Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਜਜ਼ਬਾਤ

Posted on May 31st, 2021

ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਜਜ਼ਬਾਤ

  • ਪ੍ਰਮਿੰਦਰ ਸਿੰਘ ਬੱਲ

ਸ੍ਰੀ ਦਰਬਾਰ (ਹਰਿਮੰਦਰ ਸਾਹਿਬ) ਇੱਕ ਸਾਲਮ Integrated) ਸਮੂਹ ਹੈ, ਜੋ ਸਿੱਖ ਪੰਥ ਦੁਆਰਾ ਪ੍ਰਣਾਏ ਬਰਾਬਰੀ ਤੇ ਏਕਤਾ ਦੇ ਸਿਧਾਂਤ ਦਾ ਮੁਜੱਸਮਾ ਹੈ। ਇਹ ਇਤਿਹਾਸ ਅੰਦਰ ਸਿੱਖਾਂ ਨੂੰ ਪ੍ਰੇਰਨਾ ਤੇ ਮਾਰਗ ਸੇਧ ਮੁਹੱਈਆ ਕਰਨ ਵਾਲੀ ਪ੍ਰਮੁੱਖ ਜਗ੍ਹਾ ਅਤੇ ਉਨ੍ਹਾਂ ਦੀ ਲਾਮਬੰਦੀ ਦਾ ਕੇਂਦਰ ਬਣਿਆ ਰਿਹਾ ਹੈ। ਸਦੀਆਂ ਤੋਂ ਇਹ ਸਿੱਖਾਂ ਦੀਆਂ ਧਾਰਮਿਕ ਤੇ ਰਾਜਸੀ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ ਹੈ। ਇਸ ਵਿੱਚ ਉਨ੍ਹਾਂ ਦੇ ਗੁਰੂਆਂ, ਮਹਾਂਪੁਰਸ਼ਾਂ, ਸ਼ਹੀਦਾਂ-ਮੁਰੀਦਾਂ ਦੀਆਂ ਪੁਨੀਤ ਯਾਦਾਂ, ਉਨ੍ਹਾਂ ਦੀਆਂ ਉਮੀਦਾਂ ਤੇ ਮਾਯੂਸੀਆਂ, ਉਨ੍ਹਾਂ ਦੀ ਸੂਰਮਗਤੀ ਦੇ ਕਿੱਸੇ ਤੇ ਗਾਥਾਵਾਂ, ਉਨ੍ਹਾਂ ਦੀਆਂ ਜੰਗਾਂ ਤੇ ਜਿੱਤਾਂ ਗੁੰਦੀਆਂ ਪਈਆਂ ਹਨ। ਇਹ ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ, ਹੋਣੀਆਂ ਭਰੇ ਇਤਿਹਾਸ ਅਤੇ ਪ੍ਰੰਪਰਾ ਦੀ ਅਤੇ ਸਦੀਆਂ ਤੋਂ ਇਸ ਨਾਲ ਜੁੜ ਚੁੱਕੀਆਂ ਅਨੇਕਾਂ ਪੁਰਾਣਕ ਕਥਾਵਾਂ ਤੇ ਅਲੌਕਿਕ ਕਾਰਨਾਮਿਆਂ ਦੀ ਯਾਦ ਕਰਵਾਉਂਦਾ ਹੈ। ਇਹ ਸਿੱਖਾਂ ਲਈ ਉਨ੍ਹਾਂ ਦੇ ਸੂਰਮਗਤੀ ਭਰੇ ਅਤੀਤ ਦਾ ਚਿੰਨ੍ਹ, ਜੋ ਤਰਥਲੀ-ਭਰਪੂਰ ਵਰਤਮਾਨ ਵਿੱਚੋਂ ਦੀ ਗੁਜ਼ਰਦਾ ਹੋਇਆ ਭਵਿੱਖ ਦੇ ਵਿੱਚ ਜਾ ਪ੍ਰਗਟ ਹੁੰਦਾ ਹੈ। ਜੂਨ 1984 ਦੇ ਸਮੇਂ ਦੀ ਗੱਲ ਸਮਝਣੀ ਔਖੀ ਨਹੀਂ ਰਹਿ ਜਾਂਦੀ ਕਿ ਜਦੋਂ 'ਭਾਰਤੀ ਫੌਜ' ਦੁਆਰਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਉੱਤੇ ਕੀਤੇ ਗਏ ਦਵੈਸ਼ ਭਰੇ ਹਮਲੇ ਦਾ ਸਿੱਖ ਜਗਤ ਨੇ ਏਨਾ ਵੱਡਾ ਦੁੱਖ ਤੇ ਬੁਰਾ ਕਿਉਂ ਮਨਾਇਆ ਅਤੇ ਸਿੱਖਾਂ ਦੇ ਮਨਾਂ ਅੰਦਰ ਰੋਸ ਤੇ ਗੁੱਸੇ ਦੀ ਏਨੀ ਤੀਬਰ ਜਵਾਲਾ ਕਿਉਂ ਭੜਕ ਉੱਠੀ?

ਅਸਲੀਅਤ ਇਹ ਹੈ ਕਿ ਸਿੱਖਾਂ ਨੂੰ ਇਸ ਘਟਨਾ ਨਾਲ ਦੂਹਰਾ ਸਦਮਾ ਪਹੁੰਚਿਆ। ਇੱਕ ਆਪਣੇ 'ਰੱਬ ਦੇ ਘਰ' ਉੱਤੇ ਵਹਿਸ਼ੀ ਹਮਲੇ ਦਾ ਦੁੱਖ, ਦੂਜਾ ਆਪਣੇ ਹੀ ਸਮਝੇ ਜਾਂਦੇ ਹਾਕਮਾਂ ਵਲੋਂ ਸਿੱਖ ਸੰਵੇਦਨਾ ਪ੍ਰਤੀ ਦਿਖਾਈ ਗਈ ਸਿਰੇ ਦੀ ਬੇਰੁਖੀ ਅਤੇ ਜ਼ਾਹਲ ਵਤੀਰੇ ਦਾ ਸਦਮਾ। ਸਿੱਖ ਕੌਮ ਦੇ ਇੱਕ ਤਕੜੇ ਵਰਗ ਨੂੰ ਮਗਰਲੀ ਗੱਲ ਨੇ ਖਾਸ ਤੌਰ 'ਤੇ ਜ਼ਿਆਦਾ ਬੇਹਾਲ ਕੀਤਾ। ਉਨ੍ਹਾਂ ਦਾ ਸੋਚਣਾ ਸੀ ਕਿ ਸਦੀਆਂ ਪਹਿਲਾਂ ਦੇ ਸਮੇਂ, ਆਪਣੇ ਆਪਣੇ ਮਜ਼੍ਹਬੀ ਜਨੂੰਨ ਤੇ ਜ਼ੁਲਮਾਂ ਲਈ ਬਦਨਾਮ ਮੁਗਲਾਂ ਅਤੇ ਦੁਰਾਨੀਆਂ ਹੱਥੋਂ ਤਾਂ ਸਿੱਖਾਂ ਨਾਲ ਅਜਿਹੇ ਸਲੂਕ ਦੀ ਸਮਝ ਪੈਂਦੀ ਹੈ। ਜੇਕਰ ਇਹ ਉਪੱਦਰ ਬਰਤਾਨਵੀ ਹਾਕਮਾਂ ਹੱਥੋਂ ਹੋਇਆ ਹੁੰਦਾ ਤਾਂ ਵੀ ਸਿੱਖਾਂ ਨੂੰ ਇਤਨੀ ਹੈਰਾਨੀ ਅਤੇ ਗਿਲਾਨੀ ਨਹੀਂ ਸੀ ਹੋਣੀ। ਪ੍ਰੰਤੂ ਭਾਰਤ ਦਾ ਹਿੰਦੂ ਵਰਗ, ਜੋ ਸਿੱਖਾਂ ਨੂੰ ਆਪਣੇ ਹੀ ਜਿਸਮ ਦਾ (ਲਘੂ) ਅੰਗ ਸਮਝਣ ਦੇ ਸਿਧਾਂਤ ਦਾ ਹਠੀਲਾ ਧਾਰਕ ਤੇ ਸੋਰੀਲਾ ਪ੍ਰਚਾਰਕ ਬਣਿਆ ਹੋਇਆ ਹੈ, ਵਲੋਂ ਅਜਿਹਾ ਵਹਿਸ਼ੀ ਕਾਰਾ ਕਰਦਿਆਂ ਉਸ ਦੀ ਜ਼ਮੀਰ ਕਿਉਂ ਨਾ ਕੰਬੀ?

ਆਖਰਕਾਰ ਜਿਸ ਵਰਗ ਨੇ ਸਿੱਖ ਪੰਥ ਨੂੰ ਇਸ ਧਰਤੀ 'ਤੇ ਜਨਮ ਲੈਂਦਿਆਂ ਅਤੇ ਇਤਿਹਾਸ ਦੇ ਕਾਲੇ ਖੌਫਨਾਕ ਦੌਰ ਅੰਦਰ ਧਾਰਮਿਕ ਆਜ਼ਾਦੀ (ਸਿਰਫ ਆਪਣੇ ਵਾਸਤੇ ਹੀ ਨਹੀਂ, ਹਰ ਵਰਗ ਲਈ, ਸਭ ਤੋਂ ਵਧ ਕੇ ਹਿੰਦੂ ਵਰਗ ਲਈ!) ਇਸ ਧਰਤੀ ਨੂੰ ਵਾਰ ਵਾਰ ਆਪਣੇ ਖੂਨ ਨਾਲ ਸਿੰਜਦੇ ਹੋਏ ਵੇਖਿਆ ਹੈ, ਉਹ ਸਿੱਖਾਂ ਦੇ ਫਲਸਫੇ, ਇਤਿਹਾਸ ਤੇ ਰਵਾਇਤਾਂ ਤੋਂ ਏਨਾ ਕੋਰਾ ਨਹੀਂ ਹੋ ਸਕਦਾ ਕਿ ਉਸ ਨੂੰ ਇਸ ਦੇ ਖਤਰਨਾਕ ਨਤੀਜਿਆਂ ਦੀ ਪੂਰਨ ਸੋਝੀ ਹੀ ਨਾ ਹੋਵੇ? ਸਿੱਖਾਂ ਦੇ ਆਪਣੇ ਹੀ ਇੱਕ ਵਰਗ ਨੂੰ ਇਹ ਗੱਲ ਸਮਝਣ ਤੇ ਮੰਨਣ ਵਿੱਚ ਵੱਡੀ ਮਨੋਵਿਗਿਆਨਕ 'ਔਕੜ' ਪੇਸ਼ ਆਈ। ਇਹੀ ਨਹੀਂ ਕਿ ਭਾਰਤੀ ਹਾਕਮਾਂ ਨੂੰ ਸਿੱਖਾਂ ਦੇ ਰੋਹ ਭਰੇ ਪ੍ਰਤੀਕਰਮ ਦਾ ਕੋਈ ਅੰਦੇਸ਼ਾ ਨਹੀਂ ਸੀ ਜਾਂ ਇਤਿਹਾਸਕ ਜਾਣਕਾਰੀ ਨਹੀਂ ਸੀ। ਪ੍ਰੰਤੂ ਇਹ ਸੱਚ ਕਿਸੇ ਤੋਂ ਗੁੱਝਾ ਨਹੀਂ ਕਿ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਅੰਦਰ ਸਿੱਖਾਂ ਦੇ ਦ੍ਰਿਸ਼ਟੀਕੋਣ ਨੂੰ ਸਹੀ ਰੂਪ ਵਿੱਚ ਤੇ ਦਰੁੱਸਤ ਭਾਵਨਾ ਨਾਲ ਸਮਝਣ ਦੀ (ਆਪਣੇ ਸਿਆਸੀ ਮੁਫਾਦਾਂ ਖਾਤਰ) ਨਾ ਤਾਂ ਕੋਈ ਰੁਚੀ ਸੀ ਅਤੇ ਨਾ ਹੀ ਉਨ੍ਹਾਂ ਅੰਦਰ ਸਿੱਖ ਦ੍ਰਿਸ਼ਟੀਕੋਣ ਨੂੰ ਸਮਝ ਸਕਣ ਦੀ ਕਾਬਲੀਅਤ ਤੇ ਸਮਰੱਥਾ ਹੀ ਹੈ। ਮੁੱਖ ਕਾਰਨ ਇਹ ਵੀ ਹੈ ਕਿ ਉਨ੍ਹਾਂ ਦਾ ਸਮੁੱਚਾ ਦਾਰਸ਼ਨਿਕ ਨਜ਼ਰੀਆ ਅਤੇ ਇਤਿਹਾਸਕ ਅਨੁਭਵ ਸਿੱਖਾਂ ਵਲੋਂ ਅਹਿਮ ਰੂਪ ਵਿੱਚ ਵੱਖਰਾ ਹੈ।

ਹਿੰਦੁਸਤਾਨ ਨੂੰ ਲੁੱਟਣ ਦੀ ਹਵਸ ਨਾਲ ਉੱਤਰ-ਪੱਛਮ ਦੇ ਰਸਤਿਓਂ ਆਏ ਧਾੜਵੀਆਂ ਨੇ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਅਠਾਰਵੀਂ ਸਦੀ ਦੇ ਮੱਧ ਵਿੱਚ ਜਾ ਕੇ ਹਮਲਾ ਕੀਤਾ ਸੀ। ਪਰ ਉਹ ਲੁੱਟ ਦੀ ਲਾਲਸਾ, ਮਜ਼੍ਹਬੀ ਤੁਐਸਬਪੁਣੇ 'ਚੋਂ ਹਿੰਦੂ ਮੰਦਰਾਂ ਨੂੰ ਤਾਂ ਇਸ ਨਾਲੋਂ ਕੋਈ ਸੱਤ ਸੌ ਸਾਲ ਪਹਿਲਾਂ ਤੋਂ ਹੀ ਲੁੱਟਦੇ, ਉਜਾੜਦੇ ਅਤੇ ਅਪਮਾਨਤ ਕਰਦੇ ਆ ਰਹੇ ਸਨ। ਇਸ ਸਾਰੇ ਸਮੇਂ ਦੌਰਾਨ ਭਾਰਤ ਦੇ ਹਿੰਦੂ ਵਰਗ ਵਲੋਂ ਆਪਣੇ ਕਿਸੇ ਮੰਦਰ ਜਾਂ ਸਮਾਰਕ ਦੀ ਰਾਖੀ ਲਈ ਲਹੂ ਵਹਾਉਣ ਦਾ ਇਤਿਹਾਸ ਅੰਦਰ ਕੋਈ ਪ੍ਰਮਾਣ ਨਹੀਂ ਮਿਲਦਾ।

ਇਸ ਇਤਿਹਾਸਕ ਤੱਥ ਨੂੰ ਅਜੇ ਤੱਕ ਕਿਸੇ ਨਹੀਂ ਝੁਠਲਾਇਆ ਕਿ ਜਦ ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਪ੍ਰਸਿੱਧ ਮੰਦਰ ਨੂੰ ਪਹਿਲੀ ਵੇਰ (1026 ਈ.) ਵਿੱਚ ਲੁੱਟਿਆ ਅਤੇ ਉਜਾੜਿਆ ਸੀ ਤਾਂ ਵੱਡੀ ਗਿਣਤੀ ਵਿੱਚ ਉੱਥੇ ਮੌਜੂਦ ਪੰਡਤ ਅਤੇ ਪੁਜਾਰੀ ਬਿਨਾਂ ਕਿਸੇ ਵਿਰੋਧ ਕੀਤੇ, ਸਵੈ-ਇੱਛਾ ਨਾਲ ਹੀ, ਸੋਮਨਾਥ ਮੰਦਰ ਨੂੰ ਸੁੰਨਾ ਛੱਡ ਕੇ ਭੱਜ ਗਏ ਸਨ। ਤਾਜ਼ਾ ਖੋਜ ਵਿੱਚੋਂ ਇਹ ਭੀ ਹੈਰਾਨੀ ਭਰਿਆ ਤੱਥ ਉਜਾਗਰ ਹੋਇਆ ਹੈ ਕਿ ਸੋਮਨਾਥ ਤੇ ਇਸ ਦੇ ਨੇੜਲੇ ਸਮਾਰਕਾਂ ਵਿੱਚ ਕੰਧਾਂ ਤੇ ਉੱਕਰੇ ਸ਼ਿਲਾਲਿਖਾਂ ਵਿੱਚ ਇਸ ਹਮਲੇ ਦਾ ਕਿਧਰੇ ਜ਼ਿਕਰ ਤੱਕ ਨਹੀਂ ਮਿਲਦਾ। ਨੌ ਸਦੀਆਂ ਤੋਂ ਵੀ ਵੱਧ ਸਮੇਂ ਤੱਕ ਹਿੰਦੂਆਂ ਦੇ ਕਿਸੇ ਵੀ ਵਰਗ ਅੰਦਰ ਸੋਮਨਾਥ ਮੰਦਰ ਨੂੰ ਮੁੜ ਪਹਿਲਾਂ ਵਾਲੀ ਜਗ੍ਹਾ ਉੱਤੇ ਉਸਾਰਨ ਦੀ ਤਾਂਘ ਪੈਦਾ ਨਹੀਂ ਹੋ ਸਕੀ। ਇਸ ਨੂੰ ਪੁਰਾਣੀ ਜਗ੍ਹਾ 'ਤੇ ਉਸਾਰਨ ਦਾ ਫੈਸਲਾ 1951 ਈ. ਵਿੱਚ, ਉਹ ਵੀ ਮੁਰੰਮਤ ਦੀ ਸ਼ਕਲ ਵਿੱਚ ਲਿਆ ਗਿਆ ਅਤੇ ਕੇਂਦਰ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸਾ ਲਾਇਆ ਗਿਆ ਭਾਵ ਸਿਰਫ ਉਦੋਂ ਜਦੋਂ ਕਿ ਭਾਰਤੀ ਰਾਜਭਾਗ ਦੀ ਵਾਗਡੋਰ ਹਿੰਦੂ ਵਰਗ ਦੇ ਹੱਥਾਂ ਵਿੱਚ ਆ ਗਈ ਸੀ। ਕੇਂਦਰ ਸਰਕਾਰ ਖਜ਼ਾਨੇ ਦਾ ਮੂੰਹ ਖੋਲ੍ਹਣ ਲਈ ਤੱਤਪਰ ਹੋ ਗਈ ਸੀ।

ਆਪਣੇ ਅਲੱਗ ਕਿਸਮ ਦੇ ਧਰਮ-ਸ਼ਾਸਤਰ ਤੇ ਇਤਿਹਾਸਕ ਅਨੁਭਵ ਦੀ ਵਜ੍ਹਾ ਕਰਕੇ ਹਿੰਦੂ ਵਰਗ ਲਈ ਸ੍ਰੀ ਹਰਿਮੰਦਰ ਸਾਹਿਬ ਨਾਲ ਸਿੱਖਾਂ ਦੇ ਅਨੋਖੇ ਰਿਸ਼ਤੇ ਦੀ ਵਿਆਕਰਣ ਨੂੰ ਸਮਝਣਾ ਔਖਾ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਕਿਸੇ ਵੀ ਨਾਮਵਰ ਸਿੱਖ ਜਾਂ ਵਿਦਵਾਨ ਦਾ ਪ੍ਰਤੀਕਰਮ ਦੇਖ ਲਵੋ, ਉਸ ਵਿੱਚੋਂ ਹਾਕਮ-ਵਰਗ ਉੱਤੇ ਸਿੱਖ ਦ੍ਰਿਸ਼ਟੀਕੋਣ ਨੂੰ ਨਾ ਸਮਝਣ ਦਾ ਰੋਸ ਅਤੇ ਗਿਲਾ ਸਾਫ ਪ੍ਰਗਟ ਹੋਇਆ ਹੈ। ਧਰਮ ਪ੍ਰਤੀ ਆਪਣੇ ਅਲੱਗ ਕਿਸਮ ਦੇ ਦ੍ਰਿਸ਼ਟੀਕੋਣ ਦੀ ਵਜ੍ਹਾ ਕਰਕੇ ਹਿੰਦੂ ਮਨ ਲਈ ਸਿੱਖਾਂ ਦੇ ਇਸ ਪ੍ਰਤੀਕਰਮ ਨੂੰ ਠੀਕ ਪੂਰੀ ਤਰ੍ਹਾਂ ਸਮਝ ਸਕਣਾ ਉੱਕਾ ਹੀ ਸੌਖਾ ਨਹੀਂ ਹੈ। ਇਹ ਗੱਲ ਕਹਿਣੀ ਵੀ ਸੋਲਾਂ ਆਨੇ ਸੱਚ ਹੈ ਕਿ ਹਿੰਦੂਆਂ ਕੋਲ ਦਰਬਾਰ ਸਾਹਿਬ ਦੇ ਬਰਾਬਰ ਦਾ ਕੋਈ ਇਕਲੌਤਾ 'ਤੀਰਥ' ਨਾ ਹੋਣ ਸਦਕਾ ਉਨ੍ਹਾਂ ਵਲੋਂ ਅਜਿਹੀ ਅਸਮਰੱਥਾ ਤੇ ਹੈਰਾਨਗੀ ਪ੍ਰਗਟਾਉਣੀ ਕੋਈ ਓਪਰੀ ਗੱਲ ਨਹੀਂ ਹੈ, ਹਿੰਦੂ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ 'ਸ੍ਰੀ ਹਰਿਮੰਦਰ ਸਾਹਿਬ' ਇੱਕ ਸਿੱਖ ਵਾਸਤੇ ਜਿਸ ਤਰ੍ਹਾਂ ਨਿਜੀਗਤ ਹੈ, ਉਸ ਤਰ੍ਹਾਂ ਦਾ ਦੁਨੀਆਂ ਦਾ ਕੋਈ ਧਰਮ ਅਸਥਾਨ ਨਹੀਂ ਹੈ। ਇਸ ਕਰਕੇ ਸਿੱਖ ਲਈ ਇਹ ਨਿੱਜੀ ਸੱਟ, ਨਿੱਜੀ ਜ਼ੁਲਮ ਹੋ ਨਿੱਬੜਿਆ ਹੈ। ਅੱਜ ਵੀ ਬਹੁਤ ਗੈਰ-ਸਿੱਖਾਂ ਦੇ ਇਹ ਗੱਲ ਪੱਲੇ ਨਹੀਂ ਪੈ ਰਹੀ। ਅਲੱਗ-ਅਲੱਗ ਸੱਭਿਆਚਾਰਾਂ ਦੇ ਪ੍ਰਤਖਣ ਅਲੱਗ-ਅਲੱਗ ਹੋਇਆ ਕਰਦੇ ਹਨ। ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ ਨਾਲ ਮੋਹ-ਪਿਆਰ, ਅਦਬ, ਸਤਿਕਾਰ, ਸੰਪੂਰਨ ਵਫਾਦਾਰੀ ਅਤੇ ਸ਼ਿੱਦਤ-ਭਰਪੂਰ ਪ੍ਰਤੀਬੱਧਤਾ ਗੈਰਸਿੱਖਾਂ ਦੇ ਗੇੜ ਵਿੱਚ ਨਹੀਂ ਆ ਸਕਦੀ ਕਿਉਂਕਿ ਏਥੇ ਤਾਂ ''ਮਰਨੇ ਕਾ ਚਾਉ ਤਾਂ ਮਰੌ ਤਾ ਹਰਿ ਕੇ ਦੁਆਰ'' ਹੀ ਸ਼ਰਧਾ ਆਧਾਰ ਹੈ।

ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ ਨਾਲ ਅਨੋਖੇ ਰਿਸ਼ਤੇ ਦਾ ਇੱਕ ਰਾਜ ਅਜਿਹਾ ਹੈ ਕਿ 'ਦਰਬਾਰ ਸਾਹਿਬ' ਸਿੱਖਾਂ ਦੀ ਕਲਪਨਾ ਉੱਤੇ ਇੱਕ ਖਾਸ ਕਿਸਮ ਦਾ ਜਾਦੂ ਪ੍ਰਭਾਵ ਛੱਡਦਾ ਹੈ। ਸਿੱਖ ਜਦੋਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉਹ ਆਪਣੇ ਇੱਕ ਖੰਡ ਨੂੰ ਪਿਛਾਂਹ ਛੱਡ ਦਿੰਦੇ ਹਨ। ਕੋਈ ਸ਼ਰਧਾਲੂ ਹੋਵੇ ਜਾਂ ਨਾਸਤਕ ਅਤੇ ਸ਼ੰਕਾਵਾਦੀ। ਹਰ ਕੋਈ ਸ੍ਰੀ ਦਰਬਾਰ ਸਾਹਿਬ ਅੰਦਰ ਧਰਮ, ਇਤਿਹਾਸ ਅਤੇ ਸੱਭਿਆਚਾਰ ਦੇ ਜੋੜਮੇਲ ਦਾ ਦੀਵਾਨਾ ਹੋ ਜਾਂਦਾ ਹੈ। ਵਿਅਕਤੀ, ਭਾਈਚਾਰੇ ਅਤੇ ਦਰਬਾਰ ਸਾਹਿਬ ਵਿਚਕਾਰ ਇੱਕ ਅਜਿਹਾ ਇਕਰਾਰਨਾਮਾ ਹੈ, ਜਿਸ ਨੂੰ ਸਮਝ ਸਕਣਾ ਗੈਰ-ਸਿੱਖ ਲਈ ਥੋੜ੍ਹਾ ਔਖਾ ਹੈ। ਇਸ ਤਰ੍ਹਾਂ ਦਰਬਾਰ ਸਾਹਿਬ ਉੱਤੇ ਹਮਲਾ ਸਮੂਹ ਸਿੱਖਾਂ ਦੀ ਆਤਮਾ ਤੇ ਹਮਲਾ ਬਣ ਜਾਂਦਾ ਹੈ। ਅਜਿਹੀ ਔਕੜ ਵਿੱਚ 'ਸਿੱਖ' ਸਿਰ ਨੀਵਾਂ ਕਰਕੇ ਸਵੈ-ਇੱਛਾ ਅਧੀਨਗੀ ਤੇ 'ਪਿੜ' ਛੱਡ ਕੇ ਨਹੀਂ ਭੱਜਦਾ। ਉਹ ਤਾਂ ਸਿਰਫ ''ਅਤ ਹੀ ਰਣ ਮੇਂ ਤਬ ਜੂਝ ਮਰੋ'' ਦਾ ਇਕਰਾਰਨਾਮਾ ਪ੍ਰਗਟਾਉਂਦਾ ਹੈ।

ਦਰਬਾਰ ਸਾਹਿਬ ਬਾਰੇ ਕੁਝ ਅਜਿਹੀਆਂ ਰਵਾਇਤਾਂ ਅਤੇ ਦਸਤੂਰ ਹਨ, ਜਿਨ੍ਹਾਂ ਦੀ ਦੂਸਰੇ ਭਾਈਚਾਰਿਆਂ ਨੂੰ ਸਮਝ ਨਹੀਂ ਪੈਂਦੀ। ਕਾਰਨ ਇਹ ਕਿ ਖੁਦ ਉਨ੍ਹਾਂ ਦੀਆਂ ਅਜਿਹੀਆਂ ਕੋਈ ਰਵਾਇਤਾਂ ਅਤੇ ਦਸਤੂਰ ਨਹੀਂ ਹਨ। ਉਦਾਹਰਣ ਦੇ ਤੌਰ 'ਤੇ ਹਿੰਦੂਆਂ ਨੇ ਮੁਸਲਿਮ ਹਮਲਾਵਰਾਂ ਕੋਲੋਂ ਆਪਣੇ ਮੰਦਰਾਂ ਦੀ ਕਦੇ ਵੀ ਰੱਖਿਆ ਨਹੀਂ ਕੀਤੀ। ਹਾਰ ਤੇ ਅਪਮਾਨ ਦਾ ਬਦਲਾ ਲੈਣ ਲਈ ਕਦੇ ਵੀ ਇਨ੍ਹਾਂ (ਮੰਦਰਾਂ) ਨੂੰ ਪੁਰਾਣੀਆਂ ਅਸਲੀ ਥਾਵਾਂ ਤੇ ਉਸਾਰੀ ਨਹੀਂ ਕੀਤੀ। ਇੱਥੋਂ ਤੱਕ ਕਿ ਸੋਮਨਾਥ ਦੇ ਪ੍ਰਸਿੱਧ ਮੰਦਰ ਨੂੰ ਵੀ ਉਨ੍ਹਾਂ ਸਦੀਆਂ ਤੱਕ ਉਵੇਂ ਹੀ ਤਿਆਗ ਅਤੇ ਵਿਸਾਰ ਛੱਡਿਆ ਸੀ। ਜਿਵੇਂ ਹਮਲਿਆਂ ਵਿੱਚ ਉੱਜੜੇ ਹੋਰਨਾਂ ਮੰਦਰਾਂ ਨੂੰ ਪੂਜਾ ਦੇ ਯੋਗ ਨਾ ਰਹੇ ਸਮਝ ਕੇ ਛੱਡ ਦਿੱਤਾ ਹੋਇਆ ਸੀ। ਉਹ ਨਾ ਤਾਂ ਧਾਰਮਿਕ ਸਥਾਨ ਦੀ ਰੱਖਿਆ ਲਈ ਲਹੂ ਵਹਾਉਂਦੇ ਹਨ, ਨਾ ਹੀ ਅਜਿਹਾ ਕਰਨ ਲਈ ਕਦੇ ਵੀ ਖੂਨ ਨੇ ਜ਼ੋਸ਼ ਉਬਾਲਾ ਖਾਧਾ। ਪ੍ਰੰਤੂ ਸਿੱਖ ਆਪਣੀ ਵਿਰਾਸਤ ਅਤੇ ਇਕਰਾਰਨਾਮੇ ਅਧੀਨ ਆਪਣੇ 'ਧਾਰਮਿਕ ਮੰਦਰ' ਵਿੱਚੋਂ ਕਸੂਰਵਾਰ ਤੇ ਹਮਲਾਵਰ ਮੱਸੇ ਰੰਘੜ ਦਾ ਸਿਰ ਕਲਮ ਕਰਦੇ ਹਨ, ਅਬਦਾਲੀ ਜਿਹਿਆਂ ਨੂੰ ਭਾਜੜਾਂ ਪਾਉਂਦੇ ਹਨ। ਸੰਘਰਸ਼ ਦੇ ਚਲਦੇ ਦੌਰ ਵਿੱਚ ਹੀ 'ਹਰਿਮੰਦਰ' ਦੀ ਉਸਾਰੀ ਆਪਣੇ ਕਿਰਤ ਕਮਲਾਂ ਨਾਲ ਹੱਥੀਂ ਕਰਦੇ ਹਨ। ਮੌਜੂਦਾ 1984 ਸਮੇਂ ਤੋਂ ਦਿੱਲੀ ਦਰਬਾਰ ਨਾਲ ਚਲਦੇ ਟਕਰਾਅ ਅਤੇ ਸਿੱਖ ਕੁਰਬਾਨੀਆਂ ਦਾ ਦੌਰ ਇਹ ਸਾਬਤ ਕਰਦਾ ਹੈ। ਦਿੱਲੀ ਦਰਬਾਰ ਨਾਲ ਟੱਕਰ ਦੀ ਲੰਮੀ ਪ੍ਰੰਪਰਾ ਹੋਣ ਕਰਕੇ 1984 ਦੇ ਘੱਲੂਘਾਰੇ ਸਮੇਂ ਵੀ ਸਿੱਖਾਂ ਨੇ ਦਰਬਾਰ ਸਾਹਿਬ ਉੱਤੇ ਹਮਲੇ ਨੂੰ 'ਦਿੱਲੀ' ਵਲੋਂ ਉਨ੍ਹਾਂ ਨੂੰ ਦਬਾਉਣ, ਕੁਚਲਣ, ਨਸਲਕੁਸ਼ੀ ਅਤੇ ਸਬਕ ਸਿਖਾਉਣ ਦੇ ਯਤਨ ਵਜੋਂ ਵੇਖਿਆ ਹੈ। ਜਦ ਇੱਕ ਵਾਰ ਇਹ ਗੱਲ ਹੋ ਗਈ ਤਾਂ ਸਿੱਖਾਂ ਅੰਦਰ ਝੱਟ ਉਹੀ ਆਪ ਮੁਹਾਰਾ ਪੁਰਾਤਨ ਪ੍ਰਤੀਕਰਮ ਪ੍ਰਗਟ ਹੋ ਤੁਰਿਆ।

ਸਿੱਖ ਇਤਿਹਾਸ ਤੇ ਪ੍ਰੰਪਰਾ ਬਾਰੇ ਡੂੰਘੀ ਸਮਝ ਰੱਖਣ ਵਾਲੇ ਲੋਕ ਇਹ ਗੱਲ ਝੱਟ ਬੁੱਝ ਗਏ ਸਨ ਕਿ ਸਿੱਖ 'ਭਾਰਤੀ ਫੌਜ' ਦੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਤੁਲਨਾ ਅਫਗਾਨ ਤੇ ਮੁਗਲ ਸਮਿਆਂ ਨਾਲ ਕਰਨ ਤੋਂ ਨਹੀਂ ਖੁੰਝਣਗੇ। ਉਹ ਦਿੱਲੀ ਦੇ ਹਾਕਮਾਂ ਨੂੰ ਕਰਾਰਾ ਜੁਆਬ ਦੇਣ ਦੀ ਰੁਚੀ ਅਵੱਸ਼ ਅਪਣਾਉਣਗੇ। ਬਰਤਾਨਵੀ ਅਖਬਾਰਾਂ ਨੇ ਵੀ ਅਜਿਹੀ ਹੀ ਭਵਿੱਖ ਬਾਣੀ ਕੀਤੀ ਸੀ। 8 ਜੂਨ ਦੇ ਗਾਰਡੀਅਨ ਨੇ ਆਪਣੇ ਅੰਕ ਵਿੱਚ ਇਹ ਟੇਵਾ ਲਾ ਦਿੱਤਾ ਸੀ ਕਿ 'ਮੁੱਢਲੀ ਸੈਨਿਕ' ਸਫਲਤਾ ਦੇ ਬਾਵਜੂਦ ਭਾਰਤ ਸਰਕਾਰ ਨੂੰ ਛੇਤੀਂ ਜ਼ੋਰ-ਚੜ੍ਹਵੀਂ ਸਿਵਲ ਨਾ ਫੁਰਮਾਨੀ ਅਤੇ ਗੁਰਾਲੀ ਕਿਸਮ ਦੇ ਮਿਸ਼ਰਨ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਿਹਾ ਕਿ ਭਾਰਤ ਤੇ ਇੰਦਰਾ ਗਾਂਧੀ ਦੋਵੇਂ ਹੀ ਆਪਣੇ 'ਵਾਟਰਲੂ' ਵਲ ਵਧ ਰਹੇ ਹਨ।

ਸਿੱਖਾਂ ਬਾਰੇ ਸਦੀਵੀ ਸੱਚ ਲਿਖਦਿਆਂ ਕਿਹਾ ਕਿ ਸਿੱਖ ਸਖਤਜਾਨ ਘੁਲਾਟੀਏ ਹਨ, ਜਿਨ੍ਹਾਂ ਦਾ ਕੇਂਦਰੀ ਸੱਤਾ ਵਿਰੁੱਧ ਸੰਘਰਸ਼ ਦਾ ਲੰਮਾ ਇਤਿਹਾਸ ਹੈ। ਜਦ 1716 ਈ. ਵਿੱਚ ਦਿੱਲੀ ਵਿਖੇ 700 ਸਿੱਖਾਂ ਨੂੰ (ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਸਮੇਤ) ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਬਾਕੀ (ਬਚੇ ਸਿੰਘ) ਪਹਾੜਾਂ ਨੂੰ ਨਿਕਲ ਗਏ ਸਨ ਅਤੇ ਉੱਥੋਂ ਹੋਰ ਜੰਗਜ਼ੂ ਰੁਚੀਆਂ ਦੇ ਧਾਰਨੀ ਹੋ ਕੇ ਹੀ ਪਰਤੇ ਸਨ। ਕੇਂਦਰੀ ਸੱਤਾ ਦੇ ਕਮਜ਼ੋਰ ਪੈਂਦਿਆਂ ਹੀ ਉਹ (ਪੰਜਾਬ) ਦੇ ਹਾਕਮ ਹੋ ਨਿੱਬੜੇ ਸਨ। ਭਾਰਤ ਸਰਕਾਰ ਅਤੇ ਹਿੰਦੂ ਵਰਗ ਇਹ ਕਦੇ ਵੀ ਪਛਾਣ ਨਹੀਂ ਸਕਿਆ ਕਿ ਸਿੱਖਾਂ ਦਾ ਦਰਬਾਰ ਸਾਹਿਬ ਨਾਲ ਕਿਹੋ ਜਿਹਾ ਵਿਲੱਖਣ ਦਾ ਰਿਸ਼ਤਾ ਹੈ। ਸਿੱਖ ਸੋਮਨਾਥ ਦੇ ਮੰਦਰ ਦੀ ਤਰ੍ਹਾਂ ਸਵੈਇੱਛਾ ਨਾਲ ਛੱਡ ਕੇ ਜਾਣ ਵਾਲੇ ਮੱਠਾਂ ਦੇ ਪੁਜਾਰੀ ਨਹੀਂ ਹਨ। ਸਿੱਖ ਆਪਣੇ ਧਾਰਮਿਕ ਮੰਦਰਾਂ ਲਈ ਮਰ ਮਿਟਣ ਵਾਲੇ ਰਣਤੱਤੇ ਵਿੱਚ ਜੂਝਣ ਵਾਲੇ ਪ੍ਰਵਾਨੇ ਹਨ।

ਭਾਰਤ ਸਰਕਾਰ ਅਤੇ ਹਿੰਦੂ ਵਰਗ ਦੁਆਰਾ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਦਿਖਾਈ ਗਈ ਉੱਜਡਤਾ ਭਰੀ ਸੰਵੇਦਨਹੀਣਤਾ ਤੇ ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਇਸ ਸੋਚ ਨੇ ਜੋ ਭਾਂਬੜ ਬਾਲੇ, ਉਸ ਨੇ ਭਾਰਤ ਅੰਦਰ ਅਤੇ ਭਾਰਤ ਦਾ ਬਹੁਤ ਕੁਝ ਲੂਹ ਕੇ ਰੱਖ ਦਿੱਤਾ ਹੈ। ਇਹ ਸਿੱਖਾਂ ਤੇ ਦਬਾਅ, ਤਸ਼ੱਦਦ ਹਮੇਸ਼ਾਂ ਸਿੱਖ ਕੌਮ ਦੇ ਮਾਣਮੱਤੀ ਸ਼ਹੀਦਾਂ ਮੁਰੀਦਾਂ ਦੀ ਸੂਚੀ ਵਿੱਚ ਹੋਰ ਵਾਧਾ ਕਰਨ ਦਾ ਹੀ ਸਬੱਬ ਬਣੇ ਹਨ। ਸਿੱਖਾਂ ਨੇ ਮੱਸਾ ਰੰਘੜ, ਅਬਦਾਲੀ, ਜਨਰਲ ਅਡਵਾਇਰ ਅਤੇ ਇੰਦਰਾ ਗਾਂਧੀ ਤੱਕ ਕਿਸੇ ਨੂੰ ਭੁਲਾਇਆ ਨਹੀਂ। ਸਿੱਖਾਂ ਨੇ ਦਰਬਾਰ ਸਾਹਿਬ ਨਾਲ ਕਾਇਮ ਰਿਸ਼ਤੇ ਵਿੱਚ ਕਦੇ ਢਿੱਲ ਨਹੀਂ ਪੈਣ ਦਿੱਤੀ। ਇਸ ਸੁਨਹਿਰੀ ਮੰਦਰ ਦੀ ਨਕਾਸ਼ੀ ਤੇ ਲਪਾਈ ਵਿੱਚ ਅਤੇ ਇਸ ਦੀਆਂ ਇੱਟਾਂ ਦੇ ਵਿੱਚ ਸੂਰਗਮਤੀ, ਬਹਾਦਰੀ ਦੇ ਬਹੁਤ ਸਾਰੇ ਕਿੱਸੇ ਗੁੰਦੇ ਪਏ ਹਨ। ਸਮੂਹ ਦੀਆਂ ਇਮਾਰਤਾਂ ਦੀਆਂ ਇੱਟਾਂ ਵਿੱਚ ਬੁਨਿਆਦਾਂ ਦਾ ਗੱਚ ਬੰਨ੍ਹਣ ਲਈ ਬਾਬਾ ਦੀਪ ਸਿੰਘ, ਸੰਤ ਜਰਨੈਲ ਸਿੰਘ ਵਰਗੇ ਬਹੁਤ ਸੂਰਬੀਰਾਂ ਦੀਆਂ ਜਾਨਾਂ ਲੱਗੀਆਂ ਹਨ। ਹਰ ਪੱਥਰ ਅਤੇ ਸੰਗਮਰਮਰ ਦਾ ਟੁਕੜਾ ਸੂਰਬੀਰਤਾ, ਸ਼ਹਾਦਤ ਤੇ ਚਮਤਕਾਰਾਂ ਦੀ ਗਾਥਾ ਬਿਆਨ ਕਰਦਾ ਹੈ।



Archive

RECENT STORIES