Posted on February 1st, 2023
ਅੰਮ੍ਰਿਤਸਰ- ਭਾਰਤੀ ਫੌਜ ਦੇ ਸਾਬਕਾ ਜਰਨਲ ਕੁਲਦੀਪ ਬਰਾੜ ਵੱਲੋਂ ਦਰਬਾਰ ਸਾਹਿਬ ਹਮਲੇ ਦੇ 39 ਵਰ੍ਹਿਆਂ ਬਾਅਦ ਸਰਕਾਰੀ ਨਿਊਜ਼ ਏਜੰਸੀ ਏ.ਐਨ.ਆਈ ਨਾਲ ਕੀਤੀ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਪੰਥਕ ਹਲਕਿਆਂ ਅੰਦਰ ਜਨਰਲ ਬਰਾੜ ਦੇ ਬਿਆਨਾਂ ਨੂੰ ਲੈਕੇ ਤਿੱਖਾ ਪ੍ਰਤੀਕਰਮ ਹੋ ਰਿਹਾ ਹੈ।
ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਬਰਾੜ ਦੇ ਇੰਟਰਵਿਊ 'ਤੇ ਸਖ਼ਤ ਪ੍ਰਤੀਕਰਮ ਦੇਂਦਿਆਂ, ਉਸ ਨੂੰ ਝੂਠਾ ਅਤੇ ਹੋਸ਼ ਗੁਆ ਚੁੱਕਾ ਇਨਸਾਨ ਦਸਿਆ ਹੈ। ਜਿਕਰਯੋਗ ਹੈ ਕਿ ਜਨਰਲ ਬਰਾੜ ਜੂਨ 1984 ਵਿੱਚ ਹੋਏ ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਵੇਲੇ ਭਾਰਤੀ ਫੌਜ ਦੇ ਮੋਹਰੀ ਅਫਸਰਾਂ ਵਿੱਚੋਂ ਇੱਕ ਸੀ ਅਤੇ ਸਿੱਖ ਕੌਮ ਬਰਾੜ ਨੂੰ ਅਕਾਲ ਤਖ਼ਤ 'ਤੇ ਹਮਲਾ ਕਰਨ ਲਈ ਦੋਸ਼ੀ ਐਲਾਨ ਚੁੱਕੀ ਹੈ। ਦਲ ਖਾਲਸਾ ਦੇ ਬਿਆਨ ਵਿੱਚ ਬਰਾੜ ਨੂੰ ਸਿੱਖ ਧਰਮ ਦਾ ਮੁਜਰਮ ਦਸਿਆ ਗਿਆ ਹੈ।
ਦਲ ਖ਼ਾਲਸਾ ਆਗੂ ਨੇ ਜਨਰਲ ਬਰਾੜ ਦੀ ਸਰਕਾਰੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਸਮੇਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਕੌਣ ਇਸ ਗੰਦੀ ਖੇਡ ਦੇ ਪਿੱਛੇ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਸਿੱਖ ਕੌਮ ਦੇ ਜ਼ਖ਼ਮਾਂ ਨੂੰ ਕੁਰੇਦਣ ਵਾਲੀ ਘਟੀਆ ਹਰਕਤ ਕੀਤੀ ਹੈ।
ਦਲ ਖਾਲਸਾ ਨੇ ਬਰਾੜ 'ਤੇ ਸੈਂਕੜੇ ਨਿਰਦੋਸ਼ ਸ਼ਰਧਾਲੂਆਂ ਦੇ ਕਤਲੇਆਮ ਅਤੇ ਅਕਾਲ ਤਖਤ ਦੀ ਇਮਾਰਤ ਨੂੰ ਜੰਗੀ ਟੈਂਕਾਂ ਦੀ ਮਦਦ ਨਾਲ ਢਹਿ-ਢੇਰੀ ਕਰਨ ਦਾ ਸੰਗੀਨ ਦੋਸ਼ ਲਾਇਆ। ਬਰਾੜ ਵਲੋ ਕੀਤਾ ਦਾਅਵਾ ਕਿ ਸਿੱਖ ਜੁਝਾਰੂਆਂ ਨੇ ਸਿੱਖ ਸੰਗਤਾਂ ਨੂੰ ਬੰਦੂਕ ਦੀ ਨੋਕ 'ਤੇ ਮਨੁੱਖੀ ਢਾਲ ਵਜੋਂ ਵਰਤਿਆ ਸੀ, ਨੂੰ ਦਲ ਖ਼ਾਲਸਾ ਨੇ ਮੁੱਢੇ ਹੀ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਰਾੜ ਇਹ ਸਭ ਹਿੰਦੁਤਵ ਸਰਕਾਰ ਦੇ ਇਸ਼ਾਰੇ 'ਤੇ ਸਿੱਖ ਕੌਮ ਅਤੇ ਗੁਰਧਾਮਾਂ ਦੀ ਮਾਣ-ਮਰਯਾਦਾ ਲਈ ਸ਼ਹੀਦ ਹੋਣ ਵਾਲੇ ਨਾਇਕਾਂ ਅਤੇ ਉਨ੍ਹਾਂ ਦੇ ਜਾਇਜ਼ ਸੰਘਰਸ਼ ਨੂੰ ਬਦਨਾਮ ਕਰਨ ਲਈ ਕਰ ਰਿਹਾ ਹੈ।
ਮਾਰੇ ਗਏ ਫੌਜੀਆਂ ਦੀ ਗਿਣਤੀ ਬਾਰੇ ਪੁੱਛੇ ਜਾਣ 'ਤੇ ਬਰਾੜ ਵੱਲੋਂ ਦਿੱਤੇ ਆਂਕੜੇ 300 ਤੋਂ 400 'ਤੇ ਤੰਜ ਕੱਸਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਬਰਾੜ ਦਾ ਇਹ ਬਿਆਨ ਮਨੁੱਖੀ ਜਾਨਾਂ ਪ੍ਰਤੀ ਉਨ੍ਹਾਂ ਦੀ ਬੇਪਰਵਾਹੀ ਅਤੇ ਬੇਰੁਖੀ ਨੂੰ ਦਰਸਾਉਂਦਾ ਹੈ। ਉਨ੍ਹਾਂ ਗੰਭੀਰ ਟਿੱਪਣੀ ਕਰਦਿਆਂ ਕਿਹਾ ਕਿ ਫੌਜ ਦੇ ਜਿੰਮੇਵਾਰ ਅਧਿਕਾਰੀ ਨੂੰ 100 ਮੌਤਾਂ ਦਾ ਫਰਕ ਹੀ ਨਹੀਂ ਪਤਾ। ਉਹਨਾਂ ਅੱਗੇ ਕਿਹਾ ਕਿ ਪ੍ਰੋਫੈਸ਼ਨਲ ਫੋਰਸ ਵਿੱਚ ਤਾਂ ਇੱਕਲੇ-ਇੱਕਲੇ ਮ੍ਰਿਤਕ ਫੌਜੀ ਦਾ ਹਿਸਾਬ ਰੱਖਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਉਂਝ, ਬਰਾੜ ਦੇ ਇਸ ਬਿਆਨ ਨੇ ਸਰਕਾਰ ਦੇ ਵ੍ਹਾਈਟ ਪੇਪਰ ਦੀ ਪੋਲ ਖੋਲ ਦਿੱਤੀ ਹੈ, ਜਿਸ ਵਿਚ ਮਰਨ ਵਾਲੇ ਫੌਜੀਆਂ ਦੀ ਗਿਣਤੀ 100 ਦੇ ਕਰੀਬ ਦੱਸੀ ਗਈ ਸੀ।
ਇਸ ਦੌਰਾਨ ਬਰਾੜ ਨੇ ਇਹ ਵੀ ਕਿਹਾ ਕਿ ਫੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀ ਅਗਵਾਈ ਹੇਠ ਲੜਨ ਵਾਲਿਆਂ ਦੀ ਗਿਣਤੀ 500 ਤੋਂ 600 ਦੇ ਦਰਮਿਆਨ ਸੀ। ਜਿਕਰਯੋਗ ਹੈ ਕਿ ਦਲ ਖਾਲਸਾ ਨੇ ਜੂਨ 1984 ਦੇ ਸ਼ਹੀਦਾਂ ਦੀ ਡਾਇਰੈਕਟਰੀ ਪ੍ਰਕਾਸ਼ਿਤ ਕੀਤੀ ਹੈ ਜਿਸ ਵਿੱਚ 222 ਲੜਣ ਵਾਲੇ ਸਿੱਖ ਯੋਧਿਆਂ ਦਾ ਤਫ਼ਸੀਲ ਨਾਲ ਜ਼ਿਕਰ ਹੈ।
ਬਰਾੜ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕਾਂਗਰਸ ਅਤੇ ਖ਼ਾਲਿਸਤਾਨ ਸੰਘਰਸ਼ ਨੂੰ ਪਾਕਿਸਤਾਨ ਦੀ ਪੈਦਾਵਾਰ ਦੱਸਣ ਦੀ ਕੋਸ਼ਿਸ਼ ਨੂੰ ਸਿੱਖ ਜਥੇਬੰਦੀ ਨੇ ਮੂਲੋਂ ਰੱਦ ਕਰਦਿਆਂ ਕਿਹਾ ਕਿ 1980ਵੇਂ ਤੋਂ ਆਰੰਭ ਹੋਏ ਸਿੱਖ ਆਜ਼ਾਦੀ ਸੰਘਰਸ਼ ਪੰਜਾਬ ਦੇ ਲੋਕਾਂ ਦਾ ਆਪਣਾ ਸੰਘਰਸ਼ ਸੀ ਅਤੇ ਸਿੱਖ ਪੰਥ ਦੇ ਇੱਕ ਹਿੱਸੇ ਅੰਦਰ ਭਾਰਤ ਤੋਂ ਆਜ਼ਾਦ ਹੋਣ ਦੀਆਂ ਇੱਛਾਵਾਂ ਅੱਜ ਵੀ ਜਿੰਦਾ ਹਨ। ਦਲ ਖ਼ਾਲਸਾ ਆਗੂ ਨੇ ਕਿਹਾ ਕਿ ਬਰਾੜ ਨੇ ਲੱਖਾਂ ਵਾਰ ਬੋਲੇ ਗਏ ਝੂਠ ਨੂੰ ਮੁੜ ਦੁਹਰਾਇਆ ਹੈ।
ਉਨ੍ਹਾਂ ਕਿਹਾ ਕਿ 1984 ਤੋਂ ਬਾਅਦ ਦੀਆਂ ਸਰਕਾਰਾਂ, ਫ਼ੌਜੀ ਅਫਸਰਾਂ ਅਤੇ ਗੁਲਾਮ ਮੀਡੀਆ ਦੁਆਰਾ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਸੰਘਰਸ਼ ਬਾਰੇ ਨਿਰੰਤਰ ਝੂਠ ਬੋਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਾੜ ਨੇ ਜੋ ਵੀ ਬੋਲਿਆ, ਉਹ ਸਪੱਸ਼ਟ ਤੌਰ 'ਤੇ ਦਿੱਲੀ ਦੇ ਮੌਜੂਦਾ ਹਾਕਮਾਂ ਦੀ ਬੋਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਸਿੱਖਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਸੱਤਾ ਦੀ ਲਾਲਸਾ ਦੀ ਪੂਰਤੀ ਲਈ ਭਾਜਪਾ ਦੇ ਜਹਾਜ ‘ਤੇ ਜਾ ਚੜ੍ਹੇ ਹਨ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026