Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਸ਼ਰਤ ਨਾਲ ਮਾਰੇ ਗਏ ਦੋ ਵਿਅਕਤੀ ਪਾਕਿਸਤਾਨੀ ਨਹੀਂ ਸਨ : ਸੀ ਬੀ ਆਈ

Posted on July 6th, 2013

ਨਵੀਂ ਦਿੱਲੀ : ਇਸ਼ਰਤ ਜਹਾਂ 'ਤੇ ਸੀਬੀਆਈ ਅਤੇ ਖੁਫੀਆ ਬਿਊਰੋ (ਆਈਬੀ) ਦਰਮਿਆਨ ਟਕਰਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ਼ਰਤ ਨੂੰ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਸਾਬਤ ਕਰਨ ਲਈ ਆਈਬੀ ਨੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਦਿੱਤਾ ਡੇਵਿਡ ਕੋਲਮੈਨ ਹੈਡਲੀ ਦਾ ਬਿਆਨ ਲੀਕ ਕੀਤਾ ਤਾਂ ਜਵਾਬ ਵਿਚ ਸੀਬੀਆਈ ਨੇ ਇਸ਼ਰਤ ਨਾਲ ਮਾਰੇ ਗਏ ਦੋ ਵਿਅਕਤੀਆਂ ਦੇ ਪਾਕਿਸਤਾਨੀ ਹੋਣ 'ਤੇ ਸਵਾਲ ਉਠਾ ਦਿੱਤਾ ਹੈ। ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ਼ਰਤ ਸਮੇਤ ਮਾਰੇ ਗਏ ਦੋ ਵਿਅਕਤੀਆਂ ਦੇ ਪਾਕਿਸਤਾਨੀ ਹੋਣ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਵਿਚੋਂ ਇਕ ਦੇ ਤਾਂ ਕਸ਼ਮੀਰੀ ਹੋਣ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਅਨੁਸਾਰ ਜਾਂਚ ਏਜੰਸੀ ਦੋਵਾਂ ਦੀ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਜ਼ਿਕਰਯੋਗ ਹੈ ਕਿ 15 ਜੂਨ, 2004 ਵਿਚ ਅਹਿਮਦਾਬਾਦ ਵਿਚ ਇਸ਼ਰਤ ਜਹਾਂ ਦੇ ਨਾਲ-ਨਾਲ ਤਿੰਨ ਹੋਰ ਲੋਕਾਂ ਨੂੰ ਕਥਿਤ ਫ਼ਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ ਇਕ ਜਾਵੇਦ ਸ਼ੇਖ ਉਰਫ ਪਰਨੇਸ਼ ਪਿੱਲਈ ਭਾਰਤੀ ਸੀ। ਗੁਜਰਾਤ ਪੁਲਸ ਅਤੇ ਆਈਬੀ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਮਾਰੇ ਗਏ ਅਮਜਦ ਅਲੀ ਅਕਬਰਾਲੀ ਰਾਣਾ ਤੇ ਜੀਸ਼ਾਨ ਜੌਹਰ ਪਾਕਿਸਤਾਨੀ ਸਨ। ਸੇਵਾ ਮੁਕਤੀ ਤੋਂ ਠੀਕ ਪਹਿਲਾਂ ਤੱਤਕਾਲੀ ਗ੍ਰਹਿ ਸਕੱਤਰ ਆਰ ਕੇ ਸਿੰਘ ਨੇ ਆਈਬੀ ਦੇ ਵਿਸ਼ੇਸ਼ ਡਾਇਰੈਕਟਰ ਰਜਿੰਦਰ ਕੁਮਾਰ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਇਸ਼ਰਤ ਦੀ ਤਾਂ ਸਾਰੇ ਗੱਲਾਂ ਕਰਦੇ ਹਨ ਪਰ ਉਸ ਦੇ ਨਾਲ ਮਾਰੇ ਗਏ ਦੋ ਪਾਕਿਸਤਾਨੀ ਵਿਅਕਤੀਆਂ ਬਾਰੇ ਕੋਈ ਕੁਝ ਕਿਉਂ ਨਹੀਂ ਬੋਲਦਾ? ਹੁਣ ਸੀਬੀਆਈ ਨੇ ਉਨ੍ਹਾਂ ਦੇ ਪਾਕਿਸਤਾਨੀ ਹੋਣ 'ਤੇ ਹੀ ਸ਼ੱਕ ਪ੍ਰਗਟਾ ਕੇ ਆਈਬੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੇ ਤਕ ਅਮਜਦ ਅਲੀ ਅਕਬਰਾਲੀ ਰਾਣਾ ਬਾਰੇ ਕੁਝ ਪਤਾ ਨਹੀਂ ਲੱਗਾ ਪਰ ਜੀਸ਼ਾਨ ਜੌਹਰ ਦੇ ਕਸ਼ਮੀਰੀ ਹੋਣ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ। 

ਉਨ੍ਹਾਂ ਅਨੁਸਾਰ 2004 ਵਿਚ ਮੁਕਾਬਲੇ ਤੋਂ ਬਾਅਦ ਗੁਜਰਾਤ ਪੁਲਸ ਦੇ ਦਾਅਵੇ ਦੀ ਜਾਂਚ ਨਹੀਂ ਕੀਤੀ ਗਈ ਸੀ ਅਤੇ ਪਾਕਿਸਤਾਨੀ ਹੋਣ ਦੇ ਦਾਅਵੇ ਤੋਂ ਬਾਅਦ ਉਸ ਦੀ ਸੱਚਾਈ ਜਾਨਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਜੇ ਸੀਬੀਆਈ ਅਮਜਦ ਅਤੇ ਜੀਸ਼ਾਨ ਦੀ ਸੱਚਾਈ ਦਾ ਪਤਾ ਲਗਾਉਣ ਵਿਚ ਸਫਲ ਹੁੰਦੀ ਹੈ ਤਾਂ ਉਨ੍ਹਾਂ ਦੇ ਅੱਤਵਾਦੀ ਹੋਣ ਦੇ ਆਈਬੀ ਅਤੇ ਗੁਜਰਾਤ ਪੁਲਸ ਦੇ ਦਾਅਵੇ ਦੀ ਪੂਰੀ ਪੋਲ ਖੁੱਲ੍ਹ ਜਾਵੇਗੀ। ਸੀਬੀਆਈ ਆਪਣੇ ਦੋਸ਼ ਪੱਤਰ ਵਿਚ ਇਹ ਦਾਅਵਾ ਕਰ ਚੁੱਕੀ ਹੈ ਕਿ ਪੂਰਾ ਮੁਕਾਬਲਾ ਫ਼ਰਜ਼ੀ ਸੀ ਅਤੇ ਹੁਣ ਉਹ ਮਾਰੇ ਗਏ ਲੋਕਾਂ ਦੇ ਅੱਤਵਾਦੀ ਨਹੀਂ ਸਗੋਂ ਬੇਕਸੂਰ ਹੋਣ ਦੇ ਸਬੂਤ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। 




Archive

RECENT STORIES