Posted on May 22nd, 2023

ਸਰੀ - ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵਿਖੇ ਭਾਈ ਪਰਮਜੀਤ ਸਿੰਘ ਪੰਜਵੜ ਨਮਿੱਤ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਰਾਗੀ ਸਿੰਘਾਂ ਵੱਲੋਂ ਆਨੰਦਮਈ ਕੀਰਤਨ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਹਾਜ਼ਰੀਆਂ ਭਰੀਆਂ, ਸਿੱਖ ਕੌਂਸਲ ਦੇ ਮੁੱਖ ਬੁਲਾਰੇ ਭਾਈ ਮੋਨਿੰਦਰ ਸਿੰਘ ਨੇ ਸਟੇਜ ਤੇ ਬੋਲਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਸਾਨੂੰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਇਕਮੁੱਠ ਹੋਣ ਦੀ ਲੋੜ ਹੈ। ਸੰਘਰਸ਼ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਕੌਮ ਦੀ ਆਜ਼ਾਦੀ ਲਈ ਕੌਮੀ ਸੂਰਮਿਆਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਕਦੇ ਖ਼ਤਮ ਨਹੀਂ ਹੁੰਦੇ। ਸਾਡਾ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਕਦੀ ਵੀ ਕਿਸੇ ਵੀ ਹਕੂਮਤ ਦੀ ਈਨ ਨਹੀਂ ਮੰਨੀ, ਭਾਈ ਪਰਮਜੀਤ ਸਿੰਘ ਪੰਜਵੜ ਵੱਲੋਂ ਕੌਮ ਦੀ ਆਜ਼ਾਦੀ ਅਤੇ ਨਿਆਂ ਲਈ ਦਿੱਤੀ ਗਈ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਅਤੇ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਹੇਗਾ।
ਭਾਈ ਹਰਦੀਪ ਸਿੰਘ ਨਿੱਝਰ ਨੇ ਆਪਣੇ ਜੋਸ਼ੀਲੇ ਬੋਲਾਂ ਨਾਲ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਭੇਜੇ ਗਏ ਸੰਦੇਸ਼ਾਂ ਨੂੰ ਪੜ ਕੇ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਅਤੇ ਸਿੱਖ ਸੰਗਤਾਂ ਨੇ ਸੰਘਰਸ਼ਸ਼ੀਲ ਯੋਧੇਆਂ ਦੇ ਸੰਦੇਸ਼ਾਂ ਨੂੰ ਖਾਲਿਸਤਾਨ ਜਿੰਦਾਬਾਦ ਦੇ ਜੈਕਾਰੇ ਲਗਾ ਕੇ ਚੜ੍ਹਦੀਕਲਾ ਨਾਲ ਸਵਾਗਤ ਕੀਤਾ।
ਕੌਮੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਭੇਜੇ ਗਏ ਸੰਦੇਸ਼ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਵਲੋਂ ਕੌਮ ਲਈ ਕੀਤੀ ਗਈ ਕੁਰਬਾਨੀ ਨੂੰ ਕੌਮ ਰਹਿੰਦੀ ਦੁਨੀਆਂ ਤਕ ਯਾਦ ਕਰੇਂਗੀ ਉੱਥੇ ਪੰਥਕ ਏਕਤਾ ਲਈ ਇਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਣ ਲਈ ਸੁਨੇਹਾ ਦਿੱਤਾ ਗਿਆ ਕਿ ਹਰ ਸਿੱਖ ਰੋਜ਼ਾਨਾ ਵਾਹਿਗੁਰੂ ਦੇ ਚਰਨਾ ਵਿਚ ਪੰਥਕ ਏਕਤਾ ਅਤੇ ਕੌਮੀ ਅਜ਼ਾਦੀ ਲਈ ਜੂਝ ਰਹੇ ਸੂਰਮਿਆਂ ਦੀ ਚੜਦੀ ਕਲਾ ਲਈ ਅਰਦਾਸ ਕਰੇ।
ਭਾਈ ਹਰਦੀਪ ਸਿੰਘ ਨਿੱਝਰ ਨੇ ਬੋਲਦਿਆਂ ਕਿਹਾ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਸ਼ਹੀਦਾਂ ਦੀ ਸ਼ਹਾਦਤ ਸਾਡੇ ਲਈ ਪ੍ਰਰੇਰਨਾ ਸਰੋਤ ਹੋਵੇਗੀ। ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਚੋਟੀ ਦੇ ਜੁਝਾਰੂ ਸਿੰਘਾਂ ਵਿਚੋਂ ਇਕ ਸਨ ਜੋ ਕੌਮ ਦੀ ਅਜ਼ਾਦੀ ਨਿਆਂ ਅਤੇ ਬਰਾਬਰੀ ਲਈ ਆਪੋ ਆਪਣੀਆਂ ਜਥੇਬੰਦੀਆਂ ਦੀ ਅਗਵਾਈ ਕਰਦੇ ਰਹੇ ਸਨ। ਜਿਨ੍ਹਾਂ ਸਿੰਘਾਂ ਸੂਰਮਿਆਂ ਨੇ ਆਪਣੇ ਪਰਿਵਾਰ, ਘਰ-ਬਾਰ ਸਭ ਕੁੱਝ ਤਿਆਗ ਅਤੇ ਉਜਾੜ ਕੇ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਸਿਰ ਤੇ ਕੱਫਣ ਬੰਨ੍ਹ ਕੇ ਕੌਮ ਦੀ ਅਜ਼ਾਦੀ,ਹੱਕ-ਇਨਸਾਫ਼ ਲਈ ਲੜਦੇ ਰਹੇ ਹਨ। ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਚੋਟੀ ਦੇ ਸਿੰਘਾਂ ਦੇ ਨਾਮ ਵਿੱਚ ਹੀ ਇੰਨੀ ਬਰਕਤ, ਰੋਅਬ ਅਤੇ ਦਹਿਸ਼ਤ ਸੀ ਕਿ ਭਾਰਤੀ ਹਕੂਮਤ, ਏਜੰਸੀਆਂ ਅਤੇ ਪੁਲਿਸ ਵਾਲੇ ਉਹਨਾਂ ਦੇ ਨਾਮ ਤੋਂ ਹੀ ਥਰ-ਥਰ ਕੰਬਦੇ ਸਨ। ਮਤਲਬ ਉਹ ਇੱਕ ਇਹੋ ਜਿਹਾ ਸੁਨਿਹਰੀ ਸਮਾਂ ਸੀ ਕਿ ਜਦੋਂ ਜੁਝਾਰੂ ਸਿੰਘਾਂ ਦਾ ਪੰਜਾਬ ਦੇ ਵਿੱਚ ਰਾਜ ਹੁੰਦਾ ਸੀ, ਜਦੋਂ ਪੰਜਾਬ ਦੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖ ਕੇ ਜੁਝਾਰੂ ਸਿੰਘਾਂ ਦੀ ਸੇਵਾ ਅਤੇ ਦਰਸ਼ਨ ਕਰਨ ਲਈ ਉਡੀਕ ਵਿਚ ਅਰਦਾਸਾਂ ਕਰਦੇ ਸਨ। ਇਹਨਾ ਜੁਝਾਰੂ ਸਿੰਘਾਂ ਦੇ ਵਿਚਾਰ ਅਤੇ ਕਿਰਦਾਰ ਇੰਨੇ ਉੱਚੇ- ਸੁੱਚੇ ਅਤੇ ਪਵਿੱਤਰ ਸਨ ਕਿ ਲੋਕ ਆਪਣੇ ਘਰੇਲੂ ਲੜਾਈ ਝਗੜਿਆਂ ਦੇ ਫ਼ੈਸਲੇ ਵੀ ਇਨ੍ਹਾਂ ਚੋਟੀ ਦੇ ਜੁਝਾਰੂ ਸਿੰਘਾਂ ਦੀ ਕਚਹਿਰੀ ਅਤੇ ਅਗਵਾਈ ਵਿਚ ਕਰਦੇ ਰਹੇ ਸਨ। ਲੋਕ ਸਿੱਖ ਸੰਘਰਸ਼ ਦੀ ਲਹਿਰ ਨੂੰ ਦਿਲੋਂ ਪਿਆਰ ਅਤੇ ਸਤਿਕਾਰ ਕਰਦੇ ਸਨ, ਜਦੋਂ ਕਿਤੇ ਜੁਝਾਰੂ ਸਿੰਘ ਨੂੰ ਪੁਲਿਸ ਨੇ ਫੜ੍ਹ ਲੈਣਾ ਜਾਂ ਜੇਲ੍ਹ ਵਿਚ ਭੇਜ ਦੇਣਾ ਤੇ ਸਿੱਖ ਸੰਗਤ ਇਨ੍ਹਾਂ ਜੁਝਾਰੂ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਨੇ, ਜੇਕਰ ਕੋਈ ਜੁਝਾਰੂ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਿਲਣੀ ਤਾਂ ਧੀਆਂ- ਭੈਣਾਂ,ਮਾਵਾਂ-ਬਜ਼ੁਰਗਾਂ ਨੇ ਆਪਣੇ ਘਰਾਂ ਦੇ ਚੁੱਲ੍ਹਿਆਂ ਵਿੱਚ ਅੱਗ ਨਹੀਂ ਸੀ ਬਾਲ਼ਦੇ ਸਗੋ ਆਪਣੇ ਹੰਝੂਆਂ ਨਾਲ ਸ਼ਰਧਾ ਦੇ ਫੁੱਲ ਭੇਟ ਕਰਕੇ ਚੜਦੀ ਕਲਾ ਵਿੱਚ ਜੈਕਾਰੇ ਛਡਣੇ। ਨੌਜਵਾਨਾਂ ਦੇ ਸਿਰਾਂ ਤੇ ਕੇਸਰੀ ਦਸਤਾਰਾਂ, ਪ੍ਰਕਾਸ਼ ਦਾਹੜੇ ਅਤੇ ਦਰਸ਼ਨੀ ਚਿਹਰੇ ਪੰਜਾਬ ਦੇ ਭਵਿੱਖ ਦੇ ਦਰਸ਼ਨਾਂ ਦੇ ਸੁਨਿਹਰੀ ਦਿਨਾ ਦੇ ਪ੍ਰਤੱਖ ਰੂਪ ਵਿਚ ਦਿਸਦੇ ਸਨ। ਬੇਸ਼ੱਕ ਅੱਜ ਸਾਡੇ ਚਿਹਰਿਆਂ ਵਿਚੋਂ ਉਨ੍ਹਾਂ ਖਾੜਕੂ ਸਿੰਘਾਂ ਵਾਲਾ ਪ੍ਰਭਾਵ ਅਤੇ ਰੋਅਬ ਨਜ਼ਰ ਨਹੀਂ ਆ ਰਿਹਾ। ਕਿਉਂਕਿ ਅੱਜ ਸਾਡੇ ਵਿਚ ਸੇਵਾ, ਸਿਮਰਨ,ਸਹਿਜ ਦੀ ਘਾਟ ਕਰਕੇ ਗੁਰੂ ਸਾਹਿਬ ਤੋ ਪ੍ਰਾਪਤ ਹੋਣ ਵਾਲੀ ਅਧਿਆਤਮਕ ਸ਼ਕਤੀ ਅਤੇ ਗੁਰੂ ਦੀ ਬਖਸਿਸ਼ ਦੀ ਦਾਤ ਪ੍ਰਾਪਤ ਨਹੀਂ ਹੋ ਰਹੀ।
ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਅਨੇਕਾਂ ਪੰਥਕ ਜਥੇਬੰਦੀਆਂ ਵੱਲੋਂ ਅਤੇ ਲੋਅਰ ਮੇਨਲੈਂਡ ਦੇ ਵੱਡੇ ਗੁਰੂ ਘਰਾਂ ਵੱਲੋ ਪੁੱਜੇ ਵੱਖ-ਵੱਖ ਪੰਥਕ ਬੁਲਾਰਿਆਂ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕਰਕੇ ਅਤੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਨਾਂ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਤੋਂ ਜਥੇਦਾਰ ਸਤਿੰਦਰਪਾਲ ਸਿੰਘ , ਸ. ਗਿਆਨ ਸਿੰਘ ਗਿੱਲ , ਮਨਜੀਤ ਸਿੰਘ ਧਾਮੀ ਅਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ ਤੋਂ ਰਣਜੀਤ ਸਿੰਘ ਖਾਲਸਾ , ਇੰਦਰਜੀਤ ਸਿੰਘ ਬੈਂਸ , ਸਿੱਖ ਫਾਰ ਬਲੱਡ ਡੋਨੇਸ਼ਨ ਦੇ ਭਾਈ ਸੁਨੀਲ ਕੁਮਾਰ, ਗੁਰਦੁਆਰਾ ਬੈਲਿੰਗਹੈਮ ਤੋ ਭਾਈ ਹਰਪਾਲ ਸਿੰਘ ਤੇ ਸਿਆਟਲ ਯੂਐਸਏ ਤੋਂ ਭਾਈ ਕਰਮਜੀਤ ਸਿੰਘ ਆਦਿ ਪੰਥਕ ਬੁਲਾਰਿਆਂ ਨੇ ਹਾਜਰੀ ਲਵਾਈ।
ਜਥੇਦਾਰ ਸਤਿੰਦਰਪਾਲ ਸਿੰਘ ਨੇ ਭਾਈ ਪਰਮਜੀਤ ਸਿੰਘ ਪੰਜਵੜ ਨਾਲ ਸਿੱਖ ਸੰਘਰਸ਼ ਦੇ ਸਮੇਂ ਵਿੱਚ ਬਿਤਾਏ ਗਏ ਕੀਮਤੀ ਅਤੇ ਅਨਮੋਲ ਪਲ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ ਗਏ।
ਇਸ ਸਮਾਗਮ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਭਾਈ ਮਨਵੀਰ ਸਿੰਘ ਨੂੰ ਸੋਨੇ ਦੇ ਤਗਮੇ ਨਾਲ ਖਾਲਿਸਤਾਨ ਜਿੰਦਾਬਾਦ ਦੇ ਜੈਕਾਰਿਆਂ ਦੀ ਗੂੰਜ ਨਾਲ ਗੁਰੂ ਘਰ ਦੀ ਸਟੇਜ ਤੋਂ ਸਨਮਾਨਿਤ ਕੀਤਾ ਗਿਆ। ਉਪਰੰਤ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਨਾਲ ਸਸ਼ੋਭਿਤ ਕੀਤੀ ਗਈ। ਤਸਵੀਰ ਲਗਵਾਉਣ ਦੀ ਸੇਵਾ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਪੁੱਤਰ ਭਾਈ ਮਨਵੀਰ ਸਿੰਘ ਵਲੋ ਆਪਣੇ ਕਰਕਮਲਾਂ ਨਾਲ ਸਸ਼ੋਭਤ ਕੀਤੀ ਗਈ।
ਇਸ ਮੌਕੇ ਸਟੇਜ ਸੈਕਟਰੀ ਭਾਈ ਭੁਪਿੰਦਰ ਸਿੰਘ ਹੋਠੀ ਵੱਲੋਂ ਆਈਆਂ ਹੋਈਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026

Posted on August 7th, 2026