Posted on October 22nd, 2021

** ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਦੀ 76 ਵੀ ਵਰੇਗੰਢ ਤੇ ਵਿਸ਼ੇਸ਼**
ਸੰਸਾਰ ਅੱਜ ਤੱਕ ਦੋ ਮਹਾਂ ਯੁੱਧਾਂ ਦੀ ਮਾਰ ਝੱਲ ਚੁੱਕਿਆ ਹੈ। ਇਨ੍ਹਾਂ ਮਹਾਂ ਯੁੱਧਾਂ ਨੇ ਬਹੁਤੇ ਦੇਸ਼ਾਂ ਨੂੰ ਬੁਰੀ ਤਰਾਂ ਬਰਬਾਦ ਦਿੱਤਾ ਸੀ। ਕਰੋੜਾਂ ਲੋਕ ਬੇਘਰ ਅਤੇ ਬੇਕਾਰ ਹੋ ਗਏ ਸਨ। ਖੇਤੀਬਾੜੀ, ਵਪਾਰ ਅਤੇ ਉਦਯੋਗਾਂ ਦਾ ਸੱਤਿਆਨਾਸ ਹੋ ਗਿਆ ਸੀ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੇ ਰਾਜਨੀਤੀਆਂ ਨੇ ਆਪਸੀ ਝਗੜਿਆਂ ਨੂੰ ਸ਼ਾਂਤੀ ਨਾਲ ਨਿਪਟਾਉਣ ਦੇ ਉਦੇਸ਼ ਨਾਲ 1920 ਈ. ਵਿੱਚ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਸੀ। ਪ੍ਰੰਤੂ ਕਈ ਕਾਰਨਾਂ ਕਰਕੇ ਇਹ ਸੰਸਥਾ ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਨਾਕਾਮਯਾਬ ਰਹੀ। ਸਿੱਟੇ ਵਜੋਂ ਸਤੰਬਰ 1939 ਈਸਵੀ ਨੂੰ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ।
ਦੂਜੇ ਮਹਾਂ ਯੁੱਧ ਨੇ ਸੰਸਾਰ ਨੂੰ ਭਾਰੀ ਹਾਨੀ ਪਹੁੰਚਾਈ। ਇਹ ਯੁੱਧ ਮਾਨਵ ਜਾਤੀ ਲਈ ਬੜਾ ਵਿਨਾਸ਼ਕਾਰੀ ਸਿੱਧ ਹੋਇਆ। ਇੱਕ ਅਨੁਮਾਨ ਅਨੁਸਾਰ ਇਸ ਵਿੱਚ ਕੋਈ ਇੱਕ ਕਰੋੜ ਤੋਂ ਵੱਧ ਸੈਨਿਕਾਂ ਅਤੇ ਲਗਭਗ 2 ਕਰੋੜ ਨਾਗਰਿਕਾਂ ਦੀ ਮੌਤ ਹੋਈ। ਲੱਖਾਂ ਲੋਕ ਜ਼ਖਮੀ ਅਤੇ ਨਕਾਰਾ ਹੋ ਗਏ। ਅਮਰੀਕਾ ਦੇ ਪ੍ਰਮਾਣੂ ਬੰਬਾਂ ਨੇ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ। ਬੰਬਾਂ ਦੀ ਮਾਰ ਨੇ ਭੂਮੀ ਨੂੰ ਖੇਤੀ ਯੋਗ ਨਾ ਰਹਿਣ ਦਿੱਤਾ। ਬਰਬਾਦ ਹੋਏ ਘਰ, ਦੁਖੀ ਪਰਿਵਾਰ, ਅਨਾਥ ਹੋਏ ਬੱਚੇ, ਰੋਂਦੀਆਂ ਵਿਧਵਾਵਾਂ, ਪਿੱਟਦੀਆਂ ਮਾਵਾਂ ਤੇ ਕੁਰਲਾਂਦੀਆਂ ਭੈਣਾਂ ਇਸ ਯੁੱਧ ਦਾ ਨਤੀਜਾ ਸਨ। ਉਜੜੇ ਹੋਏ ਸ਼ਹਿਰ, ਟੁੱਟੀਆਂ ਭੱਜੀਆਂ ਸੜਕਾਂ, ਭੁੱਖਮਰੀ, ਬਿਮਾਰੀਆਂ ਤੇ ਬੇਕਾਰੀ ਆਦਿ ਦੈਂਤਾਂ ਨੇ ਭਿਆਨਕ ਰੂਪ ਧਾਰ ਲਿਆ ਸੀ। ਇਸ ਲਈ ਸੰਸਾਰ ਦੀਆਂ ਪ੍ਰਮੁੱਖ ਸ਼ਕਤੀਆਂ ਦੁਆਰਾ ਅੰਤਰਰਾਸ਼ਟਰੀ ਸਹਿਯੋਗ ਤੇ ਸੰਸਾਰ ਨੂੰ ਹੋਰ ਭਿਆਨਕ ਯੁੱਧ ਤੋਂ ਬਚਾਉਣ ਲਈ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ 24 ਅਕਤੂਬਰ 1945 ਈਸਵੀ ਨੂੰ ਕੀਤੀ ਗਈ। ਭਿੰਨ ਭਿੰਨ ਪ੍ਰਕਾਰ ਦੇ ਅੰਤਰਰਾਸ਼ਟਰੀ ਮਾਮਲਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਇਸਦੇ ਛੇ ਅੰਗ ਬਣਾਏ ਗਏ। ਜਿਨ੍ਹਾਂ ਵਿੱਚ ਮਹਾਂ ਸਭਾ ਸਭ ਤੋਂ ਵੱਡਾ ਅੰਗ ਹੈ। ਜਿਸ ਵਿਚ ਸੰਯੁਕਤ ਰਾਸ਼ਟਰ ਸੰਘ ਦਾ ਹਰ ਮੈਂਬਰ ਦੇਸ਼ ਇਸ ਦਾ ਮੈਂਬਰ ਹੁੰਦਾ ਹੈ। ਵੈਟੀਕਨ ਸਿਟੀ ਅਤੇ ਪੇਲੈਸਟੀਨ ਆਦਿ ਦੋ ਦੇਸ਼ਾਂ ਨੂੰ ਛੱਡ ਕੇ ਬਾਕੀ ਦੇ 193 ਦੇਸ਼ ਇਸ ਦੇ ਮੈਂਬਰ ਹਨ। ਇਹ ਇੱਕ ਤਰਾਂ ਨਾਲ ਸੰਸਾਰ ਦੀ ਸੰਸਦ ਹੈ। ਇਸ ਤੋਂ ਇਲਾਵਾ ਸੁਰੱਖਿਆ ਪਰਿਸ਼ਦ, ਆਰਥਿਕ ਤੇ ਸਮਾਜਿਕ ਪਰਿਸ਼ਦ, ਸੁਰੰਖਿਅਣ ਪਰਿਸ਼ਦ, ਅੰਤਰਰਾਸ਼ਟਰੀ ਅਦਾਲਤ ਅਤੇ ਸਚਵਾਲਾ ਆਦਿ ਯੂ. ਐੱਨ. ਓ. ਦੇ ਹੋਰ ਅੰਗ ਹਨ।
ਸੰਯੁਕਤ ਰਾਸ਼ਟਰ ਸੰਘ ਨੂੰ ਬਣਿਆ ਅੱਜ 76 ਸਾਲ ਹੋ ਚੁੱਕੇ ਹਨ। ਇਹ ਆਪਣੀਆਂ ਸਫ਼ਲਤਾਵਾਂ ਦੇ ਕਾਰਨ ਇਕ ਸਤਿਕਾਰਯੋਗ ਰਾਸ਼ਟਰੀ ਸੰਸਥਾ ਬਣੀ ਹੋਈ ਹੈ। ਇਸ ਨੇ ਰੂਸ-ਈਰਾਨ ਵਿਵਾਦ, ਯੂਨਾਨ ਵਿਵਾਦ, ਲਿਬਨਾਨ ਸੰਕਟ, ਕੋਰੀਆ ਸੰਕਟ, ਲਾਊਸ ਸੰਕਟ, ਭਾਰਤ-ਪਾਕਿਸਤਾਨ ਵਿਚਕਾਰ ਲੜਾਈ ਰੋਕਣਾ, ਸੁਏਜ ਨਹਿਰ ਦੀ ਸਮੱਸਿਆ ਹੱਲ ਕਰਨਾ, ਕਾਂਗੋ ਦੀ ਸਮੱਸਿਆ, ਸਾਈਪ੍ਰਸ ਵਿੱਚ ਯੂਨਾਨੀਆਂ ਤੇ ਤੁਰਕਾਂ ਦੀ ਲੜਾਈ ਬੰਦ ਕਰਵਾਉਣਾ ਅਤੇ ਅਫ਼ਰੀਕਾ ਤੇ ਏਸ਼ੀਆ ਦੇ ਕਈ ਨਵੇਂ ਬਣੇ ਰਾਸ਼ਟਰਾਂ ਨੂੰ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਯੋਗਦਾਨ ਦੇਣਾ ਆਦਿ ਵੱਖ-ਵੱਖ ਕਾਰਜਾਂ, ਸਮੱਸਿਆਵਾਂ ਤੇ ਵਿਵਾਦਾਂ ਨੂੰ ਸੁਲਝਾਉਣ ਲਈ ਮਹਾਨ ਸੇਵਾਵਾਂ ਪ੍ਰਦਾਨ ਕੀਤੀਆਂ ਹਨ।
ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਸੰਘ ਨੇ ਆਰਥਿਕ ਤੇ ਸਮਾਜਿਕ ਖੇਤਰ ਵਿਚ ਵੀ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ। ਯੂ. ਐੱਨ. ਓ. ਦੁਆਰਾ ਆਰਥਿਕ ਤੌਰ ਤੇ ਪਛੜੇ ਹੋਏ ਦੇਸ਼ਾਂ ਦੇ ਆਰਥਿਕ ਵਿਕਾਸ ਲਈ ਅਤੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ‘ਅੰਤਰਰਾਸ਼ਟਰੀ ਰਾਸ਼ਟਰੀ ਤਕਨੀਕੀ ਬੋਰਡ' ਦੀ ਸਥਾਪਨਾ ਵੀ ਕੀਤੀ ਹੋਈ ਹੈ। ਸੰਯੁਕਤ ਰਾਸ਼ਟਰ ਸੰਘ ਦਾ ‘ਖੇਤੀਬਾੜੀ ਸਬੰਧੀ ਸੰਗਠਨ' ਅਤੇ ‘ਵਿਸ਼ਵ ਬੈਂਕ' ਪੱਛੜੇ ਹੋਏ ਦੇਸ਼ਾਂ ਦੀ ਕਰੋੜਾਂ ਡਾਲਰ ਦੀ ਆਰਥਿਕ ਸਹਾਇਤਾ ਅਤੇ ਖੇਤੀਬਾੜੀ ਦੇ ਵਿਕਾਸ ਲਈ ਸਹਾਇਤਾ ਕਰਦਾ ਹੈ। ਇਸ ਦਾ ‘ਅੰਤਰ-ਰਾਸ਼ਟਰੀ ਮਜ਼ਦੂਰ ਸੰਘ' ਭਿੰਨ ਭਿੰਨ ਦੇਸ਼ਾਂ ਦੇ ਮਜ਼ਦੂਰਾਂ ਦੀ ਸੁਰੱਖਿਆ, ਕਲਿਆਣ, ਆਰਥਿਕ ਹਾਲਤ ਸੁਧਾਰਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਅਹਿਦਨਾਮੇ ਤਿਆਰ ਕਰਦਾ ਹੈ।
ਸਮਾਜਕ ਖੇਤਰ ਵਿਚ ਸੰਯੁਕਤ ਰਾਸ਼ਟਰ ਸੰਘ ਦੀ ਮਹਾਨ ਪ੍ਰਾਪਤੀ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਹੈ ਜੋ ਮਹਾਂ ਸਭਾ ਦੁਆਰਾ 20 ਦਸੰਬਰ 1948 ਈਸਵੀ ਨੂੰ ਕੀਤੀ ਗਈ ਸੀ। ਹਰ ਸਾਲ 20 ਦਸੰਬਰ ਨੂੰ ਮਨੁੱਖੀ ਅਧਿਕਾਰਾਂ ਦਾ ਦਿਨ ਮਨਾਇਆ ਜਾਂਦਾ ਹੈ। ਇਨ੍ਹਾਂ ਅਧਿਕਾਰਾਂ ਵਿਚ ਜੀਵਨ, ਸੰਪੱਤੀ ਅਤੇ ਵਿਅਕਤੀਗਤ ਸੁਰੱਖਿਆ ਦਾ ਅਧਿਕਾਰ, ਧਾਰਮਿਕ ਸੁਤੰਤਰਤਾ, ਘੁੰਮਣ-ਫਿਰਨ ਦੀ ਸੁਤੰਤਰਤਾ, ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ, ਮਤਦਾਨ ਤੇ ਚੋਣ ਲੜਨ ਦਾ ਅਧਿਕਾਰ ਦਾ ਆਦਿ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਸੰਘ ਨੇ ਰੰਗ ਤੇ ਜਾਤੀ ਭੇਦ ਦੀਆਂ ਨੀਤੀਆਂ ਦਾ ਜ਼ੋਰਦਾਰ ਢੰਗ ਨਾਲ ਖੰਡਨ ਕੀਤਾ ਹੈ ਅਤੇ ਇਸ ਵਿਰੁੱਧ ਕਈ ਪ੍ਰਸਤਾਵ ਵੀ ਪਾਸ ਕੀਤੇ ਹਨ। ਸੰਯੁਕਤ ਰਾਸ਼ਟਰ ਸੰਘ ਦੇ ਸੰਗਠਨ UNESCO ਨੇ ਪਛੜੇ ਹੋਏ ਦੇਸ਼ਾਂ ਵਿਚ ਸਿੱਖਿਆ, ਵਿਗਿਆਨ ਤੇ ਸਭਿਆਚਾਰਕ ਵਿਕਾਸ ਲਈ ਹਰ ਤਰਾਂ ਦੀ ਸਹਾਇਤਾ ਦਿੱਤੀ ਹੈ। ਇਸੇ ਤਰ੍ਹਾਂ ਸੰਯੁਕਤ ਰਾਸ਼ਟਰ ਸੰਘ ਦੀਆਂ ਹੋਰ ਸੰਸਥਾਵਾਂ ਜਿਵੇਂ U.N.H.C.R ਸ਼ਰਨਾਰਥੀਆਂ ਦੀ ਸਹਾਇਤਾ ਕਰਨ ਉਦੇਸ਼ ਨਾਲ ਬਣਾਈ ਗਈ ਹੈ। ਇਸ ਸੰਸਥਾ ਦੁਆਰਾ ਅੱਜ ਤੱਕ 34 ਮਿਲੀਅਨ ਤੋਂ ਵੱਧ ਸ਼ਰਨਾਰਥੀਆਂ ਦੀ ਸਹਾਇਤਾ ਕੀਤੀ ਗਈ ਹੈ। U.N.I.C.E.F ਯਤੀਮ, ਗਰੀਬ ਤੇ ਬੇਸਹਾਰਾ ਬੱਚਿਆਂ ਦੀ ਸਹਾਇਤਾ ਕਰਨ ਲਈ ਯੋਜਨਾਵਾਂ ਬਣਾਉਂਦੀ ਹੈ ਅਤੇ W.H.O ਸੰਸਾਰ ਵਿਚ ਭਿੰਨ ਭਿੰਨ ਮਾਰੂ ਬਿਮਾਰੀਆਂ ਨੂੰ ਰੋਕਣ ਦਾ ਯਤਨ ਕਰਦੀ ਹੈ।
ਭਾਵੇਂ ਸੰਯੁਕਤ ਰਾਸ਼ਟਰ ਸੰਘ ਰਾਜਨੀਤਕ ਸਮੱਸਿਆਵਾਂ ਹੱਲ ਕਰਨ ਵਿੱਚ ਬਹੁਤਾ ਸਫ਼ਲ ਸਿੱਧ ਨਹੀਂ ਹੋਇਆ। ਇਸ ਵਿਚ ਰੂਸ, ਅਮਰੀਕਾ, ਇੰਗਲੈਂਡ, ਫਰਾਂਸ ਅਤੇ ਚੀਨ ਵਰਗੀਆਂ ਪ੍ਰਮੁੱਖ ਸ਼ਕਤੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਇਹ ਸੰਘ ਕਿਸੇ ਵੀ ਵੱਡੀ ਤਾਕਤ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦਾ। ਇਸ ਕੋਲ ਆਪਣੇ ਫੈਸਲੇ ਲਾਗੂ ਕਰਵਾਉਣ ਲਈ ਕੋਈ ਵੀ ਸ਼ਕਤੀ ਜਾਂ ਆਪਣੀ ਕੋਈ ਸਥਾਈ ਸੈਨਾ ਨਹੀਂ ਹੈ। ਪਰੰਤੂ ਫਿਰ ਵੀ ਇਹ ਹੈ ਅਨੇਕ ਰਾਸ਼ਟਰਾਂ ਦੇ ਸਹਿਯੋਗ ਦਾ ਇਕ ਬਹੁਮੁੱਲਾ ਸਾਧਨ ਹੈ। ਇਹ ਭਿੰਨ-ਭਿੰਨ ਰਾਸ਼ਟਰਾਂ ਵਿੱਚ ਹਥਿਆਰਾਂ ਦੀ ਦੌੜ ਰੁਕਵਾਉਣ ਲਈ ਯਤਨਸ਼ੀਲ ਹੈ ਅਤੇ ਇਸ ਕਾਰਜ ਵਾਸਤੇ ਨਿਸ਼ਸਤਰੀਕਰਨ ਕਮਿਸ਼ਨ ਵੀ ਸੰਗਠਿਤ ਕੀਤਾ ਗਿਆ ਹੈ। ਇਸ ਕਮਿਸ਼ਨ ਦੇ ਯਤਨਾਂ ਵਜੋਂ 1963 ਈਸਵੀ ਵਿਚ ਮਾਸਕੋ ਸੰਧੀ ਹੋਈ ਜਿਸ ਵਿਚ ਪੰਜ ਵੱਡੀਆਂ ਸ਼ਕਤੀਆਂ ਨੇ ਸਮੁੰਦਰ, ਹਵਾ ਤੇ ਪੁਲਾੜ ਵਿਚ ਅਣੂ ਪਰੀਖਣ ਤੇ ਪਾਬੰਦੀ ਸਵੀਕਾਰ ਕਰ ਲਈ ਹੈ। ਇਸ ਦੁਆਰਾ ਨਿਸ਼ਸਤਰੀਕਰਨ ਦੇ ਸਬੰਧ ਵਿੱਚ ਕਈ ਹੋਰ ਪ੍ਰਸਤਾਵ ਵੀ ਪਾਸ ਕੀਤੇ ਗਏ ਹਨ।
ਸੰਯੁਕਤ ਰਾਸ਼ਟਰ ਸੰਘ ਨੇ ਆਰਥਿਕ, ਸਮਾਜਿਕ ਅਤੇ ਸੰਸਕ੍ਰਿਤਕ ਖੇਤਰ ਵਿੱਚ ਮਹੱਤਵਪੂਰਨ ਅਤੇ ਸ਼ਲਾਘਾਯੋਗ ਕੰਮ ਕੀਤੇ ਹਨ ਜਿਨ੍ਹਾਂ ਨਾਲ ਮਾਨਵ ਜਾਤੀ ਨੂੰ ਲਾਭ ਹੋਇਆ ਹੈ। ਸੰਯੁਕਤ ਰਾਸ਼ਟਰ ਸੰਘ ਸਿਹਤ ਸੰਭਾਲ, ਵਾਤਾਵਰਨ, ਅਪਰਾਧਿਕ ਨਿਆਂ, ਸ਼ਰਨਾਰਥੀ ਦੁਵਿਧਾਵਾਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਕਰਦਾ ਹੈ। ਇਸ ਸੰਘ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਮਾਨਵਤਾਵਾਦੀ, ਵਾਤਾਵਰਨ, ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਲਈ ਬਹੁਤ ਕਾਰਜ ਕੀਤੇ ਹਨ। ਇਸ ਨੇ ਹਾਲੇ ਤੱਕ ਅੰਤਰਰਾਸ਼ਟਰੀ ਸ਼ਾਂਤੀ ਬਣਾ ਕੇ ਰੱਖੀ ਹੋਈ ਹੈ ਅਤੇ ਕਿਸੇ ਤੀਜੀ ਸੰਸਾਰ ਜੰਗ ਨੂੰ ਜਨਮ ਨਹੀਂ ਲੈਣ ਦਿੱਤਾ। ਇਸ ਦੀਆਂ ਸਰਗਰਮੀਆਂ ਨਾਲ ਅੰਤਰਰਾਸ਼ਟਰੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ ਹੈ। ਸੰਯੁਕਤ ਰਾਸ਼ਟਰ ਸੰਘ ਵਿਸ਼ਵ ਪੱਧਰ ਤੇ ਸਕਰਾਤਮਕ ਪ੍ਰਭਾਵ ਪਾ ਰਿਹਾ ਹੈ। ਮੌਸਮੀ ਬਦਲਾਅ, ਲੋਕਤੰਤਰ, ਰਫਿਊਜੀ ਅਤੇ ਅਪ੍ਰਵਾਸੀ, ਵਿਸ਼ਵ ਸਿਹਤ ਸੰਕਟ, ਆਤੰਕਵਾਦ ਨਾਲ ਮੁਕਾਬਲਾ ਅਤੇ ਹੋਰ ਵਿਸ਼ਵ ਵਿਆਪੀ ਸਮੱਸਿਆਵਾਂ ਅਤੇ ਮੁੱਦਿਆਂ ਉੱਪਰ ਸਕਰਾਤਮਕਤਾ ਨਾਲ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। 
ਡਾ. ਪਰਮਜੀਤ ਕੌਰ
ਸਹਾਇਤਾ ਪ੍ਰੋਫੈਸਰ ਇਤਿਹਾਸ
ਗੁਰੂ ਕਾਸ਼ੀ ਯੂਨੀਵਰਸਿਟੀ
ਤਲਵੰਡੀ ਸਾਬੋ (ਬਠਿੰਡਾ)।
ਈਮੇਲ ਪਤਾ: paramjeetk896@gmail.com
ਫੋਨ ਨੰਬਰ 91 9478190041

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025