Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੁੱਟਮਾਰ ਦੇ ਮਾਮਲੇ 'ਚ ਸਾਬਕਾ ਆਈਜੀ, ਐਸਪੀ ਸਮੇਤ ਤਿੰਨ ਨੂੰ ਕੈਦ

Posted on July 6th, 2013

ਅੰਮਿ੍ਤਸਰ : ਪੁਲਸ ਹਿਰਾਸਤ 'ਚ ਬੀਐਸਐਫ ਦੇ ਦੋ ਅਧਿਕਾਰੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਦੇ ਮਾਮਲੇ 'ਚ ਅਦਾਲਤ ਨੇ ਪੰਜਾਬ ਪੁਲਸ ਦੇ ਸਾਬਕਾ ਆਈਜੀ, ਮੌਜੂਦਾ ਐਸਪੀ, ਸਾਬਕਾ ਇੰਸਪੈਕਟਰ ਨੂੰ ਦੋਸ਼ੀ ਠਹਿਰਾਉਂਦਿਆਂ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ। ਚੀਫ ਜਿਊਡੀਸ਼ੀਅਲ ਮੈਜਿਸਟਰੇਟ ਪੀ ਐਸ ਰਾਏ ਦੀ ਅਦਾਲਤ ਵਲੋਂ ਪੰਜਾਬ ਪੁਲਸ ਦੇ ਸਾਬਕਾ ਆਈਜੀ ਸੁਖਦਿਆਲ ਸਿੰਘ ਭੁੱਲਰ, ਹੁਸ਼ਿਆਰਪੁਰ ਦੇ ਜਹਾਨਖੇਲਾਂ ਵਿਖੇ ਪੰਜਾਬ ਪੁਲਸ ਦੇ ਟ੍ਰੇਨਿੰਗ ਸੈਂਟਰ ਦੇ ਮੌਜੂਦਾ ਐਸਪੀ ਰਵਿੰਦਰ ਕੁਮਾਰ ਤੇ ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਬਲਵੀਰ ਸਿੰਘ ਨੂੰ ਕੁੱਟਮਾਰ ਦੇ ਮਾਮਲੇ 'ਚ ਤਿੰਨ ਤਿੰਨ ਸਾਲ ਦੀ ਕੈਦ ਤੇ 2500-2500 ਰੁਪਏ ਜੁਰਮਾਨੇ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ। 

ਉਥੇ ਦੂਜੇ ਪਾਸੇ ਐਸਪੀ ਰਵਿੰਦਰ ਕੁਮਾਰ ਵਲੋਂ ਪੁਲਸ ਅਧਿਕਾਰੀਆਂ 'ਤੇ ਹਮਲਾ ਕਰਨ ਦੇ ਮਾਮਲੇ 'ਚ ਅਦਾਲਤ ਨੇ ਦੋ ਬੀਐਸਐਫ ਅਧਿਕਾਰੀਆਂ ਸਮੇਤ ਤਿੰਨ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ। ਸੀਜੇਐਮ ਅਦਾਲਤ ਵਲੋਂ ਬੀਐਸਐਫ 'ਚ ਤਾਇਨਾਤ ਕਮਾਂਡੈਂਟ ਰਘੁਬੀਰ ਸਿੰਘ ਬੱਲ ਤੇ ਉਨ੍ਹਾਂ ਦੇ ਛੋਟੇ ਭਰਾ ਕਮਾਂਡੈਂਟ ਸੁਖਵਿੰਦਰ ਸਿੰਘ ਬੱਲ ਨਿਵਾਸੀ ਪਿੰਡ ਛੱਜਲਵੱਡੀ ਤੇ ਮੰਨਾ ਸਿੰਘ ਚੌਕ ਬੀ ਡਵੀਜ਼ਨ ਨਿਵਾਸੀ ਗੁਰਨਾਮ ਸਿੰਘ ਸ਼ੰਮੀ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਹੈ। ਨਵੇਂ ਸਾਲ ਦੀ ਰਾਤ ਹੋਈ ਸੀ ਘਟਨਾ : ਥਾਣਾ ਸਿਵਲ ਲਾਈਨ 'ਚ ਇਕ ਜਨਵਰੀ 1998 ਨੂੰ ਤਤਕਾਲੀ ਡੀਐਸਪੀ ਹੈਡਕੁਆਰਟਰ ਰਵਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਬੀਐਸਐਫ ਦੇ ਕਮਾਂਡੈਂਟ ਰਘੁਬੀਰ ਸਿੰਘ ਬੱਲ ਤੇ ਉਨ੍ਹਾਂ ਦੇ ਛੋਟੇ ਭਰਾ ਕਮਾਂਡੈਂਟ ਸੁਖਵਿੰਦਰ ਸਿੰਘ ਬੱਲ ਖ਼ਿਲਾਫ਼ ਪੁਲਸ ਅਧਿਕਾਰੀਆਂ 'ਤੇ ਹਮਲਾ ਕਰਨ ਤੇ ਜਨਤਕ ਸਥਾਨ 'ਤੇ ਹੰਗਾਮਾ ਕਰਨ ਸਮੇਤ ਅੱਧੀ ਦਰਜਨ ਤੋਂ ਵੱਧ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। 

ਡੀਐਸਪੀ ਰਵਿੰਦਰ ਕੁਮਾਰ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ 31 ਦਸੰਬਰ 1997 ਨੂੰ ਨਵੇਂ ਸਾਲ ਦੇ ਮੱਦੇਨਜ਼ਰ ਲਾਰੈਂਸ ਰੋਡ 'ਤੇ ਆਵਾਜਾਈ ਬੰਦ ਕੀਤੀ ਗਈ ਸੀ। ਕਮਾਂਡੈਂਟ ਰਘੁਬੀਰ ਸਿੰਘ ਬੱਲ, ਸੁਖਵਿੰਦਰ ਸਿੰਘ ਬੱਲ ਤੇ ਉਨ੍ਹਾਂ ਨਾਲ ਗੱਡੀ 'ਚ ਬੈਠੇ ਗੁਰਨਾਮ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ ਤੇ ਆਵਾਜਾਈ ਬੰਦ ਹੋਣ ਦੇ ਬਾਵਜੂਦ ਅੱਗੇ ਜਾਣ ਦੀ ਜ਼ਿੱਦ ਕਰ ਰਹੇ ਸਨ। ਜਦੋਂ ਪੁਲਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਮਨ੍ਹਾਂ ਕੀਤਾ ਤਾਂ ਇਨ੍ਹਾਂ ਦੋਵਾਂ ਕਮਾਂਡੈਂਟ ਭਰਾਵਾਂ ਤੇ ਗੁਰਨਾਮ ਸਿੰਘ ਨੇ ਪੁਲਸ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ। ਇਨ੍ਹਾਂ ਦੋਵਾਂ ਭਰਾਵਾਂ 'ਤੇ ਉਥੇ ਮੌਜੂਦ ਤਤਕਾਲੀ ਡੀਆਈਜੀ ਬਾਰਡਰ ਰੇਂਜ ਤੇ ਸਾਬਕਾ ਆਈਜੀ ਸੁਖਦਿਆਲ ਸਿੰਘ ਭੁੱਲਰ, ਡੀਐਸਪੀ ਰਵਿੰਦਰ ਕੁਮਾਰ ਤੇ ਹੋਰਨਾਂ ਮੁਲਾਜ਼ਮਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਕਮਾਂਡੈਂਟ ਭਰਾਵਾਂ ਖ਼ਿਲਾਫ਼ ਕੁੱਟਮਾਰ, ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮ ਨਾਲ ਉਲਝਣ ਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਉਥੇ ਦੂਜੇ ਪਾਸੇ ਕਮਾਂਡੈਂਟ ਰਘੁਬੀਰ ਸਿੰਘ ਬੱਲ ਤੇ ਉਨ੍ਹਾਂ ਦੇ ਭਰਾ ਕਮਾਂਡੈਂਟ ਸੁਖਵਿੰਦਰ ਸਿੰਘ ਬੱਲ ਨੇ ਪੁਲਸ ਅਧਿਕਾਰੀਆਂ ਖ਼ਿਲਾਫ਼ ਅਦਾਲਤ 'ਚ ਕੁੱਟਮਾਰ ਦਾ ਇਸਤਗਾਸਾ ਦਾਇਰ ਕੀਤਾ ਸੀ। ਦੋਵਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ 31 ਦਸੰਬਰ 1997 ਨੂੰ ਆਪਣੀ ਗੱਡੀ 'ਚ ਲਾਰੈਂਸ ਰੋਡ ਜਾ ਰਹੇ ਸਨ। ਉਨ੍ਹਾਂ ਦੀ ਗੱਡੀ ਅੱਗੇ ਪੁਲਸ ਦੀ ਗੱਡੀ ਚਲ ਰਹੀ ਸੀ। ਜਦੋਂ ਉਹ ਪੁਲਸ ਦੀ ਗੱਡੀ ਤੋਂ ਅੱਗੇ ਨਿਕਲਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਕੇ ਅੱਗੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਦੋਵਾਂ ਅਧਿਕਾਰੀਆਂ ਨੇ ਕਿਹ ਕਿ ਜਦ ਹੋਰ ਗੱਡੀਆਂ ਲਾਰੈਂਸ ਰੋਡ 'ਤੇ ਜਾ ਸਕਦੀਆਂ ਹਨ ਤਾਂ ਉਨ੍ਹਾਂ ਦੀ ਗੱਡੀ ਕਿਉਂ ਨਹੀਂ। ਇਸ ਗੱਲ ਨੂੰ ਲੈ ਕੇ ਪੁਲਸ ਤੇ ਉਨ੍ਹਾਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ। ਦੋਵਾਂ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਸਮਝੌਤੇ ਦੇ ਬਹਾਨੇ ਪੁਲਸ ਉਨ੍ਹਾਂ ਨੂੰ ਸਿਵਲ ਲਾਈਨ ਪੁਲਸ ਸਟੇਸ਼ਨ ਲੈ ਆਈ। ਪੁਲਸ ਸਟੇਸ਼ਨ ਲਿਜਾ ਕੇ ਤਤਕਾਲੀ ਆਈਜੀ ਬਾਰਡਰ ਰੇਂਜ ਸੁਖਦਿਆਲ ਸਿੰਘ ਭੁੱਲਰ, ਤਤਕਾਲੀ ਡੀਐਸਪੀ ਹੈਡਕੁਆਰਟਰ ਰਵਿੰਦਰ ਕੁਮਾਰ ਤੇ ਸਿਵਲ ਲਾਈਨ ਥਾਣੇ ਦੇ ਇੰਚਾਰਜ ਇੰਸਪੈਕਟਰ ਬਲਵੀਰ ਸਿੰਘ ਨੇ ਕਮਾਂਡੈਂਟ ਰੈਂਕ ਦੇ ਦੋਵਾਂ ਅਧਿਕਾਰੀਆਂ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ। ਪੁਲਸ ਦੀ ਕੁੱਟਮਾਰ ਨਾਲ ਕਮਾਂਡੈਂਟ ਸੁਖਵਿੰਦਰ ਸਿੰਘ ਬੱਲ ਦੀ ਬਾਂਹ ਦੀ ਹੱਡੀ ਟੁੱਟ ਗਈ ਸੀ ਜਦਕਿ ਕਮਾਂਡੈਂਟ ਰਘੁਬੀਰ ਸਿੰਘ ਬੱਲ ਵੀ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਸਨ। ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਸਰਕਾਰੀ ਹਸਪਤਾਲ 'ਚ ਆਪਣਾ ਮੈਡੀਕਲ ਕਰਵਾ ਕੇ ਉਸ ਰਿਪੋਰਟ ਦੇ ਆਧਾਰ 'ਤੇ ਇਸਤਗਾਸਾ ਦਾਇਰ ਕੀਤਾ ਸੀ, ਜਿਸ 'ਚ ਤਿੰਨੋਂ ਪੁਲਸ ਅਧਿਕਾਰੀ ਦੋਸ਼ੀ ਸਾਬਤ ਹੋਏ।




Archive

RECENT STORIES