Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਰਾਜ ਪੰਜਾਬ ਦੇ ਸਿੱਖਿਆ ਪ੍ਰਬੰਧ ਅਤੇ ਅੱਜ ਦੇ ਹਾਲਾਤ

Posted on March 16th, 2022

ਕਿਸੇ ਸਮੇਂ ਦੇ ਸਭ ਤੋਂ ਤਾਕਤਵਰ ਸਾਮਰਾਜ ਬਿ੍ਟੇਨ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ। ਉਹਨਾਂ ਦੇ ਆਪਣੇ ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਐਕਟ 1870 ਵਿੱਚ ਬਣਿਆ ਅਤੇ 1880 ਵਿੱਚ ਹਰ ਕਿਸੇ ਲਈ ਪੜਾਈ ਲਾਜ਼ਮੀ ਕੀਤੀ ਗਈ।

ਅੱਜ ਦੇ ਸਮੇਂ 'ਚ ਸਭ ਤੋਂ ਤਾਕਤਵਰ ਦੇਸ਼ ਯੂਨਾਈਟਡ ਸਟੇਟਸ ਆਫ਼ ਅਮਰੀਕਾ ਦੀ ਸਟੇਟ ਮੈਸਾਚੂਸਟਸ 'ਚ ਸਭ ਤੋਂ ਪਹਿਲਾ 1852'ਚ ਸਿੱਖਿਆ ਲਾਜ਼ਮੀ ਕੀਤੀ ਗਈ ਅਤੇ 1918 ਤੱਕ ਸਭ ਤੋਂ ਅਖ਼ੀਰ ਵਿੱਚ ਮਿਸੀਸਿਪੀ 'ਚ ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਗਈ।

ਪਰ ਸਿੱਖ ਰਾਜ ਪੰਜਾਬ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799'ਚ ਗੁਜਰਾਵਾਲਾ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਇਆ ਤਾਂ ਉਹਨਾਂ ਨੇ ਆਪਣੇ ਫੈਸਲਿਆਂ ਵਿੱਚ ਸ਼ੁਰੂ ਦੇ ਹੀ ਸਾਲਾਂ 'ਚ ਹਰ ਕਿਸੇ ਲਈ ਸਿੱਖਿਆ ਲਾਜ਼ਮੀ ਕਰਨ ਦਾ ਹੁਕਮ ਸੁਣਾ ਦਿੱਤਾ। ਇਸ ਗੱਲ ਨੂੰ ਫ਼ਕੀਰ ਸਈਦ ਸਈਫ਼ੂਦੀਨ ਵੱਲੋਂ ਤਸਦੀਕ ਕੀਤਾ ਗਿਆ ਹੈ। ਫ਼ਕੀਰ ਸਈਦ ਸਈਫੂਦੀਨ ਲਾਹੌਰ 'ਚ ਫ਼ਕੀਰਖਾਨਾ ਮਿਊਜ਼ੀਅਮ ਦੇ ਮੁਖੀ ਹਨ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਵਜ਼ੀਰ ਰਹੇ ਫ਼ਕੀਰ ਅਜ਼ੀਜ਼ੂਦੀਨ ਦੀ ਛੇਵੀਂ ਪੀੜੀ ਵਿੱਚੋਂ ਹਨ। ਫ਼ਕੀਰਖ਼ਾਨਾ ਮਿਊਜ਼ੀਅਮ 'ਚ ਖਾਲਸਾ ਰਾਜ ਨਾਲ ਸਬੰਧਤ ਵੱਡੀ ਗਿਣਤੀ'ਚ ਲਿਖਤਾਂ ਅਤੇ ਹੋਰ ਚੀਜਾਂ ਮੌਜ਼ੂਦ ਹਨ।

ਆਪਣੇ ਇਸ ਫੈਸਲੇ ਨੂੰ ਲਾਗੂ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕਾਇਦਾ ਜਾਰੀ ਕੀਤਾ, ਜਿਸ ਨੂੰ ਪੜ੍ਹ ਕੇ ਗੁਰਮੁਖੀ ਅਤੇ ਫ਼ਾਰਸੀ ਨੂੰ ਆਸਾਨੀ ਨਾਲ 3 ਮਹੀਨੇ 'ਚ ਸਿੱਖਿਆ ਜਾ ਸਕਦਾ ਸੀ ਅਤੇ ਇਸ ਵਿੱਚ ਗਣਿਤ ਦਾ ਮੁੱਢਲਾ ਗਿਆਨ ਵੀ ਦਿੱਤਾ ਗਿਆ ਸੀ ਤਾਂ ਕਿ ਹਰ ਕੋਈ ਹਿਸਾਬ-ਕਿਤਾਬ ਦਾ ਕੰਮ ਵੀ ਆਪਣੇ ਆਪ ਕਰ ਸਕੇ। ਇਸ ਕਾਇਦੇ ਦੀ ਪੜਾਈ ਕਰਕੇ ਚਿੱਠੀ-ਪੱਤਰ ਲਿਖਣ ਪੜਨ ਦੀ ਯੋਗਤਾ ਪ੍ਰਾਪਤ ਹੋ ਜਾਂਦੀ ਸੀ। ਇਸ ਕਾਇਦੇ ਦਾ ਨਾਮ ਕਾਇਦਾ-ਏ-ਨੂਰ ਸੀ।

ਮਹਾਰਾਜਾ ਰਣਜੀਤ ਸਿੰਘ ਨੇ ਇਹ ਪੰਜ ਹਜ਼ਾਰ ਕਾਇਦੇ ਪਿੰਡਾਂ 'ਚ ਆਪਣੇ ਅਹਿਲਕਾਰਾਂ ਕੋਲ ਭੇਜੇ ਅਤੇ ਉਹਨਾਂ ਨੂੰ ਪਿੰਡ 'ਚ ਇਹ ਕਾਇਦਾ ਵੰਡਣ ਦੇ ਹੁਕਮ ਦਿੱਤੇ। ਮਹਾਰਾਜਾ ਨੇ ਇਸ ਨਾਲ ਇਹ ਹੁਕਮ ਵੀ ਜਾਰੀ ਕੀਤਾ ਕਿ 3 ਮਹੀਨੇ ਵਿੱਚ ਇਹ ਕਾਇਦਾ ਆਪ ਸਿੱਖਣ ਤੋਂ ਬਾਅਦ ਹਰ ਕਿਸੇ ਨੇ ਇਸ ਤਰਾਂ ਦੇ 5 ਕਾਇਦੇ ਤਿਆਰ ਕਰਕੇ ਪੰਜ ਲੋਕਾਂ ਨੂੰ ਹੋਰ ਪੜ੍ਹਾਉਣਾ ਅਤੇ ਚਿੱਠੀ ਲਿਖ ਕੇ ਮਹਾਰਾਜ ਦੇ ਦਰਬਾਰ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੈ ਅਤੇ ਜਿਨ੍ਹਾਂ ਨੇ ਇਹ ਕਾਇਦੇ ਪੜ੍ਹਨੇ ਅੱਗੋਂ ਉਹਨਾਂ ਨੇ ਵੀ ਇਸ ਤਰਾਂ ਦੇ ਪੰਜ ਕਾਇਦੇ ਹੋਰ ਤਿਆਰ ਕਰਕੇ ਪੰਜ ਹੋਰ ਲੋਕਾਂ ਨੂੰ ਪੜ੍ਹਾਉਣੇ। ਇਸ ਤਰਾਂ ਥੋੜੇ ਸਾਲਾਂ ਵਿੱਚ ਹੀ ਪੰਜਾਬ ਦੇ ਬਹੁਤ ਸਾਰੇ ਲੋਕ ਚਿੱਠੀ ਪੜਨ ਲਿਖਣ ਅਤੇ ਹਿਸਾਬ-ਕਿਤਾਬ ਕਰਨ ਦੇ ਯੋਗ ਹੋ ਗਏ।

ਅੰਗਰੇਜ਼ ਪ੍ਰੋ ਲਿਟਨਰ ਨੇ ਆਪਣੀ ਕਿਤਾਬ "ਦਾ ਹਿਸਟਰੀ ਆਫ਼ ਇੰਨਡੀਜੈਨੂਅਸ ਐਜੂਕੇਸ਼ਨ ਇਨ ਪੰਜਾਬ" 'ਚ ਇਹ ਖੁਲਾਸਾ ਕੀਤਾ ਸੀ ਕਿ ਜਦੋਂ 1849 'ਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਆਇਆ ਤਾਂ ਪੰਜਾਬ 'ਚ ਸਿੱਖਿਆ ਪ੍ਰਬੰਧ ਬ-ਕਮਾਲ ਸਨ, ਲਾਹੌਰ ਦਰਬਾਰ ਵਲੋਂ ਲੋਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਆਪਣਾ ਵੱਖਰਾ ਸਿੱਖਿਆ ਪ੍ਰਬੰਧ ਸਥਾਪਤ ਕੀਤਾ ਸੀ। ਪੰਜਾਬ 'ਚ ਕੋਈ ਵੀ ਅਜਿਹਾ ਗੁਰਦੁਆਰਾ, ਮੰਦਰ ਜਾਂ ਮਸੀਤ ਨਹੀਂ ਸੀ, ਜਿਸ ਵਿੱਚ ਸਕੂਲ ਨਾ ਹੋਵੇ। ਧਾਰਮਿਕ ਅਸਥਾਨਾਂ ਤੋਂ ਇਲਾਵਾ ਹੋਰ ਇਮਾਰਤਾਂ, ਦੁਕਾਨਾਂ ਅਤੇ ਖੁੱਲੇ ਅਸਮਾਨ ਹੇਠ ਵੀ ਸਕੂਲ ਚਲਦੇ ਸਨ। ਇਹਨਾਂ ਸਕੂਲਾਂ 'ਚ ਕਲਾ, ਦਸਤਕਾਰੀ ਅਤੇ ਹੁਨਰ ਨੂੰ ਤਰਾਸ਼ਣ ਲਈ ਵਿਸ਼ੇਸ਼ ਅਦਾਰੇ ਕਾਇਮ ਕੀਤੇ ਗਏ ਸਨ, ਜਿਥੇ ਸਿੱਖਿਆ ਪ੍ਰਾਪਤ ਕਰਕੇ ਪੰਜਾਬ ਦੇ ਲੋਕ ਆਪਣੇ ਕਾਰੋਬਾਰ ਸਥਾਪਤ ਕਰਦੇ ਸਨ।

ਉਸ ਸਮੇਂ ਪੰਜਾਬ 'ਚ ਪੰਜ ਤਰਾਂ ਦੇ ਸਕੂਲ ਚਲਦੇ ਸਨ ਜਿਨ੍ਹਾਂ 'ਚ ਮਦਰੱਸੇ, ਮਕਤਾਬ, ਪਾਠਸ਼ਾਲਾ, ਗੁਰਮੁਖੀ ਸਕੂਲ ਅਤੇ ਮਹਾਜਨੀ ਸਕੂਲ ਸਨ। ਮਕਤਾਬ ਫ਼ਾਰਸੀ ਸਕੂਲ ਸ,ਨ ਜਿਹੜੇ ਸਾਰੇ ਧਰਮਾਂ ਦੇ ਲੋਕਾਂ ਲਈ ਸਨ, ਜਿੱਥੇ ਫਾਰਸੀ ਸਿਖਾਈ ਜਾਂਦੀ ਸੀ। ਮਦਰੱਸੇ ਮੁਸਲਮਾਨਾਂ ਲਈ ਸਨ, ਜਿੱਥੇ ਕੁਰਾਨ, ਅਰਬੀ ਭਾਸ਼ਾ, ਸਹਿਤ, ਕਾਨੂੰਨ, ਤਰਕ ਅਤੇ ਅਰਬੀ ਵਿਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਪਾਠਸ਼ਾਲਾ ਹਿੰਦੂਆਂ ਲਈ ਸਕੂਲ ਸੀ, ਜਿੱਥੇ ਸੰਸਕਿ੍ਤ ਪੜਾਈ ਜਾਂਦੀ ਸੀ। ਗੁਰਮੁਖੀ ਸਕੂਲਾਂ'ਚ ਪੰਜਾਬੀ ਬੋਲੀ ਅਤੇ ਧਾਰਮਿਕ ਪੋਥੀਆਂ ਦੀ ਸਿੱਖਿਆ ਦਿੱਤੀ ਜਾਂਦੀ। ਮਹਾਜਨੀ ਸਕੂਲਾਂ 'ਚ ਵਪਾਰ ਅਤੇ ਹਿਸਾਬ ਕਿਤਾਬ ਦੇ ਨਾਲ-ਨਾਲ ਲੰਡੇ ਅਤੇ ਸਰਾਫ਼ੀ ਦੀ ਸਿੱਖਿਆ ਦਿੱਤੀ ਜਾਂਦੀ ਸੀ।

ਲਿਟਨਰ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਜਦੋਂ 1849 'ਚ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਉਸ ਸਮੇਂ 3,30,000 ਵਿਦਿਆਰਥੀ ਦੇਸੀ ਸਕੂਲਾਂ 'ਚ ਵਿਗਿਆਨ, ਸਹਿਤ, ਵਕਾਲਤ, ਤਰਕ, ਵਪਾਰ, ਫ਼ਲਸਫੇ ਅਤੇ ਵੈਦ ਦੀ ਪੜਾਈ ਕਰ ਰਹੇ ਸਨ। ਵਿਦਿਆਰਥੀਆਂ ਦੀ ਇਹ ਗਿਣਤੀ ਅੰਗਰੇਜ਼ਾਂ ਦੇ 30 ਸਾਲ ਰਾਜ ਬਾਅਦ 1880 'ਚ 50 ਫੀਸਦੀ ਤੱਕ ਘੱਟ ਗਈ ਸੀ। ਲਿਟਨਰ ਨੇ ਮੰਨਿਆ ਕਿ ਉਸ ਸਮੇਂ ਯੂਰਪੀਅਨ ਸਿੱਖਿਆ ਪ੍ਰਬੰਧ ਭਾਰਤੀ ਉਪ ਮਹਾਂਦੀਪ 'ਚ ਕਿਤੇ ਵੀ ਐਨਾ ਕਾਮਯਾਬ ਨਹੀਂ ਹੋਇਆ ਸੀ, ਜਿਨ੍ਹਾਂ ਪੰਜਾਬ ਦਾ ਆਪਣਾ ਸਿੱਖਿਆ ਪ੍ਰਬੰਧ ਕਾਮਯਾਬ ਸੀ।

ਲਿਟਨਰ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸ ਸਿੱਖਿਆ ਪ੍ਰਬੰਧ 'ਚ ਕੁਝ ਨੁਕਸ ਵੀ ਸਨ; ਜਿਵੇਂ ਹਿੰਦੂ ਸਕੂਲਾਂ 'ਚ ਔਰਤਾਂ ਅਤੇ ਨੀਵੀ ਜਾਤ ਦੇ ਲੋਕਾਂ ਨੂੰ ਸਿੱਖਿਆ ਨਹੀੰ ਦਿੱਤੀ ਜਾਂਦੀ ਸੀ। ਪਰ ਸਿੱਖਾਂ ਅਤੇ ਮੁਸਲਮਾਨਾਂ ਦੇ ਸਕੂਲ ਸਾਰਿਆਂ ਲਈ ਖੁੱਲੇ ਸਨ। ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਸਿੱਖ ਇਸ ਗੱਲ 'ਤੇ ਹਿੰਦੂਆਂ ਦਾ ਵਿਰੋਧ ਵੀ ਕਰਦੇ ਸਨ। ਸਿੱਖ ਬ੍ਰਾਹਮਣਾਂ ਦਾ ਸਿੱਖਿਆਂ ਉੱਤੋਂ ਏਕਾਧਿਕਾਰ ਭੰਨ ਕੇ ਦਲਿਤਾਂ ਅਤੇ ਔਰਤਾਂ ਨੂੰ ਵੀ ਇਹ ਅਧਿਕਾਰ ਦੇਣਾ ਚਾਹੁੰਦੇ ਸਨ।

1882 'ਚ ਲਿਟਨਰ ਵਲੋਂ ਜਾਰੀ ਕੀਤੀ ਰਿਪੋਰਟ 'ਚ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਖਰੀ ਸਾਲ 1838-39 'ਚ 1.85 ਮਿਲਿਅਨ ਪੌਂਡ ਦਾ ਮਾਲੀਆ ਇੱਕਠਾ ਕੀਤਾ ਪਰ ਅੰਗਰੇਜ਼ 1.45 ਮਿਲਿਅਨ ਪੌਂਡ ਹੀ ਕਰ ਸਕੇ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਲੀਏ 'ਚੋਂ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲੋਂ ਵੱਧ ਫੀਸਦੀ ਰਕਮ ਸਿੱਖਿਆ'ਤੇ ਖਰਚ ਕਰਦਾ ਸੀ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਕਈ ਕੋਈ ਫੀਸ ਨਹੀੰ ਸੀ ਦੇਣੀ ਪੈਂਦੀ।

ਫਕੀਰਖ਼ਾਨਾ ਮਿਊਜੀਅਮ ਦੇ ਮੁਖੀ ਫਕੀਰ ਸਈਦ ਸਈਫੂਦੀਨ ਨੇ ਤਸਦੀਕ ਕੀਤਾ ਕਿ ਜਦੋਂ 1849 ਵਿੱਚ ਅੰਗਰੇਜ਼ਾਂ ਨੇ ਜਨ-ਗਣਨਾ ਕਰਵਾਈ ਤਾਂ ਡਾਕਟਰ ਲੋਗਨ ਵੱਲੋਂ ਤਿਆਰ ਕਰਵਾਈ ਇਸ ਰਿਪੋਰਟ 'ਚ ਪਤਾ ਲੱਗਾ ਕਿ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਦੇ 87% ਲੋਕ ਪੜ੍ਹੇ- ਲਿਖੇ ਸਨ ਅਤੇ ਕੁਲ ਪੰਜਾਬ 'ਚ 78% ਲੋਕ ਪੜ੍ਹੇ ਲਿਖੇ ਹਨ, ਜਿਸ ਵਿੱਚ ਔਰਤਾਂ ਦੀ ਪ੍ਰਤੀਸ਼ਤ ਮਰਦਾਂ ਨਾਲੋਂ ਵਧੇਰੇ ਸੀ।

ਪੰਜਾਬ ਦੇ ਇਹਨਾਂ ਸਕੂਲਾਂ ਦੇ ਅਧਿਆਪਕ ਵੀ ਉੱਚ ਕੋਟੀ ਦੇ ਵਿਦਵਾਨ ਸਨ, ਇੱਥੋਂ ਤੱਕ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੀ ਪੂਰੀ ਯੋਗਤਾ ਰੱਖਦੇ ਹਨ। 1860 ਦੀ ਲਾਹੌਰ ਜਿਲ੍ਹੇ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਲਾਹੌਰ ਜਿਲ੍ਹੇ'ਚ 576 ਸਕੂਲਾਂ 'ਚ 4225 ਅਧਿਆਪਕ ਸਨ, ਜਿਹੜੇ ਉੱਚ ਕੋਟੀ ਦੇ ਵਿਦਵਾਨ ਸਨ।

ਇਸ ਤਰਾਂ ਸਿੱਖ ਰਾਜ ਪੰਜਾਬ ਆਪਣੇ ਆਪ ਨੂੰ ਗਿਆਨਵਾਨ ਅਤੇ ਰੋਸ਼ਨ ਖਿਆਲ (enlightened) ਅਖਵਾਉਣ ਵਾਲੇ ਯੂਰਪ ਤੋਂ ਕਾਫ਼ੀ ਅੱਗੇ ਸੀ। ਸਿੱਖਾਂ ਦੇ ਵਿੱਚ ਵੱਡੇ ਵਿਦਵਾਨ ਵਰਗ ਨੂੰ ਦੇਖਦੇ ਹੋਏ ਚਾਰਲਸ ਨੇਪੀਅਰ ਨੇ 1849 ਵਿੱਚ ਆਖਿਆ, ਹਾਲੇ (ਅਸੀਂ) ਪੰਜਾਬ'ਤੇ ਸਿਰਫ਼ ਕਬਜ਼ਾ ਕੀਤੈ ਪਰ ਇਹ ਅਜੇ ਜਿੱਤਿਆ ਨਹੀਂ। ਪੰਜਾਬੀਆਂ ਤੇ ਉਨਾਂ ਦੀ ਭਾਸ਼ਾ ਨੂੰ ਫ਼ਤਿਹ ਕਰਨਾ ਅਜੇ ਬਾਕੀ ਹੈ... ਹਾਲੇ ਸਿਰਫ਼ ਪੰਜਾਬੀਆਂ ਦੇ ਸਰੀਰਾਂ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਜਾ ਸਕਿਆ ਹੈ, ਉਹਨਾਂ ਦੇ ਦਿਲਾਂ, ਦਿਮਾਗਾਂ ਅਤੇ ਰੂਹਾਂ ਨੂੰ ਹਾਲੇ ਗ਼ੁਲਾਮ ਬਣਾਉਣਾ ਬਾਕੀ ਹੈ। ਇਸ ਤੋਂ ਪਿੱਛੋ ਲਾਹੌਰ ਦਰਬਾਰ ਵੱਲੋਂ ਜਾਰੀ ਕੀਤੇ ਕਾਇਦੇ ਉੱਪਰ ਪਾਬੰਦੀ ਲਗਾ ਕੇ ਉਸ ਨੂੰ ਫੂਕਣ ਦਾ ਕੰਮ ਸ਼ੁਰੂ ਕੀਤਾ ਗਿਆ।

ਪੰਜਾਬੀ ਕਾਇਦੇ ਉੱਤੇ ਸਰਕਾਰੀ ਧਾਵੇ ਦਾ ਖੁਲਾਸਾ ਕਰਦਿਆਂ ਲਹਿੰਦੇ ਪੰਜਾਬ ਦੇ ਲੇਖਕ ਮੁਹੰਮਦ ਜ਼ਕਰੀਆ ਆਫਤਾਬ ਨੇ ਲਿਖਿਆ ਹੈ ਕਿ ਅੰਗਰੇਜ਼ਾਂ ਵੱਲੋਂ ਸਰਕਾਰੀ ਇਸ਼ਤਿਹਾਰਾਂ ਵਿੱਚ ਹੋਕਾ ਦਿੰਦਿਆ ਕਿਹਾ ਗਿਆ ਕਿ ਜਿਹੜਾ ਬੰਦਾ ਅੰਗਰੇਜ਼ ਸਰਕਾਰ ਕੋਲ ਆਪਣੀ ਰਜ਼ਾਮੰਦੀ ਨਾਲ ਤਲਵਾਰ ਆਦਿ ਹਥਿਆਰ ਜਮ੍ਹਾ ਕਰਵਾਏਗਾ, ਉਸ ਨੂੰ ਦੋ ਆਨੇ ਇਨਾਮ ਦਿੱਤਾ ਜਾਵੇਗਾ, ਜਦਕਿ ਜਿਹੜਾ ਪੰਜਾਬੀ ਕਾਇਦਾ ਜਮ੍ਹਾ ਕਰਵਾਏਗਾ, ਉਸ ਨੂੰ ਇਸ ਤੋਂ ਤਿੰਨ ਗੁਣਾਂ ਰਕਮ ਭੇਟ ਕੀਤੀ ਜਾਵੇਗੀ, ਯਾਨੀ ਕਿ ਛੇ ਆਨੇ ਦਿੱਤੇ ਜਾਣਗੇ, ਜਿਹੜੀ ਉਸ ਜ਼ਮਾਨੇ ਵਿੱਚ ਚੰਗੀ ਭਲੀ ਰਕਮ ਸੀ। ਇਹ ਗੱਲ ਲਿਟਨਰ ਵੱਲੋਂ ਵੀ ਮੰਨੀ ਕਿ ਅੰਗਰੇਜ਼ਾਂ ਵੱਲੋਂ ਪੰਜਾਬ ਦਾ ਸਿੱਖਿਆ ਪ੍ਰਬੰਧ ਭੰਨ ਕੇ ਖਤਮ ਕਰ ਦਿੱਤਾ ਗਿਆ।

ਇਸ ਦੇ ਨਾਲ ਅੰਗਰੇਜ਼ਾਂ ਨੇ ਪੰਜਾਬੀ ਨੂੰ ਜੜ੍ਹੋਂ ਪੁੱਟਣ ਲਈ ਅਤੇ ਇਸ ਦੀ ਥਾਂ ਉਰਦੂ ਦਾ ਬੂਟਾ ਲਾਉਣ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਕੀਤਾ। ਸਰ ਡੋਨਲਡ ਨੇ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਬਣਨ ਮਗਰੋਂ ਇਹ ਹੁਕਮ ਜਾਰੀ ਕੀਤਾ, "ਪਹਿਲੇ ਮਰਹਲੇ ਵਿੱਚ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਨੂੰ ਉਰਦੂ ਸਿਖਾਈ ਜਾਵੇ, ਫਿਰ ਇਸ ਟੋਲੇ ਰਾਹੀਂ ਪੂਰੇ ਪੰਜਾਬ ਦੀ ਜੂਨ ਬਦਲੀ ਜਾਵੇ।" ਪੰਜਾਬੀ ਨੂੰ ਖਤਮ ਕਰਨ ਲਈ ਉਸ ਸਮੇਂ ਸਰਕਾਰੀ ਬੁੱਕ ਡੀਪੂ ਕਾਇਮ ਕੀਤੇ ਅਤੇ ਲੱਖਾਂ ਰੁਪਏ ਖਰਚ ਕੇ ਉਰਦੂ ਦੀਆਂ ਕਿਤਾਬਾਂ ਛਾਪੀਆਂ ਅਤੇ ਵੰਡੀਆਂ ਗਈਆਂ।

ਜਿਹੜਾ ਰਵੱਈਆ ਅੰਗਰੇਜ਼ਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਸਿੱਖਾਂ ਲਈ ਅਪਣਾਇਆ ਗਿਆ, ਬਿਲਕੁਲ ਉਹੀ ਰਵੱਈਆ ਅੰਗਰੇਜ਼ਾਂ ਦੇ ਜਾਣ ਤੋਂ ਪਿੱਂਛੋਂ ਭਾਰਤ ਦੇ ਹਿੰਦੂ ਹੁਕਮਰਾਨਾਂ ਵੱਲੋੰ ਅਪਣਾਇਆ ਗਿਆ। ਪੰਜਾਬੀਆਂ/ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਹਨਾਂ ਦੀ ਮਾਂ ਬੋਲੀ ਤੋਂ ਉਹਨਾਂ ਨੂੰ ਦੂਰ ਕਰਨਾ ਅੱਜ ਭਾਰਤ ਦੀ ਉਸ ਤਰਾਂ ਲੋੜ ਹੈ ਜੋ ਕਿ ਪਹਿਲਾਂ ਅੰਗਰੇਜ਼ਾਂ ਦੀ ਲੋੜ ਸੀ। ਅੱਜ ਪੰਜਾਬੀਆਂ ਤੇ ਰਾਸ਼ਟਰਵਾਦ ਦੀ ਪਾਣ ਚਾੜਨ ਲਈ ਪੰਜਾਬ 'ਚ ਹਿੰਦੀ ਦਾ ਪ੍ਰਚਾਰ ਪਸਾਰ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ ਅੱਜ ਪੰਜਾਬ 'ਚ ਦਰਜਨ ਤੋਂ ਵੱਧ ਰੋਜ਼ਾਨਾ ਹਿੰਦੀ ਅਖ਼ਬਾਰ ਛਪ ਰਹੇ ਹਨ ਅਤੇ ਪੰਜਾਬੀ ਹਿੰਦੂ ਅਤੇ ਸ਼ਹਿਰੀ ਸਿੱਖ ਇਸ ਬੇਗਾਨੀ ਬੋਲੀ ਨੂੰ ਬਿਨਾਂ ਸੋਚੇ ਸਮਝੇ ਆਪਣੇ ਘਰਾਂ'ਚ ਵਾੜ ਰਹੇ ਹਨ।

ਅਫ਼ਸੋਸ ਦੀ ਗੱਲ ਇਹ ਅੱਜ ਆਪਣਾ ਰਾਜ ਖੁੱਸਣ ਤੋਂ ਡੇਢ ਸਦੀ ਤੋਂ ਵੀ ਵੱਧ ਸਮੇਂ ਬਾਅਦ ਅਸੀਂ ਬੁਰੀ ਤਰਾਂ ਪੱਛੜ ਚੁੱਕੇ ਹਾਂ। ਸਿੱਖ ਰਾਜ ਵੇਲੇ ਦੀ ਸਿੱਖਿਆ ਪ੍ਰਣਾਲੀ ਦਾ ਅੱਜ ਖੁਰਾ ਖੋਜ ਮਿਟ ਚੁੱਕਾ ਹੈ ਅਤੇ ਪੰਜਾਬੀ ਅਵੇਸਲੇ ਬੈਠੇ ਹਨ। ਅੱਜ ਸਿੱਖ ਕੌਮ ਆਪਣੇ ਆਪ ਨੂੰ ਯਹੂਦੀਆਂ ਨਾਲ ਮਿਲਾ ਕੇ ਦੇਖਦੀ ਹੈ, ਜਿਨਾਂ ਦੀ ਦੁਨੀਆਂ 'ਚ .2% ਆਬਾਦੀ ਹੈ ਅਤੇ ਉਹਨਾਂ ਨੇ 850 ਨੋਬਲ ਪੁਰਸਕਾਰਾਂ ਵਿੱਚ ਘੱਟੋ-ਘੱਟ 20% ਨੋਬਲ ਪੁਰਸਕਾਰ ਜਿੱਤੇ ਹਨ।

ਬਿ੍ਟਿਸ਼ ਇਤਿਹਾਸਕਾਰ ਜੀ. ਡਬਲਯੂ. ਲਿਟਨਰ ਮੁਤਾਬਿਕ 1881'ਚ ਪੰਜਾਬ ਵਿੱਚ ਬਿ੍ਟੇਨ ਨਾਲੋਂ ਜ਼ਿਆਦਾ ਵਿਦਵਾਨ (Scholar)ਸਨ। ਇਸ ਗੱਲ ਨੂੰ ਅਧਾਰ ਬਣਾ ਕੇ ਇਹ ਅੱਜ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਜੇਕਰ ਅੱਜ ਸਾਡਾ ਪੰਜਾਬ ਆਜ਼ਾਦ ਹੁੰਦਾ ਤਾਂ ਜਿਹੜਾ ਪੰਜਾਬ ਅੱਜ ਔਗੁਣਾਂ ਨਾਲ ਭਰਿਆ ਪਿਆ, ਉਹ ਇਜ਼ਰਾਈਲ ਦੇ ਮੁਕਾਬਲੇ 'ਚ ਹੁੰਦਾ। ਇਸਤੋਂ ਹੀ ਅੰਦਾਜ਼ਾ ਲਾ ਲਓ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵਿਦੇਸ਼ੀ ਲੋਕ ਪੰਜਾਬ 'ਚ ਕੰਮ ਲਈ ਆਉਂਦੇ ਸਨ ਤੇ ਹੁਣ ਅਸੀਂ ਪੰਜਾਬ ਤੋਂ ਬਾਹਰ ਆ ਰਹੇ ਹਾਂ।

ਅੱਜ ਕੱਲ੍ਹ ਦੇ ਰਾਜ ਪ੍ਰਬੰਧਾਂ ਦੀ ਇਹ ਲੋੜ ਹੈ ਕਿ ਪਹਿਲਾਂ ਤਾਂ ਗੁਲਾਮ ਕੌਮਾਂ ਨੂੰ ਸਿੱਖਿਆ ਹੀ ਨਾ ਦਿੱਤੀ ਜਾਵੇ, ਜੇਕਰ ਦਿੱਤੀ ਵੀ ਜਾਵੇ ਤਾਂ ਉਹ ਉਸ ਤਰਾਂ ਦੀ ਹੀ ਦਿੱਤੀ ਜਾਵੇ ਜੋ ਕੌਮਾਂ ਨੂੰ ਗੁਲਾਮੀ ਨਾਲ ਬੰਨ ਕੇ ਰੱਖਣ 'ਚ ਸਹਾਈ ਹੋਵੇ। ਗੁਰੂ ਨੇ ਸਾਨੂੰ ਪਾਤਸ਼ਾਹੀਆਂ ਬਖ਼ਸੀਆਂ ਹਨ, ਪਰ ਸਾਡੇ ਆਗੂ ਨਿੱਕੀਆਂ-ਨਿੱਕੀਆਂ ਅਹੁਦਾਰੀਆਂ ਪਿੱਛੇ ਕੌਮ ਦੇ ਹਿੱਤਾਂ ਨੂੰ ਵੇਚ ਦਿੰਦੇ ਹਨ।

ਅੱਜ ਸਟੇਟ ਦੇ ਪ੍ਰਚਾਰ ਕਾਰਨ ਕੌਮ 'ਚ ਆਪਣੇ ਆਪ'ਚ ਹੀਣਤਾ ਦਾ ਭਾਵ ਐਨਾ ਵੱਧ ਚੁੱਕਾ ਹੈ ਕਿ ਕੌਮ ਦੇ ਇੱਕ ਹਿੱਸੇ ਨੂੰ ਲੱਗਣ ਲੱਗ ਪਿਆ ਹੈ ਕਿ ਅਸੀਂ ਰਾਜ ਕਰਨ ਦੇ ਸਮਰੱਥ ਹੀ ਨਹੀਂ ਅਤੇ ਰਾਜ ਕਰਨ ਦਾ ਨਾਮ ਸੁਣ ਕੇ ਹੀ ਇਹ ਸੱਜਣ ਜਾਂ ਤਾਂ ਡਰ ਜਾਂਦੇ ਹਨ ਅਤੇ ਜਾਂ ਫਿਰ ਗਲ ਪੈਣਾ ਸ਼ੁਰੂ ਕਰ ਦਿੰਦੇ ਹਨ। ਆਪਣੇ ਰਾਜ ਤੋਂ ਭੱਜਣਾ ਸਿੱਖਾਂ ਦਾ ਧਰਮ ਨਹੀਂ ਹੈ, ਇਸ ਲਈ ਸਿੱਖ ਕੌਮ ਨੇ 18ਵੀਂ ਸਦੀ ਤੋਂ ਹੁਣ ਤੱਕ ਬਹੁਤ ਕੁਰਬਾਨੀਆਂ ਕੀਤੀਆਂ ਹਨ। ਜੇਕਰ ਸੋਚ ਆਜ਼ਾਦ ਰੱਖਾਂਗੇ ਤਾਂ ਇੱਕ ਦਿਨ ਸਾਡਾ ਰਾਜ ਵੀ ਕਾਇਮ ਹੋਵੇਗਾ ਅਤੇ ਅਸੀਂ ਹਰ ਖੇਤਰ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਆਪਣੀ ਕੌਮ ਦਾ ਨਾਮ ਵੀ ਰੌਸ਼ਨ ਕਰਾਂਗੇ ਤਾਂ ਕਿ ਦੁਨੀਆਂ 'ਚ ਅਸੀ ਸਿਰ ਉੱਚਾ ਚੁੱਕ ਕੇ ਮਾਣ ਸਤਿਕਾਰ ਨਾਲ ਰਹਿ ਸਕਾਂਗੇ।

  • ਸਤਵੰਤ ਸਿੰਘ


Archive

RECENT STORIES