Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

Posted on January 11th, 2021

-ਸਨਦੀਪ ਸਿੰਘ ਤੇਜਾ

ਖੇਤੀ ਬਿਲਾਂ ਦਾ ਸਿਰਫ਼ ਕਿਸਾਨਾਂ 'ਤੇ ਹੀ ਭਾਰ ਪਵੇਗਾ ਕਿ ਹੋਰ ਲੋਕ ਵੀ ਇਸ ਦੇ ਸ਼ਿਕਾਰ ਹੋਣਗੇ ? ਇਹ ਵੱਡਾ ਸਵਾਲ ਹੈ, ਜਿਸਦਾ ਜਵਾਬ ਗੈਰ-ਕਿਸਾਨਾਂ ਲਈ ਜਨਣਾ ਵੀ ਜ਼ਰੂਰੀ ਹੈ।

ਤਫ਼ਸੀਲ ਨਾਲ ਵੇਖੀਏ ਤਾਂ ਹਾਂ ਇਹ ਲੱਗਦਾ ਹੈ ਕਿ ਕਿਸਾਨਾਂ ਨਾਲੋਂ ਦੂਜੇ ਵਰਗ ਜ਼ਿਆਦਾ ਪ੍ਰਭਾਵਿਤ ਹੋਣਗੇ। ਅਡਾਨੀ ਨੇ ਕਈ ਵਾਰੀ ਬਿਆਨ ਦੇ ਕੇ ਕਿਹਾ ਹੈ ਕਿ ਅਸੀਂ "ਐਫ ਸੀ ਆਈ" ਦੀ ਸਟੋਰੇਜ ਦਾ ਠੇਕਾ ਲਿਆ ਹੈ। ਐਫਸੀਆਈ ਦਾ ਪਹਿਲਾ ਕੰਮ ਖ਼ਰੀਦ ਏ ਤੇ ਨਵੇਂ ਕਾਨੂੰਨਾਂ ਮੁਤਾਬਕ ਪ੍ਰਾਈਵੇਟ ਅਡਾਨੀ ਜਾਂ ਰਿਲਾਇੰਸ ਵਰਗੀਆਂ ਕੰਪਨੀਆਂ ਸਿੱਧੀਆਂ ਕਿਸਾਨ ਕੋਲੋਂ ਜਿੰਨੀ ਮਰਜ਼ੀ ਫ਼ਸਲ ਖ਼ਰੀਦ ਕੇ ਸਟੋਰੇਜ ਕਰ ਸਕਦੀਆਂ ਹਨ, ਮਤਲਬ ਕਿ ਐਫਸੀਆਈ ਦੇ ਕੰਮ ਕਰਨਗੀਆਂ। ਜੇ ਇੱਦਾਂ ਚਲ ਪਿਆ ਤਾਂ ਐਫਸੀਆਈ ਨੂੰ ਖ਼ਤਮ ਹੀ ਮੰਨਿਆ ਜਾਵੇਗਾ।

ਇਸ ਤੋਂ ਨਿਕਲਣ ਵਾਲੇ ਸਿੱਟਿਆਂ ਦਾ ਕੁਝ ਅੰਦਾਜ਼ਾ ਇਸ ਤਰ੍ਹਾਂ ਹੋਵੇਗਾ।

ਸਭ ਤੋਂ ਪਹਿਲਾਂ ਕਣਕ ਤੋਂ ਸ਼ੁਰੂ ਕਰੀਏ। ਜਿਵੇਂ ਮਾਝੇ ਤੇ ਦੁਆਬੇ ਦੀ ਸਾਰੀ ਕਣਕ ਕੰਟਰੈਕਟ ਤੇ ਅਡਾਨੀ ਦਾ 'ਫਾਰਚੂਨ' ਬਰੈਂਡ ਉਗਵਾਉਂਦਾ ਹੈ ਤੇ ਮਾਲਵੇ ਵਿੱਚ ਵੱਖ ਵੱਖ ਦਾਲਾਂ ਉਗਵਾ ਕੇ ਉਨ੍ਹਾਂ ਦੀ ਖ਼ਰੀਦ ਦਾ ਜ਼ਿੰਮਾ ਲੈ ਲੈਂਦਾ ਹੈ ਤਾਂ ਸਾਰੀਆਂ ਦਾਲਾਂ ਤੇ ਕਣਕ ਉੱਤੇ ਮਾਲਕੀ ਅਡਾਨੀ ਦੀ ਹੋਵੇਗੀ। ਜਿਹੜੀਆਂ ਸ਼ਹਿਰਾਂ ਚ ਚੱਲਦੀਆਂ ਚੱਕੀਆਂ ਤੇ ਹੋਰ ਛੋਟੇ ਬਰੈਂਡ, ਉਹ ਅਡਾਨੀ ਕੋਲੋਂ ਮੰਗ ਕੇ ਕਣਕ ਲੈਣਗੇ। ਅਡਾਨੀ ਉਨ੍ਹਾਂ ਨੂੰ ਕਣਕ ਦੇਣ ਦੀ ਬਜਾਏ ਆਪਣੀ ਫਾਰਚੂਨ ਆਟੇ ਨੂੰ ਕਿਉਂ ਨਾ ਮਾਰਕੀਟ ਚ ਲਿਆਊਗਾ?

ਫਿਰ ਚੱਕੀਆਂ ਦਾ ਧੰਦਾ ਬੰਦ ਹੋ ਗਿਆ ਤਾਂ ਸਾਨੂੰ ਬਰੈਂਡਿਡ ਆਟਾ ਖਰੀਦਣਾ ਪਊਗਾ। ਯਕੀਨਨ ਬਰੈਂਡਿਡ ਆਟਾ ਵੱਧ ਰੇਟ 'ਤੇ ਮਿਲਿਆ ਕਰੂਗਾ। ਹੁਣ ਵੀ ਚੱਕੀਆਂ ਤੋਂ ਆਟਾ ਚੌਵੀ ਪੰਝੀ ਰੁਪਈਏ ਮਿਲਦਾ ਏ ਤੇ ਆਸ਼ੀਰਵਾਦ ਆਟਾ ਪੈਂਤੀ ਰੁਪਏ। ਇਸ ਤੋਂ ਹਿਸਾਬ ਲਾ ਲਵੋ ਕਿ ਗਾਹਕ ਨੂੰ ਫਾਇਦਾ ਕਿ ਘਾਟਾ ਏ।

ਏਦਾਂ ਈ ਦਾਲਾਂ ਦੇ ਉੱਤੇ ਜਦੋਂ ਸੰਪੂਰਨ ਕਬਜ਼ਾ ਅਡਾਨੀ ਦਾ ਹੋਇਆ ਤਾਂ ਹੋਲਸੇਲ ਦੀਆਂ ਦੁਕਾਨਾਂ ਵਿੱਚ ਦਾਲ ਆਉਣੀ ਬੰਦ ਹੋ ਜਾਊਗੀ ਜਾਂ ਉੱਥੇ ਵੀ ਮਹਿੰਗੀ ਮਿਲੂਗੀ। ਉੱਥੋਂ ਕਰਿਆਨੇ ਵਾਲੇ ਲਿਆਉਣ ਜੋਗੇ ਨਹੀਂ ਰਹਿਣਗੇ, ਜੇ ਲਿਆਉਣਗੇ ਵੀ ਤਾਂ ਉਹਦੇ ਨਾਲੋਂ ਸਸਤੀ ਅਡਾਨੀ ਤੇ ਰਿਲਾਇੰਸ ਦੇ ਸਟੋਰਾਂ ਵਿੱਚੋਂ ਦਾਲ ਮਿਲੂਗੀ। ਜਿਸ ਨਾਲ ਲੋਕ ਕਰਿਆਨੇ ਦੀਆਂ ਦੁਕਾਨਾਂ ਦੀ ਬਜਾਏ ਮਾਲਾਂ, ਮੈਟਰੋ, ਰਿਲਾਇੰਸ ਫਰੈਸ਼, ਈਜੀ ਡੇਅ, ਡੀ ਮਾਰਟ, ਬੈਸਟ ਪਰਾਇਜ ਚੋਂ ਖ਼ਰੀਦਣ ਲਈ ਮਜਬੂਰ ਹੋਣਗੇ।

ਬਰੈਂਡਿਡ ਚੀਜ਼ਾਂ ਜਿਵੇਂ ਸਾਬਣ, ਕਰੀਮਾਂ, ਪਰਫਿਊਮਾਂ ਤੇ ਹੋਰਾਂ ਲਈ ਅੱਗੇ ਹੀ ਲੋਕ ਮਾਲਾਂ ਤੇ ਵੱਡੇ ਸਟੋਰਾਂ ਨੂੰ ਹੀ ਤਰਜੀਹ ਦਿੰਦੇ ਹਨ, ਕਿਉਂਕਿ ਸਾਨੂੰ ਲੱਗਦਾ ਹੈ ਕਿ ਦੁਕਾਨਾਂ ਤੇ ਨਕਲੀ ਚੀਜ਼ਾਂ ਮਿਲਦੀਆਂ ਨੇ ਤੇ ਮਾਲਾਂ ਵਿੱਚ ਕੰਪਨੀ ਤੋਂ ਸਿੱਧਾ ਸਾਮਾਨ ਆਉਣ ਕਰ ਕੇ ਚੀਜ਼ ਅਸਲੀ ਹੁੰਦੀ ਹੈ। ਪਹਿਲਾਂ ਪਹਿਲ ਸਾਰੀਆਂ ਚੀਜ਼ਾਂ ਸਸਤੀਆਂ ਤੇ ਵਧੀਆ ਰਿਟੇਲ ਸਟੋਰਾਂ ਚੋਂ ਮਿਲਣਗੀਆਂ, ਜੋ ਅੰਬਾਨੀ ਅਡਾਨੀ ਦੇ ਹੋਣਗੇ । ਹੁਣ ਇਸ ਨਾਲ ਚੱਕੀਆਂ ਤੋਂ ਇਲਾਵਾ ਛੋਟੇ ਕਰਿਆਨੇ ਤੇ ਨਿੱਕੇ ਕਾਸਮੈਟਿਕ ਤੇ ਹੋਰ ਦੁਕਾਨਾਂ ਦਾ ਬੰਦ ਹੋਣਾ ਤੈਅ ਹੈ। ਫੇਰ ਉਹ ਰੇਟ ਆਪਣੀ ਮਰਜ਼ੀ ਨਾਲ ਵਧਾ ਸਕਣਗੇ।

ਇਸ ਤੋਂ ਬਾਅਦ ਸਬਜ਼ੀ ਅਗਲੀ ਕੜੀ ਹੋਵੇਗੀ। ਸਬਜ਼ੀ ਹੁਣ ਰਿਟੇਲ ਸਟੋਰਾਂ ਵਾਲੇ ਮੰਡੀਆਂ ਚੋਂ ਖ਼ਰੀਦਦੇ ਨੇ। ਜਦੋਂ ਕਿਸਾਨ ਨਾਲ ਫ਼ਸਲ ਦਾ ਐਗਰੀਮੈਂਟ ਹੋ ਗਿਆ ਤਾਂ ਸਿੱਧੀ ਪੈਲੀ ਚੋਂ ਸਬਜ਼ੀ ਆਇਆ ਕਰੂ, ਸਬਜੀ ਮੰਡੀ ਤੋਂ ਬਾਹਰੋਂ ਬਾਹਰ। ਰਿਟੇਲ ਮਾਲਾਂ ਵਿੱਚ ਪਹੁੰਚੀ ਸਬਜ਼ੀ ਸਸਤੀ ਤੇ ਨਹੀਂ ਪਰ ਵਧੀਆ ਹੋਊਗੀ ਤੇ ਲੋਕ ਉਧਰੋਂ ਖਰੀਦਣਗੇ। ਮੰਡੀ ਵਿੱਚ ਆੜ੍ਹਤੀਏ, ਰੇੜੀਆਂ, ਫੜਾਂ ਵਾਲੇ ਤੇ ਗਲੀਆਂ ਚ ਹੋਕਾ ਦੇ ਕੇ ਸਬਜ਼ੀ ਵੇਚਣ ਵਾਲਿਆਂ ਦਾ ਵਪਾਰ ਵੀ ਖ਼ਤਮ ਹੋਵੇਗਾ। ਵੱਡੇ ਸ਼ਹਿਰਾਂ ਵਿਚ ਰਿਟੇਲ ਦੇ ਸਟੋਰਾਂ ਵਿਚ ਚੋਂ ਸਬਜ਼ੀ ਖਰੀਦਣ ਦਾ ਰੁਝਾਨ ਬਹੁਤ ਵਧਣ ਡਿਆ ਏ। ਅਜੇ ਉਨਾਂ ਹੱਥ ਸਿੱਧੀ ਫਸਲ ਨਹੀਂ ਮਿਲਦੀ ,ਉਨ੍ਹਾਂ ਨੂੰ ਸਬਜ਼ੀ ਮੰਡੀ ਤੋਂ ਖਰੀਦਣੀ ਪੈਂਦੀ ਹੈ, ਉਹ ਦਿਨ ਸੋਚੋ ਜਿੱਦਣ ਸਿੱਧੀ ਪੈਲੀ ਚੋਂ ਉਨ੍ਹਾਂ ਸਬਜ਼ੀ ਚੁੱਕ ਲਈ ਤੇ ਸਟੋਰਾਂ ਵਿਚ ਲੱਗ ਗਈ। ਇਹ ਵਰਤਾਰਾ ਬਾਹਰਲੇ ਮੁਲਕਾਂ ਵਿੱਚ ਆਮ ਹੈ।

ਇਹ ਗੱਲ ਪੱਕੀ ਆ ਕਿ ਕਨੂੰਨ ਲਾਗੂ ਹੋਣ ਤੋਂ ਬਾਅਦ 'ਦਸ ਰੁਪਏ ਦੀ ਦੋ ਕਿਲੋ ਗੋਭੀ' ਵਾਲਾ ਹੌਕਾ ਕਦੇ ਗਲੀ ਚ ਸੁਣਨ ਨੂੰ ਨਹੀਂ ਮਿਲੂਗਾ। ਕਿਸਾਨ ਕੋਲੋਂ ਬੇਸ਼ੱਕ ਇਕ ਰੁਪਏ ਕਿਲੋ ਹੀ ਚੁੱਕਣ। ਮਟਰ ਕਿਸਾਨ ਦੇ 7 ਰੁਪਏ ਕਿਲੋ ਵਿਕਣ ਡਹੇ ਆ, ਜਿਸਦੀ ਤੁੜਾਈ 3 ਰੁਪਏ ਆ।

ਦੁਕਾਨਦਾਰ ਤੇ ਮਰਨਗੇ ਹੀ ਨਾਲ ਗਾਹਕ ਵੀ ਘਾਟੇ 'ਚ ਰਹਿਣਗੇ। ਐਂਤਕੀ ਹਿਮਾਚਲ ਦਾ ਜਿਆਦਾਤਰ ਸੇਬ ਅਡਾਨੀ ਦੀ ਕੰਪਨੀ ਫਾਰਮ ਪਿਕ ਤੇ ਹੋਰ ਵੱਡੇ ਸਰਮਾਏਦਾਰਾਂ ਨੇ ਖਰੀਦਿਆ ਆ। ਖੜੀ ਖਲੋਤੀ ਫਸਲ ਦੇ ਸੌਦੇ ਹੋਏ ਆ। ਇਸੇ ਕਰਕੇ ਐਂਤਕੀ ਸੇਬ ਸੌ ਰੁਪਏ ਤੋਂ ਥੱਲੇ ਨਹੀਂ ਆਇਆ। ਕਾਣੇ ਤੇ ਦਾਗੀ ਸੇਬ ਵੀ ਅੱਸੀ ਰੁਪਏ ਵਿਕੇ। ਉਹੋ ਲੋਕਾਂ ਖਾਧੇ। ਕਿਥੇ ਚਾਲੀ ਪੰਜਾਹ ਰੁਪਏ ਧੱਕੇ ਖਾਂਦੇ ਹੁੰਦੇ ਸੀ। ਇਸ ਤੋਂ ਗਾਹਕ ਦੀ ਲੁੱਟ ਤੇ ਕੰਪਨੀਆ ਦੇ ਵਧਦੇ ਪ੍ਰਭਾਵ ਦਾ ਅੰਦਾਜ਼ਾ ਲਾਇਆ ਜਾ ਸਕਦਾ ਆ।

ਆਨਲਾਈਨ ਖਰੀਦਦਾਰੀ ਨੇ ਅੱਗੇ ਹੀ ਕਈ ਤਰ੍ਹਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਨੇ ਇਲੈਕਟ੍ਰਾਨਿਕ ਤੇ ਲੀੜੇ, ਬੂਟ ਅੱਗੇ ਈ ਦੁਨੀਆਂ ਆਨਲਾਈਨ ਹੀ ਖ਼ਰੀਦਣ ਢਹਿ ਪਈ ਐ। ਪਿੰਡਾਂ ਤੱਕ ਰਿਵਾਜ ਪਹੁੰਚ ਗਿਆ ਏ।

ਸੋ ਮੇਰੇ ਵੀਰ-ਭੈਣਾਂ ਬਾਕੀ ਵੀ ਤਿਆਰੀ ਕੱਸ ਲੈਣ, ਨਵੀਆਂ ਵੱਡੀਆਂ ਕੰਪਨੀਆਂ ਦੇ ਸਾਮਰਾਜ ਵਿਚ ਨੌਕਰ ਬਣ ਕੇ ਜੀਣ ਦੀਆਂ। ਹੱਟੀਆਂ-ਦੁਕਾਨਾਂ ਨੂੰ ਜਿੰਦਾ ਲੱਗਣਾ ਹੀ ਆਲਾ ਜੇ। ਸਾਰੇ ਵਰਗ ਚੁੱਪ ਕਰਕੇ ਮੈਦਾਨ 'ਚ ਆਜੋ, ਇਹੀ ਭਲਾਈ ਆ।



Archive

RECENT STORIES