Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੂਨ '84 ਦੀ 39ਵੀਂ ਵਰ੍ਹੇਗੰਢ: ਹੁਣ ਅੱਗੇ ਕੀ ਹੋਵੇ?

Posted on June 6th, 2023

ਚੌਰਾਸੀ ਦੇ ਘੱਲੂਘਾਰੇ ਦੀ 39ਵੀਂ ਯਾਦ ਸਮੁੱਚੀ ਕੌਮ ਨੇ ਚੀਸ ਅਤੇ ਦਰਦ ਨਾਲ ਮਨਾ ਲਈ। ਇਹ ਦਰਦ ਫਰੋਲਣਾ ਬਹੁਤ ਜ਼ਰੂਰੀ ਹੁੰਦਾ।

ਜੂਨ ਚੌਰਾਸੀ ਦੇ ਇਸ ਫ਼ੌਜੀ ਹਮਲੇ ਨੇ ਚਮਕੌਰ ਦੀ ਗੜ੍ਹੀ ਦਾ ਇਤਿਹਾਸ ਦੁਹਰਾ ਦਿੱਤਾ ਸੀ। ਇੱਕ ਪਾਸੇ ਭਾਰਤੀ ਏਅਰ ਫੋਰਸ ਨੂੰ ਛੱਡ ਕੇ ਥਲ ਸੈਨਾ, ਜਲ ਸੈਨਾ, ਕਮਾਂਡੋ ਵਰਤੇ ਗਏ, ਰੂਸ ਅਤੇ ਇੰਗਲੈਂਡ ਦੀਆਂ ਖੁਫੀਆ ਸੇਵਾਵਾਂ ਲਈਆਂ ਗਈਆਂ ਤੇ ਦੂਜੇ ਪਾਸੇ ਮੁੱਠੀ ਭਰ ਸਿੰਘ। ਇਸ ਅਸਾਵੀਂ ਜੰਗ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸਮਾਂ ਜਿਹੜਾ ਮਰਜ਼ੀ ਹੋਵੇ, ਗੁਰਧਾਮਾਂ ਤੇ ਸਿਧਾਂਤਾਂ ਦੀ ਰਾਖੀ ਲਈ ਸਿੱਖ ਜੂਝਦੇ ਰਹਿਣਗੇ।

ਇਸ ਹਮਲੇ ਤੋਂ ਬਾਅਦ ਅਗਲੇ ਦਸ ਸਾਲ ਸਿੱਖਾਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਹੋਇਆ। ਮੁਗਲਾਂ ਦੀ ਤਰਜ਼ ‘ਤੇ ਬੱਚਿਆਂ, ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਦਾ ਘਾਣ ਕੀਤਾ ਗਿਆ। ਸਿੰਘ ਦੇਗਾਂ ‘ਚ ਉਬਾਲੇ ਗਏ, ਜੰਮੂਰਾਂ ਨਾਲ ਮਾਸ ਨੋਚੇ ਗਏ, ਲੱਤਾਂ ਬੰਨ੍ਹ ਕੇ ਵਿਚਾਲਿਓਂ ਪਾੜੇ ਗਏ, ਜਿਓਂਦੇ ਜਲਾਏ ਗਏ।

ਅਠਾਰਵੀਂ ਸਦੀ ਦੇ ਮੁਗਲੀਆ ਜ਼ੁਲਮਾਂ ਨੂੰ ਭਾਰਤੀ ਸਟੇਟ ਦੇ ਜ਼ੁਲਮ ਮਾਤ ਪਾ ਗਏ। ਪਰ ਸਿੱਖਾਂ ਦੇ ਸਬਰ ਅਤੇ ਸਹਿਣਸ਼ੀਲਤਾ ਅੱਗੇ ਜ਼ੁਲਮ ਬੌਣੇ ਪੈ ਗਏ। ਪੂਰਾ ਜ਼ੋਰ ਲਾ ਕੇ ਵੀ ਸਿੱਖਾਂ ਦੀ ਚੜ੍ਹਦੀ ਕਲਾ ਖਤਮ ਨਾ ਕੀਤੀ ਜਾ ਸਕੀ, ਉਲਟਾ ਇਸ ਜ਼ੁਲਮ ਸਦਕਾ ਉੱਜੜੇ ਸਿੱਖ ਦੁਨੀਆ ਭਰ ‘ਚ ਫੈਲ ਕੇ ਆਪਣਾ ਸਿੱਕਾ ਜਮਾ ਗਏ। ਆਉਣ ਵਾਲੇ ਸਮੇਂ ‘ਚ ਸਿੱਖ ਕੌਮੀ ਤੌਰ ‘ਤੇ ਹੋਰ ਤਾਕਤਵਰ ਹੋਣਗੇ, ਇਹ ਅਟੱਲ ਹੈ।

ਹੁਣ ਅੱਗੇ ਕੀ ਹੋਵੇ?

ਜਿੱਥੇ ਅਸੀਂ ਦੁਨਿਆਵੀ ਤਰੱਕੀ ਕਰਨੀ ਹੈ, ਆਪਣੇ ਕੌਮੀ ਤੇ ਨਿੱਜੀ ਟੀਚੇ ਸਰ ਕਰਨੇ ਹਨ, ਇਨਸਾਫ ਲੈਣਾ ਹੈ, ਅਗਾਂਹ ਵਧਣਾ ਹੈ, ਉੱਥੇ ਨਾਲ ਹੀ ਪੰਥ 2084 ਲਈ ਤਿਆਰ ਹੋਵੇ।

1984 ‘ਚ ਸ਼੍ਰੀ ਦਰਬਾਰ ਸਾਹਿਬ ‘ਤੇ ਪੰਜਵੀਂ ਵਾਰ ਹਮਲਾ ਹੋਇਆ, ਕੀ ਕੋਈ ਦਾਅਵਾ ਕਰ ਸਕਦਾ ਹੈ ਕਿ ਇਹ ਆਖ਼ਰੀ ਹਮਲਾ ਸੀ ?

ਸ਼ਾਇਦ ਅਗਲੇ ਹਮਲੇ ਤੱਕ ਭਾਰਤ ਮਾਤਾ ਮਰ ਚੁੱਕੀ ਹੋਵੇ ਅਤੇ ਹਮਲਾ ਕਰਨ ਵਾਲੇ ਇਰਾਨੀ ਜਾਂ ਚੀਨੀ ਹੋਣ, ਕੀ ਅਸੀਂ ਉਹਨਾਂ ਨਾਲ ਲੜਨ ਲਈ ਤਿਆਰ ਹਾਂ ?

ਜੇ ਸਿੱਖਾਂ ਦੀ ਤਾਕਤ ਚੀਨ ਜਾਂ ਅਮਰੀਕਾ ਜਿੰਨੀ ਹੁੰਦੀ ਤਾਂ ਕੀ ਫ਼ਿਰ ਵੀ ਭਾਰਤ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਹਿੰਮਤ ਕਰ ਸਕਦਾ ਸੀ ?

ਜੇਕਰ ਉੱਪਰਲੇ ਤਿੰਨੇ ਸੁਆਲਾਂ ਦੇ ਜੁਆਬ ਨਾਂਹ ਵਿੱਚ ਹਨ ਤਾਂ ਫ਼ਿਰ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਥ ਦੀ ਬਣਦੀ ਹੈ। ਦਰਬਾਰ ਸਾਹਿਬ ਨੂੰ ਹਮੇਸ਼ਾ ਲਈ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਦੁਸ਼ਮਣ ਨਾਲ਼ੋਂ ਤਕੜੇ ਰਹਿੰਦੇ ਹੋਏ ਹਮੇਸ਼ਾਂ ਜੰਗ ਲਈ ਤਿਆਰ ਰਹੋ।

21ਵੀਂ ਸਦੀ ਵਿੱਚ ਓਹੀ ਧਿਰ ਜਿੱਤੂ ਜਿਹੜੀ ਆਪਣੇ ਦੁਸ਼ਮਣ ਦੇ ਦਿਮਾਗ਼ ਵਿਚ ਉਥਲ ਪੁਥਲ (ਸਾਈਕੋਲੋਜੀਕਲ ਅਪ੍ਰੇਸ਼ਨਜ਼) ਕਰ ਕੇ ਓਹਨੂੰ ਆਪਣੇ ਵੱਸ ਵਿਚ ਕਰ ਲਵੇਗੀ।

ਓਹੀ ਕੌਮਾਂ ਹਮੇਸ਼ਾਂ ਸਰਦਾਰੀ ਕਰਨਗੀਆਂ, ਜਿਹੜੀਆਂ ਧਾਰਮਿਕ, ਮਾਨਸਿਕ, ਆਰਥਿਕ ਅਤੇ ਸਰੀਰਕ ਤੌਰ ‘ਤੇ ਤਕੜੀਆਂ ਹੋਣਗੀਆਂ। ਸਿੱਖਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਸਭ ਤੋਂ ਪਹਿਲਾਂ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜੀਏ।

ਇਸ ਦੇ ਨਾਲ਼ ਨਾਲ਼ ਉਹਨਾਂ ਨੂੰ ਉੱਚ ਕੋਟੀ ਦੇ Data Scientist, Politicians, Bureaucrats, Psychologists, Economists, Lawyers, Doctors, Executives ਆਦਿ ਬਣਾਓ ਤਾਂ ਜੋ ਕੌਮ ਹਰ ਪੱਖੋਂ ਮਜ਼ਬੂਤ ਹੋ ਸਕੇ। ਬੱਚੇ ਹਰ ਸਰਕਾਰ ਦੇ ਅੰਗ ਹੋਣ, ਉੱਥੇ ਬੈਠਣ, ਜਿੱਥੇ ਫ਼ੈਸਲੇ ਹੁੰਦੇ ਹਨ।

ਸੇਵਾ ਕਰਨ ਵਿੱਚ ਸਾਡਾ ਕੋਈ ਸਾਨੀ ਨਹੀਂ। ਹਰ ਦੇਸ਼ ਹਰ ਥਾਂ ਲੋੜਵੰਦਾਂ ਦੀ “ਅਕਲੀਂ ਕੀਚੈ ਦਾਨੁ” ਦੇ ਸੰਦੇਸ਼ ਮੁਤਾਬਕ ਸੇਵਾ ਕਰੀਏ। ਇਹ ਖਿਆਲ ਰਹੇ ਕਿ ਸੇਵਾ ਕਰਦਿਆਂ ਸਾਨੂੰ ਕੋਈ ਵਰਤ ਤਾਂ ਨੀ ਰਿਹਾ? ਸਾਡੇ ਸੋਮੇ ਤਾਂ ਨੀ ਖਤਮ ਕੀਤੇ ਜਾ ਰਹੇ? ਜਿਹੜੇ ਰਾਹਤ ਕਾਰਜ ਸਰਕਾਰਾਂ ਦੇ ਕਰਨ ਵਾਲੇ ਹਨ, ਸਾਡੇ ਕੋਲੋਂ ਚਮਲਾ ਕੇ ਤਾਂ ਨੀ ਕਰਵਾਏ ਜਾ ਰਹੇ? ਤਾਂ ਕਿ ਸਾਡਾ ਦਸਵੰਧ ਕੌਮ ਦੇ ਗਰੀਬ ਤਬਕੇ ਦੀ ਭਲਾਈ ਦੀ ਥਾਂ ਹੋਰ ਪਾਸੇ ਲੱਗੀ ਜਾਵੇ। ਫਿਰ ਕਹਿ ਰਿਹਾਂ ਕਿ “ਅਕਲੀਂ ਕੀਚੈ ਦਾਨੁ” ਮੁਤਾਬਕ ਸੰਤੁਲਨ ਰੱਖਿਆ ਜਾਵੇ।

ਆਪਸੀ ਟਕਰਾਅ ਤਿਆਗ ਕੇ ਕੌਮ ਦੀ ਨਵੀਂ ਪਨੀਰੀ ਸੂਝਵਾਨ ਤਿਆਰ ਕਰੀਏ। ਇਹ ਕਾਰਜ ਲਈ ਸਾਡੀਆਂ ਮਾਂਵਾਂ, ਭੈਣਾਂ, ਧੀਆਂ ਅੱਗੇ ਲੱਗੇ ਬਿਨਾ ਸੰਭਵ ਨਹੀਂ। ਉਨ੍ਹਾਂ ਦੇ ਰਾਹ ਦੇ ਰੋੜੇ ਨਹੀਂ ਬਲਕਿ ਸਾਥੀ ਬਣੀਏ। ਬਰਾਬਰਤਾ ਦੇਈਏ। ਊਚ-ਨੀਚ ‘ਚੋਂ ਨਿਕਲ਼ੀਏ। ਸਭ ਨੂੰ ਗਲ਼ ਨਾਲ ਲਾਈਏ। ਤਾਂ ਜੋ 2084 ਤੱਕ ਹੋਣ ਵਾਲ਼ੇ ਹਮਲਿਆਂ ਦਾ ਮੂੰਹ ਤੋੜਵਾਂ ਜੁਆਬ ਦਿੱਤਾ ਜਾ ਸਕੇ। ਜੇਕਰ ਤਿਆਰੀ ਨਾ ਕੀਤੀ ਤਾਂ ਇਹਨਾਂ ਹਮਲ਼ਿਆਂ ਦਾ ਜ਼ੁੰਮੇਵਾਰ ਸਾਡਾ ਦੁਸ਼ਮਣ ਨਹੀਂ, ਅਸੀਂ ਖ਼ੁਦ ਆਪ ਹੋਵਾਂਗੇ।

  • ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ


Archive

RECENT STORIES