜ਼ੇ ਕਿਸੇ ਸਿੰਘੂ-ਟੀਕਰੀ ਰੇਖਾ ’ਤੇ ਖੜ੍ਹ ਸਮਝ ਵੀ ਨਹੀਂ ਆਉਂਦੇ।

ਪਹਿਲੀ ਵੱਡੀ ਜਿੱਤ: ਅਜਿਹੇ ਵਿੱਚ ਪੰਜਾਬ ਨੂੰ ਕੁੱਲ ਮੁਲਕ ਦੇ ਸਿਆਸੀ ਮੈਦਾਨ ਦੇ ਧੁਰ ਕੇਂਦਰ ਵਿਚ ਲਿਆ ਖੜ੍ਹਾ ਕਰਨਾ ਅਤੇ ਫੜ੍ਹ ਕੇ ਗਿੱਚੀਓਂ ਕੌਮੀ ਬਿਰਤਾਂਤਕਾਰੀ ਦਾ ਮੂੰਹ ਮਿੱਟੀ ਨਾਲ ਮਿੱਟੀ ਹੁੰਦਿਆਂ ਦੇ ਹਾਲ ਵੱਲ ਮੋੜ ਦੇਣਾ ਪਹਿਲੀ ਵੱਡੀ ਜਿੱਤ ਹੈ।

ਦੂਜੀ ਵੱਡੀ ਜਿੱਤ ਹੈ ਹਾਕਮਾਂ ਦਾ ਇਹ ਭੁਲੇਖਾ ਕੱਢ ਦੇਣਾ ਕਿ ਉਹ ਕੁਝ ਵੀ ਕਰ ਸਕਦੇ ਹਨ ਤੇ ਕੋਈ ਕੁਝ ਨਹੀਂ ਕਰ ਸਕਦਾ। ਹੁਣ ਟਰੈਕਟਰਾਂ-ਟਰਾਲੀਆਂ ਵਾਲਿਆਂ ਉਹਦੇ ਰੱਥ ਨੂੰ ਹੱਥ ਪਾ ਲਿਆ ਹੈ ਜਿਹੜਾ ਕਦੀ ਬੁਲੇਟਟ੍ਰੇਨ, ਕਦੀ ਸੀ-ਪਲੇਨ ’ਤੇ ਉੱਡਿਆ ਫਿਰਦਾ ਸੀ। ਇਸ ਜਿੱਤ ਨੇ ਮੁਲਕ ਭਰ ਵਿੱਚ ਲੋਕ-ਘੁਲਾਟੀਆਂ ਨੂੰ ਗੁਪਤ ਸੰਦੇਸ਼ ਭੇਜਿਆ ਹੈ- ਅਸਾਂ ਧੁੰਨੀ ਲੱਭ ਲਈ ਹੈ, ਏਕੇ ਦੇ ਤੀਰ ਨਾਲ ਜਬਰ ਠੱਲ੍ਹਿਆ ਜਾ ਸਕਦਾ ਹੈ।

ਤੀਜੀ ਵੱਡੀ ਜਿੱਤ ਸਿਆਸਤ ਦੀ ਧਰਾਤਲ ਹੀ ਬਦਲ ਦੇਣ ਦੀ ਹੈ। ਜਿਹੜੇ ਹਰ ਚੋਣ ਵਿੱਚ ਪਾਕਿਸਤਾਨ-ਹਿੰਦੂ-ਮੁਸਲਮਾਨ ਦਾ ਅਖਾੜਾ ਖੋਲ੍ਹ ਦਿੰਦੇ ਸਨ, ਉਨ੍ਹਾਂ ਨੂੰ ਕਿਰਤ ਦੇ ਮੁੱਲ, ਨਿਵਾਲਾ ਦੇਣ ਵਾਲਿਆਂ ਨੂੰ ਨਿਵਾਜਣ, ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਕਿਸਾਨਾਂ ਕਾਮਿਆਂ ਬਾਰੇ ਗੱਲ ਕਰਨ ਲਾ ਦਿੱਤਾ ਹੈ। ਜ਼ਹਿਰ ਅਤੇ ਨਫ਼ਰਤ ਦੀ ਚਟਾਈ ਵਲ੍ਹੇਟ, ਸਿੰਘੂ-ਟੀਕਰੀ ’ਤੇ ਡੱਟਿਆਂ ਨੇ ਰਾਜਨੀਤੀ ਦਾ ਨਵਾਂ ਮੈਦਾਨ ਬਣਾ ਦਿੱਤਾ ਹੈ।

ਚੌਥੀ ਵੱਡੀ ਜਿੱਤ: ਵਿਗਿਆਨ ਭਵਨ ਤੋਂ ਬਾਹਰ ਹੋ ਰਹੇ ਇਸ ਜਨਤਕ ਮੁਕਾਲਮੇ ਦੀ ਚੌਥੀ ਵੱਡੀ ਜਿੱਤ ਪਾੜ੍ਹਿਆਂ ਨੂੰ ਪੜ੍ਹਾਉਣ ਵਿੱਚ ਹੈ। ਸਾਡੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚਲੇ ਬੁੱਧੀਜੀਵੀਆਂ ਤੇ ਖੋਜਾਰਥੀਆਂ ਤੋਂ, ਨਾਮ ਪਿੱਛੇ ਕਿਸੇ ਡਾਕਟਰੀ ਦੀ ਪੂਛ ਵਾਲਿਆਂ ਅਤੇ ਕੁਲ ਆਲਮ ਦੀ ਅਕਲ ਬੋਝੇ ਵਿੱਚ ਹੋਣ ਦਾ ਦਾਅਵਾ ਕਰਨ ਵਾਲਿਆਂ ਤੋਂ ਜੋ ਵਰ੍ਹਿਆਂ ’ਚ ਨਹੀਂ ਸੀ ਕਰ ਹੋਇਆ, ਉਹ ਅਤਿ-ਸਾਧਾਰਨ ਕਿਸਾਨ-ਮਜ਼ਦੂਰ-ਨੌਜਵਾਨ-ਬਜ਼ੁਰਗ-ਮਾਵਾਂ-ਧੀਆਂ-ਬੱਚਿਆਂ ਨੇ ਸਾਰੇ ਜ਼ਮਾਨੇ ਸਾਹਵੇਂ ਕਰ ਵਿਖਾਇਆ ਹੈ। ਕਿਵੇਂ ਖੜ੍ਹਾ ਹੋ ਸਕਦਾ ਹੈ ਪੰਜਾਬ, ਪਾੜ੍ਹਿਆਂ ਨੂੰ ਆਣ ਪੜ੍ਹਾਇਆ ਹੈ।

ਪੰਜਵੀਂ ਵੱਡੀ ਜਿੱਤ ਜਿਣਸੀ ਬਰਾਬਰੀ ਦੀ ਧਰਾਤਲ ’ਤੇ ਹੋਈ ਹੈ। ‘‘ਮਾਵਾਂ ਭੈਣਾਂ ਦੀ ਸੁਰੱਖਿਆ’’ ਵਾਲੇ ਤਰੱਕੇ ਹੋਏ ਮਲੂਕ ਮੁਹਾਵਰੇ ਨੂੰ ਦਰਕਿਨਾਰ ਕਰ ਨੌਜਵਾਨ ਕੁੜੀਆਂ, ਅਧੇੜ ਉਮਰ ਨੱਢੀਆਂ ਅਤੇ ਬਜ਼ੁਰਗ ਔਰਤਾਂ ਨੇ ਜਨਤਕ ਪਿੜ ਵਿੱਚ ਔਰਤ ਦੀ ਬਰਾਬਰ ਦੀ ਭਿਆਲੀ ਦਾ ਡੰਕਾ ਵਜਾਇਆ ਹੈ। ਜਦ ਭਰੇ ਮੇਲੇ ’ਚ ਮਰਦ ਹਜ਼ਰਾਤ ਭੁੰਜੇ ਚੌਂਕੜੀ ਮਾਰ ਚਕਲੇ ’ਤੇ ਪ੍ਰਸ਼ਾਦੇ ਵੇਲਣ ਅਤੇ ਮੁੱਕੀ ਵੱਟ ਕੇ ਔਰਤਾਂ ਕਿਰਤੀ ਦੀ ਆਨ, ਬਾਨ ਤੇ ਸ਼ਾਨ ਦੇ ਨਾਅਰੇ ਮਾਰਨ ਤਾਂ ਯੂਨੀਵਰਸਿਟੀਆਂ ’ਚ ‘ਪੈਟਰੀਆਰਕੀ ਡਾਊਨ-ਡਾਊਨ’ ਦੇ ਨਾਅਰੇ ਲਾਉਣ ਵਾਲਾ ਫੈਮਿਨਿਜ਼ਮ ਕੁੜਤਾ-ਪਜਾਮਾ ਪਾ, ਪੈਰੀਂ ਹਵਾਈ ਚੱਪਲ ਅੜਾ, ਚੌਕ ਵਿੱਚ ਗਿੱਧਾ ਭੰਗੜਾ ਪਾਉਂਦਾ ਹੈ। ਮਜਾਜਣ ਦੀ ਜਿੱਤ ਦਾ ਝੰਡਾ ਝੁਲਾਉਂਦਾ ਹੈ।

ਛੇਵੀਂ ਵੱਡੀ ਜਿੱਤ ਗਲੇ ਵਿੱਚ ਬੇਇਜ਼ਤੀ ਦਾ ਹਾਰ ਪਾ ਕੇ ਉਸ ਸਹਾਫ਼ਤ ਦਾ ਜਲੂਸ ਕੱਢਣ ਵਿਚ ਹੋਈ ਹੈ ਜਿਹੜੀ ਹਰ ਕਿਸੇ ਨੂੰ ਟੁਕੜੇ-ਟੁਕੜੇ ਗੈਂਗ ਦੱਸ, ਦੇਸ਼ਧ੍ਰੋਹੀ ਕਹਿ, ਟੀਵੀ ਦੀ ਸਕਰੀਨ ਉੱਤੇ ਲੋਕਘੋਲਾਂ ਦੇ ਕਾਰਕੁਨਾਂ ਦਾ ਜਲੂਸ ਕੱਢਦੀ, ਖ਼ਾਲਿਸਤਾਨੀ ਕਹਿ ਭੰਡਣੋਂ ਥੱਕਦੀ ਨਹੀਂ ਸੀ। ਹਾਕਮ ਦੇ ਗੋਡੀਂ ਹੱਥ ਲਾ ਹਕੂਮਤ ਦੀ ਗੋਦੀ ਵਿੱਚ ਬੈਠ ਜਿਹੜੀ ਕਲਮਘਸੀਟ ਸਹਾਫ਼ਤ ਰਾਤੀਂ ਚੀਕਾਂ ਮਾਰਦੇ ਐਂਕਰ ਅਤੇ ਸਵੇਰੇ ਵਿਹੁ-ਭਰੀਆਂ ਅਖ਼ਬਾਰੀ ਸੁਰਖੀਆਂ ਤੱਕ ਫੈਲੀ ਹੋਈ ਸੀ, ਉਹਨੂੰ ਹੁਣ ਸਾਈਂ ਪਛਾਣ-ਪਛਾਣ ਖੂੰਡੇ ਨਾਲ ਟਰਾਲੀਆਂ ਥੱਲਿਓਂ ਕੱਢ ਰਹੇ ਹਨ।

ਸੱਤਵੀਂ ਵੱਡੀ ਜਿੱਤ ਜ਼ਹਿਰ ਹੋ ਚੁੱਕੇ ਸੋਸ਼ਲ ਮੀਡੀਆ ਨੂੰ ਲੋਕ-ਸਰੋਕਾਰਾਂ ਦੇ ਪਵਿੱਤਰ ਮੁਕਾਲਮੇ ਦੀ ਕੱਚੀ ਲੱਸੀ ਨਾਲ ਧੋਣ ਵਿੱਚ ਹੈ। ਦਲੀਲਬਾਜ਼ (Argumentative) ਪੰਜਾਬੀ ਉਭਰ ਕੇ ਸਾਹਮਣੇ ਆਇਆ ਹੈ। ਲੋਪ ਹੋ ਰਹੀ ਸੱਥ ਫਿਰ ਆਣ ਜੁੜੀ ਹੈ, ਬੈਠਕ ਦਾ ਫਿਰ ਪ੍ਰਚਲਣ ਹੋਇਆ ਹੈ। ਮੁੱਦਾ ਗਰਮਾਇਆ ਹੈ, ਨੌਜਵਾਨ ਰਾਜਨੀਤੀ ਵਿੱਚ ਧਾਅ ਕੇ ਵਾਪਸ ਆਇਆ ਹੈ, ਸਿੰਘੂ ਜਾਂ ਟੀਕਰੀ ’ਤੇ ਹੀ ਨਹੀਂ, ਫੇਸਬੁੱਕ ਤੇ ਟਵਿੱਟਰ ’ਤੇ ਵੀ ਗਿਆਨ ਦਾ ਦੀਵਾ ਜਗਾਇਆ ਹੈ।

ਅੱਠਵੀਂ ਜਿੱਤ, ਜਾਂ ਖੌਰੇ ਇਹ ਪਹਿਲੇ ਨੰਬਰ ਵਾਲੀ ਹੀ ਹੋਵੇ, ਉਹ ਪ੍ਰਾਪਤੀ ਹੈ ਜਿਸ ਨੂੰ ਲੈ ਕੇ ਕਦੀ-ਕਦੀ ਅਸੀਂ ਆਸ ਹੀ ਛੱਡ ਬੈਠਦੇ ਸਾਂ। ਇਹ ਹੈ ਸਾਡੇ ਪੰਜਾਬੀਆਂ ਦਾ ਇੱਕ ਹੋ ਜਾਣਾ। ਜਿਨ੍ਹਾਂ ਦੀਆਂ ਕਿਸਾਨ ਯੂਨੀਅਨਾਂ ਹੀ ਢਾਈ ਦਰਜਨ ਹੋਣ, ਉਨ੍ਹਾਂ ਦਾ ਯਕਮੁਸ਼ਤ ਇਕੱਠਿਆਂ ਹੋ ਜਾਣਾ, ਸਭਨਾਂ ਨੂੰ ਨਾਲ ਲੈਣਾ, ਪੇਂਡੂ ਸ਼ਹਿਰੀ ਦਾ ਜੁੜ ਜਾਣਾ, ਪ੍ਰੋਫ਼ੈਸਰ ਤੇ ਨਿਹੰਗ ਸਿੰਘ ਦਾ ਹਮਸਫ਼ਾ-ਹਮਕਦਮ ਹੋ ਜਾਣਾ ਕਿੱਡੀ ਵੱਡੀ ਜਿੱਤ ਹੈ? ਭਾਵੇਂ ਵੱਡੀਆਂ ਗੱਡੀਆਂ ਵਾਲੇ ਆੜ੍ਹਤੀਆਂ ਤੇ ਹਮਾਤੜ ਖੇਤ ਮਜ਼ਦੂਰਾਂ ਦਾ ਏਕਾ ਵੇਖ ਕਈ ਸਵਾਲਾਂ ਨਾਲ ਜੂਝਣਾ ਹਾਲੀਂ ਬਾਕੀ ਹੈ, ਪਰ ਹਾਲ ਦੀ ਘੜੀ ਇਹ ਏਕਾ ਵੱਡੀ ਜਿੱਤ ਹੈ।

ਨੌਵੀਂ ਵੱਡੀ ਜਿੱਤ ਪੁਰਾਣੀਆਂ ਪ੍ਰਸੂਤੀ ਪੀੜਾਂ ਵੇਲੇ ਗੁੜ੍ਹਤੀ ਵਿਚ ਮਿਲੀਆਂ ਦੁਸ਼ਮਣੀਆਂ ਨੂੰ ਪਾਸੇ ਰੱਖ ਪੰਜਾਬ ਤੇ ਹਰਿਆਣਾ ਦੇ ਆਪਸੀ ਪਿਆਰ ਤੇ ਭਾਈਚਾਰੇ ਵਾਲੇ ਵਿਹਾਰ ਨਾਲ ਹੋਈ ਹੈ। ਖੌਰੇ ਭਵਿੱਖ ਵਿੱਚ ਇਹ ਵਰਤਾਰਾ ਕੁਝ ਗੁੰਝਲਦਾਰ ਮਸਲਿਆਂ ਦੇ ਹੱਲ ਵੱਲ ਜਾਂਦੇ ਰਾਹ ਰੁਸ਼ਨਾਏ।

ਦਸਵੀਂ ਵੱਡੀ ਜਿੱਤ ਹੈ ਪੰਜਾਬ ਅਤੇ ਹੋਰਨਾਂ ਥਾਵਾਂ ਦੇ ਉਨ੍ਹਾਂ ਘੁਲਾਟੀਆਂ ਦੀ ਭਾਰਤ ਦੇ ਸੰਵਿਧਾਨ ਨਾਲ ਆਪਣੀ ਨਵੀਂ ਸਮਝ ਰਾਹੀਂ ਬਣਾਈ ਵਾਬਸਤਗੀ ਦਾ ਤਾਮੀਰ ਹੋਣਾ। ਉਹ ਅਕਸਰ ਕਿਸੇ ਅਡੰਬਰੀ ਸੰਵਿਧਾਨ ਤੋਂ ਬਾਗ਼ੀ ਹੋਣ ਦੀਆਂ ਸੁਰਾਂ ਕੱਢਦੇ ਸਨ ਕਿਉਂ ਜੋ ਇਹਦੇ ਥੱਲੇ ਦਹਾਕਿਆਂ ਤੋਂ ਗ਼ਰੀਬ ਦੀ ਮਿਹਨਤ ਦਾ ਮੁੱਲ ਨਹੀਂ ਪਿਆ ਪਰ ਧਨਕੁਬੇਰਾਂ ਦੀਆਂ ਹਵੇਲੀਆਂ ਉਸਰਦੀਆਂ ਰਹੀਆਂ। ਇਨ੍ਹਾਂ ਧਿਰਾਂ ਦਾ ਸੰਵਿਧਾਨ ਨੂੰ ਜਨਤਕ ਪਾਰੇ ’ਚ ਉਤਾਰਨਾ ਅਤੇ ਇਹਨੂੰ ਇੱਕ ਨਵੀਂ ਬਰਾਬਰੀ ਦੀ ਦੁਨੀਆਂ ਸਿਰਜਣ ਦਾ ਹਥਿਆਰ ਬਣਾਉਣਾ ਘੋਲ ਦੀ ਵੱਡੀ ਜਿੱਤ ਹੈ।

ਦਸ ਮੈਂ ਗਿਣੀਆਂ, ਵੀਹ ਤੁਸੀਂ ਗਿਣਾ ਸਕਦੇ ਹੋ, ਪਰ ਕੁਝ ਅਗਲੇਰੀ ਬਹਿਸ ਦੇ ਨੁਕਤੇ ਵੀ ਏਥੇ ਚਿੰਨ੍ਹ ਦੇਈਏ। ਜਦੋਂ ਕੈਨੇਡਾ ਦਾ ਟਰੂਡੋ ਜਾਂ ਬਰਤਾਨੀਆ ਦੇ ਐੱਮਪੀ ਕਿਸਾਨਾਂ ਨਾਲ ਖੜ੍ਹਨ ਦੀ ਗੱਲ ਕਰਦੇ ਹਨ ਤਾਂ ਉਹ ਸਾਡੇ ਸਥਾਨਕ ਹਾਕਮਾਂ ਨੂੰ ਵੀ ਕਹਿ ਰਹੇ ਹੁੰਦੇ ਹਨ ਕਿ ਹੱਕੀ ਮੰਗਾਂ ਲਈ ਜਲਸੇ-ਜਲੂਸ-ਧਰਨਿਆਂ-ਮੁਜ਼ਾਹਰਿਆਂ ਉੱਤੇ ਆਏ ਦਿਨ ਹੁੰਦੇ ਪੁਲੀਸ ਲਾਠੀਚਾਰਜ ਅਤੇ ਵਹਿਸ਼ੀ ਹਕੂਮਤੀ ਹਮਲਿਆਂ ਲਈ ਹੁਣ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ। ਬਾਦਲਾਂ, ਕਪਤਾਨਾਂ ਅਤੇ ਕੁਰਸੀ ਦੇ ਬਾਕੀ ਚਾਹਵਾਨਾਂ ਨੂੰ ਵੀ ਇਸ ਸਿੰਘੂ-ਟੀਕਰੀ ਚਿਤਾਵਨੀ ਵੱਲ ਕੰਨ ਧਰਨਾ ਪਵੇਗਾ।

ਕੰਗਨਾ ਤੇ ਮਹਿੰਦਰ ਕੌਰ ਵਿਚਾਲੇ ਬਹਿਸ ਵਿਚ ਜਿਹੜਾ ਬਜ਼ੁਰਗ ਔਰਤ ਦੇ 13 ਕਿਲ੍ਹਿਆਂ ਦੀ ਮਾਲਕ ਹੋਣ ਅਤੇ ਕੰਗਨਾ ਜਿਹੀਆਂ ਨੂੰ ਗੋਹਾ-ਕੂੜਾ ਕਰਨ ਲਈ ਦਿਹਾੜੀ ’ਤੇ ਰੱਖਣ ਵਾਲਾ ਬਿਆਨੀਆ ਚੱਲ ਨਿਕਲਿਆ ਹੈ, ਇਸ ਵਿਚ ਜ਼ਮੀਨਾਂ ਵਾਲਿਆਂ ਅਤੇ ਬੇਜ਼ਮੀਨੇ ਕੰਮੀਆਂ ਵਿਚਲਾ ਸਮਾਜਿਕ ਮੁਕਾਲਮਾ ਸਾਡੀ ਹਾਰ ਦਾ ਸੂਚਕ ਹੈ। ਇੱਥੇ ਦਰੁਸਤੀ ਦੀ ਤੁਰੰਤ ਲੋੜ ਹੈ। ਘੋਲ ਨੇ ਕਿਸਾਨਾਂ ਤੋਂ ਹਾਲੇ ਵਿਸ਼ਾਲ ਰੂਪ ਵਿੱਚ ਕਿਰਤੀਆਂ ਦਾ ਇਨਕਲਾਬ ਬਣਨਾ ਹੈ। ਹਾਲੇ ਤਾਂ ਜੇਲ੍ਹਾਂ ਵਿੱਚ ਬੰਦ ਕੀਤੇ ਹਕ਼-ਸੱਚ ਲਈ ਲੜਦੇ ਘੁਲਾਟੀਏ ਵੀ ਰਿਹਾਅ ਨਹੀਂ ਹੋਏ, ਹਾਲੇ ਕਈ ਲੜਾਈਆਂ ਦਾ ਨਵਾਂ ਮੁਹਾਂਦਰਾ ਬਣਨਾ ਹੈ। ਫਿਲਹਾਲ ਖ਼ਲਕਤ ਦੀ ਨਜ਼ਰ ਗੱਲਬਾਤ ਦੇ ਅਗਲੇ ਗੇੜ ’ਤੇ ਹੈ, ਜਿੱਤਾਂ ਦਾ ਦੌਰ ਬਾਹਰ ਹਨ੍ਹੇਰੀ ਵਾਂਗ ਚੱਲ ਰਿਹਾ ਹੈ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਗੱਲਬਾਤ ਦੇ ਗੇੜਾਂ ਵਿਚਕਾਰ ਇਹ ਸਤਰਾਂ ਉਸ ਦਿਨ ਲਿਖ ਰਿਹਾ ਹੈ ਜਿਸ ਦਿਨ ਨਫ਼ਰਤ ਦੀ ਖੇਤੀ ਲਈ ਜ਼ਮੀਨ ਪੱਧਰੀ ਕਰਨ ਹਿੱਤ ਖ਼ੁਦਾ ਦੇ ਖੰਡਰ ਹੋ ਚੁੱਕੇ ਇੱਕ ਘਰ ਨੂੰ ਰੱਬ ਦਾ ਦੂਜਾ ਆਲੀਸ਼ਾਨ ਘਰ ਬਣਾਉਣ ਲਈ ਢਾਹਿਆ ਗਿਆ ਸੀ।)



Archive

RECENT STORIES