Posted on May 24th, 2021

ਗੁਰੂ ਅਮਰਦਾਸ ਜੀ ਦਾ ਜਨਮ ਸੰਨ 1479 'ਚ ਪਿਤਾ ਸ਼੍ਰੀ ਤੇਜ ਭਾਨ ਜੀ ਦੇ ਗ੍ਰਹਿ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਬਾਸਰਕੇ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦਾ ਵਿਆਹ ਸ਼੍ਰੀ ਦੇਵੀ ਚੰਦ ਬਹਿਲ ਦੀ ਧੀ ਮਨਸਾ ਦੇਵੀ (ਜਿਨ੍ਹਾਂ ਨੂੰ ਰਾਮ ਕੌਰ ਜੀ ਵੀ ਕਿਹਾ ਗਿਆ ਹੈ) ਨਾਲ ਹੋਇਆ। ਆਪ ਜੀ ਦੇ ਦੋ ਸਪੁੱਤਰ ਬਾਬਾ ਮੋਹਰੀ ਅਤੇ ਬਾਬਾ ਮੋਹਨ ਜੀ ਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ।
ਆਪ ਜੀ ਵੈਸ਼ਨਵ ਮਤ ਦੇ ਹੋਣ ਕਰਕੇ ਹਰ ਸਾਲ ਹਰਿਦੁਆਰ ਦੀ ਯਾਤਰਾ 'ਤੇ ਜਾਂਦੇ ਪਰ ਆਤਮ-ਰਸ ਨਹੀਂ ਸੀ ਆਇਆ। ਜਦੋਂ ਆਪ ਆਪਣੀ ਵੀਹਵੀਂ ਯਾਤਰਾ ਸਮੇਂ ਵਾਪਿਸ ਮੁੜ ਰਹੇ ਸੀ ਤਾਂ ਇਕ ਬ੍ਰਹਮਚਾਰੀ ਨੇ ਇਹ ਜਾਣ ਕੇ ਕਿ ਆਪ ਨਿਗੁਰੇ ਹੋ, ਆਪ ਦਾ ਅੰਨ-ਪਾਣੀ ਗ੍ਰਹਿਣ ਨਾ ਕੀਤਾ ਤੇ ਬੁਰਾ-ਭਲਾ ਕਹਿੰਦਾ ਨੱਠ ਗਿਆ। ਇਸ ਤੋਂ ਆਪ ਜੀ ਦੇ ਮਨ ਵਿਚ ਗੁਰੂ ਧਾਰਨ ਲਈ ਬਹੁਤ ਗਹਿਰੀ ਠੋਕਰ ਵੱਜੀ।
ਇਕ ਦਿਨ ਆਪ ਜੀ ਨੇ ਆਪਣੇ ਭਰਾ ਦੀ ਨੂੰਹ ਬੀਬੀ ਅਮਰੋ, ਜੋ ਕਿ ਗੁਰੂ ਅੰਗਦ ਦੇਵ ਜੀ ਦੀ ਧੀ ਸੀ, ਦੇ ਮੁੱਖੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਅਤੇ ਐਸਾ ਪ੍ਰੇਮ ਜਾਗਿਆ ਕਿ ਆਪਣਾ ਕੁੜਮਾਂ ਵਾਲਾ ਰਿਸ਼ਤਾ ਭੁਲਾ, ਆਪ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ 'ਚ ਹਾਜ਼ਰ ਹੋ ਗਏ। ਆਪ ਜੀ ਦੀ ਉਮਰ ਉਸ ਵੇਲੇ ਲਗਭਗ 61-62 ਵਰ੍ਹੇ ਦੀ ਸੀ ਅਤੇ ਗੁਰੂ ਅੰਗਦ ਦੇਵ ਜੀ 36 ਕੁ ਵਰ੍ਹੇ ਦੇ ਸਨ। ਆਪ ਅੰਮ੍ਰਿਤ ਵੇਲੇ ਉੱਠ ਕੇ ਲਗਭਗ ਪੰਜ ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ। ਫਿਰ ਦਿਨ-ਰਾਤ ਲੰਗਰ ਵਿਚ ਹਰ ਪ੍ਰਕਾਰ ਦੀ ਸੇਵਾ ਅਣਥੱਕ ਹੋ ਕੇ ਕਰਦੇ।
ਇਕ ਦਿਨ ਭਰੀ ਸਿਆਲ ਦੀ ਰੁੱਤੇ ਆਪ ਜੀ ਆਪਣੇ ਨੇਮ ਮੁਤਾਬਿਕ ਬਿਆਸ ਤੋਂ ਜਲ ਦੀ ਗਾਗਰ ਲਿਆ ਰਹੇ ਸੀ। ਜ਼ੋਰ ਦਾ ਮੀਂਹ ਵਰ੍ਹਨ 'ਤੇ ਠੱਕਾ ਵਗਣ ਲੱਗ ਪਿਆ ਸੀ। ਘੁੱਪ ਹਨੇਰਾ, ਹਨੇਰੀ ਤੇ ਮੀਂਹ ਦਾ ਜ਼ੋਰ, ਬਿਰਧ ਸਰੀਰ, ਮੋਢੇ ਉਤੇ ਜਲ ਦੀ ਗਾਗਰ ਅਤੇ ਰਾਹ ਵਿਚ ਚਿੱਕੜ ਤੇ ਤਿਲਕਣ, ਸਭ ਜਲ-ਥਲ ਹੋਣ ਕਾਰਨ ਰਾਹ ਦਾ ਪਤਾ ਨਾ ਲੱਗਾ ਅਤੇ ਆਪ ਜੁਲਾਹੇ ਦੀ ਖੱਡੀ ਵਿਚ ਡਿੱਗ ਪਏ ਪਰ ਗਾਗਰ ਨਾ ਡਿਗਣ ਦਿੱਤੀ।
ਖੜਾਕ ਸੁਣ ਕੇ ਜੁਲਾਹੇ ਨੇ ਜੁਲਾਹੀ ਨੂੰ ਕਿਹਾ, ''ਕੋਈ ਖੱਡੀ ਵਿਚ ਡਿਗ ਪਿਆ ਜਾਪਦਾ ਹੈ, ਪਤਾ ਨਹੀਂ ਕੌਣ ਹੈ।'' ਜੁਲਾਹੀ ਨੇ ਉੱਤਰ ਦਿੱਤਾ, ''ਹੋਣਾ ਏ ਅਮਰੂ ਨਿਥਾਵਾਂ, ਜੋ ਆਪਣੇ ਕੁੜਮਾਂ ਦੇ ਦਰ ਦੇ ਟੁੱਕਰ ਖਾਂਦਾ ਫਿਰਦਾ ਏ। ਇਹਦਾ ਕੁੜਮ ਵੀ ਪਾਖੰਡੀ ਗੁਰੂ ਬਣ ਕੇ ਲੋਕਾਈ ਨੂੰ ਆਪਣੇ ਪਿੱਛੇ ਲਾ ਰਿਹਾ ਹੈ।''
ਆਪ ਜੀ ਉੱਠੇ, ਗੁਰੂ ਜੀ ਦੀ ਨਿੰਦਿਆ ਨਾ ਸਹਾਰਦੇ ਹੋਏ ਕਹਿਣ ਲੱਗੇ, ''ਕਮਲੀਏ! ਮੇਰਾ ਗੁਰੂ ਦੀਨ-ਦੁਨੀ ਦਾ ਮਾਲਕ ਹੈ। ਮੈਨੂੰ ਉਸ ਦਾ ਟਿਕਾਣਾ ਮਿਲ ਗਿਆ ਹੈ, ਮੈਂ ਨਿਥਾਵਾਂ ਕਿਵੇਂ ਹੋਇਆ?'' ਦਿਨ ਚੜ੍ਹੇ ਗੁਰੂ ਜੀ ਨੇ ਆਪ ਜੀ ਪਾਸੋਂ ਰਾਹ ਵਿਚ ਵਾਪਰੀ ਘਟਨਾ ਦਾ ਹਾਲ ਪੁੱਛਿਆ। ਇੰਨੇ ਨੂੰ ਜੁਲਾਹਾ ਵੀ ਉਥੇ ਹੀ ਆ ਗਿਆ। ਉਸ ਨੇ ਰੋਂਦੇ-ਕੁਰਲਾਉਂਦੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ''ਜੁਲਾਹੀ ਉਦੋਂ ਦੀ ਹੀ ਕਮਲੀ ਹੋ ਗਈ ਹੈ। ਇਸ ਨੇ ਡਾਢੀ ਭੁੱਲ ਕੀਤੀ ਹੈ, ਮਹਾਰਾਜ ਇਸ ਨੂੰ ਬਖਸ਼ ਲਵੋ।''
ਗੁਰੂ ਅੰਗਦ ਦੇਵ ਜੀ ਨੇ ਆਪ ਜੀ ਵੱਲ ਇਸ਼ਾਰਾ ਕੀਤਾ। ਆਪ ਜੀ ਦੀ ਮਿਹਰ ਭਰੀ ਨਜ਼ਰ ਜੁਲਾਹੀ 'ਤੇ ਪਈ ਅਤੇ ਸੰਗਤ ਦੇ ਦੇਖਦੇ-ਦੇਖਦੇ ਹੀ ਜੁਲਾਹੀ ਨਵੀਂ-ਨਰੋਈ ਹੋ ਗਈ। ਫਿਰ ਗੁਰੂ ਜੀ ਨੇ ਬਾਬਾ ਅਮਰਦਾਸ ਜੀ ਨੂੰ ਬਖਸ਼ਿਸ਼ਾਂ ਦਿੰਦਿਆਂ ਕਿਹਾ, ''ਪੁਰਖਾ! ਤੁਸੀਂ ਨਿਮਾਣਿਆਂ ਦੇ ਮਾਣ ਹੋ, ਨਿਓਟਿਆਂ ਦੀ ਓਟ ਹੋ, ਨਿਆਸਰਿਆਂ ਦੇ ਆਸਰੇ ਹੋ, ਨਿਥਾਵਿਆਂ ਦੇ ਥਾਂ ਹੋ। ਤੁਹਾਡੀ ਸੇਵਾ ਥਾਂਇ ਪਈ।''
ਗੁਰੂ ਅੰਗਦ ਦੇਵ ਜੀ ਦੀ ਆਗਿਆ ਅਨੁਸਾਰ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਨੂੰ 26 ਮਈ 1552 ਨੂੰ ਖਡੂਰ ਸਾਹਿਬ, ਜ਼ਿਲਾ ਅੰਮ੍ਰਿਤਸਰ ਵਿਖੇ ਗੁਰਿਆਈ ਦਾ ਤਿਲਕ ਲਾਇਆ।
ਗੁਰੂ ਅਮਰਦਾਸ ਜੀ ਦੇ ਜੀਵਨ ਕਾਲ ਸਮੇਂ ਦੇ ਕਾਰਜ
-ਗੋਂਦੇ ਮਰਵਾਹੇ ਦੀ ਬੇਨਤੀ ਮੰਨ ਕੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਂਦੇ ਨਾਲ ਜਾ ਕੇ ਬਿਆਸ ਦੇ ਪਾਸ ਨਗਰੀ ਵਸਾਉਣ ਦੀ ਆਗਿਆ ਕੀਤੀ। ਗੁਰੂ ਅਮਰਦਾਸ ਜੀ ਨੇ ਨਗਰੀ ਵਸਾਈ ਅਤੇ ਉਸ ਦਾ ਨਾਂ ਗੋਇੰਦਵਾਲ ਰੱਖਿਆ।
-ਗੁਰੂ ਸਾਹਿਬ ਨੇ ਗੋਇੰਦਵਾਲ ਵਿਖੇ 84 ਪੌੜੀਆਂ ਵਾਲੀ ਇਕ ਬਹੁਤ ਵੱਡੀ ਬਾਉਲੀ ਬਣਵਾਈ, ਜਿਸ ਵਿਚੋਂ ਬਿਨਾਂ ਕਿਸੇ ਮਜ਼੍ਹਬ, ਜਾਤ-ਪਾਤ, ਵਿਤਕਰੇ-ਵੰਡ ਦੇ ਸਾਰੇ ਲੋਕ ਪਾਣੀ ਭਰ ਕੇ ਲਿਜਾਂਦੇ ਤੇ ਇਸ਼ਨਾਨ ਕਰਦੇ ਸਨ।
-ਸੰਗਤ ਅਤੇ ਪੰਗਤ¸ਆਪ ਜੀ ਨੇ ਲੰਗਰ ਅਤੇ ਪੰਗਤ ਦੀ ਪ੍ਰੰਪਰਾ 'ਤੇ ਬਹੁਤ ਜ਼ੋਰ ਦਿੱਤਾ ਤੇ ਹੁਕਮ ਕੀਤਾ ਕਿ ਜਿਸ ਨੇ ਮੇਰੇ ਦਰਸ਼ਨ ਤੇ ਸੰਗਤ ਕਰਨੀ ਹੈ, ਉਹ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕੇ।
-ਗੁਰੂ ਜੀ ਨੇ ਆਪਣੇ ਜੀਵਨ ਕਾਲ 'ਚ ਸਮਾਜ ਸੁਧਾਰ 'ਤੇ ਬਹੁਤ ਜ਼ੋਰ ਦਿੱਤਾ, ਜਿਸ ਵਿਚ ਕਰਮ-ਕਾਂਡ, ਜਾਤ-ਪਾਤ, ਛੂਤ-ਛਾਤ, ਤੀਰਥ, ਵਰਤ, ਨੇਮ, ਮੜ੍ਹੀ, ਮਸਾਣਾਂ ਤੇ ਕਬਰਾਂ ਦੀ ਪੂਜਾ ਤੋਂ ਲੋਕਾਈ ਨੂੰ ਹਟਾ ਕੇ ਇਕ ਅਕਾਲ ਪੁਰਖ ਦੇ ਸਿਮਰਨ ਨਾਲ ਜੋੜਿਆ।
-ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਾਰੇ ਇਨਸਾਨ ਇਕ ਹਨ ਅਤੇ ਗ੍ਰਹਿਸਥ ਦੀ ਰਸਮ, ਜਾਤ-ਪਾਤ ਅਤੇ ਗੋਤ ਨੂੰ ਦੇਖ ਕੇ ਨਹੀਂ ਕਰਨੀ ਚਾਹੀਦੀ, ਬਲਕਿ ਇਨਸਾਨ ਦੇ ਗੁਣ ਦੇਖ ਕੇ ਕਰਨੀ ਚਾਹੀਦੀ ਹੈ।
-ਪੁਰਾਤਨ ਪ੍ਰੰਪਰਾ ਅਨੁਸਾਰ ਜਦੋਂ ਕਿਸੇ ਇਸਤਰੀ ਦਾ ਜਵਾਨ ਪਤੀ ਮਰ ਜਾਂਦਾ ਸੀ ਤਾਂ ਸਮਾਜ ਉਸ ਨੂੰ ਚਿਖਾ 'ਚ ਸੁੱਟ ਕੇ ਸਾੜ ਦਿੰਦਾ ਅਤੇ ਕਿਹਾ ਜਾਂਦਾ ਕਿ ਇਹ ਸਤੀ ਹੋ ਗਈ ਹੈ। ਗੁਰੂ ਜੀ ਨੇ ਉਪਦੇਸ਼ ਦੇ ਕੇ ਇਸ ਰਸਮ ਨੂੰ ਖਤਮ ਹੀ ਨਹੀਂ ਕੀਤਾ, ਬਲਕਿ ਪ੍ਰਚਾਰ ਵੀ ਕੀਤਾ ਕਿ ਵਿਧਵਾ ਇਸਤਰੀ ਦਾ ਪੁਨਰ-ਵਿਆਹ ਕਰਨਾ ਚਾਹੀਦਾ ਹੈ।
-ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਅਤੇ 52 ਪੀੜ੍ਹੀਆਂ ਥਾਪ ਕੇ ਧਰਮ ਪ੍ਰਚਾਰ ਦੇ ਕੇਂਦਰ ਕਾਇਮ ਕੀਤੇ ਅਤੇ ਗੁਰਸਿੱਖ ਮਰਦ ਤੇ ਇਸਤਰੀਆਂ ਨੂੰ ਸਿੱਖੀ ਦੇ ਪ੍ਰਚਾਰ ਲਈ ਇਨ੍ਹਾਂ ਦਾ ਮੋਢੀ ਥਾਪਿਆ।
-ਗੁਰੂ ਅਮਰਦਾਸ ਜੀ ਨੇ ਭਾਈ ਜੇਠਾ (ਰਾਮਦਾਸ ਜੀ) ਅਤੇ ਬਾਬਾ ਬੁੱਢਾ ਜੀ ਨੂੰ ਇਸ ਜਗ੍ਹਾ ਨੂੰ ਵਸਾਉਣ ਲਈ ਕਿਹਾ ਅਤੇ ਆਪ ਜਾ ਕੇ ਸਰੋਵਰ ਸਥਾਪਿਤ ਕਰਨ ਲਈ ਮਿੱਟੀ ਕੱਢੀ।
-1 ਸਤੰਬਰ ਸੰਨ 1574 ਨੂੰ ਗੁਰੂ ਅਮਰਦਾਸ ਜੀ ਨੇ ਭਾਈ ਰਾਮਦਾਸ ਜੀ ਅੱਗੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਪੰਜ ਪਰਿਕਰਮਾ ਕੀਤੀਆਂ, ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ। ਇਸ ਤੋਂ ਬਾਅਦ ਆਪ ਜੀ ਜੋਤੀ-ਜੋਤਿ ਸਮਾ ਗਏ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025