Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਮਤਿ ਦੇ ਝਰੋਖੇ ‘ਚੋਂ ਬੂਆੜ ਦੇ ਬੂਟੇ

Posted on June 28th, 2021

ਦੋਸਤੋ ਜਿਵੇਂ ਕਣਕ ਵਿਚ ਕਾਂਗਿਆਰੀ ਹੁੰਦੀ ਹੈ, ਤਿਵੇਂ ਤਿਲ਼ਾਂ ਵਿਚ ਬੂਆੜ ਦੇ ਬੂਟੇ ਹੁੰਦੇ ਹਨ। ਸ਼ਕਲ ਬਿਲਕੁਲ ਤਿਲ਼ਾਂ ਦੇ ਬੂਟਿਆਂ ਵਰਗੀ ਪਰ ਫਲ਼ੀਆਂ ਵਿਚ ਸੁਆਹ ਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਇਕ ਸਲੋਕ ਵਿਚ ਮਨਮੱਤੀਆਂ ਨੂੰ ਬੂਆੜ ਨਾਲ ਤੁਲਨਾ ਦਿੱਤੀ ਹੈ । ਪੇਸ਼ ਹੈ ਉਸ ਸਲੋਕ ਦੇ ਆਧਾਰ ਤੇ ਬੈਂਤ ਦੇ ਇਹ ਸ਼ੇਅਰ:

ਬੂਆੜ ( ਬੈਂਤ )

ਜਿਨ੍ਹਾਂ ਆਪਣਾ ਗੁਰੂ ਵਿਸਾਰ ਛੱਡਿਆ ,

ਮਨ ਮਗਰ ਲੱਗ ਕਰਨ ਮਨਮਾਨੀਆਂ ਜੋ ।

ਤਿਲ਼ਾਂ ਵਿਚ ਬੂਆੜ ਦੇ ਉਹ ਬੂਟੇ ,

ਨਹੀਂ ਵੱਢਦੇ ਕਰਨ ਕਿਰਸਾਨੀਆਂ ਜੋ ।

0

ਸਾਕਤ, ਸੰਤਾਂ ਦੇ ਵੇਸ ਵਿਚ ਤੁਰੇ ਫਿਰਦੇ ,

ਆਪਣੇ ਆਪ ਹੀ ਕਰਨ ਅਗਵਾਨੀਆਂ ਜੋ ।

ਬਾਹਰ ਕਰਨ ਗੱਲਾਂ ਉਚ ਇਖਲਾਕ ਦੀਆਂ ,

ਅੰਦਰੋਂ ਤੱਕਦੇ ਨਾਰਾਂ ਬਿਗਾਨੀਆਂ ਜੋ ।

0

ਬੂਟੇ ਤਿਲ਼ਾਂ ਦੇ ਵੱਢ ਕਿਰਸਾਨ ਲੈਂਦੇ ,

ਛੱਡ ਦਿੰਦੇ ਬੂਆੜ ਦੇ ਬੂਟਿਆਂ ਨੂੰ ।

ਮਗਰੋਂ ਹੋਰ ਅਨੇਕ ਨੇ ਲੈ ਜਾਂਦੇ ,

ਭੱਠੀ ਵਿਚ ਜਾ ਸਾੜਦੇ ਬੂਟਿਆਂ ਨੂੰ ।

0

ਟੁੱਟੇ ਇਕ ਤੋਂ ਸੈਂਕੜੇ ਖਸਮ ਬਣ ਗਏ ,

ਲੈ ਗਏ ਝੰਬਦੇ ਝਾੜਦੇ ਬੂਟਿਆਂ ਨੂੰ ।

ਬਿਨਾਂ ਤਿਲ਼ਾਂ ਤੋਂ “ਕੇਵਲ” ਸੁਆਹ ਵਾਲ਼ੇ ,

ਲੋਕੀਂ ਜੜ੍ਹੋਂ ਉਖਾੜਦੇ ਬੂਟਿਆਂ ਨੂੰ ।

-ਕੇਵਲ ਸਿੰਘ ਨਿਰਦੋਸ਼ ਕੈਮਲੂਪਸ ਸੈਲ ਫੋਨ 778-878-5100



Archive

RECENT STORIES