Posted on June 29th, 2022
ਗੁਰਲਾਲ ਸਿੰਘ
27 ਜੂਨ ਉਹ ਦਿਨ ਹੈ ਜਦੋਂ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕੀਤਾ ਸੀ ਅਤੇ ਮੰਦੇਭਾਗੀਂ ਇਸੇ ਹੀ ਦਿਨ ਰਣਜੀਤ ਸਿੰਘ ਨੇ ਇਸ ਫਾਨੀ ਜਹਾਨ ਤੋਂ ਕੂਚ ਕੀਤਾ ਸੀ।
ਮਹਾਰਾਜਾ ਰਣਜੀਤ ਸਿੰਘ ਉਹ ਮਹਾਰਾਜਾ ਹੈ ਜਿਸ ਨੇ ਸਿਰਫ 19 ਸਾਲ ਦੀ ਉਮਰ ਵਿੱਚ ਮੁਗਲਾਂ ਦੇ ਕਹਿੰਦੇ ਕਹਾਉਦੇਂ ਸ਼ਹਿਰ ਲਾਹੌਰ ਉਪਰ 27 ਜੂਨ 1799 ਨੂੰ ਕਬਜ਼ਾ ਕਰ ਲਿਆ। ਰਣਜੀਤ ਸਿੰਘ ਦੇ ਜੀਵਨ ਅਤੇ ਲਾਹੌਰ ਦੇ ਕਬਜ਼ੇ ਬਾਰੇ ਕੁਝ ਹਾਲ ਦੱਸਦੇ ਹਾਂ।
ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਸ੍ਰ. ਮਹਾਂ ਸਿੰਘ ਸ਼ੁਕਰਚੱਕੀਏ ਦੇ ਘਰ ਗੁਜ਼ਰਾਂਵਾਲੇ ਵਿਖੇ ਹੋਇਆ। ਜਿਓਂ ਜਿਓਂ ਰਣਜੀਤ ਸਿੰਘ ਜਵਾਨ ਹੋ ਰਿਹਾ ਸੀ ਤਿਓਂ ਤਿਓਂ ਉਸ ਉੱਤੇ ਪਿਤਾ ਮਹਾਂ ਸਿੰਘ ਅਤੇ ਦਾਦੇ ਸ੍ਰ. ਚੜਤ ਸਿੰਘ ਸ਼ੁਕਰਚੱਕੀਏ ਦੇ ਗੁਣ ਜਿਵੇਂ ਕਿ ਗੁਰਸਿੱਖੀ ਪਿਆਰ, ਆਜ਼ਾਦ ਹਸਤੀ, ਨਿਰਭੈਤਾ, ਗੁਰਬਾਣੀ ਪਿਆਰ, ਘੋੜ ਸਵਾਰੀ, ਚੰਗੇ ਆਗੂ ਵਾਲੇ ਗੁਣ, ਸ਼ਾਸ਼ਤਰ ਵਿਦਿਆ 'ਚ ਨਿਪੁੰਨ ਅਤੇ ਸਰਬੱਤ ਦਾ ਭਲਾ ਚਾਹੁੰਣਾ ਆਦਿ ਸ਼ਾਮਿਲ ਹੁੰਦੇ ਗਏ। ਰਣਜੀਤ ਸਿੰਘ ਦੀ ਸ਼ਖਸ਼ੀਅਤ ਗੁਰਬਾਣੀ, ਗੁਰੂ, ਦੇਸ਼ ਅਤੇ ਦੇਸ਼ ਪੰਜਾਬ ਵਾਸੀਆਂ ਲਈ ਪਿਆਰ ਭਰਪੂਰ ਸੀ।
ਸ਼ੁਕਰਚੱਕੀਆ ਅਤੇ ਘਨੱਈਆ ਮਿਸਲਾਂ ਵਿੱਚ ਸਾਲਾਂ ਬੱਧੀ ਲੜਾਈਆਂ ਹੁੰਦੀਆਂ ਰਹੀਆਂ, ਜਿਸ ਨਾਲ ਦੋਹਾਂ ਮਿਸਲਾਂ ਅਤੇ ਸਿੱਖ ਕੌਮ ਦਾ ਸਮਾਂ, ਪੈਸਾ ਅਤੇ ਸਿੱਖ ਹਸਤੀਆਂ ਦਾ ਘਾਣ ਹੁੰਦਾ ਰਿਹਾ। ਇਸ ਬੇਮਤਲਬੀ ਨੁਕਸਾਨ ਨੂੰ ਦੂਰਅੰਦੇਸ਼ੀ ਨਾਲ ਵਿਚਾਰਕੇ, ਸਰਦਾਰਨੀ ਸਦਾ ਕੌਰ ਜੋ ਇਸ ਸਮੇ ਘਨੱਈਯਾ ਮਿਸਲ ਦੀ ਸਰਦਾਰਨੀ ਸੀ, ਨੇ ਆਪਣੀ ਸੁਘੜ ਸਿਆਣੀ ਧੀ ਬੀਬੀ ਮਹਿਤਾਬ ਕੌਰ ਦਾ ਵਿਆਹ ਸ਼ੁਕਰਚੱਕੀਏ ਰਣਜੀਤ ਸਿੰਘ ਨਾਲ ਕਰ ਦਿੱਤਾ ਜਿਸ ਨਾਲ ਦੋਹਾਂ ਮਿਸਲਾਂ ਦੀ ਸਾਲਾਂ ਦੀ ਲੜਾਈ ਖਤਮ ਹੋ ਗਈ।
ਅਜੇ ਰਣਜੀਤ ਸਿੰਘ 12 ਕੁ ਸਾਲ ਦਾ ਹੀ ਸੀ ਕਿ ਪਿਤਾ ਦਾ ਸਾਇਆ ਸਿਰ ਤੋਂ ਸਦਾ ਲਈ ਉਠ ਗਿਆ। ਸ਼ੁਕਰਚੱਕੀਏ ਮਿਸਲ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਦੇ ਮੋਢਿਆਂ 'ਤੇ ਆ ਪਈ। ਇਸ ਸਮੇਂ ਸਰਦਾਰਨੀ ਸਦਾ ਕੌਰ ਨੇ ਰਣਜੀਤ ਸਿੰਘ ਦੀ ਯੋਗ ਅਗਵਾਈ ਕਰ ਕੇ ਮਿਸਲ ਦਾ ਪੁੰਨਰ ਗੰਠਨ ਕੀਤਾ ਅਤੇ ਯੋਗ ਬੰਦਿਆਂ ਨੂੰ ਅਹੁੱਦੇ ਅਤੇ ਜਿੰਮੇਵਾਰੀਆਂ ਸੌਪੀਆਂ। ਜਿਸ ਨਾਲ ਮਿਸਲ ਤਰੱਕੀ ਦੇ ਰਾਹ ਪੈ ਗਈ। ਰਣਜੀਤ ਸਿੰਘ ਦੀ ਸ਼ਖਸੀਅਤ ਸਦਾ ਕੌਰ ਨੇ ਐਸੀ ਘੜੀ ਕਿ ਉਹ ਇੱਕ ਨਿਪੁੰਨ ਆਗੂ ਅਤੇ ਯੋਧਾ ਬਣਕੇ ਲੋਕਾਂ ਸਾਹਮਣੇ ਆਇਆ।
ਰਣਜੀਤ ਸਿੰਘ ਨੇ ਮਸਾਂ ਜਵਾਨੀ ਵਿੱਚ ਪੈਰ ਹੀ ਪਾਇਆ ਸੀ ਕਿ ਸੰਨ 1799 ਵਿੱਚ ਸ਼ਾਹ ਜ਼ਮਾਨ ਵਾਲੀ-ਏ-ਕਾਬਲ ਨੇ ਪੰਜਾਬ 'ਤੇ ਹਮਲਾ ਦਿੱਤਾ। ਜੋ ਵੀ ਸਾਹਮਣੇ ਆਇਆ ਬਿਨਾਂ ਕਿਸੇ ਵਿਤਕਰੇ ਦੇ ਸਭਨੂੰ ਲੁੱਟ ਪੁੱਟ ਕੇ ਤਬਾਹ ਕਰ ਦਿੱਤਾ। ਇਸ ਸਮੇਂ ਦੁਖੀਆਂ ਦੀ ਪੁਕਾਰ, ਯਤੀਮਾਂ, ਬਜ਼ੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਦੀ ਹਾਹਾਕਾਰ ਸੁਣ ਕੇ ਰਣਜੀਤ ਸਿੰਘ ਦਾ ਮੋਮ ਦਿਲ ਪਸੀਜ਼ ਗਿਆ। ਇਸ ਘਟਨਾ ਤੋਂ ਬਾਅਦ ਆਪ ਨੇ ਪ੍ਰਣ ਕੀਤਾ ਕਿ ਆਪਣੇ ਪੰਜਾਬ ਦੇਸ਼ ਨੂੰ ਗੈਰਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਕੇ ਹੀ ਸਾਹ ਲਵਾਗਾਂ।
ਇਸ ਮਹਾਨ ਕੰਮ ਨੂੰ ਸ਼ੁਰੂ ਕਰਦੇ ਸਮੇਂ ਆਪ ਨੇ ਪਹਿਲਾ ਕੰਮ ਇਹ ਕੀਤਾ ਕਿ ਆਪਣੇ ਨਾਲ ਕੁਝ ਘੋੜ ਸਵਾਰ ਲੈ ਕੇ ਸਿੱਧੇ ਲਾਹੌਰ ਕਿਲ੍ਹੇ ਥੱਲੇ ਪਹੁੰਚਕੇ ਸੰਮਨ ਬੁਰਜ਼ ਵੱਲ, ਜਿਥੇ ਸ਼ਾਹ ਜ਼ਮਾਨ ਰਹਿੰਦਾ ਸੀ, ਗੋਲੀਆਂ ਚਲਾ ਕੇ ਅਤੇ ਉਚੀ ਆਵਾਜ਼ ਵਿੱਚ ਲਲਕਾਰ ਕੇ ਕਿਹਾ 'ਉਹ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਬਾਹਰ ਆ ਦੇਖ ਸਰਦਾਰ ਚੜ੍ਹਤ ਸਿੰਘ ਦਾ ਪੋਤਾ ਰਣਜੀਤ ਸਿੰਘ ਆਇਆ ਹੈ' ਕੁਝ ਦੇਰ ਉਡੀਕ ਕਰਨ ਤੋਂ ਬਾਅਦ ਜਦੋਂ ਕੋਈ ਨਾ ਆਇਆ ਤਾਂ ਆਪ ਵਾਪਸ ਆ ਗਏ।
ਇਸ ਘਟਨਾ ਤੋਂ ਬਾਅਦ ਆਪ ਨੇ ਪੰਥ ਦੇ ਹਲਾਤਾਂ ਦਾ ਨਿਰੀਖਣ ਕੀਤਾ ਤਾਂ ਆਪ ਨੇ ਦੇਖਿਆ ਕਿ ਸਤਿਕਾਰਯੋਗ ਕੌਮੀ ਜਥੇਦਾਰ ਨਵਾਬ ਕਪੂਰ ਸਿੰਘ, ਦੋਵਂੇ ਜੱਸਾ ਸਿੰਘ ਅਤੇ ਸ੍ਰ. ਬਘੇਲ ਸਿੰਘ ਪਿਆਨਾ ਕਰ ਚੁੱਕੇ ਹਨ। ਪੰਥ ਨੇ ਜਾਨਾਂ ਹੂਲ ਕੇ ਤਲਵਾਰ ਨਾਲ ਦੁਸ਼ਮਣਾਂ ਨੂੰ ਰੱਤ 'ਚ ਨੁਹਾ ਕੇ ਜੋ ਦੇਸ਼ ਪੰਜਾਬ 'ਚ ਸ਼ਕਤੀ ਪੈਦਾ ਕੀਤੀ ਸੀ। ਉਹੀ ਤਲਵਾਰ ਆਪਣੇ ਗੁਰੂ ਭਾਈਆਂ ਦੇ ਲਹੂ ਵਿੱਚ ਗੋਤੇ ਖਾਂਦੀ ਸੀ ਅਤੇ ਪੰਥਕ ਸ਼ਕਤੀ ਨਾਲ ਜੋ ਇਲਾਕੇ ਮਿਸਲਾਂ ਦੇ ਅਧਿਕਾਰ 'ਚ ਆਏ ਸਨ, ਘਰੋਗੀ ਪਾਟੋਧਾੜ ਅਤੇ ਬੇਇਤਫਾਕੀ ਕਾਰਨ ਹੌਲੀ ਹੌਲੀ ਇੱਕ ਇੱਕ ਕਰਕੇ ਪੰਥਕ ਕਬਜ਼ੇ 'ਚੋਂ ਜਾ ਰਹੇ ਸਨ। ਇਸ ਸਮੇਂ ਨੂੰ ਰਣਜੀਤ ਸਿੰਘ ਅਤੇ ਸਦਾ ਕੌਰ ਦੀ ਪਾਰਖੂ ਅਤੇ ਦੂਰ ਅੰਦੇਸ਼ ਅੱਖ ਨੇ ਦੇਖਦਿਆਂ ਵਿਚਾਰ ਬਣਾਇਆ ਕਿ ਜੇ ਅਸੀਂ ਪੰਥਕ ਸਕਤੀ ਨੂੰ ਇੱਕ ਅਕਾਲੀ ਨਿਸ਼ਾਨ ਥੱਲੇ ਇਕੱਠਾ ਨਾ ਕੀਤਾ ਤਾਂ ਇਹ ਬਹੁਤ ਖੁਆਰ ਹੋਣਗੇ। ਜਿਸ ਨਾਲ ਨਾ ਕੌਮ ਬਚੇਗੀ ਨਾ ਦੇਸ਼। ਇੱਕ ਨਿਸ਼ਾਨ ਥੱਲੇ ਜੇ ਕੌਮ ਇੱਕਤਰ ਹੋ ਗਈ ਤਾਂ ਫ਼ਤਹਿ ਪੰਥ ਦੀ ਹੋਵੇਗੀ।
ਸਰਦਾਰ ਰਣਜੀਤ ਸਿੰਘ ਅਤੇ ਸਦਾ ਕੌਰ ਨੇ ਸਮੁੱਚੀ ਕੌਮ ਨੂੰ ਇੱਕਮੁੱਠ ਕਰਨ ਲਈ ਉਦਮ ਅਰੰਭੇ। ਕੁਝ ਸਮੇਂ ਵਿੱਚ ਹੀ ਆਪ ਨੇ ਸਿੱਖ ਕੌਮ ਦੀ ਖਿੰਡੀ ਸ਼ਕਤੀ ਇੱਕ ਥਾਂ ਇੱਕਠੀ ਕਰ ਲਈ। ਇਸ ਨਾਲ ਸਰਦਾਰ ਰਣਜੀਤ ਸਿੰਘ ਨੇ ਇੱਕ ਦਾ ਦੁੱਖ ਸੱਭ ਦਾ ਦੁੱਖ ਅਤੇ ਇੱਕ ਦਾ ਲਾਭ ਸੱਭ ਦਾ ਲਾਭ ਸਾਂਝਾ ਬਣਾ ਦਿੱਤਾ। ਲੋਕਾਈ ਦੀ ਨਜ਼ਰ ਵਿੱਚ ਰਣਜੀਤ ਸਿੰਘ ਅਤੇ ਸਦਾ ਕੌਰ ਦਾ ਇਹ ਕਾਰਜ ਜਿਸੇ ਕਰਾਮਾਤ ਤੋਂ ਘੱਟ ਨਹੀਂ ਸੀ।
ਇਸ ਸਮੇਂ ਰਣਜੀਤ ਸਿੰਘ ਨੂੰ ਯੋਗ ਅਗਵਾਈ ਸਰਦਾਰਨੀ ਸਦਾ ਕੌਰ ਤੋਂ ਮਿਲੀ। ਸਦਾ ਕੌਰ ਨੇ ਸਿਰਫ ਰਣਜੀਤ ਸਿੰਘ ਨੂੰ ਅਗਵਾਈ ਹੀ ਨਹੀਂ ਦਿੱਤੀ ਸਗੋਂ ਆਪਣੀ ਫੌਜ, ਆਪਣਾ ਖਜ਼ਾਨਾ, ਆਪਣੀ ਸਿਆਣਪ, ਬਾਹੂ ਬਲ ਅਤੇ ਗੱਲ ਕੀ ਉਸਨੇ ਆਪਣੀ ਮਿਸਲ ਦਾ ਸਭ ਕੁਝ ਰਣਜੀਤ ਸਿੰਘ ਲਈ ਹਾਜ਼ਰ ਕਰ ਦਿੱਤਾ ਜਿਸ ਨਾਲ ਰਣਜੀਤ ਸਿੰਘ ਨੇ ਸਿੱਖ ਸ਼ਕਤੀ ਨੂੰ ਇਕੱਠਾ ਕਰਕੇ ਸਿੱਖਾਂ ਦੇ ਖੁੱਸੇ ਹੋਏ ਇਲਾਕੇ ਮੁੜ ਆਪਣੇ ਕਬਜ਼ੇ 'ਚ ਲੈ ਲਏ। ਹੁਣ ਰਣਜੀਤ ਸਿੰਘ ਅੱਗੇ ਮਸਲਾ ਪੇਸ਼ ਸੀ ਕਿ ਆਪਣੇ ਰਾਜ ਦੀ ਰਾਜਧਾਨੀ ਕਿਥੇ ਬਣਾਵੇ। ਉਸਨੇ ਸੋਚਿਆ ਕਿ ਕਿਉਂ ਨਾ ਲਾਹੌਰ ਤੇ ਕਬਜ਼ਾ ਕੀਤਾ ਜਾਵੇ। ਜਿਸ ਨਾਲ ਸਾਂਝੇ ਰਾਜ ਦੀ ਨੀਂਹ ਰੱਖੀ ਜਾਵੇਗੀ ਅਤੇ ਇੱਕ ਐਸੀ ਅਜਿੱਤ ਫੌਜ ਤਿਆਰ ਕੀਤੀ ਜਾਵੇ ਜੋ ਹਮਲਾਵਰਾਂ ਦਾ ਮੂੰਹ ਭੁਆਂ ਦੇਵੇ। ਇਹ ਗੱਲ ਜਦੋ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਦੱਸੀ ਤਾਂ ਉਸਨੇ ਬਹੁਤ ਸਲਾਹੀ। ਉਹ ਇਕੱਲਾ ਕਥਨੀ 'ਤੇ ਹੀ ਨਾ ਰਹੀ ਸਗੋਂ ਲਾਹੌਰ ਦਾ ਦਿੱਲੀ ਦਰਵਾਜ਼ਾ ਜੋ ਸਭ ਤੋਂ ਸਖਤ ਮੋਰਚਾ ਸੀ, ਨੂੰ ਸਰ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਫਿਰ ਕੀ ਸੀ ਕਿ ਦਿਨਾਂ 'ਚ ਹੀ ਰਣਜੀਤ ਸਿੰਘ ਤੇ ਸਦਾ ਕੌਰ ਆਪਣੀਆਂ ਫੌਜਾਂ ਸਮੇਤ ਤਿਆਰੀ ਕਰਕੇ ਲਾਹੌਰ ਦੇ ਵਜ਼ੀਰ ਖਾਨ ਬਾਗ ਵਿੱਚ ਪਹੁੰਚ ਗਏ। ਉਨ੍ਹਾਂ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਸ਼ਹਿਰ ਦੇ ਕਿਸੇ ਵਾਸੀ ਅਤੇ ਘਰ ਨੂੰ ਨਾ ਲੁਟਿਆ ਜਾਵੇ ਅਤੇ ਨਾ ਕਿਸੇ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ।
ਹੁਣ ਫੌਜ ਨੂੰ ਦੋ ਭਾਗਾਂ ਵਿੱਚ ਵੰਡਿਆਂ ਗਿਆ। ਇੱਕ ਦਸਤਾ ਘਨੱਈਆ ਮਿਸਲ ਦੀ ਫੌਜ ਦਾ ਜਿਸ ਦੀ ਅਗਵਾਈ ਸਦਾ ਕੌਰ ਕਰ ਰਹੀ ਸੀ ਅਤੇ ਦੂਸਰੇ ਦਸਤੇ ਦੀ ਅਗਵਾਈ ਰਣਜੀਤ ਸਿੰਘ ਕਰ ਰਿਹਾ ਸੀ, ਜਿਸ ਵਿੱਚ 300 ਅਕਾਲੀ ਨਿਹੰਗ ਸਿੰਘ ਵੀ ਸ਼ਾਮਿਲ ਸਨ। ਰਣਜੀਤ ਸਿੰਘ ਨੇ ਆਪਣੀ ਫੌਜ ਨਾਲ ਲਾਹੌਰੀ ਦਰਵਾਜ਼ੇ ਵੱਲੋਂ ਹੱਲਾ ਕੀਤਾ।
ਸਰਦਾਰਨੀ ਸਦਾ ਕੌਰ ਨੇ ਆਪਣਾ ਮੌਰਚਾ ਸੰਭਾਲ ਕੇ ਦਿੱਲੀ ਦਰਵਾਜ਼ੇ 'ਤੇ ਜਾ ਹਮਲਾ ਕੀਤਾ। ਇਸ ਸਮੇਂ ਦਿੱਲੀ ਦਰਵਾਜ਼ੇ ਸਾਹਮਣੇ ਇਥੇ ਕਿਲ੍ਹਾ ਗੁੱਜਰ ਸਿੰਘ ਅਤੇ ਦਿੱਲੀ ਦਰਵਾਜ਼ੇ ਦੀ ਫੌਜ ਨੇ ਟਾਕਰਾ ਕੀਤਾ। ਹੁਣ ਲੱਗਾ ਲੋਹੇ ਤੇ ਲੋਹਾ ਖੜ੍ਹਕਣ, ਸਰਦਾਰਨੀ ਨੇ ਜਦੋਂ ਆਪਣੀ ਤਲਵਾਰ ਦੇ ਜੌਹਰ ਦਿਖਾਏ ਤਾਂ ਵੈਰੀ ਵੀ ਅਸ਼ ਅਸ਼ ਕਰ ਉਠੇ। ਆਪਣੀ ਮਿਸਲਦਾਰਨੀ ਨੂੰ ਜਦੋਂ ਸਭ ਤੋਂ ਮੋਹਰੇ ਬਿਜਲੀ ਦੀ ਤਰ੍ਹਾਂ ਤਲਵਾਰ ਵਾਹੁੰਦੇ ਦੇਖਿਆ ਤਾਂ ਖਾਲਸੇ ਨੇ ਉਹ ਤੇਗਾਂ ਮਾਰੀਆਂ ਕਿ ਪਲਾਂ ਵਿੱਚ ਹੀ ਮੈਦਾਨ ਫਤਹਿ ਕਰ ਲਿਆ। ਵੈਰੀ ਦੀ ਫੌਜ ਹਾਰ ਖਾ ਕੇ ਭੱਜ ਰਹੀ ਸੀ ਕਿ ਸਰਦਾਰਨੀ ਨੇ ਆਪਣੀ ਫੌਜ ਨੂੰ ਉਨ੍ਹਾਂ ਦਾ ਪਿੱਛਾ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਇੱਕ ਵੀ ਜਾਨ ਲੋੜ ਤੋਂ ਵੱਧ ਨੁਕਸਾਨੀ ਨਾ ਜਾਏ। ਬਾਹਰ ਦਾ ਮੈਦਾਨ ਫਤਹਿ ਹੋ ਚੁੱਕਾ ਸੀ ਪਰ ਸ਼ਹਿਰ ਵਿੱਚ ਦਾਖਲ ਹੋਣਾ ਅਜੇ ਬਾਕੀ ਸੀ। ਹਾਕਮ ਨੇ ਬਾਹਰ ਹਾਰ ਖਾ ਕੇ ਦਿਲੀ ਦਰਵਾਜ਼ੇ ਨੂੰ ਅੰਦਰੋ ਬੰਦ ਕਰ ਲਿਆ। ਮਿਸਲਦਾਰਨੀ ਨੇ ਦਰਵਾਜ਼ੇ ਨੂੰ ਤੋਪਾਂ ਨਾਲ ਉਡਾ ਦੇਣ ਦਾ ਹੁਕਮ ਕੀਤਾ। ਕੁਝ ਹੀ ਪਲਾਂ 'ਚ ਦਰਵਾਜ਼ਾ ਟੁਕੜੇ ਟੁਕੜੇ ਹੋ ਗਿਆ। ਇਹ ਜੇਤੂ ਫੌਜ ਸ਼ਹਿਰ ਵਿੱਚ ਜਾ ਵੜੀ। ਚੂਨਾ ਮੰਡੀ ਤੋਂ ਕਸ਼ਮੀਰੀ ਬਾਜ਼ਾਰ ਤੱਕ ਸਦਾ ਕੌਰ ਨੇ ਪੂਰਾ ਕਬਜ਼ਾ ਕਰ ਲਿਆ।
ਦੂਸਰੇ ਪਾਸੇ ਰਣਜੀਤ ਸਿੰਘ ਵਜ਼ੀਰ ਖਾਨ ਬਾਗ 'ਚੋਂ ਨਿਕਲ ਕੇ ਲਾਹੌਰੀਦਰਵਾਜ਼ੇ 'ਤੇ ਜਾ ਪਿਆ। ਧੂੰਆਂ ਧਾਰ ਗੋਲੀਆਂ ਅਤੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਨਾਲ ਹੀ ਆਪਣੀ ਫੌਜ ਨੂੰ ਦਰਵਾਜ਼ੇ ਦੀ ਫਸੀਲ ਨਾਲ ਬਰੂਦ ਦੀਆਂ ਥੈਲੀਆਂ ਲਾਉਣ ਲਈ ਕਿਹਾ। ਬਸ ਫਿਰ ਜਦੋਂ ਤੋੜੇ ਦਾਗੇ ਗਏ ਤਾਂ ਫਸੀਲ 'ਚ ਦ੍ਰਾੜ ਪੈ ਗਈ। ਹੁਣ ਕਈ ਜਵਾਨ ਅੰਦਰ ਦਾਖਲ ਹੋ ਗਏ। ਖਾਲਸਾ ਫੌਜ ਨੂੰ ਦੇਖ ਕੇ ਕਿਸੇ ਨੇ ਅੰਦਰੋਂ ਵੀ ਦਰਵਾਜ਼ਾ ਖੋਲ੍ਹ ਦਿੱਤਾ। ਹੁਣ ਫੌਜ ਮਾਰੋਮਾਰ ਕਰਦੀ ਅੰਦਰ ਜਾ ਵੜੀ। ਇਹ ਫੌਜ ਆਪਣੇ ਨਿਡਰ ਆਗੂ ਨਾਲ ਹੀਰਾ ਮੰਡੀ 'ਚ ਸਰਦਾਰਨੀ ਸਦਾ ਕੌਰ ਦੀ ਫੌਜ ਨੂੰ ਜਾ ਮਿਲੀ ਜਿੱਥੇ ਦੋਹਾਂ ਫੌਜਾਂ ਨੇ ਮਿੱਲਕੇ ਜਿੱਤ ਦੀ ਖੁਸ਼ੀ 'ਚ ਆਕਾਸ਼ ਗੂੰਜਾਊ ਜੈਕਾਰੇ ਲਾਏ ਗਏ। ਸਦਾ ਕੌਰ ਨੇ ਆਪਣੇ ਹੋਣਹਾਰ ਜਵਾਈ ਰਣਜੀਤ ਸਿੰਘ ਦਾ ਮੱਥਾ ਚੁੰਮਿਆਂ ਅਤੇ ਜਿੱਤ ਦੀ ਵਧਾਈ ਦਿੱਤੀ। ਇਹ ਘਟਨਾ 27 ਜੂਨ 1799 ਦੀ ਹੈ।
ਅਜੇ ਲਾਹੌਰ ਦੇ ਕਿਲ੍ਹੇ 'ਤੇ ਕਬਜ਼ਾ ਕਰਨਾ ਬਾਕੀ ਸੀ। ਸਦਾ ਕੌਰ ਦੀ ਸਿਆਣਪ ਭਰੀ ਸਲਾਹ ਨਾਲ ਰਣਜੀਤ ਸਿੰਘ ਨੇ ਕਿਲ੍ਹੇ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਅਤੇ ਆਪਣੇ ਭਰੋਸੇਯੋਗ ਬੰਦੇ ਰਾਹੀਂ ਕਿਲ੍ਹੇ ਦੇ ਮਾਲਕ ਚੇਤ ਸਿੰਘ ਨੂੰ ਸੁਨੇਹਾ ਭੇਜਿਆ ਕਿ ਜਿਨ੍ਹਾ ਚਿਰ ਉਹ ਚਾਹੇ ਕਿਲ੍ਹੇ ਅੰਦਰ ਰਾਜ ਕਰ ਸਕਦਾ ਹੈ ਅਤੇ ਬਾਹਰ ਆਉਣ 'ਤੇ ਉਸਨੂੰ ਕੋਈ ਖੇਚਲ ਨਹੀਂ ਦਿੱਤੀ ਜਾਵੇਗੀ। ਉਸਦੀ ਆਪਣੀ ਰੱਖਿਆ ਲਈ ਉਸ ਦੇ ਸ਼ਾਸ਼ਤਰ ਅਤੇ ਘੋੜੇ ਉਸ ਕੋਲ ਹੀ ਰਹਿਣ ਦਿੱਤੇ ਜਾਣਗੇ। ਉਸ ਦਾ ਪਰਿਵਾਰ ਵੀ ਜਿਥੇ ਉਹ ਚਾਹੁੰਣ ਸੁਰਖਿਅਤ ਪਹੁੰਚਾ ਦਿੱਤਾ ਜਾਵੇਗਾ। ਅੱਗੋਂ ਜੀਵਨ ਬਤੀਤ ਕਰਨ ਲਈ ਚੋਖੀ ਜਗੀਰ ਵੀ ਦਿੱਤੀ ਜਾਵੇਗੀ। ਮੁਸੀਬਤ ਵਿੱਚ ਫਸੇ ਬੰਦੇ ਨੂੰ ਜੇਕਰ ਇਹ ਚੀਜ਼ਾਂ ਮਿਲਣ ਤਾਂ ਹੋਰ ਕੀ ਚਾਹੀਦਾ ਹੈ। ਦੁਸਰੇ ਹੀ ਦਿਨ ਚੇਤ ਸਿੰਘ ਨੇ ਸ਼ਰਤਾਂ ਪਰਵਾਨ ਕਰਕੇ ਕਿਲ੍ਹਾ ਖਾਲੀ ਕਰ ਦਿੱਤਾ ਅਤੇ ਬਾਹਰ ਆ ਗਿਆ। ਕਿਲ੍ਹੇ ਤੋਂ ਬਾਹਰ ਆਉਦਿਆਂ ਹੀ ਸਭ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਅਤੇ ਜਗੀਰ ਉਸ ਦੀ ਮੰਗ ਤੋਂ ਵੀ ਜ਼ਿਆਦਾ ਦਿੱਤੀ ਗਈ। ਸੱਠ ਹਜ਼ਾਰ ਰੁਪਈਆਂ ਸਾਲਾਨਾ ਆਮਦਨ ਵਾਲੀ ਜਗੀਰ ਦਿੱਤੀ ਗਈ।
ਲਾਹੌਰ ਵਾਸੀਆਂ ਨੇ ਆਪਣੀ ਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਦੇਖਿਆ ਸੀ ਕਿ ਕਿਸੇ ਬੇਕਸੂਰੇ ਨੂੰ ਮਾਰਿਆ ਨਹੀਂ ਗਿਆ, ਲੁਟਿਆ ਨਹੀ ਗਿਆ ਅਤੇ ਕਿਸੇ ਦੀ ਬੇਪਤੀ ਨਹੀਂ ਹੋਈ। ਇਸ ਸੱਭ ਨੂੰ ਦੇਖਕੇ ਰਣਜੀਤ ਸਿੰਘ ਨੂੰ ਸ਼ਹਿਰ ਵਾਸੀਆਂ ਨੇ ਆਪਣਾ ਰਾਜਾ ਸਵੀਕਾਰ ਕਰ ਲਿਆ ਅਤੇ ਤਕਰੀਬਨ ਸੱਤ ਦਿਨ ਸ਼ਹਿਰ ਵਾਸੀਆਂ ਆਪਣੀ ਮਰਜ਼ੀ ਨਾਲ ਸ਼ਹਿਰ ਵਿੱਚ ਦੀਪਮਾਲਾ ਕੀਤੀ। ਸ਼ਹਿਰ ਦੇ ਪੰਤਵੰਤਿਆਂ ਨੇ ਰਲ ਕੇ ਸਦਾ ਕੌਰ ਦੀ ਸਲਾਹ ਨਾਲ ਆਪਣੇ ਪਿਆਰੇ ਰਾਜੇ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ।
ਮੰਦੇਭਾਗੀਂ ਮਈ 1839 ਵਿੱਚ ਮਹਾਰਾਜਾ ਸਾਹਿਬ ਨੂੰ ਅੱਧਰੰਗ ਹੋ ਗਿਆ ਅਤੇ ਹੌਲੀ ਹੌਲੀ ਬਿਮਾਰੀ ਵੱਧਦੀ ਗਈ। ਅੰਤ 27 ਜੂਨ 1839 ਨੂੰ ਪੰਜਾਬ ਦਾ ਸ਼ੇਰ-ਪੁੱਤ, ਮਹਾਂਬਲ਼ੀ, ਨਿਰਭੈ ਯੋਧਾ, ਸੂਰਬੀਰ ਜਰਨੈਲ, ਧਰਮੀ ਸ਼ਾਸਕ, ਮਹਾਂਦਾਨੀ, ਨੀਤੀਵਾਨ, ਪੰਜਾਬ ਨੂੰ ਜ਼ਾਲਮਾਂ ਤੋਂ ਸਦਾ ਲਈ ਆਜ਼ਾਦ ਕਰਵਾਉਣ ਵਾਲਾ, ਕਾਬਲ-ਕੰਧਾਰ, ਸਤਲੁਜ, ਤਿੱਬਤ ਅਤੇ ਕਸ਼ਮੀਰ ਦੀਆਂ ਹੱਦਾਂ ਵਿੱਚ ਸਿਮਟੇ ਦੇਸ਼ ਪੰਜਾਬ 'ਤੇ ਰਾਜ ਕਰਨ ਵਾਲਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅੰਤ ਇਸ ਸੰਸਾਰ ਤੋਂ ਕੂਚ ਕਰ ਗਿਆ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023