Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕੈਨੇਡਾ ਦਾਖਲਾ ਬੰਦ ਕਰਵਾਉਣ ਲਈ ਇੰਮੀਗਰੇਸ਼ਨ ਮੰਤਰੀ ਨੂੰ ਖਤ ਲਿਖਿਆ

Posted on July 9th, 2013

<p>'ਕੈਨੇਡੀਅਨ ਸਿੱਖ ਕੋਲੀਸ਼ਨ' ਦੇ ਬੁਲਾਰੇ ਮੋਨਿੰਦਰ ਸਿੰਘ ਬੁਆਲ<br></p>

ਸਰੀ (ਗੁਰਪ੍ਰੀਤ ਸਿੰਘ ਸਹੋਤਾ)-ਕੈਨੇਡਾ ਦੇ 50 ਤੋਂ ਵੱਧ ਗੁਰਦੁਆਰਿਆਂ ਦੀ ਸਹਾਇਤਾ ਪ੍ਰਾਪਤ ਜਥੇਬੰਦੀ 'ਕੈਨੇਡੀਅਨ ਸਿੱਖ ਕੋਲੀਸ਼ਨ' ਨੇ ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੂੰ ਇੱਕ ਖਤ ਲਿਖ ਕੇ ਮੰਗ ਕੀਤੀ ਹੈ ਕਿ ਕੈਨੇਡਾ 'ਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਦਾਖਲਾ ਪੂਰਨ ਤੌਰ 'ਤੇ ਬੰਦ ਕੀਤਾ ਜਾਵੇ ਕਿਉਂਕਿ ਪੰਜਾਬ ਪੁਲਿਸ ਦੇ ਅਧਿਕਾਰੀ ਮਨੁੱਖਤਾ ਖਿਲਾਫ ਅਪਰਾਧਾਂ 'ਚ ਸ਼ਾਮਿਲ ਰਹੇ ਹਨ। 

'ਕੈਨੇਡੀਅਨ ਸਿੱਖ ਕੋਲੀਸ਼ਨ' ਦੇ ਬੁਲਾਰੇ ਮੋਨਿੰਦਰ ਸਿੰਘ ਬੁਆਲ ਵਲੋਂ ਮੀਡੀਏ ਨੂੰ ਭੇਜੀ ਈਮੇਲ 'ਚ ਉਕਤ ਖਤ ਨਾਲ ਭੇਜਿਆ ਗਿਆ ਹੈ। ਇੰਮੀਗਰੇਸ਼ਨ ਮੰਤਰੀ ਜੇਸਨ ਕੇਨੀ ਨੂੰ ਇਸ ਖਤ ਰਾਹੀਂ ਦੱਸਿਆ ਗਿਆ ਹੈ ਕਿ ਕਿਵੇਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਇਕਬਾਲ ਕਰਕੇ ਭਾਰਤੀ ਅਦਾਲਤ ਨੂੰ ਦੱਸਿਆ ਹੈ ਕਿ ਉਸ ਨੇ ਆਪਣੇ ਉੱਚ-ਅਧਿਕਾਰੀਆਂ ਦੇ ਆਖੇ ਲੱਗ ਕੇ 83 ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਹੈ, ਜੋ ਕਿ ਇੱਕ ਬਹੁਤ ਵੱਡਾ ਇੰਕਸ਼ਾਫ ਹੈ। 

ਖਤ 'ਚ ਲਿਖਿਆ ਗਿਆ ਹੈ ਕਿ ਕੈਨੇਡਾ ਦੇ ਸਿਟੀਜ਼ਨਸ਼ਿਪ ਤੇ ਇੰਮੀਗਰੇਸ਼ਨ ਵਿਭਾਗ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸ਼ਾਂਤੀਪਸੰਦ ਮੁਲਕ 'ਚ ਉਨ੍ਹਾਂ ਅਧਿਕਾਰੀਆਂ ਦਾ ਆਉਣਾ ਪੂਰੀ ਤਰ੍ਹਾਂ ਬੰਦ ਕਰੇ, ਜਿਨ੍ਹਾਂ 'ਤੇ ਬੇਗੁਨਾਹਾਂ ਦੇ ਕਤਲ ਦੇ ਦੋਸ਼ ਹਨ। ਇਸ ਸਬੰਧੀ ਉਨ੍ਹਾਂ ਆਪਣੇ ਖਤ 'ਚ ਕੈਨੇਡਾ ਦੇ ਕਾਨੂੰਨ ਦੀਆਂ ਕੁਝ ਧਾਰਾਵਾਂ ਦਾ ਵੀ ਵਰਨਣ ਕੀਤਾ ਹੈ। ਖਤ ਦੇ ਅਖੀਰ 'ਚ ਮੋਨਿੰਦਰ ਸਿੰਘ ਬੁਆਲ ਨੇ ਇੰਮੀਗਰੇਸ਼ਨ ਮੰਤਰੀ ਜੇਸਨ ਕੇਨੀ ਕੋਲੋਂ ਮੰਗ ਕੀਤੀ ਹੈ ਕਿ ਇਸ ਮਸਲੇ 'ਤੇ ਵਿਸਥਾਰਪੂਰਕ ਗੱਲ ਕਰਨ ਲਈ ਮਾਣਯੋਗ ਮੰਤਰੀ ਵਲੋਂ 'ਕੈਨੇਡੀਅਨ ਸਿੱਖ ਕੋਲੀਸ਼ਨ' ਦੇ ਵਫਦ ਨੂੰ ਜਲਦ ਤੋਂ ਜਲਦ ਸਮਾਂ ਦਿੱਤਾ ਜਾਵੇ। ਖਤ 'ਚ ਉਨ੍ਹਾਂ ਇਸ ਮਾਮਲੇ 'ਤੇ ਕਾਨੂੰਨੀ ਸਲਾਹ ਲਏ ਜਾਣ ਬਾਰੇ ਵੀ ਦੱਸਿਆ ਹੈ। 

ਦੱਸਣਯੋਗ ਹੈ ਕਿ 'ਕੈਨੇਡੀਅਨ ਸਿੱਖ ਕੋਲੀਸ਼ਨ' ਨਾਲ ਕੰਮ ਕਰਦੇ ਬਹੁਗਿਣਤੀ ਨੌਜਵਾਨ ਲੜਕੇ-ਲੜਕੀਆਂ ਕੈਨੇਡਾ ਦੇ ਜੰਮਪਲ ਹਨ ਤੇ ਚੰਗੇ ਅਹੁਦਿਆਂ 'ਤੇ ਕੈਨੇਡਾ 'ਚ ਕੰਮ ਕਰ ਰਹੇ ਹਨ। ਜਥੇਬੰਦੀ ਦੀ ਇਸ ਮੰਗ 'ਤੇ ਜੇਕਰ ਅਮਲ ਹੋ ਜਾਂਦਾ ਹੈ ਜਾਂ ਉਹ ਕੈਨੇਡਾ ਦੇ ਕਾਨੂੰਨ ਦਾ ਸਹਾਰਾ ਲੈ ਕੇ ਪੰਜਾਬ ਪੁਲਿਸ ਖਿਲਾਫ ਲਾਮਬੰਦੀ ਆਰੰਭ ਦਿੰਦੀ ਹੈ ਤਾਂ ਪੰਜਾਬ ਪੁਲਿਸ ਦੇ ਉਹ ਬਹੁਤ ਸਾਰੇ ਅਧਿਕਾਰੀ ਪ੍ਰਭਾਵਿਤ ਹੋ ਸਕਦੇ ਹਨ, ਜਿਨ੍ਹਾਂ 'ਤੇ ਉਸ ਕਾਲੇ ਦੌਰ 'ਚ ਜ਼ੁਲਮ ਕਰਨ ਦੇ ਦੋਸ਼ ਲੱਗਦੇ ਆਏ ਹਨ। 



Archive

RECENT STORIES