Posted on January 1st, 2021

ਨਵੀਂ ਦਿੱਲੀ- ਕੜਾਕੇ ਦੀ ਠੰਢ ਦੇ ਬਾਵਜੂਦ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਨੇ 37ਵੇਂ ਦਿਨ ਵੀ ਸੰਘਰਸ਼ ਜਾਰੀ ਰੱਖਿਆ। ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਕੇਂਦਰ ਸਰਕਾਰ ਵੱਲੋਂ ਲੰਘੀ 30 ਦਸੰਬਰ ਨੂੰ ਕਿਸਾਨਾਂ ਨਾਲ ਹੋਈ ਮੀਟਿੰਗ ’ਚ ਜਿਨ੍ਹਾਂ ਮੁੱਦਿਆਂ ਉੱਪਰ ਸਹਿਮਤੀ ਬਣ ਚੁੱਕੀ ਹੈ, ਬਾਰੇ ਅਜੇ ਕੁਝ ਵੀ ਲਿਖਤੀ ਤੌਰ ’ਤੇ ਕੁਝ ਵੀ ਨਹੀਂ ਭੇਜਿਆ ਗਿਆ।
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨਾਲ 4 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਗੱਲ ਨਾ ਬਣੀ ਤਾਂ ਉਹ ਪਹਿਲਾ ਐਕਸ਼ਨ ਕਰਨਗੇ।
ਕਿਸਾਨਾਂ ਵਲੋਂ ਬੋਲਦਿਆਂ ਯੋਗੇਂਦਰ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕਿਸਾਨ ਮੋਰਚੇ ਦੇ ਸਮਰਥਕ ਕਿਸਾਨਾਂ ਨੂੰ ਰੋਕਣ ਲਈ ਗੁਜਰਾਤ ਅਤੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਦਿੱਤੇ ਹਨ ਤੇ ਗੁਜਰਾਤ ਵਿੱਚ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵੀ ਕਿਸਾਨ ਆਗੂਆਂ ਨੂੰ ਰੋਕ ਰਹੀ ਹੈ ਜੋ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਹੈ।
ਆਗੂਆਂ ਨੇ ਕਿਹਾ ਕਿ ਤਿੰਨੋਂ ਕਾਨੂੰਨ ਰੱਦ ਕਰਾਉਣ ਤੇ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ ਤੋਂ ਬਿਨਾਂ ਸੰਘਰਸ਼ ਖਤਮ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਸਰਕਾਰ ਕਿਸਾਨ ਮੋਰਚੇ ਨੂੰ ਸ਼ਾਹੀਨ ਬਾਗ ਮੋਰਚਾ ਸਮਝਣ ਦੀ ਭੁੱਲ ਨਾ ਕਰੇ।
ਹਰਿਆਣਾ ਦੇ ਕਿਸਾਨ ਆਗੂਆਂ ਨੇ ਸੂਬੇ ’ਚ ਸਰਕਾਰ ਡਿੱਗਣ ਤੱਕ ਜੇਜੇਪੀ ਤੇ ਭਾਜਪਾ ਆਗੂਆਂ ਦਾ ਘਿਰਾਓ ਕਰਨ ਤੇ ਦੋ ਵੱਡੇ ਵਪਾਰਕ ਘਰਾਣਿਆਂ ਦੇ ਪੈਟਰੋਲ ਪੰਪਾਂ ਤੇ ਸ਼ਾਪਿੰਗ ਮਾਲਜ਼ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਚਿਤਾਵਨੀ ਦਿੱਤੀ ਕਿ ਗੰਨੇ ਦੇ ਚਾਲੂ ਸੀਜ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗੰਨੇ ਦਾ ਭਾਅ ਤੈਅ ਕਰਕੇ ਹੁਣੇ ਐਲਾਨ ਕਰੇ ਨਹੀਂ ਤਾਂ ਇਹ ਅੰਦੋਲਨ ਦਾ ਮੂੰਹ ਪੰਜਾਬ ਵਿਧਾਨ ਸਭਾ ਵੱਲ ਕਰ ਦਿੱਤਾ ਜਾਵੇਗਾ। ਰਾਏ ਨੇ ਕਿਹਾ ਕਿ ਮਹੀਨਾ ਹੋ ਗਿਆ ਗੰਨੇ ਦਾ ਭਾਅ ਨਾ ਤਾਂ ਕੇਂਦਰ ਤੇ ਨਾ ਹੀ ਪੰਜਾਬ ਸਰਕਾਰ ਨੇ ਤੈਅ ਕੀਤਾ ਹੈ, ਜੇਕਰ ਅਜਿਹਾ ਨਾ ਹੋਇਆ ਤਾਂ ਪੰਜਾਬ ਵਿਚਲੇ ਟਰੈਕਟਰਾਂ ਦਾ ਰੁਖ਼ ਵਿਧਾਨ ਸਭਾ ਵੱਲ ਕਰ ਦਿੱਤਾ ਜਾਵੇਗਾ।
ਡਾ. ਦਰਸ਼ਨਪਾਲ ਨੇ ਕਿਹਾ ਕਿ ਅਡਾਨੀ ਤੇ ਅੰਬਾਨੀ ਦੇ ਉਤਪਾਦਾਂ ਦਾ ਬਾਈਕਾਟ ਜਾਰੀ ਰਹੇਗਾ। ਪੰਜਾਬ ਤੇ ਹਰਿਆਣਾ ਦੇ ਟੌਲ ਪਲਾਜ਼ੇ ਪਰਚੀ ਮੁਕਤ ਰਹਿਣਗੇ ਤੇ ਐੱਨਡੀਏ ਦੇ ਭਾਈਵਾਲਾਂ ਨੂੰ ਭਾਜਪਾ ਤੋਂ ਕਿਨਾਰਾ ਕਰਨ ਲਈ ਦਬਾਅ ਪਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ 4 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਸਿੱਟਿਆਂ ਦੇ ਆਧਾਰ ’ਤੇ ਹੀ 6 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਬਾਰੇ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 7 ਤੋਂ 12 ਜਨਵਰੀ ਤੱਕ ਦੇਸ਼ ਜਾਗ੍ਰਿਤੀ ਮੁਹਿੰਮ ਵਿੱਢੀ ਜਾਵੇਗੀ, 18 ਜਨਵਰੀ ਮਹਿਲਾ ਕਿਸਾਨ ਦਿਵਸ, 23 ਜਨਵਰੀ ਨੂੰ ਸ਼ਹੀਦ ਚੰਦਰ ਸ਼ੇਖਰ ਬੋਸ ਦਾ ਜਨਮ ਦਿਹਾੜਾ ਕਿਸਾਨ ਚੇਤਨਾ ਦਿਵਸ ਵਜੋਂ ਮਨਾਇਆ ਜਾਵੇਗਾ।
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਰਕਾਰ ਕਿਸਾਨ ਜਥੇਬੰਦੀਆਂ ਨਾਲ 4 ਜਨਵਰੀ ਨੂੰ ਹੋਣ ਵਾਲੀ ਬੈਠਕ ’ਚੋਂ ਹਾਂ-ਪੱਖੀ ਨਤੀਜੇ ਨਿਕਲਣ ਪ੍ਰਤੀ ਆਸਵੰਦ ਹੈ। ਉਂਜ ਉਨ੍ਹਾਂ ਇਹ ਭਵਿੱਖਬਾਣੀ ਕਰਨ ਤੋਂ ਗੁਰੇਜ਼ ਕੀਤਾ ਕਿ ਸੱਤਵੇਂ ਗੇੜ ਦੀ ਗੱਲਬਾਤ ਆਖਰੀ ਹੋਵੇਗੀ ਅਤੇ ਕਿਹਾ ਕਿ ਉਹ ਕੋਈ ਜੋਤਸ਼ੀ ਨਹੀਂ ਹਨ।

Posted on January 12th, 2026

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025