Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੱਕਾਂ ਲਈ ਲੜ ਰਹੇ ਦਲੇਰ ਕਿਸਾਨਾਂ ਦੇ ਨਾਲ ਖੜੀ ਹੈ ‘ਯੂਨਾਈਟਿਡ ਸਿੱਖਜ਼’ ਸਮਾਜ ਸੇਵੀ ਸੰਸਥਾ

Posted on December 8th, 2020

ਤੁਹਾਡੇ ਵਿੱਚੋਂ ਬਹੁਤਿਆਂ ਨੇ ਹੁਣ ਤੱਕ ਭਾਰਤ ਦੇ ਉੱਤਰ ਪੱਛਮੀ ਰਾਜਾਂ ਖਾਸ ਕਰਕੇ ਪੰਜਾਬ ਵਿੱਚ ਕਿਸਾਨਾਂ ਦੀਆਂ ਖਬਰਾਂ ਵੇਖੀਆਂ ਹੋਣਗੀਆਂ ਜੋ ਦੇਸ਼ ਦੇ ਅੰਨਦਾਤਾ ਵਜੋਂ ਜਾਣੇ ਜਾਂਦੇ ਹਨ। ਕਿਸਾਨਾਂ ਦਾ ਜ਼ਮੀਨ ਅਤੇ ਕਿਸਾਨੀ ਦੇ ਅਧਿਕਾਰਾਂ ਦੀ ਰਾਖੀ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਕਿਸਾਨ ਆਪਣੇ ਹੱਕ ਲੈਣ ਲਈ ਸ਼ਾਂਤਮਈ ਸੰਘਰਸ਼ ਕਰਦੇ ਹੋਏ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਡੇਰੇ ਲਾ ਕੇ ਬੈਠੇ ਹਨ।

ਕੇਂਦਰ ਸਰਕਾਰ ਦੁਆਰਾ ਬਣਾਏ ਗਏ ਤਿੰਨ ਤਾਜ਼ਾ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਨੁਕਸਾਨ ਤੋਂ ਬਚਣ ਲਈ ਕਿਸਾਨ ਵੱਡੇ ਪੱਧਰ ’ਤੇ ਪ੍ਰਦਰਸ਼ਨ ਕਰ ਰਹੇ ਹਨ। ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਪ੍ਰਣਾਲੀ ਨੂੰ ਖਤਮ ਕਰਨ ਨਾਲ ਵੱਡੇ ਕਾਰਪੋਰੇਟ ਘਰਾਣੇ ਆਪਣੀਆਂ ਸ਼ਰਤਾਂ ’ਤੇ ਫਸਲ ਖਰੀਦਣਗੇ ਅਤੇ ਕਿਸਾਨਾਂ ਨੂੰ ਉਨਾਂ ਦੀਆਂ ਫਸਲਾਂ ਦਾ ਘੱਟ ਮੁੱਲ ਪ੍ਰਾਪਤ ਹੋਵੇਗਾ। ਮੰਡੀ ਪ੍ਰਣਾਲੀ ਦੇ ਭੰਗ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਨਿਸ਼ਚਤ ਮੁੱਲ ਨਹੀਂ ਮਿਲੇਗਾ। ਇਹ ਕਾਨੂੰਨ ਉਨਾਂ ਆੜਤੀਆਂ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ ਜੋ ਕਿਸਾਨ ਦੇ ਜੀਵਨ ਦਾ ਅਹਿਮ ਅੰਗ ਹਨ। ਆੜਤੀਆ ਕਿਸਾਨ ਦੀਆਂ ਸਾਰੀਆਂ ਹੀ ਵਿੱਤੀ ਲੋੜਾਂ ਪੂਰੀਆਂ ਕਰਦਾ ਹੈ।

ਇਹ ਵਿਰੋਧ ਪ੍ਰਦਰਸ਼ਨ ਅਜੇ ਵੀ ਸਾਂਤਮਈ ਚੱਲ ਰਹੇ ਹਨ ਪਰ ਕਈ ਵਾਰ ਪੁਲਿਸ ਬਲਾਂ ਨੇ ਉਨਾਂ ਦੇ ਬੁਨਿਆਦੀ ਲੋਕਤੰਤਰੀ ਅਧਿਕਾਰਾਂ ਦੇ ਵਿਰੁੱਧ ਹਿੰਸਾ ਦੀ ਵਰਤੋਂ ਕੀਤੀ ਹੈ। ਪੁਲਿਸ ਦੀ ਹਿੰਸਾ ਕਾਰਨ ਸੈਂਕੜੇ ਕਿਸਾਨ ਜ਼ਖਮੀ ਵੀ ਹੋਏ ਹਨ ਪਰ ਫਿਰ ਵੀ ਉਹ ਸ਼ਾਂਤਮਈ ਰਹਿ ਕੇ ਉਨਾਂ ਹੀ ਪੁਲਿਸ ਵਾਲਿਆਂ ਨੂੰ ਵੀ ਲੰਗਰ ਛਕਾ ਰਹੇ ਹਨ ਜੋ ਉਨਾਂ ਉੱਪਰ ਜ਼ੁਲਮ ਕਰਦੇ ਹਨ।

ਯਨਾਈਟਿਡ ਸਿੱਖਜ਼ ਦੇ ਕਾਰਜਕਾਰੀ ਡਾਇਰੈਕਟਰ ਸ. ਜਗਦੀਪ ਸਿੰਘ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਪ੍ਰਸਾਰ ਦੇ ਕਾਰਨ ਕਿਸਾਨਾਂ ਅਤੇ ਉਨਾਂ ਦੇ ਪਰਿਵਾਰਾਂ ਲਈ ਇੱਕ ਅਣਸੁਖਾਵਾਂ ਡਰ ਸਾਹਮਣੇ ਖੜਾ ਹੈ। ਉਹਨਾਂ ਦੀਆਂ ਚਿੰਤਾਵਾਂ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਅਤੇ ਸਰਕਾਰ ਨੂੰ ਆਪਣੇ ਨਾਗਰਿਕਾਂ ਦੀ ਦੇਖਭਾਲ ਦੀ ਇਹ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ।

ਐਮਰਜੈਂਸੀ ਦੇ ਇਸ ਸਮੇਂ ਵਿਚ ਯੂਨਾਈਟਿਡ ਸਿੱਖਸ ਦੀਆਂ ਟੀਮਾਂ ਇਨਾਂ ਦਲੇਰ ਕਿਸਾਨਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਦੀ ਪੇਸ਼ਕਸ਼ ਕਰ ਰਹੀਆਂ ਹਨ। ਯੂਨਾਈਟਿਡ ਸਿੱਖਸ ਚੌਵੀ ਘੰਟੇ ਐਮਰਜੈਂਸੀ ਅਤੇ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਅਸੀਂ ਇਸ ਚੁਣੌਤੀ ਭਰੇ ਸਮੇਂ ਦੌਰਾਨ ਲੰਗਰ (ਭੋਜਨ, ਪਾਣੀ), ਮੈਡੀਕਲ ਸੇਵਾਵਾਂ (ਅਰਜੈਂਟ ਕੇਅਰ, ਐਂਬੂਲੈਂਸ ਸਹਾਇਤਾ, ਦਵਾਈਆਂ) ਅਤੇ ਪੀ.ਪੀ.ਈ. ਜਰੂਰਤ ਦਾ ਸਮਾਨ (ਮਾਸਕ, ਸੈਨੀਟਾਈਜਰ) ਪ੍ਰਦਾਨ ਕਰ ਰਹੇ ਹਾਂ।

ਇਸ ਮਾਰਚ ਦੌਰਾਨ ਸੇਵਾਦਾਰਾਂ ਅਤੇ ਡਾਕਟਰਾਂ ਦੀਆਂ ਵਾਲੰਟੀਅਰ ਟੀਮਾਂ ਪੰਜਾਬ ਅਤੇ ਦਿੱਲੀ ਤੋਂ ਉਪਲਬਧ ਹਨ। ਸਾਡੀਆਂ ਕਾਨੂੰਨੀ ਟੀਮਾਂ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਸੇਵਾ ਲਈ ਤਿਆਰ-ਬਰ ਤਿਆਰ ਹਨ। ਯੂਨਾਈਟਿਡ ਸਿੱਖਜ਼ ਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਐਂਬੂਲੈਂਸਾਂ ਅਤੇ ਮੈਡੀਕਲ ਕੈਂਪ ਰੋਜ਼ਾਨਾ 1,000 ਤੋਂ ਵੱਧ ਕਿਸਾਨਾਂ ਦੀ ਸੇਵਾ ਕਰਦੇ ਹਨ। ਕਈ ਟੈਂਕਰ ਰੋਜ਼ਾਨਾ 10,000 ਤੋਂ ਵੱਧ ਕਿਸਾਨਾਂ ਨੂੰ 100,000 ਲੀਟਰ ਤਾਜ਼ਾ ਪਾਣੀ ਪ੍ਰਦਾਨ ਕਰਦੇ ਹਨ। ਉਨਾਂ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਪੰਜਾਬ ਦੇ ਨਾਲ-ਨਾਲ ਦਿੱਲੀ ਆਏ।

ਜਦੋਂ ਕਿਸਾਨਾਂ ਦਾ ਪਹਿਲਾ ਜੱਥਾ ਦਿੱਲੀ ਪਹੁੰਚਿਆ ਤਾਂ ਅਸੀਂ ਬੁਰਾੜੀ ਕੈਂਪ ਵਿਚ ਪਹਿਲਾਂ ਹੀ ਪਹੁੰਚ ਚੁੱਕੇ ਸੀ । ਅਸੀਂ ਪੰਜਾਬ ਵਿਚ ਕਿਸਾਨੀ ਸੰਘਰਸ਼ ਦੇ ਸ਼ੁਰੂ ਹੋਣ ਤੋਂ ਹੀ ਸੇਵਾ ਕਾਰਜ ਸ਼ੁਰੂ ਕਰ ਦਿੱਤੇ ਸਨ ਅਤੇ ਹੁਣ ਅਸੀਂ ਗੱਦੇ, ਕੰਬਲ, ਲੰਗਰ ਵੀ ਪ੍ਰਦਾਨ ਕਰ ਰਹੇ ਹਾਂ। ਠੰਡ ਦਾ ਮੁਕਾਬਲਾ ਕਰਨ ਲਈ ਅਸੀਂ ਮਰਦ ਅਤੇ ਔਰਤਾਂ ਦੋਵਾਂ ਲਈ ਥਰਮਲ ਵੀ ਪ੍ਰਦਾਨ ਕੀਤੇ ਹਨ।

ਉਨਾਂ ਦੱਸਿਆ ਕਿ ਪੰਜਾਬ ਦੇ ਸੁਨਾਮ ਤੋਂ ਜਸਪ੍ਰੀਤ ਅਤੇ ਗੁਰਪ੍ਰੀਤ ਸਿੰਘ, ਦਿੱਲੀ ਜਾ ਰਹੇ ਹਾਦਸਾਗ੍ਰਸਤ ਹੋ ਗਏ ਸਨ। ਸਾਡੀ ਟੀਮ ਉਨਾਂ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਕੇ ਗਈ। ਉਨਾਂ ਦਾ ਐਮਰਜੈਂਸੀ ਇਲਾਜ ਕੀਤਾ ਗਿਆ ਸੀ ਅਤੇ ਹੁਣ ਉਹ ਖਤਰੇ ਤੋਂ ਬਾਹਰ ਹਨ ਪਰ ਅਜੇ ਵੀ ਇਲਾਜ ਅਧੀਨ ਹਨ।

ਤੁਹਾਡਾ ਸਮਰਥਨ ਇਸ ਸੰਘਰਸ਼ ਦੀ ਸਫਲਤਾ ਵਿਚ ਯੋਗਦਾਨ ਹੋਵੇਗਾ। ਸੋ ਨਿਰਭਉ ਬਣੋ, ਨਿਡਰ ਬਣੋ ਅਤੇ ਸਾਡੀ ਮੁਹਿੰਮ ਦਾ ਸਮਰਥਨ ਕਰੋ ਜਿਵੇਂ ਕਿ ਅਸੀਂ ਹਜ਼ਾਰਾਂ ਕਿਸਾਨਾਂ ਦੇ ਨਿਰਭੈ ਕਾਰਜਾਂ ਵਿੱਚ ਸਹਾਇਤਾ ਕਰਦੇ ਹਾਂ ਅਤੇ ਸੇਵਾ ਦੀ ਪ੍ਰੇਰਨਾ ਲੈਂਦੇ ਹਾਂ। ਇਹ ਸਾਰੇ ਕਾਰਜ ਤੁਹਾਡੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚੜ ਸਕਦੇ |

UNITED SIKHS

1.888.243.1690

www.unitedsikhs.org

contact@unitedsikhs.org



Archive

RECENT STORIES