Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਵਿੱਚ ਇਹ ਮਿਲਿਆ ਨਿਰਦੋਸ਼ ਦੇ ਕਤਲ ਦਾ ਇਨਸਾਫ !

Posted on July 22nd, 2022

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

1992 ਦੇ ਮਈ ਮਹੀਨੇ ਦੀ ਸੱਤ ਤਰੀਕ ਨੂੰ ਨੌਂ ਪੁਲਿਸ ਵਾਲਿਆਂ ਨੇ ਅੰਮ੍ਰਿਤਸਰ ਦੇ ਪਿੰਡ ਭੋਰਸੀ ਰਾਜਪੂਤਾਂ ਤੋਂ ਤਿੰਨ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਅਗਵਾ ਕੀਤਾ ਤੇ ਫਿਰ ਤਸ਼ੱਦਦ ਕਰਦਿਆਂ ਉਨ੍ਹਾਂ ‘ਚੋਂ ਇੱਕ ਨੂੰ ਮਾਰ ਦਿੱਤਾ। ਪੁਲਿਸ ਕਹਿੰਦੀ ਰਹੀ ਕਿ ਉਹ ਪੁਲਿਸ ਤੋਂ ਛੁੱਟ ਕੇ ਭੱਜ ਗਿਆ। ਅਜੇ ਤੱਕ ਉਹ ਨੌਜਵਾਨ ਸੁਰਜੀਤ ਸਿੰਘ ਨਾ ਘਰਦਿਆਂ ਨੂੰ ਮਿਲਿਆ ਤੇ ਨਾ ਓਹਦੀ ਲਾਸ਼ ਮਿਲੀ। ਦੂਜੇ ਦੋ ਬਚ ਗਏ।

ਮਾਮਲੇ 'ਚ ਸ਼ਾਮਲ ਇਸ ਕਾਤਲ ਪੁਲਿਸ ਟੋਲੀ ਦਾ ਮੁਖੀ ਡੀਐਸਪੀ ਬਲਕਾਰ ਸਿੰਘ ਤਰੱਕੀਆਂ ਕਰਦਾ ਕਰਦਾ ਆਈ.ਜੀ. ਦੇ ਅਹੁਦੇ ਤੱਕ ਗਿਆ ਤੇ ਰਿਟਾਇਰ ਹੋ ਗਿਆ। ਬਾਕੀ ਕੋਈ ਪੁਲਸੀਆ ਨੌਕਰੀ ਕਰ ਰਿਹਾ, ਕੋਈ ਰਿਟਾਇਰ ਹੋ ਗਿਆ ਤੇ ਕੋਈ ਮਰ ਗਿਆ। ਸੀਬੀਆਈ ਜਾਂਚ 'ਚ ਸਾਫ ਹੋ ਗਿਆ ਕਿ ਪੁਲਿਸ ਤਸ਼ੱਦਦ ਦੌਰਾਨ ਹੀ ਸੁਰਜੀਤ ਸਿੰਘ ਜਾਨ ਤਿਆਗ ਗਿਆ ਸੀ।

ਇਸ ਕਾਤਲ ਟੋਲੀ 'ਚ ਡੀਐਸਪੀ ਬਲਕਾਰ ਸਿੰਘ ਦੇ ਨਾਲ ਇੰਸਪੈਕਟਰ ਊਧਮ ਸਿੰਘ ਤੇ ਸਾਹਿਬ ਸਿੰਘ ਅਤੇ ਥਾਣੇਦਾਰ-ਸਿਪਾਹੀ ਗੋਪਾਲ ਸਿੰਘ, ਬੀਰ ਸਿੰਘ, ਜਸਬੀਰ ਸਿੰਘ, ਤਰਸੇਮ ਸਿੰਘ, ਬਲਕਾਰ ਸਿੰਘ (ਦੂਜਾ) ਤੇ ਸਤਵੰਤ ਸਿੰਘ ਸ਼ਾਮਲ ਸਨ।

ਤਿੰਨ ਦਹਾਕੇ ਇਹ ਕਾਤਲ ਪੁਲਸੀਏ ਆਪਣੇ ਟੱਬਰਾਂ 'ਚ ਜ਼ਿੰਦਗੀ ਦਾ ਪੂਰਾ ਆਨੰਦ ਮਾਣਦੇ ਰਹੇ, ਹੁਣ ਤੀਹ ਸਾਲਾਂ ਬਾਅਦ ਸੀਬੀਆਈ ਅਦਾਲਤ ਦੇ ਜੱਜ ਅਮਨਦੀਪ ਕੰਬੋਜ ਨੇ ਨੌਂ ਪੁਲਸੀਆਂ 'ਚੋਂ ਤਿੰਨਾਂ ਨੂੰ ਤਿੰਨ-ਤਿੰਨ ਸਾਲ ਦੀ "ਬੇਹੱਦ ਸਖਤ" ਸਜ਼ਾ ਦਿੱਤੀ ਹੈ ਜਦਕਿ ਬਾਕੀ ਪੰਜ ਬਰੀ ਕਰ ਦਿੱਤੇ ਹਨ, ਇੱਕ ਮਰ ਗਿਆ।.............ਤੇ ਨਾਲ ਹੀ ਜ਼ਮਾਨਤ ਵੀ ਦੇ ਦਿੱਤੀ ਹੈ।

ਤਸਵੀਰ ਇਨ੍ਹਾਂ ਪੁਲਸੀਆਂ ਦੇ ਸ਼ਿਕਾਰ ਸ. ਸੁਰਜੀਤ ਸਿੰਘ ਦੀ ਹੈ, ਜਿਸਦੀ ਪਤਨੀ ਪਰਮਜੀਤ ਕੌਰ ਨੇ ਏਨਾ ਲੰਮਾ ਕੇਸ ਲੜਿਆ।

ਇਹ ਹੈ ਭਾਰਤ ਵਿੱਚ ਕਿਸੇ ਨਿਰਦੋਸ਼ ਦੇ ਕਤਲ ਦਾ ਇਨਸਾਫ!



Archive

RECENT STORIES