Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਹਤ ਮੰਤਰੀ ਵਲੋਂ ਅਵਿਗਿਆਨਕ ਦਵਾਈ ਦਾ ਪ੍ਰਚਾਰ ਕਰਨਾ ਸਰਾਸਰ ਗਲਤ- ਭਾਰਤੀ ਮੈਡੀਕਲ ਐਸੋਸੀਏਸ਼ਨ

Posted on February 22nd, 2021

ਨਵੀਂ ਦਿੱਲੀ- ਯੋਗੀ ਰਾਮਦੇਵ ਦੀ ਫਰਮ ਪਤੰਜਲੀ ਨੇ ਕੋਰੋਨਿਲ ਨੂੰ ਲਾਂਚ ਕਰਨ ਮੌਕੇ ਦਾਅਵਾ ਕੀਤਾ ਸੀ ਕਿ ਇਹ ਕੋਵਿਡ-19 ਦੇ ਇਲਾਜ ’ਚ ਕਾਰਗਰ ਹੈ। ਹਾਲਾਂਕਿ ਆਲਮੀ ਸਿਹਤ ਸੰਸਥਾ ਨੇ ਪਤੰਜਲੀ ਦੇ ਇਸ ਦਾਅਵੇ ’ਤੇ ਉਜਰ ਜਤਾਇਆ ਸੀ। ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਏ) ਨੇ ਪਤੰਜਲੀ ਦੇ ਉਤਪਾਦ ‘ਕੋਰੋਨਿਲ’ ਦੀ ਤਸਦੀਕ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਭੰਡਿਆ ਹੈ।

ਆਈਐੱਮਏ ਨੇ ਕਿਹਾ, ‘‘ਭਾਰਤੀ ਮੈਡੀਕਲ ਕੌਂਸਲ ਵੱਲੋਂ ਜਾਰੀ ਕੋਡ (ਦਿਸ਼ਾ ਨਿਰਦੇਸ਼ਾਂ), ਜਿਸ ਨੂੰ ਮੰਨਣ ਲਈ ਹਰ ਆਧੁਨਿਕ ਮੈਡੀਕਲ ਡਾਕਟਰ ਪਾਬੰਦ ਹਨ, ਤਹਿਤ ਕੋਈ ਵੀ ਡਾਕਟਰ ਕਿਸੇ ਦਵਾਈ ਦਾ ਪ੍ਰਚਾਰ ਪਾਸਾਰ ਨਹੀਂ ਕਰ ਸਕਦਾ। ਪਰ ਇਹ ਗੱਲ ਕਾਫ਼ੀ ਹੈਰਾਨ ਕਰਨ ਵਾਲੀ ਹੈ ਕਿ ਸਿਹਤ ਮੰਤਰੀ, ਜੋ ਖ਼ੁਦ ਆਧੁਨਿਕ ਮੈਡੀਸਨ ਡਾਕਟਰ ਹਨ, ਦਵਾਈ ਦਾ ਪ੍ਰਚਾਰ ਪਾਸਾਰ ਕਰਦੇ ਫੜ੍ਹੇ ਗੲੇ ਸਨ।’ ਆਈਐੱਮਏ ਨੇ ਕਿਹਾ ਕਿ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ਅਵਿਗਿਆਨਕ ਦਵਾਈ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨਾ ਤੇ ਮਗਰੋਂ ਜਿਸ ਦਵਾਈ ਨੂੰ ਡਬਲਿਊਐੱਚਓ ਨੇ ਰੱਦ ਕਰ ਦਿੱਤਾ, ਪੂਰੇ ਦੇਸ਼ ਦਾ ਅਪਮਾਨ ਤੇ ਮੂੰਹ ’ਤੇ ਚਪੇੜ ਹੈ।’

ਐਸੋਸੀਏਸ਼ਨ ਨੇ ਯੋਗ ਗੁਰੂ ਰਾਮਦੇਵ ਦੀ ਆਯੂਰਵੇਦਿਕ ਫਰਮ ਪਤੰਜਲੀ ਵੱਲੋਂ ਵਿਉਂਤੇ ਸਮਾਗਮ ’ਚ ਹਾਜ਼ਰੀ ਲਈ ਕੇਂਦਰੀ ਸਿਹਤ ਮੰਤਰੀ ਦੀ ਇਕ ਡਾਕਟਰ ਤੇ ਦੇਸ਼ ਦੇ ਸਿਹਤ ਮੰਤਰੀ ਵਜੋਂ ਨੈਤਿਕਤਾ ’ਤੇ ਵੀ ਸਵਾਲ ਉਠਾਇਆ ਹੈ।

ਐਸੋਸੀਏਸ਼ਨ ਨੇ ਕੌਮੀ ਮੈਡੀਕਲ ਕਮਿਸ਼ਨ (ਜੋ ਪਹਿਲਾਂ ਭਾਰਤੀ ਮੈਡੀਕਲ ਕੌਂਸਲ ਸੀ) ਤਹਿਤ ਇਕ ਕਲਾਜ਼ ਦਾ ਵੀ ਜ਼ਿਕਰ ਕੀਤਾ ਹੈ, ਜੋ ਇਕ ਡਾਕਟਰ ਨੂੰ ਕਿਸੇ ਦਵਾਈ ਦਾ ਪ੍ਰਚਾਰ ਪਾਸਾਰ ਕਰਨ ਤੋਂ ਰੋਕਦੀ ਹੈ।

ਚੇਤੇ ਰਹੇ ਕਿ ‘ਕੋਰੋਨਿਲ’ ਟੈਬਲੇਟ ਲਾਂਚ ਕਰਨ ਲਈ 19 ਫਰਵਰੀ ਨੂੰ ਰੱਖੇ ਇਸ ਸਮਾਗਮ ਵਿੱਚ ਹਰਸ਼ ਵਰਧਨ ਤੋਂ ਇਲਾਵਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।



Archive

RECENT STORIES