Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ 'ਚ ਪੰਜਾਬੀ ਜ਼ੁਬਾਨ ਦੀ ਅਧੋਗਤੀ 'ਤੇ 'ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਕੈਨੇਡਾ)' ਵਲੋਂ ਚਿੰਤਾ ਦਾ ਪ੍ਰਗਟਾਵਾ

Posted on July 9th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)-''ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਅਜੇ ਵੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਪੰਜਾਬੀ ਨੂੰ ਪੂਰਾ ਮਾਣ ਸਤਿਕਾਰ ਨਹੀਂ ਮਿਲ ਰਿਹਾ। ਹੁਣ ਦਿੱਲੀ ਯੂਨੀਵਰਸਿਟੀ ਨੇ ਜੋ ਵਿਤਕਰਾ ਪੰਜਾਬੀ ਭਾਸ਼ਾ ਨਾਲ ਕੀਤਾ ਹੈ, ਉਸ ਨੇ ਪੰਜਾਬੀ ਬੋਲੀ ਦੇ ਪ੍ਰੇਮੀਆਂ ਨੂੰ ਬਹੁਤ ਨਿਰਾਸ਼ ਕਰ ਦਿੱਤਾ ਹੈ। ਇਸ ਲਈ ਪੰਜਾਬੀ ਭਾਸ਼ਾ ਦੇ ਸਭ ਸ਼ੁੱਭਚਿੰਤਕਾਂ ਨੂੰ ਇਕਮੁੱਠ ਹੋ ਕੇ ਇਨ੍ਹਾਂ ਅਦਾਰਿਆਂ ਦੇ ਪ੍ਰਬੰਧਕਾਂ ਤੱਕ ਅਵਾਜ਼ ਪਹੁੰਚਾਉਣੀ ਚਾਹੀਦੀ ਹੈ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਯਤਨਸ਼ੀਲ ਸੰਸਥਾ 'ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਕੈਨੇਡਾ)' ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬੀ ਪ੍ਰੇਮੀਆਂ ਲਈ ਦਿੱਲੀ ਯੂਨੀਵਰਸਿਟੀ ਦਾ ਪੰਜਾਬੀ ਬੋਲੀ ਬਾਰੇ ਫੈਸਲਾ ਕਾਫੀ ਚਿੰਤਾ ਵਾਲੀ ਗੱਲ ਹੈ। ਯੂਨੀਵਰਸਟੀ ਦੇ ਪ੍ਰਬੰਧਕਾਂ ਨੂੰ ਇਸ ਗੱਲ ਦੀ ਵੀ ਪੂਰੀ ਜਾਣਕਾਰੀ ਹੈ ਕਿ ਦਿੱਲੀ 'ਚ ਪੰਜਾਬੀ ਭਾਈਚਾਰੇ ਦੀ ਕਾਫੀ ਗਿਣਤੀ ਹੈ ਤੇ ਦਿੱਲੀ ਦੀ ਦੂਸਰੀ ਭਾਸ਼ਾ ਵੀ ਪੰਜਾਬੀ ਹੈ। ਅੱਜ ਕੈਨੇਡਾ 'ਚ ਪੰਜਾਬੀ ਭਾਸ਼ਾ ਹੁਣ ਸਿਰਫ ਬੀ. ਸੀ. 'ਚ ਹੀ ਨਹੀਂ ਬਲਕਿ ਅਲਬਰਟਾ ਤੇ ਉਂਟਾਰੀਓ ਵਰਗੇ ਸੂਬਿਆਂ 'ਚ ਵੀ ਪ੍ਰਫੁੱਲਿਤ ਹੋ ਰਹੀ ਹੈ। ਕੈਲਗਰੀ, ਐਡਮਿੰਟਨ, ਮਿਸੀਸਾਗਾ ਤੇ ਬਰੈਂਪਟਨ ਵਰਗੇ ਸ਼ਹਿਰਾਂ 'ਚ ਵੀ ਪੰਜਾਬੀ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਸਰੀ, ਐਬਟਸਫੋਰਡ ਤੇ ਬਰੈਂਪਟਨ ਵਰਗੇ ਸ਼ਹਿਰਾਂ 'ਚ ਤਾਂ ਹੁਣ ਅੰਗਰੇਜ਼ੀ ਤੋਂ ਬਾਅਦ ਸਭ ਤੋਂ ਵੱਧ ਬੋਲਣ ਵਾਲੀ ਦੂਜੀ ਭਾਸ਼ਾ ਪੰਜਾਬੀ ਹੈ। ਕੈਨੇਡਾ 'ਚ ਹੁਣ ਪੰਜਾਬੀ ਅੰਗਰੇਜ਼ੀ ਤੇ ਫਰਾਂਸੀਸੀ ਤੋਂ ਬਾਅਦ ਤੀਸਰੇ ਨੰਬਰ 'ਤੇ ਸਭ ਤੋਂ ਵੱਧ ਬੋਲਣ ਵਾਲੀ ਬੋਲੀ ਹੈ ਪਰ ਭਾਰਤ 'ਚ ਪੰਜਾਬੀ ਬੋਲੀ ਦਾ ਵਿਕਾਸ ਹੋਣ ਦੀ ਬਜਾਇ ਵਿਨਾਸ਼ ਹੋ ਰਿਹਾ ਹੈ, ਜੋਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜੇਕਰ ਪੰਜਾਬੀ ਪ੍ਰੇਮੀ ਰਲ ਕੇ ਇਸ ਸਬੰਧੀ ਚਾਰਾਜੋਈ ਕਰਨ ਤਾਂ ਦਿੱਲੀ ਯੂਨੀਵਰਸਿਟੀ ਪੰਜਾਬੀ ਬਾਰੇ ਲਿਆ ਇਹ ਫੈਸਲਾ ਬਦਲ ਲਵੇਗੀ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਵੀ ਪੰਜਾਬੀ ਬੋਲੀ ਨੂੰ ਯੋਗ ਮਾਣ ਮਿਲੇਗਾ।



Archive

RECENT STORIES