Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉਹ ਤਾਂ ਸਿਰਫ 14 ਸਾਲ ਦਾ ਬੱਚਾ ਸੀ...ਉਸਦੇ ਗੋਲੀਆਂ ਥੋੜਾ ਮਾਰਨੀਆਂ ਚਾਹੀਦੀਆਂ ਸਨ...!

Posted on December 30th, 2020

14 ਸਾਲਾ ਟੈਕੁਇਲ ਵਿਲਿਸ ਦੀ ਪੁਰਾਣੀ ਤਸਵੀਰ

ਸਰੀ । ਗੁਰਪ੍ਰੀਤ ਸਿੰਘ ਸਹੋਤਾ

ਸੋਮਵਾਰ ਸ਼ਾਮ ਸਰੀ ਦੀ 148 ਸਟਰੀਟ ਅਤੇ 110 ਐਵੇਨਿਊ ਲਾਗੇ ਗੋਲ਼ੀਆਂ ਵੱਜਣ ਕਾਰਨ ਹਲਾਕ ਹੋਏ ਮੁੰਡੇ ਦੀ ਉਮਰ ਸਿਰਫ 14 ਸਾਲ ਸੀ, ਜੋ ਕਿ ਬਰਨਬੀ ਤੋਂ ਸੀ ਅਤੇ ਆਪਣੀ ਮਾਂ ਨਾਲ ਰਹਿੰਦਾ ਸੀ।

ਇਸ ਬੱਚੇ ਦੀ ਪਛਾਣ ਟੈਕੁਇਲ ਵਿਲਿਸ ਵਜੋਂ ਕੀਤੀ ਗਈ ਹੈ। ਉਹ ਇੱਕ ਟੈਕਸੀ ਲੈ ਕੇ ਸਰੀ ਆਇਆ ਸੀ, ਜਿਸ 'ਚੋਂ ਉਤਰਦਿਆਂ ਹੀ ਉਸਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਟੈਕਸੀ ਚਾਲਕ ਠੀਕ-ਠਾਕ ਹੈ।

ਕੀ ਕੋਈ 14 ਸਾਲ ਦੇ ਬੱਚੇ ਦੇ ਗੋਲੀਆਂ ਮਾਰ ਸਕਦਾ ਹੈ? 14 ਸਾਲ ਦੇ ਬੱਚੇ ਨੇ ਕਿੱਡੇ ਕੁ ਗੁਨਾਹ ਕਰ ਦਿੱਤੇ ਹੋਣਗੇ ਕਿ ਉਸਨੂੰ ਮਾਰਨਾ ਪਿਆ? ਇਹ ਸਵਾਲ ਲੋਕਾਂ ਦੇ ਮਨਾਂ 'ਚ ਉਪਜ ਰਹੇ ਹਨ।

ਪਿਤਾ ਡੇਵਿਡ ਵੇਜ਼ਗਾਰਬਰ ਨੇ ਰੋਂਦਿਆਂ ਕਿਹਾ ਕਿ ਮੇਰਾ ਪੁੱਤ ਚੰਗਾ ਮੁੰਡਾ ਸੀ, ਮੈਨੂੰ ਪਤਾ ਉਹ ਗਲਤ ਰਾਹ ਪੈ ਗਿਆ ਸੀ, ਮੈਂ ਉਸਨੂੰ ਰੋਕਿਆ ਵੀ, ਲੋਕਾਂ ਨੂੰ ਵੀ ਦੱਸਿਆ ਪਰ ਕਦੇ ਇਹ ਨਹੀਂ ਸੀ ਸੋਚਿਆ ਕਿ ਕੋਈ ਉਸਨੂੰ ਇਸ ਕਾਰਨ ਮਾਰ ਦੇਵੇਗਾ, ਉਹ ਤਾਂ ਸਿਰਫ 14 ਸਾਲ ਦਾ ਬੱਚਾ ਸੀ। ਬੱਚੇ ਨਾਲ ਇੰਝ ਥੋੜਾ ਕਰਨਾ ਚਾਹੀਦਾ ਸੀ।

ਪਿਤਾ ਨੇ ਕਿਹਾ ਕਿ ਮੇਰਾ ਪੁੱਤ ਨਕਾਰਾ ਸਿਸਟਮ ਕਾਰਨ ਚਲਿਆ ਗਿਆ। ਉਸਦੀ ਜ਼ਿੰਦਗੀ ਕੁਝ ਸਖਤ ਸੀ, ਆਪਣੀ ਮਾਂ ਨਾਲ ਹੀ ਰਹਿੰਦਾ ਸੀ ਪਰ ਉਸਨੂੰ ਮਾਰਨਾ ਨਹੀਂ ਚਾਹੀਦਾ ਸੀ। ਮੈ ਆਪਣੇ ਪੁੱਤ ਅਤੇ ਉਸ ਵਰਗੇ ਹੋਰਾਂ ਨੂੰ ਬਚਾਉਣ ਲਈ ਬਹੁਤ ਥਾਈਂ ਗਿਆ ਪਰ ਕਿਸੇ ਪਾਸਿਓਂ ਢੁਕਵੀਂ ਮਦਦ ਨਾ ਮਿਲੀ। ਮੈਂ ਓਹਨੂੰ ਵੀ ਸਮਝਾਇਆ ਸੀ ਕਿ ਤੇਰਾ ਨੁਕਸਾਨ ਹੋ ਸਕਦਾ, ਮੈਂ ਜੋ ਕਰ ਸਕਦਾ ਸੀ, ਕੀਤਾ।

ਉਸਨੇ ਮੰਗ ਕੀਤੀ ਕਿ ਪੁਲਿਸ ਉਸਦੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਦੇਵੇ। ਉਹ ਕੋਈ ਬੰਦਾ ਨਹੀਂ ਸੀ, ਜਿਸਦੇ ਗੋਲੀਆਂ ਮਾਰੀਆਂ ਗਈਆਂ, ਉਹ ਤਾਂ ਬੱਚਾ ਸੀ।

ਇਸ ਬੱਚੇ ਦੇ ਕਤਲ ਤੋਂ ਇੱਕ ਰਾਤ ਪਹਿਲਾਂ ਐਤਵਾਰ ਸ਼ਾਮ ਨੂੰ ਸਰੀ ਦੀ 137 ਏ ਸਟਰੀਟ ਅਤੇ 90 ਐਵੇਨਿਊ ਨਜ਼ਦੀਕ ਚੱਲੀਆਂ ਗੋਲ਼ੀਆਂ ਕਾਰਨ 19 ਸਾਲਾ ਪੰਜਾਬੀ ਨੌਜਵਾਨ ਹਰਮਨ ਸਿੰਘ ਢੇਸੀ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ। ਹਰਮਨ ਸਿੰਘ ਢੇਸੀ ਦੀ ਪੁਰਾਣੀ ਤਸਵੀਰ

ਇਸਤੋਂ ਪਹਿਲਾਂ ਵੀ ਛੋਟੀ ਉਮਰ ਦੇ ਕਈ ਬੱਚੇ ਇਸ ਗੈਂਗ ਹਿੰਸਾ ਦੀ ਭੇਟ ਚੜ੍ਹ ਚੁੱਕੇ ਹਨ ਪਰ 14 ਸਾਲਾ ਦੀ ਮੌਤ ਕਦੇ ਨਹੀਂ ਸੀ ਹੋਈ।

ਜੂਨ 2018 'ਚ ਸਰੀ ਦੇ 16 ਸਾਲਾਂ ਦੇ ਨੌਜਵਾਨ ਜੈਸੀ ਝੂਟੀ ਅਤੇ ਜੇਸਨ ਭੰਗਲ ਵੀ ਗੋਲੀਆਂ ਮਾਰ ਕੇ ਮਾਰੇ ਗਏ ਸਨ, ਜਿਸਦੇ ਰੋਸ ਵਜੋਂ ਭਾਈਚਾਰੇ ਨੇ 'ਵੇਕਅੱਪ ਰੈਲੀ' ਕੱਢ ਕੇ ਸਿਸਟਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਚੋਂ ਸਰੀ ਦੀ ਨਵੀਂ ਪੁਲਿਸ ਨਿਕਲੀ, ਜਿਸਨੇ ਹਾਲੇ ਅਗਲੇ ਸਾਲ ਕੰਮ ਕਰਨਾ ਆਰੰਭਣਾ ਹੈ। ਇਨ੍ਹਾਂ ਮੌਤਾਂ ਨੇ ਭਾਈਚਾਰੇ ਨੂੰ ਮੁੜ ਝੰਜੋੜ ਦਿੱਤਾ ਹੈ। ਹਾਲੇ ਇਸ ਪਾਸੇ ਬਹੁਤ ਕੁਝ ਕਰਨ ਦੀ ਲੋੜ ਹੈ। ਪੁਲਿਸ, ਮਾਪੇ, ਸਿਆਸਤਦਾਨ ਜੇਕਰ ਗੰਭੀਰਤਾ ਨਾਲ ਨਿੱਠ ਕੇ ਇਸ ਬੁਰਾਈ ਦੇ ਖਾਤਮੇ ਵੱਲ ਨਾ ਤੁਰੇ ਤਾਂ ਅਜਿਹੀਆ ਮੌਤਾਂ ਹੋਣੋਂ ਰੁਕਣੀਆਂ ਨਹੀਂ। ਜੂਨ 2018 'ਚ ਮਾਰੇ ਗਏ ਸਰੀ ਦੇ ਦੋ ਬੱਚਿਆਂ ਜੈਸੀ ਝੂਟੀ ਅਤੇ ਜੇਸਨ ਭੰਗਲ ਦੀਆਂ ਤਸਵੀਰਾਂ

14 ਸਾਲਾ ਟੈਕੁਇਲ ਵਿਲਿਸ ਦੀ ਹਿੰਸਕ ਮੌਤ ਸਾਡੇ ਸਭ ਲਈ ਜਾਗ ਜਾਣ ਦਾ ਹਲੂਣਾ ਹੋਣੀ ਚਾਹੀਦੀ ਹੈ। ਟੈਕੁਇਲ ਵਿਲਿਸ ਦੇ ਪਿਤਾ ਨੇ ਵੀ ਸਥਾਨਕ ਭਾਈਚਾਰੇ ਨੂੰ ਹੁਣ ਜਾਗ ਜਾਣ ਦਾ ਹੋਕਾ ਦਿੱਤਾ ਹੈ।



Archive

RECENT STORIES