Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਮੁੱਚਾ ਖਾਲਸਾ ਪੰਥ ਖਾਸ ਬੰਦੀ ਸਿੰਘਾਂ ਦੀ ਰਿਹਾਈ ਵਿਚ ਦੇਰੀ ਤੋਂ ਬਹੁਤ ਦੁਖੀ ਹੈ- ਸੁਖਬੀਰ ਬਾਦਲ

Posted on May 4th, 2022

ਚੰਡੀਗੜ੍ਹ, 4 ਮਈ, 2022- ਸੱਤਾ ਤੋਂ ਬਾਹਰ ਰਹਿ ਕੇ ਅਕਾਲੀ ਦਲ ਨੂੰ ਪੰਥਕ ਮਸਲੇ ਬਹੁਤ ਯਾਦ ਰਹਿੰਦੇ ਹਨ ਜਦਕਿ ਸੱਤਾ ਦੌਰਾਨ ਭੁੱਲੇ ਰਹਿੰਦੇ ਹਨ। ਇਸਦੀ ਤਾਜ਼ਾ ਮਿਸਾਲ ਇੱਕ ਵਾਰ ਫਿਰ ਉਦੋਂ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਥਕ ਜਥੇਬੰਦੀਆਂ ਨੁੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਲਹਿਰ ਸਿਰਜਣ ਵਾਸਤੇ ਇਕ ਸਾਂਝੇ ਮੁਹਾਜ਼ ’ਤੇ ਇਕਜੁੱਟ ਹੋਣ ਕਿਉਂਕਿ ਇਹ ਬੰਦੀ ਸਿੰਘ ਇਹਨਾਂ ਦੀ ਉਮਰ ਕੈਦ ਪੂਰੀ ਹੋਣ ਦੇ ਬਾਵਜੂਦ ਕਈ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ।

ਯਾਦ ਰਹੇ ਕਿ ਬਾਦਲਾਂ ਦੇ ਰਾਜ 'ਚ ਪੰਜਾਬ ਅੰਦਰ ਅਨੇਕਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕੱਦਮਿਆਂ 'ਚ ਉਲਝਾ ਕੇ ਜੇਲ੍ਹਾਂ 'ਚ ਰੱਖਿਆ ਗਿਆ ਸੀ, ਜਿਸ ਵਿੱਚ ਪਰਵਾਸੀ ਸਿੱਖ ਸ. ਪਾਲ ਸਿੰਘ ਫਰਾਂਸ ਤੇ ਜਸਵੰਤ ਸਿੰਘ ਸੰਦਰਲੈਂਡ ਵੀ ਸ਼ਾਮਲ ਸਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੁੰ ਅਪੀਲ ਕੀਤੀ ਕਿ ਉਹ ਪਹਿਲ ਕਰਨ ਅਤੇ ਸਾਰੀਆਂ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦਣ ਤਾਂ ਜੋ ਦੁਨੀਆਂ ਭਰ ਦੇ ਪੰਜਾਬੀਆਂ ਦੀ ਬੰਦੀ ਸਿੰਘਾਂ ਨੁੰ ਮਨੁੱਖਤਾ ਦੇ ਆਧਾਰ ’ਤੇ ਰਿਹਾਈ ਦੀ ਮੰਗ ਪੂਰੀ ਕਰਨ ਵਾਸਤੇ ਸਾਂਝੀ ਰਣਨੀਤੀ ਤਿਆਰ ਕੀਤੀ ਜਾ ਸਕੇ। ਭਾਵੁਕ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਭਾਵੇਂ ਸਾਡੇ ਵਿਅਕਤੀਗਤ ਜਾਂ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਪਾਸੇ ਰੱਖ ਦੇਣੇ ਚਾਹੀਦੇ ਹਨ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਾਫੀ ਦੇਰ ਤੋਂ ਲਟਕ ਰਿਹਾ ਮਾਮਲਾ ਹੈ ਅਤੇ ਸਮੁੱਚਾ ਖਾਲਸਾ ਪੰਥ ਖਾਸ ਤੌਰ ’ਤੇ ਪੰਜਾਬੀ ਇਹਨਾਂ ਦੀ ਰਿਹਾਈ ਵਿਚ ਦੇਰੀ ਤੋਂ ਬਹੁਤ ਦੁਖੀ ਹਨ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਹਨਾਂ ਦੀ ਰਿਹਾਈ ਉਦੋਂ ਵੀ ਨਹੀਂ ਹੋ ਰਹੀ ਜਦੋਂ ਕੇਂਦਰ ਸਰਕਾਰ ਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਇਸ ਲਈ ਐਲਾਨ ਵੀ ਕੀਤਾ ਸੀ। ਉਹਨਾਂ ਕਿਹਾ ਕਿ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ 50 ਬੰਦੀ ਸਿੰਘ ਹਨ ਜਿਹਨਾਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰ ਘਚੀਮਾ, ਵਿਰਸਾ ਸਿੰਘ ਵਲਟੋਹਾ, ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਕਰਨੈਲ ਸਿੰਘ ਪੀਰਮੁਹੰਮਦ ਤੇ ਹਰਚਰਨ ਬੈਂਸ ਵੀ ਹਾਜ਼ਰ ਸਨ।



Archive

RECENT STORIES