Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

6 ਜਨਵਰੀ: ਕੌਮ ਦੀ ਢੱਠੀ ਪੱਗ ਸਿਰ ਟਿਕਾਉਣ ਵਾਲਿਆਂ ਨੂੰ ਯਾਦ ਕਰਦਿਆਂ

Posted on January 5th, 2021

ਜੂਨ, 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਧਾਮਾਂ ‘ਤੇ ਟੈਂਕਾਂ-ਤੋਪਾਂ ਨਾਲ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਬੜਾ ਦੁਖਦਾਈ ਅਨੁਭਵ ਕਰਵਾਇਆ। ਸਿੱਖ ਕੌਮ ਦਾ ਬੱਚਾ-ਬੱਚਾ ਅੱਖਾਂ ਵਿੱਚੋਂ ਹੰਝੂ ਕੇਰਦਾ, ਇਸ ਸਿੱਖੀ ਅਪਮਾਨ ਦਾ ਬਦਲਾ ਲੈਣ ਦੇ ਰੌਂਅ ਵਿੱਚ ਸੀ। 31 ਅਕਤੂਬਰ ਨੂੰ ਗੁਰੂ ਕੇ ਲਾਲਾਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਦਿੱਲੀ ਸਾਮਰਾਜ ਦੀ ਪਟਰਾਣੀ ਇੰਦਰਾ ਗਾਂਧੀ ਨੂੰ ਉਸ ਦੀ ਬਣਦੀ ਸਜ਼ਾ ਦਿੱਤੀ।

ਇੰਦਰਾ ਗਾਂਧੀ ਦੇ ਨਾਲ ਜਾ ਰਹੇ ਕਿਸੇ ਹੋਰ ਨੂੰ ਕੋਈ ਗੋਲੀ ਨਹੀਂ ਲੱਗੀ, ਕਿਸੇ ਹੋਰ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ। ਇਹ ਸੀ ਸਿੱਖ ਇਨਸਾਫ਼ ਦਾ ਤਰਾਜੂ (ਤੱਕੜੀ)।

31 ਅਕਤੂਬਰ 1984 ਨੂੰ ਭਾਈ ਬੇਅੰਤ ਸਿੰਘ ਨੇ ਸ਼ਹੀਦੀ ਜਾਮ ਪੀਤਾ ਅਤੇ 6 ਜਨਵਰੀ, 1989 ਨੂੰ ਕੌਮ ਦੇ ਮਹਾਨ ਸੂਰਬੀਰਾਂ ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਆਪਣੇ ਗਲ਼ੇ ਵਿੱਚ ਪਾਇਆ।

ਬਜ਼ੁਰਗ ਕਿਹਰ ਸਿੰਘ, ਭਾਈ ਬੇਅੰਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਸਨ ਤੇ ਭਾਈ ਕੇਹਰ ਸਿੰਘ 'ਤੇ ਦੋਸ਼ ਇਹ ਲਾਇਆ ਗਿਆ ਕਿ ਉਨ੍ਹਾਂ ਨੇ ਭਾਈ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਦਿੱਤੀ ਤੇ ਇਸ ਤਰ੍ਹਾਂ ਕਰਕੇ ਭਾਈ ਬੇਅੰਤ ਸਿੰਘ ‘ਦਹਿਸ਼ਤਗਰਦ’ ਬਣ ਗਿਆ।

ਦੁਨੀਆਂ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਰਾਇ ਸੀ ਕਿ ਭਾਈ ਕਿਹਰ ਸਿੰਘ ਨੂੰ ਫਾਂਸੀ ਬਿਲਕੁਲ ਨਜਾਇਜ਼ ਦਿੱਤੀ ਗਈ ਜਦੋਂ ਕਿ ਉਹਨਾਂ ਦਾ ਇੰਦਰਾ ਗਾਂਧੀ ਕਤਲ ਵਿੱਚ ਕੋਈ ਹੱਥ ਸਾਬਤ ਨਹੀਂ ਸੀ ਹੁੰਦਾ। ਫਿਰ ਵੀ ਭਾਈ ਕਿਹਰ ਸਿੰਘ ਹੋਰਾਂ ਨੇ ਕਮਾਲ ਦਾ ਸਿਦਕ, ਸਬਰ ਦਿਖਾਉਂਦਿਆਂ, ਗੁਰੂ ਦਾ ਭਾਣਾ ਸਮਝ ਕੇ ਹੱਸ ਕੇ ਮੌਤ ਨੂੰ ਗਲ਼ ਨਾਲ ਲਾਇਆ।

ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਦਿਆਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ, ਜਿਸ ਦੀ ਮੰਗਣੀ ਭਾਈ ਸਤਵੰਤ ਸਿੰਘ ਹੋਰਾਂ ਨਾਲ ਹੋਈ ਹੋਈ ਸੀ ਜਦੋਂ ਸੂਰਮਿਆਂ ਨੇ ਇਹ ਇਤਿਹਾਸਕ ਕਾਰਨਾਮਾ ਕਰ ਵਿਖਾਇਆ। ਅਕਸਰ ਅਸੀੰ ਸ਼ਹੀਦਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀਆਂ ਪਤਨੀਆਂ, ਮਾਂਵਾਂ, ਭੈਣਾਂ ਤੇ ਬੇਟੀਆਂ ਦਾ ਜ਼ਿਕਰ ਕਰਨੋਂ ਰਹਿ ਜਾਂਦੇ ਹਾਂ, ਜਿਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੋਇਆ ਕਰਦੀ ਹੈ।

ਮਾਤਾ-ਪਿਤਾ, ਸੱਸ-ਸਹੁਰਾ ਤੇ ਧਾਰਮਿਕ ਸਖਸ਼ੀਅਤਾਂ ਵਲੋਂ ਮਨ੍ਹਾਂ ਕਰਨ ਦੇ ਬਾਵਜੂਦ ਬੀਬੀ ਸੁਰਿੰਦਰ ਕੌਰ ਜੀ ਆਪਣੇ ਇਸ ਪ੍ਰਣ ‘ਤੇ ਡਟੇ ਰਹੇ ਕਿ ਉਹ ਭਾਈ ਸਤਵੰਤ ਸਿੰਘ ਨੂੰ ਪਤੀ ਮੰਨਦੇ ਹਨ ਅਤੇ ਉਨ੍ਹਾਂ ਦੇ ਨਾਂ ‘ਤੇ ਹੀ ਜ਼ਿੰਦਗੀ ਗੁਜ਼ਾਰਨਗੇ।

ਜੇਲ੍ਹ ਅਧਿਕਾਰੀਆਂ ਵਲੋਂ ਵਿਆਹ ਦੀ ਆਗਿਆ ਨਾ ਮਿਲਣ ‘ਤੇ ਬੀਬੀ ਜੀ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਚਾਰ ਲਾਵਾਂ ਲੈ ਕੇ ਸਿੱਖ ਇਤਿਹਾਸ ਅੰਦਰ 'ਅਲੋਕਾਰ ਸੁਹਾਗਣ' ਹੋਣ ਦਾ ਮਾਣ ਹਾਸਲ ਕੀਤਾ। ਅੰਤ ਬੀਬੀ ਸੁਰਿੰਦਰ ਕੌਰ ਵੀ ਕੈਂਸਰ ਦੀ ਬਿਮਾਰੀ ਨਾਲ ਜੱਦੋਜਹਿਦ ਕਰਦਿਆਂ ਗੁਰਪੁਰੀ ਸਿਧਾਰ ਗਏ।

ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਖਾਲਸਾ ਪੰਥ ਆਪਣੇ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ।

'ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਿਆਤ (ਜ਼ਿੰਦਗੀ) ਹੈ। ਹਿਆਤ ਤੋ ਹਿਆਤ ਹੈ, ਮੌਤ ਭੀ ਹਿਆਤ ਹੈ।'

  • ਚੜ੍ਹਦੀ ਕਲਾ ਦੀ ਸੰਪਾਦਕੀ


Archive

RECENT STORIES