Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਗਰੂਰ ’ਚ ਵਿਸ਼ਵ ਹਿੰਦੂ ਪਰਿਸ਼ਦ ਦੀ ਮੀਟਿੰਗ ਦਾ ਘਿਰਾਓ

Posted on December 27th, 2020

ਸੰਗਰੂਰ ਤੋਂ ਪੱਤਰਕਾਰ ਗੁਰਦੀਪ ਸਿੰਘ ਲਾਲੀ ਦੀ ਖਬਰ ਮੁਤਾਬਕ ਸਥਾਨਕ ਹਨੂੰਮਾਨ ਮੰਦਰ ਵਿੱਚ ਹੋ ਰਹੀ ਵਿਸ਼ਵ ਹਿੰਦੂ ਪਰਿਸ਼ਦ ਦੀ ਮੀਟਿੰਗ ਦਾ ਕਿਸਾਨਾਂ ਨੇ ਘਿਰਾਓ ਕੀਤਾ। ਪੁਲੀਸ ਦੇ ਨਾਕੇ ਤੋੜਦਿਆਂ ਮੰਦਰ ਅੱਗੇ ਪੁੱਜੇ ਕਿਸਾਨਾਂ ਦੀ ਪੁਲੀਸ ਨਾਲ ਕੁੱਝ ਖਿੱਚ-ਧੂਹ ਵੀ ਹੋਈ।

ਕਿਸਾਨਾਂ ਨੇ ਕਰੀਬ ਇੱਕ ਘੰਟਾ ਮੰਦਰ ਅੱਗੇ ਰੋਸ ਧਰਨਾ ਦਿੰਦਿਆਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਾਲਾਤ ਤਣਾਅਪੂਰਨ ਹੁੰਦਿਆਂ ਮੌਕੇ ’ਤੇ ਪੁੱਜੇ ਡੀਐੱਸਪੀ ਸੱਤਪਾਲ ਸ਼ਰਮਾ ਅਤੇ ਥਾਣਾ ਸਿਟੀ ਇੰਚਾਰਜ ਗੁਰਵੀਰ ਸਿੰਘ ਨੇ ਕਾਫ਼ੀ ਜੱਦੋਜਹਿਦ ਮਗਰੋਂ ਕਿਸਾਨਾਂ ਨੂੰ ਮੀਟਿੰਗ ਖ਼ਤਮ ਹੋਣ ਦਾ ਹਵਾਲਾ ਦੇ ਕੇ ਸ਼ਾਂਤ ਕੀਤਾ।

ਜਾਣਕਾਰੀ ਅਨੁਸਾਰ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਰੋਸ ਧਰਨਾ ਲਗਾ ਕੇ ਬੈਠੇ ਹੋਏ ਸਨ। ਜਿਉਂ ਹੀ ਕਿਸਾਨਾਂ ਨੂੰ ਸ਼ਹਿਰ ਦੇ ਹਨੂੰਮਾਨ ਮੰਦਰ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਮੀਟਿੰਗ ਹੋਣ ਸਬੰਧੀ ਪਤਾ ਲੱਗਿਆ ਤਾਂ ਉਹ ਪੁਲੀਸ ਦਾ ਘੇਰਾ ਤੋੜ ਕੇ ਮੰਦਰ ਅੱਗੇ ਪੁੱਜ ਗਏ ਅਤੇ ਰੋਸ ਧਰਨਾ ਲਗਾ ਦਿੱਤਾ। ਇਸ ਮੌਕੇ ਕਿਸਾਨਾਂ ਦੀ ਪੁਲੀਸ ਨਾਲ ਤਕਰਾਰ ਅਤੇ ਖਿੱਚ-ਧੂਹ ਵੀ ਹੋਈ।

ਯੂਨੀਅਨ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਕਿਸੇ ਧਰਮ ਖ਼ਿਲਾਫ਼ ਨਹੀਂ ਹੈ ਅਤੇ ਕਿਸਾਨ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਪਰ ਭਾਜਪਾ ਧਰਮ ਦੀ ਆੜ ਹੇਠ ਘਟੀਆ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਪੰਜਾਬ ਵਿੱਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਦੀ ਕੋਈ ਮੀਟਿੰਗ ਜਾਂ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ ਪਰ ਜਾਣਬੁੱਝ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ’ਤੇ ਪੁਲੀਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਮੰਦਰ ਦੇ ਅੰਦਰ ਲਿਜਾ ਕੇ ਭਰੋਸਾ ਦਿੱਤਾ ਕਿ ਇੱਥੇ ਕੋਈ ਮੀਟਿੰਗ ਨਹੀਂ ਹੋ ਰਹੀ ਹੈ, ਜਿਸ ਮਗਰੋਂ ਕਿਸਾਨਾਂ ਨੇ ਮੰਦਰ ਦਾ ਘਿਰਾਓ ਖ਼ਤਮ ਕੀਤਾ। ਜਾਣਕਾਰੀ ਅਨੁਸਾਰ ਘਿਰਾਓ ਦ ਪਤਾ ਲੱਗਦਿਆਂ ਹੀ ਮੀਟਿੰਗ ਕਰ ਰਹੇ ਆਗੂ ਇਧਰ-ਉਧਰ ਹੋ ਗਏ ਸਨ।

ਵਿਸ਼ਵ ਹਿੰਦੂ ਪਰਿਸ਼ਦ ਦੇ ਸੂਬਾ ਕਾਰਜਕਾਰੀ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਘਿਰਾਓ ਕਰਨ ਵਾਲੇ ਕਿਸਾਨ ਨਹੀਂ, ਸਗੋਂ ਕਿਸਾਨਾਂ ਦੇ ਭੇਸ ਵਿੱਚ ਕਾਂਗਰਸੀ ਅਤੇ ਕਾਮਰੇਡ ਸਨ, ਜੋ ਲੋਕਾਂ ਨੂੰ ਗੁਮਰਾਹ ਕਰਨ ਲਈ ਕਿਸਾਨਾਂ ਦਾ ਚੋਲਾ ਪਾ ਕੇ ਆਏ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਅਗਵਾਈ ਹੇਠ ਕਾਮਰੇਡਾਂ ਨੇ ਮੰਦਰ ਉਪਰ ਹਮਲੇ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਅਜਿਹੀਆਂ ਹਰਕਤਾਂ ਨੂੰ ਭਲੀ-ਭਾਂਤ ਸਮਝ ਗਿਆ ਹੈ ਅਤੇ ਉਨ੍ਹਾਂ ਦੇ ਮਨ ਵਿੱਚ ਕਾਂਗਰਸ ਅਤੇ ਕਾਮਰੇਡਾਂ ਖ਼ਿਲਾਫ਼ ਨਫ਼ਰਤ ਵਧ ਰਹੀ ਹੈ।



Archive

RECENT STORIES