Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਹੁਜਨ ਸਮਾਜ ਪਾਰਟੀ ਨੇ ਕਿਸਾਨ ਮੋਰਚੇ ਦੀ ਸਫਲਤਾ ਲਈ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਅਰਦਾਸ

Posted on December 23rd, 2020

ਅੰਮ੍ਰਿਤਸਰ (ਪ੍ਰੋ. ਬਲਵਿੰਦਰ ਪਾਲ ਸਿੰਘ)- ਬਸਪਾ ਪੰਜਾਬ ਦੇ ਮੁਖੀ ਜਥੇਦਾਰ ਜਸਬੀਰ ਸਿੰਘ ਗੜ੍ਹੀ ਦਾ ਖਾਲਸਾ ਪੰਥ ਤੇ ਬਹੁਜਨ ਏਕਤਾ ਵਿਚ ਵੱਡਾ ਯੋਗਦਾਨ ਹੈ। ਕਿਸਾਨ ਲਹਿਰ ਵਿਚ ਰਵਿਦਾਸ ਗੁਰੂ ਘਰ, ਬਹੁਜਨ ਸਮਾਜ ਵਿਸ਼ਵ ਪੱਧਰ ਉਪਰ ਜਥੇਦਾਰ ਗੜ੍ਹੀ ਕਾਰਣ ਵੱਡਾ ਯੋਗਦਾਨ ਪਾ ਰਹੇ ਹਨ। ਭਾਜਪਾ ਦੇ ਦਲਿਤਵਾਦ ਨੂੰ ਜਥੇਦਾਰ ਗੜੀ ਦੀ ਅਗਵਾਈ ਵਿਚ ਪੰਜਾਬ ਦੀ ਧਰਤੀ ਉਪਰ ਨੱਥ ਪਾਈ ਗਈ ਹੈ। ਬਹੁਜਨ ਦਾ ਪੰਜਾਬ ਵਿਚ ਇਤਿਹਾਸ ਪੰਥ ਤੇ ਪੰਜਾਬ ਪੱਖੀ ਰਿਹਾ ਹੈ।

ਹੁਣ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਕਿਸਾਨ ਸੰਘਰਸ਼ ਦੀ ਜਿੱਤ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਸਮਰਥਕ ਹਾਜ਼ਿਰ ਹੋਏ। ਬਸਪਾ ਪੰਜਾਬ ਵਲੋਂ ਕਿਸਾਨਾਂ ਦੇ ਹਿਤ ਵਿਚ ਲਈ ਦੇਗ ਕਰਵਾ ਕੇ ਅਕਾਲਪੁਰਖ ਅੱਗੇ ਅਰਦਾਸ ਕੀਤੀ।

ਇਸ ਮੌਕੇ ਪੰਜਾਬ ਪ੍ਰਧਾਨ ਸ. ਗੜ੍ਹੀ ਨੇ ਕਿਹਾ ਕਿ ਕਿਸਾਨ ਸੰਘਰਸ਼ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ 26 ਦਿਨਾਂ ਤੋਂ ਰਾਜਧਾਨੀ ਦਿੱਲੀ ਵਿਖੇ ਆਪਣਾ ਪੱਖ ਰੱਖਣ ਗਏ ਹੋਏ ਸਨ ਲੇਕਿਨ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਰੇਂਗੀ ਸਗੋਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਖੌਤੀ ਪ੍ਰਧਾਨ ਸੇਵਕ ਭਗਵਾਂਕਾਰੀ ਤੇ ਸਰਮਾਏਦਾਰੀ ਨੀਤੀਆਂ ਦੀ ਪਾਲਣਾ ਪੋਸ਼ਣਾ ਹਿਤ ਕਿਸਾਨ ਸੰਘਰਸ਼ ਨਾਲ ਨਿੱਤ ਨਵੀਆਂ ਝੇਡਾਂ ਕਰ ਰਿਹਾ ਹੈ।

ਤਾਜ਼ਾ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਰਕਾਬ ਗੰਜ ਵਿਖੇ ਨਤਮਸਤਕ ਹੋਣ ਗਿਆ। ਬਸਪਾ ਦਾ ਮੰਨਣਾ ਹੈ ਕਿ ਗੁਰੂਆਂ ਨੂੰ ਨਤਮਸਤਕ ਹੋਣ ਗੁਰੂ ਘਰ ਕੋਈ ਵੀ ਜਾ ਸਕਦਾ ਹੈ, ਪ੍ਰੰਤੂ ਪ੍ਰਧਾਨ ਮੰਤਰੀ ਦੱਸੇ ਕਿ ਪਿਛਲੇ 8 ਸਾਲਾਂ ਦੀ ਸਰਕਾਰ ਵਿਚ ਕਿਸ ਇਤਹਾਸਿਕ ਦਿਹਾੜੇ ਮੌਕੇ ਦਿੱਲੀ ਵਿਖੇ ਨਤਮਸਤਕ ਹੋਣ ਗਏ?

ਭਾਜਪਾ ਸਰਕਾਰ ਦੀ ਪਿਛਲੀ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਵਿਚ ਸਿੱਖ ਚੇਹਰਿਆਂ ਨਾਲ ਮੁਲਾਕਾਤ ਕਰਕੇ ਕਿਸਾਨ ਸੰਘਰਸ਼ ਨੂੰ ਛੋਟਾ ਕਰਨ ਦੀ ਕੋਝੀ ਹਰਕਤ ਕਰ ਰਿਹਾ ਸੀ। ਇਸ ਲੜੀ ਵਿਚ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨਾ ਜਾਂ ਵਿਦੇਸ਼ੀ ਫੰਡਿੰਗ ਵਰਗੀਆਂ ਅਫਵਾਹਾਂ ਫੈਲਾ ਕੇ ਕੋਝੀਆਂ ਹਰਕਤਾਂ ਦਾ ਕਾਲਾ ਇਤਿਹਾਸ ਭਾਜਪਾ ਸਰਕਾਰ ਲਿਖ ਰਹੀ ਹੈ। ਜਦਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਕਿਸਾਨ ਪੰਜਾਬ-ਹਰਿਆਣਾ ਅਤੇ ਅੱਜ ਪੂਰੇ ਦੇਸ਼ ਵਿਚ ਕਹਿਰ ਦੀਆ ਠੰਡੀਆਂ ਹੱਡ ਕੜਕਣ ਵਾਲੀਆਂ ਰਾਤਾਂ ਵਿੱਚ ਬਜ਼ੁਰਗਾਂ, ਔਰਤਾਂ ਤੇ ਬੱਚਿਆ ਸਮੇਤ ਸੰਘਰਸ਼ ਕਰ ਰਹੇ ਹਨ ਲੇਕਿਨ ਭਾਜਪਾ ਸਰਕਾਰ ਦੇਸ਼ਵਾਸੀਆਂ ਨੂੰ ਦੁਰਕਾਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ। ਇਸ ਬੇਗਾਨਗੀ ਵਿਚ ਸੰਘਰਸ਼ ਦੌਰਾਨ 30 ਤੋਂ ਜਿਆਦਾ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ, ਜਿਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਅਰਦਾਸ ਕੀਤੀ ਗਈ। ਇਸ ਸੰਘਰਸ਼ ਲਈ ਬਸਪਾ ਪੰਜਾਬ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਲਈ ਲਗਾਤਾਰ ਜਨ ਸੰਪਰਕ ਪਰਚਾਰ ਮੁਹਿੰਮ ਜਾਰੀ ਰੱਖੇਗੀ।

ਇਸ ਮੌਕੇ ਸੂਬਾ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਤੇ ਸਾਬਕਾ ਪੰਜਾਬ ਪ੍ਰਧਾਨ ਗੁਰਲਾਲ ਸੈਲਾ ਜੀ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਹੋਈਆਂ ਸਾਰੀਆਂ ਮੌਤਾਂ ਦੀ ਜਿੰਮੇਵਾਰ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਨੂੰ ਗਿਣਿਆ ਜਾਵੇ। ਮਨਜੀਤ ਸਿੰਘ ਅਟਵਾਲ, ਸਵਿੰਦਰ ਸਿੰਘ ਛੱਜਲਵੰਡੀ, ਗੁਰਬਖ਼ਸ਼ ਮਹੇ, ਤਾਰਾ ਚੰਦ ਭਗਤ, ਕੁਲਵਿੰਦਰ ਸਿੰਘ ਸਹੋਤਾ, ਰਾਮ ਸਿੰਘ, ਸੁਖਦੇਵ ਸਿੰਘ ਚੌਹਾਨ, ਸੁਰਜੀਤ ਸਿੰਘ ਭੈਲ, ਰਤਨ ਸਿੰਘ, ਜਤਿੰਦਰ ਸਿੰਘ, ਵਰਿਆਮ ਸਿੰਘ, ਝੰਝੋਤੀ, ਅਮਰੀਕ ਸਿੰਘ ਸਿੱਧੂ, ਪ੍ਰਿੰਸੀਪਲ ਨਰਿੰਦਰ ਸਿੰਘ, ਮੁਕੇਸ਼ ਕੁਮਾਰ, ਵੱਸਣ ਸਿੰਘ, ਹਜ਼ੂਰ ਸਿੰਘ, ਸੋਨੂੰ ਮੋਰੀਆਂ, ਅਮਰਜੀਤ ਸਿੰਘ ਆਦਿ ਹਾਜ਼ਿਰ ਸਨ।



Archive

RECENT STORIES