Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਦਰੀਆਂ ਦੀ ਸ਼ਹੀਦੀ ਤੇ ਸਾਂਝੀ ਕਵਿਤਾ ਨਾਲ ਛੇੜ-ਛਾੜ

Posted on November 16th, 2021

ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਸੂਰਮਿਆਂ ਨੂੰ ਲਾਹੌਰ ਜੇਲ੍ਹ ਚ 16 ਨਵੰਬਰ 1915 ਨੂੰ ਫਾਂਸੀ ਚਾੜ੍ਹਿਆ ਗਿਆ।

ਬਾਕੀ ਸ਼ਹੀਦ ਸਾਥੀ ਸਨਃ

ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ (ਪੂਨਾ) ਸ਼ਹੀਦ ਬਖਸ਼ੀਸ਼ ਸਿੰਘ ਗਿੱਲਵਾਲੀ (ਅੰਮ੍ਰਿਤਸਰ) ਸ਼ਹੀਦ ਸੁਰਾਇਣ ਸਿੰਘ ਗਿੱਲਵਾਲੀ (ਅੰਮ੍ਰਿਤਸਰ) ਵੱਡਾ ਸ਼ਹੀਦ ਸੁਰਾਇਣ ਸਿੰਘ ਗਿੱਲਵਾਲੀ(ਅੰਮ੍ਰਿਤਸਰ) ਛੋਟਾ ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ (ਅੰਮ੍ਰਿਤਸਰ) ਸ਼ਹੀਦ ਹਰਨਾਮ ਸਿੰਘ ਸਿਆਲਕੋਟੀ ਪਿੰਡ ਭੱਟੀ ਗੁਰਾਇਆ

ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗੇ ਨੌਜਵਾਨ ਸ਼ਹੀਦਾਂ ਵਲੋਂ ਪਾਏ ਪੂਰਨੇ ਹਾਲੇ ਤੱਕ ਸਿੱਖ ਜਵਾਨੀ ਲਈ ਰਾਹ ਦਸੇਰਾ ਬਣੇ ਹੋਏ ਹਨ। ਸਿੱਖੀ ਪਿਆਰ ‘ਚ ਗੜੁੱਚ ਇਨ੍ਹਾਂ ਮਹਾਨ ਬਾਗ਼ੀ ਰੂਹਾਂ ਨੂੰ “ਧਰਮ ਨਿਰਪੱਖ ਦੇਸ਼ ਭਗਤ” ਬਣਾਉਣ ਲਈ ਸਿੱਖ ਵਿਰੋਧੀਆਂ ਵਲੋੰ ਬੜੀ ਚਲਾਕੀ ਨਾਲ ਉਨ੍ਹਾਂ ਦੀਆਂ ਲਿਖਤਾਂ ਕੱਟੀਆਂ-ਵੱਢੀਆਂ ਗਈਆਂ, ਜੋ ਬੀਤੇ ‘ਚ ਸਿੱਖ ਬੁੱਧੀਜੀਵੀਆਂ ਨੇ ਬੇਨਕਾਬ ਕਰ ਦਿੱਤੀਆਂ।

‘ਵਤਨ ਵਾਸੀਉ ਰੱਖਣਾ ਯਾਦ ਸਾਨੂੰ’ ਗਦਰੀਆਂ ਦੀ ਮਸ਼ਹੂਰ ਸਾਂਝੀ ਕਵਿਤਾ ਹੈ, ਜਿਸ ਅੱਗੋਂ “ਵਤਨ” ਕੱਟ ਕੇ “ਹਿੰਦ” ਕਰ ਦਿੱਤਾ ਗਿਆ ਅਤੇ ਇਸ ਪੂਰੀ ਕਵਿਤਾ ‘ਚੋਂ ਛੇ ਬੰਦ ਬੜੀ ਸਾਜਿਸ਼ ਤਹਿਤ ਕੱਟ ਦਿੱਤੇ ਗਏ, ਜੋ ਧਰਮ ਦਾ ਜ਼ਿਕਰ ਕਰਦੇ ਸਨ।

ਗ਼ਦਰੀ ਬਾਬਿਆ ਦੀ ਇਸ ਮਹਾਨ ਕਵਿਤਾ ਬਾਬਤ ਭਾਈ ਸੰਤੋਖ ਸਿੰਘ (ਕਿਰਤੀ ਪਰਚੇ ਦੇ ਸੰਪਾਦਕ ) ਦਾ ਕਹਿਣਾ ਹੈ ਕਿ ਇਹ ਕਵਿਤਾ ਗ਼ਦਰੀ ਬਾਬਿਆਂ ਨੇ ਆਪਣੀ ਫਾਂਸੀ ਤੋੰ ਥੋੜ੍ਹੇ ਦਿਨ ਪਹਿਲਾਂ ਸਾਂਝੀ ਮਿਹਨਤ ਅਤੇ ਵਿਚਾਰ ਨਾਲ ਤਿਆਰ ਕੀਤੀ ਸੀ ਅਤੇ ਸ਼ਹੀਦੀ ਵਾਸਤੇ ਤੁਰਨ ਵੇਲੇ ਸਭਨਾਂ ਨੇ ਪ੍ਰੇਮ ਨਾਲ ਉਚਾਰੀ ਸੀ। ਅੱਜ ਕੱਲ ਪੜ੍ਹਾਈ ਜਾਂਦੀ ਕਵਿਤਾ, ਜਿਸ ਦਾ ਪਹਿਲਾ ਅੱਖਰ “ਵਤਨ” ਕੱਟ ਕੇ “ਹਿੰਦ” ਕਰ ਦਿੱਤਾ ਗਿਆ, ਬਿਲਕੁਲ ਜਿਵੇਂ ਧਰਮ ਦੀ ਚਾਦਰ, ਸ਼੍ਰਿਸ਼ਟੀ ਦੀ ਚਾਦਰ ਗੁਰੂ ਤੇਗ ਬਹਾਦਰ ਨੂੰ ਕੁਝ ਸਮੇਂ ਤੋਂ ਹਿੰਦ ਦੀ ਚਾਦਰ ਲਿਖਿਆ ਜਾ ਰਿਹਾ।

ਹੁਣ ਪੜ੍ਹਾਈ ਜਾਂਦੀ ਕਵਿਤਾ :

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ‘ਚੋਂ ਨਾ ਭੁਲਾ ਜਾਣਾ। ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ।

ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ, ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ। ਹਿੰਦ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬੱਦਲਾਂ ਹੇਠ ਨਾ ਆ ਜਾਣਾ।

ਕਰਕੇ ਦੇਸ਼ ਦੇ ਨਾਲ ਧਰੋਹ ਯਾਰੋ, ਦਾਗ਼ ਕੌਮ ਦੇ ਮੱਥੇ ਨਾ ਲਾ ਜਾਣਾ। ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ।

ਜੇਲ੍ਹਾਂ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋ ਕਿ ਡਿਗਰੀਆਂ ਪਾ ਜਾਣਾ। ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾਹ ਜਾਣਾ।

ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ, ਉਸੇ ਰਾਸਤੇ ਤੁਸੀਂ ਵੀ ਆ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ'ਚੋਂ ਨਾ ਭੁਲਾ ਜਾਣਾ।

ਕਵਿਤਾ ਦੇ ਕੱਟੇ ਗਏ ਛੇ ਬੰਦ :

ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀ। ਸਦਾ ਕੂੜ ਦੀ ਰਹੇ ਨਾਂ ਜ਼ਾਰਸ਼ਾਹੀ, ਸਦਾ ਜਾਬਰਾ ਹੱਥ ਤਲਵਾਰ ਨਾਹੀ।

ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਖਤ ਕਿਸੇ ਦਾ ਯਾਰ ਨਾਹੀ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਾਹੀ।

ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ, ਅਸੀ ਆਪਣੀ ਆਪ ਨਿਭਾ ਦਿਆਂਗੇ। ਦੁੱਖ ਝੱਲਾਂਗੇ ਹੱਸਕੇ ਵਾਂਗ ਮਰਦਾਂ, ਨਾਲ ਖ਼ੁਸ਼ੀ ਦੇ ਸੀਸ ਲਹਾ ਦਿਆਂਗੇ।

ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ੍ਹ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ। ਥੋੜੇ ਦਿਨਾਂ ਤਾਂਈ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀ ਜਮਾਂ ਦਿਆਂਗੇ।

ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖ਼ਸ਼ਣੀ ਖ਼ੁਸ਼ੀ ਦੇ ਨਾਲ ਸਾਨੂੰ। ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ।

ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ। ਖ਼ਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ।

ਕੇਵਲ ਸਾਡੇ ਸ਼ਹੀਦ ਹੀ ਨਹੀਂ ਅਣਗੌਲੇ ਬਲਕਿ ਉਨ੍ਹਾਂ ਦੀਆਂ ਲਿਖਤਾਂ ਨੂੰ ਵੀ ਤੋੜ ਮਰੋੜ ਕੇ ਆਪਣੇ ਹਿਸਾਬ ਢਾਲ਼ ਲਿਆ ਗਿਆ। ਕੋਈ ਹੱਦ ਨੀ ਰੱਖੀ ਬੇਈਮਾਨੀ ਦੀ।

ਖ਼ੈਰ! ਅਸੀਂ ਤਾਂ ਯਾਦ ਰੱਖੀਏ।

ਪ੍ਰਣਾਮ ਸ਼ਹੀਦਾਂ ਨੂੰ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ



Archive

RECENT STORIES