Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੁਨੀਆਂ 'ਚ ਹਰ ਸਾਲ ਸੱਠ ਲੱਖ ਲੋਕਾਂ ਦੀ ਮੌਤ ਦਾ ਕਾਰਨ ਸਿਗਰਟਨੋਸ਼ੀ

Posted on July 11th, 2013

ਪਨਾਮਾ ਸਿਟੀ : ਸਿਗਰਟਨੋਸ਼ੀ ਸਿਹਤ ਲਈ ਖਤਰਨਾਕ ਹੈ। ਲੋਕ ਸਿਹਤ ਮੁਹਿੰਮਾਂ 'ਚ ਇਸ ਤਰ੍ਹਾਂ ਦੀ ਚਿਤਾਵਨੀ ਦੇ ਬਾਵਜੂਦ ਸਿਗਰਟਨੋਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਰਿਪੋਰਟ ਮੁਤਾਬਕ ਸਾਰੀ ਦੁਨੀਆਂ 'ਚ ਹਰ ਸਾਲ 60 ਲੱਖ ਲੋਕਾਂ ਦਾ ਕਾਰਨ ਸਿਗਰਟਨੋਸ਼ੀ ਹੈ। ਇਸ 'ਚ ਜ਼ਿਆਦਾਤਰ ਮੌਤਾਂ ਘੱਟ ਤੇ ਮੱਧਮ ਆਮਦਨ ਵਰਗ ਵਾਲੇ ਦੇਸ਼ਾਂ 'ਚ ਹੋ ਰਹੀਆਂ ਹਨ। ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਸਿਗਰਟਨੋਸ਼ੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਸਾਲ 2030 ਤਕ 80 ਲੱਖ ਪਹੁੰਚ ਜਾਵੇਗੀ। ਡਬਲਯੂਐਚਓ ਦੇ ਡਾਇਰੈਕਟਰ ਡਾ. ਮਾਰਗੇਟ ਚੇਨ ਨੇ ਇਕ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਜੇ ਤੰਬਾਕੂ ਦੇ ਇਸ਼ਤਿਹਾਰ, ਪ੍ਰਚਾਰ ਤੇ ਸਪਾਂਸਰਸ਼ਿਪ 'ਤੇ ਪਾਬੰਦੀ ਨਾ ਲਗਾਈ ਗਈ ਤਾਂ ਪਹਿਲਾਂ ਮੁਕਾਬਲੇ ਹੁਣ ਹੋਰ ਵੀ ਵੱਧ ਲੁਭਾਉਣੇ ਤਰੀਕੇ ਨਾਲ ਪ੍ਰਚਾਰ ਕਰਨ ਵਾਲਾ ਤੰਬਾਕੂ ਉਦਯੋਗ ਇਸ ਦੀ ਵਰਤੋਂ ਪ੍ਰਤੀ ਮੁੰਡਿਆਂ ਨੂੰ ਆਕਰਸ਼ਿਤ ਕਰੇਗਾ। ਹਰ ਦੇਸ਼ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੋਕਾਂ ਨੂੰ ਤੰਬਾਕੂ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇ ਮੌਤਾਂ ਤੋਂ ਬਚਾਏ। ਡਬਲਯੂਐਚਓ ਦੀ ਰਿਪੋਰਟ ਮੁਤਾਬਕ ਇਸ ਸਾਲ ਮਰਨ ਵਾਲੇ 50 ਲੱਖ ਲੋਕ ਤੰਬਾਕੂ ਦੀ ਵਰਤੋਂ ਕਰ ਰਹੇ ਸਨ ਜਾਂ ਇਸ ਤੋਂ ਪਹਿਲਾਂ ਵਰਤੋਂ ਕਰਦੇ ਸਨ ਜਦਕਿ ਛੇ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਸਿਗਰਟ ਪੀਣ ਵਾਲੇ ਲੋਕਾਂ ਦੇ ਸੰਪਰਕ 'ਚ ਰਹਿਣ ਕਾਰਨ ਹੋਈ। ਮੰਨਿਆ ਜਾਂਦਾ ਹੈ ਕਿ 20ਵੀਂ ਸਦੀ 'ਚ ਤੰਬਾਕੂ ਦੀ ਵਰਤੋਂ ਕਰਨ ਵਾਲੇ ਕਰੀਬ 10 ਕਰੋੜ ਲੋਕਾਂ ਦੀ ਮੌਤ ਹੋਈ ਸੀ। ਡਬਲਯੂਐਚਓ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਤੰਬਾਕੂ ਦੀ ਵਰਤੋਂ 'ਤੇ ਪਾਬੰਦੀ ਨਾ ਲਗਾਈ ਗਈ ਤਾਂ 21ਵੀਂ ਸਦੀ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਅਰਬ ਤਕ ਪਹੁੰਚ ਜਾਵੇਗੀ।

ਇਸ਼ਤਿਹਾਰਾਂ 'ਤੇ ਪਾਬੰਦੀ ਨਾਲ ਤੰਬਾਕੂ ਦੀ ਵਰਤੋਂ 'ਤੇ ਲੱਗੇਗੀ ਰੋਕ

ਡਬਲਯੂਐਚਓ ਦੇ ਪ੍ਰੀਵੈਂਸ਼ਨ ਆਫ ਨਾਨਕਮਿਊਨੀਕੇਬਲ ਡਿਜੀਜ਼ ਵਿਭਾਗ ਦੇ ਡਾਇਰੈਕਟਰ ਡਾ. ਡਗਲਸ ਬੇਚਰ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੰਬਾਕੂ ਦੇ ਪ੍ਰਚਾਰ, ਇਸ਼ਤਿਹਾਰ ਤੇ ਪੂਰੀ ਤਰ੍ਹਾਂ ਪਾਬੰਦੀ ਹੀ ਕਾਰਗਰ ਉਪਾਅ ਹੋ ਸਕਦਾ ਹੈ। ਉਨ੍ਹਾਂ ਮੁਤਾਬਕ ਤੰਬਾਕੂ ਕੰਟਰੋਲ ਤਰੀਕਿਆਂ ਨਾਲ ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਵਾਲੇ ਕਈ ਦੇਸ਼ ਕੁਝ ਸਾਲਾਂ ਦੇ ਅੰਦਰ ਹੀ ਤੰਬਾਕੂ ਦੀ ਵਰਤੋਂ 'ਚ ਕਟੌਤੀ ਕਰਨ 'ਚ ਸਫਲ ਰਹੇ। ਰਿਪੋਰਟ 'ਚ ਕਿਹਾ ਗਿਆ ਹੈ ਕਿ 92 ਦੇਸ਼ਾਂ ਦੇ 2.3 ਅਰਬ ਲੋਕਾਂ ਨੂੰ ਸਿਗਰਟਨੋਸ਼ੀ 'ਤੇ ਲੱਗੀ ਪਾਬੰਦੀ ਨਾਲ ਫਾਇਦਾ ਹੋਇਆ, ਯਾਨੀ ਕਿ ਹਰ ਤਿੰਨਾਂ 'ਚੋਂ ਇਕ ਵਿਅਕਤੀ। ਇਹ ਗਿਣਤੀ ਪੰਜ ਸਾਲ ਪਹਿਲਾਂ ਦੇ ਅੰਕੜੇ ਦੇ ਮੁਕਾਬਲੇ ਦੁੱਗਣੀ ਪਰ ਵਿਸ਼ਵ ਦੀ ਆਬਾਦੀ ਦਾ ਸਿਰਫ਼ ਇਖ ਤਿਹਾਈ ਹੀ ਹੈ। ਡਬਲਯੂਐਚਓ ਦਾ ਟੀਚਾ ਸਾਲ 2025 ਤਕ ਤੰਬਾਕੂ ਦੀ ਵਰਤੋਂ 'ਚ ਸੰਸਾਰਕ ਪੱਧਰ 'ਤੇ 30 ਫੀਸਦੀ ਦੀ ਕਮੀ ਲਿਆਉਣਾ ਹੈ। ਫਿਲਹਾਲ 67 ਦੇਸ਼ਾਂ 'ਚ ਤੰਬਾਕੂ ਦੇ ਇਸ਼ਤਿਹਾਰਾਂ, ਪ੍ਰਚਾਰ ਤੇ ਸਪਾਂਸਰਸ਼ਿਪ 'ਤੇ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਹੈ।




Archive

RECENT STORIES