Posted on July 25th, 2021

ਸਿੱਖ ਕੌਮ ਦਾ ਇਤਿਹਾਸ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵੀ ਅਜਿਹੇ ਸੂਰਬੀਰ ਬਹਾਦਰ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਮੌਕਾ ਮਿਲਣ 'ਤੇ ਬਹਾਦਰੀ ਦੇ ਅਜਿਹੇ ਕਾਰਨਾਮੇ ਕੀਤੇ ਕਿ ਉਸ ਸਮੇਂ ਦੇ ਮੁਗਲ਼ ਬਾਦਸ਼ਾਹਾਂ ਦੀਆਂ ਭਾਜੜਾਂ ਪਾ ਦਿੱਤੀਆਂ ਸਨ।
ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਉਹ ਯੋਧੇ ਸਨ,ਜਿਨ੍ਹਾਂ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ ''ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ" ਨੂੰ ਪੂਰਾ ਕਰਦਿਆਂ ਉਸ ਸਮੇਂ ਦੀ ਹਕੂਮਤ ਮੁਗਲਾਂ ਨੂੰ ਲਲਕਾਰਦਿਆਂ ਦੋ ਸੌ ਮੁਗਲ ਸੈਨਿਕ ਨਾਲ ਲੜਾਈ ਕੀਤੀ ਸੀ।
ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਤੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ। ਉਨ੍ਹਾਂ ਸ੍ਰੀ ਅੰਮ੍ਰਿਤਸਰ ਵਿੱਚ ਸਿੱਖਾਂ ਨੂੰ ਜਾਣ 'ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਫਲਸਰੂਪ ਸਿੱਖ ਕੌਮ ਨੂੰ ਬਹੁਤ ਹੀ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ।
ਇਹੋ ਜਿਹੇ ਸਮੇਂ ਵਿੱਚ ਬਾਬਾ ਬੋਤਾ ਸਿੰਘ ਜਵਾਨ ਹੋਏ ਅਤੇ ਸਿੱਖ ਕੌਮ ਉਤੇ ਹੋ ਰਹੇ ਅੱਤਿਆਚਾਰ ਨੂੰ ਆਪਣੇ ਅੱਖੀਂ ਵੇਖਿਆ। ਇਸ ਦੌਰਾਨ ਇੱਕ ਹੋਰ ਗਰਜਾ ਸਿੰਘ ਨਾਂਅ ਦਾ ਸਿੱਖ ਬਾਬਾ ਬੋਤਾ ਸਿੰਘ ਨਾਲ ਆਣ ਮਿਲਿਆ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਅੰਮ੍ਰਿਤਪਾਨ ਕਰਕੇ ਖਲਾਸਾ ਪੰਥ ਦੇ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ 'ਤੇ ਉਨ੍ਹਾਂ ਦੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆਈਆਂ। ਮੁਗਲ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੂੰ ਵੇਖ ਕੇ ਉਨ੍ਹਾਂ ਦੇ ਮਨ ਵਿੱਚ ਲਲੂਹਰੀਆਂ ਉਠਦੀਆਂ।
ਉਸ ਸਮੇਂ ਸਿੱਖ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਾਤਾਂ ਨੂੰ ਜਾਂਦੇ ਤੇ ਦਿਨੇ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਸਨ। ਇਸ ਤਰ੍ਹਾਂ ਹੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੀ ਰਾਜਪੂਤਾਨੇ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਛੁਪਦੇ-ਛੁਪਾਉਦੇ ਝਾੜੀਆਂ ਬੇਲਾ ਵਿੱਚ ਦੀ ਰਵਾਨਾ ਹੋਏ ਤਾਂ ਤਰਨਤਾਰਨ ਕੋਲ ਝਾੜੀਆਂ ਬੇਲੇ ਵਿੱਚ ਜਾ ਰੇਹੇ ਸਨ ਤਾਂ ਉਥੋਂ ਗੁਜ਼ਰ ਰਹੇ ਦੋ ਮੁਸਲਮਾਨਾਂ ਨੂੰ ਝਾੜੀਆਂ ਵਿੱਚ ਪੈਰਾਂ ਦੀਆਂ ਅਵਾਜ਼ਾਂ ਅਤੇ ਪਰਛਾਵੇ ਵਿਖਾਈ ਦਿਤੇ ਤਾਂ :
ਇੱਕ ਮੁਸਲਮਾਨ ਨੇ ਕਿਹਾ ਕਿ ''ਇਨ੍ਹਾਂ ਝਾੜੀਆਂ ਪਿੱਛੇ ਸਿੱਖ ਲਗਦੇ ਹਨ।" ਦੂਜਾ ਮੁਸਲਮਾਨ ਬੋਲਿਆ ''ਨਹੀਂ ਉਹ ਤਾਂ ਲੁਕਣ-ਛੁਪਣ ਵਾਲੇ ਨਹੀਂ ਹੁੰਦੇ,ਸ ਾਹਮਣੇ ਮੁਕਬਾਲਾ ਕਰਕੇ ਮਾਰਦੇ ਜਾਂ ਮਰਦੇ ਹਨ।" ਪਹਿਲਾ: ''ਪਹਿਰਾਵੇ ਤੇ ਸਰੀਰ ਦੀ ਡੀਲ-ਡੌਲ ਤੋਂ ਸਿੱਖ ਹੀ ਦਿਸਦੇ ਨੇ।" ਦੂਜਾ: ''ਸੂਬਾ ਲਹੌਰ ਜਨਾਬ ਜ਼ਕਰੀਆਂ ਖਾਂ ਨੇ ਢੰਡੋਰਾ ਪਿਟਵਾਇਆ ਹੈ ਕਿ ਸਿੱਖ ਮਾਰ ਦਿੱਤੇ ਗਏ ਹਨ, ਇਹ ਕੋਈ ਚੋਰ-ਉਚੱਕਾ ਜਾਂ ਕਾਇਰ ਹੋਏਗਾ, ਚਲ ਜ਼ਰਾ ਦੇਖੀਏ ਕੌਣ ਹੈ।" ਪਹਿਲਾ: ''ਜੇ ਸਿੱਖ ਹੋਏ ਬਚਣਾ ਮੁਸ਼ਕਲ ਹੋਏਗਾ, ਛੱਡ ਆਪਾਂ ਕੀ ਲੈਣਾ।"
ਦੋਨੋਂ ਮੁਸਲਮਾਨ ਡਰ ਦੇ ਮਾਰੇ ਚਲੇ ਗਏ ਪਰ ਉਨ੍ਹਾਂ ਦੀਆਂ ਆਪਸ ਵਿੱਚ ਹੋਈਆਂ ਗੱਲਾਂ, ਦੋਵਾਂ ਸਿੰਘਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਕੰਨਾਂ ਵਿੱਚ ਵਾਰ ਵਾਰ ਗੂੰਜ ਰਹੀਆਂ ਸਨ ਕਿ ਇਹ ਚੋਰ ਉਚੱਕੇ ਜਾਂ ਕਾਇਰ ਹੋਣਗੇ, ਸਿੱਖ ਨਹੀਂ ਹੋ ਸਕਦੇ। ਉਨ੍ਹਾਂ ਬੈਠ ਕੇ ਵਿਚਾਰ ਕੀਤਾ ਕਿ ਇਹ ਪ੍ਰਚਾਰ ਕਿ ਸਿੰਘ ਖਤਮ ਕੀਤੇ ਜਾ ਚੁੱਕੇ ਹਨ, ਇਸ ਨਾਲ ਪੰਥ ਨੂੰ ਬਹੁਤ ਨੁਕਸਾਨ ਪੁੱਜੇਗਾ। ਉਨ੍ਹਾਂ ਜ਼ਾਲਮ ਮੁਗਲ ਹਕੂਮਤ ਨੂੰ ਇਹ ਸਾਬਤ ਕਰਨ ਲਈ ਕਿ ਸ਼੍ਰੀ ਦਸ਼ਮੇਸ ਪਿਤਾ ਦੇ ਖਾਲਸਾ ਪੰਥ ਨੂੰ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ।
ਤਰਨਤਾਰਨ ਸਾਹਿਬ ਦੇ ਨਜ਼ਦੀਕ ਸ਼ਾਹੀ ਸੜਕ ਉਤੇ ਨੂਰਦੀਨ ਦੀ ਚੁੰਗੀ ਉਤੇ ਕਬਜ਼ਾ ਕਰਕੇ ਇਸ ਸੜਕ ਤੇ ਲੰਘਣ ਵਾਲੇ ਹਰ ਗੱਡੇ ਪਾਸੋਂ ਇੱਕ ਆਨਾ, ਖੋਤੇ ਪਾਸੋਂ ਇੱਕ ਪੈਸਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਇਹ ਟੈਕਸ ਨਾਕਾ ਲਗਾ ਕੇ ਦੋਨਾਂ ਸਿੰਘਾਂ ਨੇ ਇਹ ਆਵਾਜ਼ ਫੈਲਾਅ ਦਿੱਤੀ ਕਿ ਇਥੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ। ਜਦ ਕਈ ਦਿਨਾਂ ਤੱਕ ਉਨ੍ਹਾਂ ਪਾਸ ਕੋਈ ਮੁਗਲਾਂ ਦੀ ਟੋਲੀ ਨਾ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਮੁਸਾਫਿਰ ਦੇ ਹੱਥ ਲਾਹੌਰ ਦੇ ਸੂਬੇ ਨੂੰ ਇਕ ਚਿੱਠੀ ਲਿਖ ਭੇਜੀ:
''ਚਿੱਠੀ ਲਿਖੇ ਸਿੰਘ ਬੋਤਾ, ਹੱਥ ਹੈ ਸੋਟਾ ਵਿਚ ਰਾਹ ਖੜੋਤਾ। ਆਨਾ ਲਾਯਾ ਗੱਡੇ ਨੂੰ, ਪੈਸਾ ਲਾਯਾ ਖੋਤਾ, ਆਖੋ ਭਾਬੀ ਖਾਨੋ ਨੂੰ, ਯੌਂ ਆਖੇ ਸਿੰਘ ਬੋਤਾ।"
ਜਦ ਜ਼ਕਰੀਆਂ ਖਾਂ ਨੂੰ ਇਹ ਸੂਚਨਾ ਪਹੁੰਚੀ ਤਾਂ ਉਸਨੇ 200 ਸੈਨਿਕਾਂ ਦਾ ਇਕ ਦਸਤਾ ਭੇਜਿਆ ਤੇ ਇਨ੍ਹਾਂ ਸੈਨਿਕਾਂ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਘੇਰਾ ਪਾ ਲਿਆ। ਸਿੰਘਾਂ ਸੋਚਿਆ ਕਿ ਸ਼ਹੀਦ ਹੋਣ ਤੋਂ ਪਹਿਲਾ ਇਨ੍ਹਾਂ ਨੂੰ ਜ਼ਲੀਲ ਕਰਨਾ ਹੀ ਲਾਹੇਵੰਦ ਰਹੇਗਾ। ਬਾਬਾ ਬੋਤਾ ਸਿੰਘ ਨੇ ਸੈਨਿਕਾਂ ਨੂੰ ਵੰਗਾਰਿਆ ਕਿ ਜੇ ਉਹ ਆਪਣੇ ਆਪ ਨੂੰ ਬਹਾਦਰ ਕਹਾਉਂਦੇ ਹਨ ਤਾਂ ਇੱਕ ਇੱਕ ਆ ਕੇ ਸਾਡੇ ਨਾਲ ਲੜ੍ਹਾਈ ਕਰੇ ਇਸ ਤਰ੍ਹਾਂ ਸਿੰਘਾਂ ਨੇ ਦਰਜਨ ਸੈਨਿਕਾਂ ਨੂੰ ਮਾਰ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਹ ਦੋ-ਦੋ ਸੈਨਿਕ ਸਾਡੇ ਨਾਲ ਲੜ੍ਹਾਈ ਕਰਨ ਆ ਜਾਣ ਤਾਂ ਇਸ ਤਰ੍ਹਾਂ ਜਦ ਮੁਗਲ ਸੈਨਿਕ ਮਾਰੇ ਜਾ ਰਹੇ ਸਨ ਤਾਂ ਗੁੱਸੇ ਵਿਚ ਸੈਨਿਕਾਂ ਨੇ ਇਕੱਠੇ ਹੋ ਕੇ ਹੱਲਾ ਬੋਲ ਦਿੱਤਾ, ਦੋ ਦਰਜ਼ਨ ਤੋਂ ਵੱਧ ਮੁਗਲਾਂ ਸੈਨਿਕਾਂ ਨੂੰ ਸੋਟਿਆਂ ਨਾਲ ਮੌਤ ਦੇ ਘਾਟ ਉਤਾਰਦਿਆਂ 27 ਜੁਲਾਈ 1739 ਈ: ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸ਼ਹੀਦ ਹੋ ਗਏ।
ਮਹਾਨ ਸੂਰਬੀਰ ਯੋਧੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਖਾਲਸਾ ਕਦੇ ਵੀ ਨਹੀਂ ਮਰਦਾ, ਇਸ ਦੀਆਂ ਜੜ੍ਹਾਂ ਪਤਾਲ 'ਚ ਲੱਗੀਆਂ ਹੋਈਆਂ ਹਨ। ਇਸ ਘਟਨਾ ਤੋਂ ਸਿੱਖ ਕੌਮ ਅਗਵਾਈ ਲੈਂਦੀ ਆ ਰਹੀ ਹੈ ਅਤੇ ਲੈਂਦੀ ਰਹੇਗੀ ਕਿ ਸਾਡੇ ਵੱਡੇ ਵਡੇਰੇ ਹਰ ਪੱਖੋਂ ਦੂਰ-ਅੰਦੇਸ਼ੀ ਤੇ ਬਹੁਤ ਸੂਝਵਾਨਤਾ ਤੋਂ ਕੰਮ ਲੈਂਦੇ ਸਨ।
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026