Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚੀਨੀ ਫੌਜ ਵੱਲੋਂ ਮੁੜ ਘੁਸਪੈਠ * ਭਾਰਤੀ ਚੌਕੀ ਤੇ ਬੰਕਰ ਢਾਹੇ * ਕੈਮਰਾ ਚੁੱਕ ਕੇ ਲੈ ਗਏ

Posted on July 9th, 2013

ਲੇਹ/ਨਵੀਂ ਦਿੱਲੀ- ਚੀਨ ਵੱਲੋਂ ਭਾਰਤ ਵਿੱਚ ਘੁਸਪੈਠ ਕਰਨ ਦੀਆਂ ਹਰਕਤਾਂ ਲਗਾਤਾਰ ਜਾਰੀ ਹਨ। ਤਾਜ਼ਾ ਜਾਣਕਾਰੀ ਮੁਤਾਬਕ ਚੀਨੀ ਫ਼ੌਜਾਂ ਨੇ ਲੱਦਾਖ ਦੇ ਉਸੇ ਖੇਤਰ ਵਿੱਚ ਇਕ ਵਾਰੀ ਫੇਰ ਘੁਸਪੈਠ ਕਰਕੇ ਭਾਰਤੀ ਚੌਕੀਆਂ ਨੂੰ ਨੁਕਸਾਨ ਪਹੁੰਚਾਇਆ ਜਿਥੇ ਉਨ੍ਹਾਂ ਨੇ ਬੀਤੇ ਅਪਰੈਲ ਮਹੀਨੇ ਘੁਸਪੈਠ ਕਰਕੇ 21 ਦਿਨ ਡੇਰਾ ਜਮਾਈ ਰੱਖਿਆ ਸੀ ਤੇ ਦੋਵੇਂ ਮੁਲਕਾਂ ਦਰਮਿਆਨ ਤਣਾਅ ਬਣਿਆ ਰਿਹਾ ਸੀ।

ਹਾਲੀਆ ਘਟਨਾ ਬੀਤੀ 17 ਜੂਨ ਨੂੰ ਵਾਪਰੀ ਜਦੋਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਲਾਲ ਫੌਜ) ਦੇ ਦਸਤੇ ਚੂਮਰ ਸੈਕਟਰ ਵਿੱਚ ਭਾਰਤੀ ਖਿੱਤੇ ’ਚ ਆਣ ਵੜੇ ਅਤੇ ਉਥੇ ਉਨ੍ਹਾਂ ਨੇ ਨਿਗਰਾਨੀ ਟਾਵਰ ਤੇ ਬੰਕਰਾਂ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ ਅਤੇ ਚੀਨੀ ਖੇਤਰ ਵਿੱਚ ਨਜ਼ਰ ਲਈ ਲਾਏ ਗਏ ਕੈਮਰਿਆਂ ਦੀਆਂ ਤਾਰਾਂ ਵੱਢ ਸੁੱਟੀਆਂ। ਉਹ ਇਕ ਕੈਮਰਾ ਚੁੱਕ ਕੇ ਵੀ ਲੈ ਗਏ। ਇਹ ਕੈਮਰਾ 3 ਜੁਲਾਈ ਨੂੰ ਹੋਈ ਫਲੈਗ ਮੀਟਿੰਗ ਵੇਲੇ ਪਰਤਾਇਆ ਗਿਆ। ਇਹ ਮੀਟਿੰਗ ਰੱਖਿਆ ਮੰਤਰੀ ਏ.ਕੇ. ਐਂਟਨੀ ਦੀ ਚੀਨ ਫੇਰੀ ਤੋਂ ਐਨ ਪਹਿਲਾਂ ਹੋਈ। ਇਹ ਕੈਮਰਾ 13 ਹਜ਼ਾਰ ਫੁੱਟ ਦੀ ਉਚਾਈ ’ਤੇ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਲਾਇਆ ਗਿਆ ਸੀ। ਸਰਕਾਰੀ ਸੂਤਰਾਂ ਅਨੁਸਾਰ ਇਸ ਕਿਸਮ ਦੀ ਨਿਗਰਾਨੀ ਇਕ ਆਮ ਰੁਝਾਨ ਹੈ ਅਤੇ ਇਸ ਉਪਰ ਕਿਸੇ ਵੀ ਦੇਸ਼ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।

ਦੱਸਣਯੋਗ ਹੈ ਕਿ ਚੂਮਰ ਜੋ ਇਥੋਂ 300 ਕਿਲੋਮੀਟਰ ਦੂਰ ਸਥਿਤ ਹੈ, ਚੀਨੀ ਫੌਜਾਂ ਲਈ ਹਮੇਸ਼ਾ ਪ੍ਰੇਸ਼ਾਨੀ ਦਾ ਸਬੱਬ ਰਿਹਾ ਹੈ ਕਿਉਂਕਿ ਹਿੰਦ-ਚੀਨ ਸਰਹੱਦ ਉਤੇ ਇਹੋ ਇਕ ਅਹਿਮ ਖਿੱਤਾ ਹੈ ਜਿਥੇ ਚੀਨੀ ਫੌਜਾਂ ਦੀ ਅਸਲ ਕੰਟਰੋਲ ਲਕੀਰ (ਐਲਏਸੀ) ਤਕ ਸਿੱਧੀ ਪਹੁੰਚ ਨਹੀਂ ਹੈ। ਇਸ ਤੋਂ ਪਹਿਲਾਂ ਚੀਨੀ ਫੌਜਾਂ ਵੱਲੋਂ ਬੀਤੀ 15 ਅਪਰੈਲ ਨੂੰ ਚੂਮਰ ਡਿਵੀਜ਼ਨ ਦੇ ਦੌਲਤ ਬੇਗ ਓਲਡੀ ਖੇਤਰ ਵਿੱਚ ਕੀਤੀ ਗਈ ਘੁਸਪੈਠ ਵੀ ਉਥੇ ਭਾਰਤੀ ਫੌਜ ਵੱਲੋਂ ਉਸਾਰੇ ਗਏ ਨਿਗਰਾਨੀ ਟਾਵਰ ਦੇ ਵਿਰੋਧ ਦਾ ਹੀ ਸਿੱਟਾ ਸੀ। ਇਸ ਕਾਰਨ ਇਸ ਘੁਸਪੈਠ ਦੇ ਹੱਲ ਲਈ ਦੋਵੇਂ ਮੁਲਕਾਂ ਦਰਮਿਆਨ 5 ਮਈ ਨੂੰ ਹੋਈ ਰਜ਼ਾਮੰਦੀ ਤਹਿਤ ਫੌਜ ਨੂੰ ਇਹ ਨਿਗਰਾਨੀ ਮੁਨਾਰਾ ਢਾਹੁਣਾ ਪਿਆ ਸੀ।

ਬੀਤੇ ਮਾਰਚ ਮਹੀਨੇ ਦੌਰਾਨ ਦੋਵੇਂ ਧਿਰਾਂ ਦਰਮਿਆਨ ਹੋਈਆਂ ਫਲੈਗ ਮੀਟਿੰਗਾਂ ਦੇ ਵੇਰਵਿਆਂ ਮੁਤਾਬਕ ਚੂਮਰ ਵਿੱਚ ਐਲਏਸੀ ਉਤੇ ਭਾਰਤ ਵੱਲੋਂ ਉਸਾਰੇ ਗਏ ਨਿਗਰਾਨੀ ਟਾਵਰ ਦਾ ਚੀਨ ਭਾਰੀ ਵਿਰੋਧ ਕਰ ਰਿਹਾ ਸੀ। ਘੁਸਪੈਠ ਦੇ ਖਦਸ਼ੇ ਤੋਂ ਬਾਅਦ ਫੌਜ ਨੇ ਉਥੇ ਕਾਇਮ ਚੌਕੀ ਅਤੇ ਬੰਕਰਾਂ ਨੂੰ ਢਾਹ ਦਿੱਤਾ ਸੀ ਅਤੇ ਇਸ ਦੀ ਥਾਂ ਚੀਨ ਦੀਆਂ ਸਰਗਰਮੀਆਂ ਉਤੇ ਨਜ਼ਰ ਰੱਖਣ ਲਈ ਉਥੇ ਕੈਮਰੇ ਬੀੜ ਦਿੱਤੇ ਸਨ ਪਰ ਭਾਰਤੀ ਫੌਜ ਦਾ ਇਹ ਕਦਮ ਵੀ ਚੀਨ ਨੂੰ ਚੁਭ ਗਿਆ ਅਤੇ ਉਸ ਨੇ ਇਹ ਤਾਜ਼ਾ ਹਰਕਤ ਕੀਤੀ।

ਗੌਰਤਲਬ ਹੈ ਕਿ ਲੱਦਾਖ-ਹਿਮਾਚਲ ਪ੍ਰਦੇਸ਼ ਸਰਹੱਦ ਉਤੇ ਸਥਿਤ ਦੂਰ ਦਰਾਜ ਦੇ ਪਿੰਡ ਚੂਮਰ ਨੂੰ ਚੀਨ ਵੱਲੋਂ ਆਪਣਾ ਇਲਾਕਾ ਦੱਸਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਚੀਨ ਵੱਲੋਂ ਅਕਸਰ ਇਸ ਇਲਾਕੇ ਵਿੱਚ ਹੈਲੀਕਾਪਟਰਾਂ ਰਾਹੀਂ ਹਵਾਈ ਘੁਸਪੈਠ ਵੀ ਕੀਤੀ ਜਾਂਦੀ ਹੈ। ਪਿਛਲੇ ਸਾਲ ਚੀਨ ਨੇ ਹੈਲੀਕਾਪਟਰ ਰਾਹੀਂ ਇਥੇ ਕੁਝ ਫੌਜੀ ਉਤਾਰ ਦਿੱਤੇ ਸਨ ਜਿਨ੍ਹਾਂ ਨੇ ਭਾਰਤੀ ਫੌਜ ਅਤੇ ਆਈਟੀਬੀਪੀ ਦੇ ਆਰਜ਼ੀ ਸਟੋਰੇਜ ਟੈਂਟਾਂ ਨੂੰ ਨੁਕਸਾਨ ਪਹੁੰਚਾਇਆ ਸੀ।  

ਰੱਖਿਆ ਮੰਤਰੀ ਐਂਟੋਨੀ ਨੇ ਧਾਰੀ ਚੁੱਪ

ਨਵੀਂ ਦਿੱਲੀ: ਚੀਨੀ ਫੌਜ ਵੱਲੋਂ ਭਾਰਤੀ ਚੌਕੀ ਦੀ ਕੀਤੀ ਗਈ ਇਸ ਭੰਨ-ਤੋੜ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਪਿਛਲੇ ਦਿਨੀਂ ਚੀਨ ਦੇ ਦੌਰੇ ਉੱਤੇ ਗਏ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਇਸ ਮਾਮਲੇ ਉੱਤੇ ਚੁੱਪ ਧਾਰੀ ਰੱਖੀ। ਉਨ੍ਹਾਂ ਨੇ ਚੀਨੀ ਆਗੂਆਂ ਕੋਲ ਵੀ ਇਹ ਮਾਮਲਾ ਨਹੀਂ ਉਠਾਇਆ। ਇੱਥੋਂ ਤਕ ਕਿ ਹੁਣ ਇਹ ਮਾਮਲਾ ਜੱਗ ਜ਼ਾਹਰ ਹੋ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਇਸ ਮੁੱਦੇ ਉੱਤੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ।



Archive

RECENT STORIES