Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਾਦੂਵਾਲ ਦਾ ਉਸਦੇ ਪਿੰਡ ਵਾਲਿਆਂ ਵਲੋਂ ਬਾਈਕਾਟ

Posted on August 3rd, 2021

ਸਿਰਸਾ- ਕਾਲਾਂਵਾਲੀ ਬਲਾਕ ਦੇ ਪਿੰਡ ਦਾਦੂ ਦੇ ਲੋਕਾਂ ਨੇ ਪੰਚਾਇਤ ਵਿੱਚ ਲਿਖਤੀ ਮਤਾ ਪਾ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦਾ ਬਾਈਕਾਟ ਕਰ ਦਿੱਤਾ ਹੈ। ਪਿੰਡ ਵਾਲਿਆਂ ਨੇ ਕਿਹਾ ਹੈ ਕਿ ਜੋ ਕੋਈ ਦਾਦੂਵਾਲ ਕੋਲ ਗਿਆ, ਉਸਦਾ ਵੀ ਬਾਈਕਾਟ ਕਰਾਂਗੇ।

ਦਾਦੂ ਪਿੰਡ ਵਿਖੇ ਹੋਈ ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਕਿਸਾਨ ਮੌਜੂਦ ਸਨ। ਇਸ ਮੌਕੇ ਪੰਚਾਇਤ ਵਿੱਚ ਸ਼ਾਮਲ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਦਾਦੂਵਾਲ ਭਾਜਪਾ ਲੀਡਰਾਂ ਨੂੰ ਪਿੰਡ ਵਿੱਚ ਬੁਲਾ ਕੇ ਪਿੰਡ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ। ਜੇ ਪਿੰਡ ਵਿੱਚ ਕੋਈ ਅਨਹੋਣੀ ਘਟਨਾ ਹੋ ਗਈ ਤਾਂ ਉਸ ਦਾ ਜ਼ਿੰਮੇਵਾਰ ਦਾਦੂਵਾਲ ਹੋਵੇਗਾ।

ਉਨ੍ਹਾਂ ਕਿਹਾ ਕਿ ਜਦੋਂ ਸਾਰੇ ਕਿਸਾਨਾਂ ਨੇ ਭਾਜਪਾ ਦਾ ਬਾਈਕਾਟ ਕੀਤਾ ਹੋਇਆ ਤਾਂ ਦਾਦੂਵਾਲ ਪਿੰਡ ਵਿੱਚਉਨ੍ਹਾ ਨੂੰ ਕਿਉਂ ਸੱਦਦਾ ਹੈ। ਕਿਸਾਨ ਨੇਤਾ ਗੁਰਦਾਸ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਦਾਦੂਵਾਲ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕਰ ਕੇ ਕਿਸਾਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ।

ਦੂਜੇ ਪਾਸੇ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਇਹ ਲੋਕ ਅੱਜ ਤੋਂ ਨਹੀਂ, ਸ਼ੁਰੂ ਤੋਂ ਮੇਰਾ ਵਿਰੋਧ ਕਰਦੇ ਆਏ ਹਨ। ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਹਨ, ਇਹ ਵਿਰੋਧੀ ਧਿਰ ਦੇ ਲੋਕ ਹਨ। ਦਾਦੂਵਾਲ ਨੇ ਕਿਹਾ ਕਿ ਮੈਂ ਨਸ਼ਿਆਂ ਦਾ ਵਿਰੋਧੀ ਹਾਂ, ਇਹ ਗੱਲ ਇਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਅਤੇ ਇਹ ਲੋਕ ਬਾਦਲਾਂ ਦੇ ਸਮਰਥਕ ਹਨ। ਬਾਦਲਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਇਹ ਕੰਮ ਕਰਾਇਆ ਹੈ। ਅੱਜ ਤੋਂ ਕਈ ਸਾਲ ਪਹਿਲਾਂ ਵੀ ਅਜਿਹੀ ਕਾਰਵਾਈ ਕੀਤੀ ਗਈ ਸੀ ਪਰ ਇਨ੍ਹਾਂ ਗੱਲਾਂ ਦਾ ਮੈਨੂੰ ਕੋਈ ਫਰਕ ਨਹੀਂ ਪਿਆ।

ਵਰਨਣ ਯੋਗ ਹੈ ਕਿ ਭਾਜਪਾ ਆਗੂ ਵਿਜੇ ਸਾਂਪਲਾ ਸਿਰਸਾ ਆਏ ਸਨ। ਉਨ੍ਹਾਂ ਨੇ ਦਾਦੂ ਪਿੰਡ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਸੀ ਅਤੇ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨੀ ਸੀ। ਜਦ ਕਿਸਾਨਾਂ ਨੂੰ ਇਸਦੀ ਸੂਚਨਾ ਮਿਲੀ ਤਾਂ ਉਹ ਵਿਰੋਧ ਵਿੱਚ ਇਕੱਠੇ ਹੋ ਗਏ, ਜਿਸ ਕਾਰਨ ਵਿਜੇ ਸਾਂਪਲਾ ਦਾਦੂ ਪਿੰਡ ਨਹੀਂ ਗਏ ਤੇ ਸਿਰਸਾ ਦੇ ਇੱਕ ਨਿੱਜੀ ਰਿਜ਼ੋਰਟ ਵਿੱਚ ਰੁਕਣ ਪਿੱਛੋਂ ਮੁੜ ਗਏ।

ਇਸ ਦੌਰਾਨ ਵਿਜੇ ਸਾਂਪਲਾ ਵੱਲੋਂ ਵਿਰੋਧ ਕਰਦੇ ਕਿਸਾਨਾਂ ਦੇ ਖ਼ਿਲਾਫ਼ ਕਾਲਾਂਵਾਲੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ, ਜਿਸ ਦੇ ਆਧਾਰ ਉੱਤੇ ਕਾਲਾਂਵਾਲੀ ਪੁਲਸ ਨੇ 21 ਕਿਸਾਨਾਂ ਨੂੰ ਨਾਮਜ਼ਦ ਕੀਤਾ ਅਤੇ 500 ਤੋਂ ਵਧੇਰੇ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।



Archive

RECENT STORIES