Posted on June 28th, 2023

-ਡਾ. ਗੁਰਵਿੰਦਰ ਸਿੰਘ
ਕੈਨੇਡਾ ਦੀ ਧਰਤੀ 'ਤੇ ਵੱਖਰੇ ਦੇਸ਼ ਲਈ ਰਾਇਸ਼ੁਮਾਰੀ ਦੀ ਮੰਗ ਕੋਈ ਨਵੀਂ ਗੱਲ ਨਹੀਂ। ਇੱਥੋਂ ਦੇ ਕਿੳਬੈਕ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਦੀ ਮੰਗ ਨੂੰ ਕਦੇ ਵੀ ਸਰਕਾਰ ਨੇ ਗਲਤ ਕਰਾਰ ਨਹੀਂ ਦਿੱਤਾ ਅਤੇ ਨਾ ਹੀ ਕੋਈ ਪਬੰਦੀ ਲਾਈ ਹੈ। ਪਰ ਪਿਛਲੇ ਦਿਨੀਂ ਕੈਨੇਡਾ ਵਿਚ ਖਾਲਿਸਤਾਨੀ ਰਾਇਸ਼ਮਾਰੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਖ ਆਗੂ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਕਾਇਰਤਾ ਪੂਰਨ ਢੰਗ ਨਾਲ ਕਤਲ ਕਰ ਦਿੱਤਾ ਗਿਆ। ਕੈਨੇਡੀਅਨ ਪੁਲਿਸ ਨੇ ਅਜੇ ਤੱਕ ਇਸ ਹੱਤਿਆ ਦੇ ਮਾਮਲੇ ਵਿੱਚ ਸਿੱਧੇ ਤੌਰ 'ਤੇ ਦੋਸ਼ ਆਇਦ ਨਹੀਂ ਕੀਤੇ ਅਤੇ ਨਾ ਹੀ ਅਜੇ ਤਕ ਕੋਈ ਗ੍ਰਿਫਤਾਰੀ ਹੋਈ ਹੈ। ਭਾਈ ਨਿੱਝਰ ਭਾਰਤ ਵਿਚ ਸੰਨ1984 ਤੋਂ ਲੈ ਕੇ ਲਗਾਤਾਰ ਸਿੱਖਾਂ ਦੇ ਕਤਲੇਆਮ ਦੇ ਖਿਲਾਫ, ਰਾਏਸ਼ੁਮਾਰੀ ਦਾ ਤਰੀਕਾ ਅਪਣਾ ਕੇ ਸ਼ਾਂਤਮਈ ਢੰਗ ਰਾਹੀਂ ਆਵਾਜ਼ ਉਠਾ ਰਹੇ ਸਨ।
ਸਿਤਮਜ਼ਰੀਫੀ ਇਹ ਹੈ ਕਿ 'ਬੁਲਿਟ' ਦਾ ਜਵਾਬ 'ਬੈਲਟ' ਰਾਹੀਂ ਦੇਣ ਵਾਲੇ ਸ਼ਹੀਦ ਭਾਈ ਹਰਦੀਪ ਸਿੰਘ ਨਿਝੱਰ ਲਈ 'ਬੁਲਿਟ' ਦੀ ਵਰਤੋਂ ਕਰਨਾ ਕਾਇਰਤਾ ਦਾ ਸਿਖਰ ਹੈ। ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਪੈਂਦੇ ਪਿੰਡ ਭਾਰਸਿੰਘਪੁਰਾ ਵਿਚ ਜਨਮੇ ਭਾਈ ਨਿੱਝਰ 1997 ਤੋਂ ਕੈਨੇਡਾ ਰਹਿ ਰਹੇ ਸਨ, ਜਿੱਥੇ ਉਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ, ਬੇਸ਼ੱਕ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਉਹਨਾਂ ਦੇ ਸਿਰ ਦਾ 10 ਲੱਖ ਮੁੱਲ ਰੱਖਿਆ ਗਿਆ ਸੀ ਅਤੇ ਖੁੰਖਾਰ ਅੱਤਵਾਦੀ ਐਲਾਨਿਆ ਸੀ। ਭਾਈ ਹਰਦੀਪ ਸਿੰਘ ਲਗਾਤਾਰ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਰਹੇ ਸਨ ਅਤੇ ਕਿਸੇ ਵੀ ਅਦਾਲਤ ਵਿੱਚ ਉਨ੍ਹਾਂ 'ਤੇ ਕੋਈ ਦੋਸ਼ ਸਿੱਧ ਨਹੀਂ ਹੋਏ। ਇਸ ਦੇ ਬਾਵਜੂਦ 'ਭਾਰਤੀ ਮੀਡੀਆ ਟ੍ਰਾਇਲ ਚਲਾ ਕੇ' ਉਹਨਾਂ ਨੂੰ ਮਰਨ ਉਪਰੰਤ ਵੀ 'ਦਹਿਸ਼ਤਗਰਦ' ਸ਼ਬਦ ਨਾਲ ਸੰਬੋਧਨ ਕਰ ਰਿਹਾ ਹੈ,ਜੋ ਕਿ ਸ਼ਰਮਨਾਕ ਵਰਤਾਰਾ ਹੈ।
ਕੈਨੇਡਾ ਦੇ ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 4 ਸਤੰਬਰ 1914 ਨੂੰ ਕੈਨੇਡਾ ਦੇ ਗੁਰਦਵਾਰੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਉਸ ਸਮੇਂ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਦਾ, ਉਸ ਸਮੇਂ ਦੇ ਬ੍ਰਿਟਿਸ਼ ਭਾਰਤੀ ਸਰਕਾਰ ਨੇ ਖੁਫੀਆ ਏਜੰਸੀਆਂ ਤੇ ਭਾੜੇ ਦੇ ਜਾਸੂਸ ਵਿਲੀਅਮ ਹੌਪਕਿਨਸਸਨ ਦੇ ਇਸ਼ਾਰੇ 'ਤੇ, ਕੌਮ ਦੇ ਗੱਦਾਰ ਅਤੇ ਮੁਖ਼ਬਰ ਬੇਲੇ ਜਿਆਣ ਰਾਹੀਂ ਕਤਲ ਕਰਵਾਇਆ ਸੀ।109 ਸਾਲ ਬਾਅਦ ਫਿਰ ਇਤਿਹਾਸ ਦੁਹਰਾਇਆ ਗਿਆ ਹੈ, ਜਦੋਂ ਕਿ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਇੰਡੀਅਨ ਇੰਟੈਲੀਜੈਂਸੀ ਦੇ ਇਸ਼ਾਰੇ 'ਤੇ ਭਾੜੇ ਦੇ ਕਾਤਲਾਂ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕਰਵਾਉਣ ਦੇ 'ਗੰਭੀਰ ਦੋਸ਼', ਕੈਨੇਡਾ ਵਸਦੇ ਸਿੱਖ ਭਾਈਚਾਰੇ ਵੱਲੋਂ ਲਾਏ ਗਏ ਹਨ। ਉਹ ਕੈਨੇਡਾ ਦੀ ਧਰਤੀ 'ਤੇ ਸੇਵਾ ਦੌਰਾਨ ਸ਼ਹੀਦ ਹੋਣ ਵਾਲੇ ਦੂਜੇ ਪ੍ਰਧਾਨ ਸਨ। ਗੁਰਦਵਾਰੇ ਦੀ ਸੇਵਾ ਸੰਭਾਲ ਦੇ ਪ੍ਰਸੰਗ ਵਿਚ ਉਨ੍ਹਾਂ ਵੱਡੇ-ਵਡੇਰਿਆਂ ਵਾਲਾ ਗੌਰਵਮਈ ਇਤਿਹਾਸ ਦੁਹਰਾਇਆ।
ਭਾਈ ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਮੋਢੀ ਸਿੱਖ ਪ੍ਰਿੰਸੀਪਲ ਸੰਤ ਤੇਜਾ ਸਿੰਘ ਦੇ ਨਕਸ਼ੇ-ਕਦਮਾਂ ਤੇ ਪਹਿਰਾ ਦੇਣ ਵਾਲੇ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ 'ਸੰਤ ਤੇਜਾ ਸਿੰਘ ਐਲਾਨਨਾਮਾ' ਸਤਿਕਾਰ ਸਹਿਤ ਸਵੀਕਾਰ ਕੀਤਾ। ਇਸ ਤੋਂ ਇਲਾਵਾ ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਲਈ ਸਿਟੀ ਕੌਂਸਲ ਨਿਊ ਵੈਸਟਮਿਨਸਟਰ ਦੇ ਕੌਂਸਲਰ ਚੱਕਪੱਕਮਾਯੇਰ ਵੱਲੋਂ ਜਾਰੀ ਐਲਾਨਨਾਮੇ ਲਈ ਭਾਈ ਨਿੱਝਰ ਨੇ ਕੌਂਸਲਰ ਚੱਕਪੱਕਮਾਯੇਰ ਨੂੰ ਸਨਮਾਨ ਦਿੱਤਾ। ਦਰਅਸਾਲ ਭਾਈ ਮੇਵਾ ਸਿੰਘ ਲੋਪੋਕੇ ਜਿੱਥੇ ਕੈਨੇਡਾ ਦੇ ਸੁਚੇਤ ਪੱਧਰ 'ਤੇ ਪਹਿਲੇ ਸ਼ਹੀਦ ਸਨ, ਉਥੇ ਭਾਈ ਹਰਦੀਪ ਸਿੰਘ ਨਿੱਝਰ ਉਸੇ ਤਰਾਂ ਹੀ ਸੁਚੇਤ ਮਨ ਨਾਲ ਸ਼ਹੀਦੀ ਪਾਉਣ ਵਾਲੇ ਸਿੱਖ ਯੋਧੇ ਸਨ। ਇਹੀ ਕਾਰਨ ਸੀ ਕਿ ਭਾਈ ਸਾਹਿਬ ਦੀ ਸ਼ਹੀਦੀ ਮਗਰੋਂ ਉਨ੍ਹਾਂ ਦੇ ਮਾਤਾ ਪਿਤਾ, ਸੁਪਤਨੀ ਅਤੇ ਦੋਹਾਂ ਪੁੱਤਰਾਂ ਨੂੰ 'ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਗੋਲਡ ਮੈਡਲ' ਨਾਲ ਸਿੱਖ ਪੰਥ ਵੱਲੋਂ ਸਨਮਾਨਤ ਕੀਤਾ ਗਿਆ। ਭਾਈ ਸਾਹਿਬ ਦੀ ਤਸਵੀਰ ਲੰਗਰ ਹਾਲ ਸਜਾਈ ਗਈ ਅਤੇ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਦੀ ਤਸਵੀਰ ਸਜਾਉਣ ਲਈ, ਸਾਂਝੇ ਤੌਰ 'ਤੇ ਪੰਥ ਵੱਲੋਂ ਮੰਗ ਕੀਤੀ ਗਈ।
ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ, ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰ ਵਜੋਂ ਡਿਊਟੀ ਨਿਭਾਉਂਦਿਆਂ ਹੋਣਾ ਵੀ ਇਤਿਹਾਸਕ ਮਹੱਤਵ ਰੱਖਦਾ ਹੈ। ਡਿਊਟੀ 'ਤੇ ਜਾਨ ਦੇਣ ਵਾਲੇ ਲੋਕਾਂ ਦਾ ਇੱਥੇ ਬੇਹੱਦ ਸਤਿਕਾਰ ਹੁੰਦਾ ਹੈ। ਮਾਪਿਆਂ ਦੇ ਨੌਜਵਾਨ ਪੁੱਤਰ, ਦੋ ਪੁੱਤਰਾਂ ਦੇ ਪਿਤਾ ਅਤੇ ਇੱਕ ਸੁਚੱਜ ਜੀਵਨ ਸਾਥੀ ਨੂੰ, 'ਪਿਤਾ ਦਿਹਾੜੇ' 'ਤੇ, ਗੁਰਦੁਆਰਾ ਤੋਂ ਘਰ ਪਰਤਣ ਲੱਗਿਆਂ ਪਿੱਛੋਂ ਹਮਲਾ ਕਰਕੇ ਮਾਰ ਦੇਣਾ ਅੱਤ ਦਰਜੇ ਦੀ ਕਾਇਰਤਾ ਕਹੀ ਜਾ ਸਕਦੀ ਹੈ। ਭਾਈ ਨਿੱਝਰ ਜਿੱਥੇ ਕਿੱਤੇ ਵਜੋਂ ਪਲੰਬਰ ਸਨ, ਉਥੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਹੱਥੀਂ ਕਿਰਤ ਕਰਕੇ ਤੇ ਸਾਥੀਆਂ ਨਾਲ ਮਿਲ ਕੇ ਵਿਸ਼ਾਲ ਹਾਲ ਬਣਾਇਆ, ਜਿਸ ਦਾ ਨਾਂ ਹੁਣ 'ਸ਼ਹੀਦ ਭਾਈ ਹਰਦੀਪ ਸਿੰਘ ਯਾਦਗਾਰੀ ਹਾਲ' ਰੱਖਿਆ ਗਿਆ ਹੈ। ਲਗਾਤਾਰ ਮਿਹਨਤ ਸਦਕਾ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਨੁਹਾਰ ਬਦਲ ਦਿੱਤੀ ਅਤੇ ਆਪਣੀ ਕਿਰਤ ਕਮਾਈ ਗੁਰਦੁਆਰਾ ਸਾਹਿਬ ਨੂੰ ਸਮਰਪਿਤ ਕਰ ਦਿੱਤੀ। ਕੌੜੀ ਸਚਾਈ ਹੈ ਕਿ ਜਿੱਥੇ ਆਮ ਤੌਰ 'ਤੇ ਅਹੁਦੇ ਅਤੇ ਪਦਵੀਆਂ ਵਰਤ ਕੇ ਬਹੁਤ ਸਾਰੇ ਗੁਰਦੁਆਰਾ ਪ੍ਰਬੰਧਕ ਹਿੰਦੁਸਤਾਨੀ ਜਾਂ ਪੱਛਮੀ ਸਟੇਟਾਂ ਦੇ ਸੰਦ ਬਣ ਜਾਂਦੇ ਹਨ, ਓਥੇ ਭਾਈ ਨਿੱਝਰ ਵਲੋਂ ਚਲਾਇਆ ਪ੍ਰਬੰਧ 'ਸਿੱਖ ਸਟੇਟ' ਦੀ ਬੁਨਿਆਦ ਵਜੋਂ ਪੰਥਕ ਅਜ਼ਾਦੀ ਦਾ ਪ੍ਰਤੀਕ ਬਣਿਆ ਹੈ। ਗੁਰੂ ਪੰਥ ਦੇ ਨਿਸ਼ਾਨ ਹੇਠ ਤੇ ਪਾਤਸ਼ਾਹੀ ਦਾਅਵੇ ਸਿੱਖ ਰਵਾਇਤ ਅਨੁਸਾਰ ਸਮੁੱਚਾ ਪ੍ਰਬੰਧ ਚਲਾਉਣ ਦੀ ਮਿਸਾਲ ਭਾਈ ਹਰਦੀਪ ਸਿੰਘ ਨਿੱਝਰ ਨੇ ਕਾਇਮ ਕੀਤੀ ਹੈ।
ਜਿਸ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕਿਸੇ ਸਮੇਂ ਭਾਰਤੀ ਰਾਜ ਦੇ ਝੰਡੇ ਝੁਲਾਏ ਜਾਂਦੇ ਸਨ, ਉਥੇ ਇਲਾਹੀ ਪਾਤਸ਼ਾਹੀ ਅਤੇ ਸਿੱਖਾਂ ਦੀ ਖੁਦ-ਮੁਖਤਿਆਰੀ ਦੇ ਖ਼ਾਲਸਾਈ ਪਰਚਮ ਝੁਲਾਉਣ ਦਾ ਸਿਹਰਾ ਭਾਈ ਹਰਦੀਪ ਸਿੰਘ ਨਿੱਝਰ ਦੇ ਸਿਰ ਬੱਝਦਾ ਹੈ। ਉਨ੍ਹਾਂ ਨੂੰ ਦੋ ਵਾਰ ਸਰੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਭਾਈ ਨਿੱਝਰ ਦੀ ਆਖਰੀ ਚੋਣ ਸਰਬਸੰਮਤੀ ਨਾਲ ਹੋਈ ਸੀ। ਉਨ੍ਹਾਂ ਗੁਰਦੁਆਰੇ ਦੀ ਸੇਵਾ ਪ੍ਰਧਾਨ ਬਣ ਕੇ ਨਹੀਂ, ਬਲਕਿ ਸੇਵਾਦਾਰ ਬਣ ਕੇ ਨਿਭਾਈ ਤੇ ਆਪਣੇ ਆਪ ਵਿੱਚ ਉਹ ਇਤਿਹਾਸ ਸਿਰਜਿਆ, ਜੋ ਅਸੀਂ ਕੇਵਲ ਇਤਿਹਾਸ ਵਿੱਚ ਸੁਣਦੇ ਹਾਂ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਨੂੰ, ਸੰਸਾਰ ਭਰ ਵਿੱਚ ਸਿੱਖ ਪੰਥ ਦੀ ਅਜ਼ਾਦ ਖੁਦ ਮੁਖਤਿਆਰ ਹੋਂਦ ਵਾਲੇ ਕੇਂਦਰੀ ਸਥਾਨ ਵਜੋਂ ਜਦੋਂ ਵੀ ਚੇਤੇ ਕੀਤਾ ਜਾਵੇਗਾ, ਤਾਂ ਉਸ ਵੇਲੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੀ ਬਾਤ ਪਾਈ ਜਾਇਆ ਕਰੇਗੀ।
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਹਰਦੀਪ ਸਿੰਘ ਨਿੱਝਰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਮੁੱਖ ਰੱਖਣ ਦੇ ਨਾਲ-ਨਾਲ, ਕੈਨੇਡਾ ਦੇ ਮੂਲ ਵਾਸੀਆਂ ਦੀ ਮੱਦਦ ਲਈ ਅੱਗੇ ਹੋ ਕੇ ਹਾਅ ਦਾ ਨਾਹਰਾ ਮਾਰਦੇ ਰਹੇ। ਭਾਰਤ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਬੰਦ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਐਨ ਸਾਈ ਬਾਬਾ ਦੀ ਰਿਹਾਈ ਲਈ ਪਟੀਸ਼ਨਾਂ ਦਸਤਖ਼ਤ ਕਰਵਾਉਣ ਦਾ ਸਿਹਰਾ ਵੀ ਭਾਈ ਨਿੱਝਰ ਦੇ ਸਿਰ ਬੱਝਦਾ ਹੈ। ਮਨੁੱਖੀ ਹੱਕਾਂ ਦੇ ਕਾਰਕੁੰਨਾਂ ਗੌਤਮ ਨਵਲੱਖਾ, ਤੀਸਤਾ ਸੀਤਲਵਾੜ, ਰਾਣਾ ਆਯੂਬ, ਆਨੰਦ ਤਲਤੁੰਬੜੇ, ਸਟੈਨ ਸੁਆਮੀ ਅਤੇ ਅਨੇਕਾਂ ਹੋਰਨਾਂ ਬਾਰੇ ਜਦੋਂ ਵੀ ਕੋਈ ਰੋਸ ਮੁਜ਼ਾਹਰਾ ਰੱਖਿਆ ਜਾਂਦਾ, ਉਹ ਅਗ੍ਹਾਂਹ ਹੋ ਕੇ ਸ਼ਮੂਲੀਅਤ ਕਰਦੇ।
ਭਾਈ ਹਰਦੀਪ ਸਿੰਘ ਨਿੱਝਰ ਜਿੱਥੇ ਭਾਰਤੀ ਜੇਲ੍ਹਾਂ ਵਿਚ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਅਵਾਜ਼ ਉਠਾਉਂਦੇ, ਉਥੇ ਉਹ ਮਨੁੱਖੀ ਹੱਕਾਂ ਲਈ ਜੂਝ ਰਹੇ ਹਰ ਮੁਲਕ, ਰੰਗ, ਨਸਲ, ਧਰਮ, ਫ਼ਿਰਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਦੇ। ਚਾਹੇ ਮਨੁੱਖੀ ਹੱਕਾਂ ਦੀ ਵਕਾਲਤ ਕਰਨ ਵਾਲੇ ਉੱਘੇ ਐਡਵੋਕੇਟ ਰੰਜਨ ਲਖਣ ਪਾਲ ਹੋਣ ਅਤੇ ਚਾਹੇ ਸਿਆਟਲ ਵਿੱਚ ਜਾਤੀ ਵਿਤਕਰੇ ਖਿਲਾਫ ਮਤਾ ਲਿਆਉਣ ਵਾਲੀ ਸ਼ਾਮਾ ਸਾਵੰਤ ਹੋਵੇ, ਚਾਹੇ ਕੈਨੇਡਾ ਵਿੱਚ ਪੰਜਾਬੀ ਲਈ ਸੇਵਾਵਾਂ ਨਿਭਾਉਣ ਵਾਲੀ ਕੋਈ ਵੀ ਸਾਹਿਤ ਸਭਾ ਦੇ ਲੇਖਕ ਹੋਣ ਅਤੇ ਚਾਹੇ ਪਾਕਿਸਤਾਨ ਵਿੱਚ ਸਿੱਖ ਇਤਿਹਾਸ ਅਤੇ ਪੰਜਾਬੀ ਦੀ ਸੇਵਾ ਸੰਭਾਲ ਲਈ ਕੰਮ ਕਰ ਰਹੇ ਲਿਖਾਰੀ ਹੋਣ, ਭਾਈ ਹਰਦੀਪ ਸਿੰਘ ਨਿੱਝਰ ਅਥਾਹ ਨਿਮਰਤਾ ਸਹਿਤ, ਸਭ ਦਾ ਸਨਮਾਨ ਕਰਦੇ। ਇਸ ਰੱਬੀ ਰੂਹ ਵਲੋਂ ਨਿਸ਼ਕਾਮ ਸੇਵਾ ਅਧੀਨ ਹੋਰ ਵੀ ਬਹੁਤ ਕਾਰਜ ਕੀਤੇ ਗਏ ਹਨ, ਜੋ ਆਪਣੇ ਆਪ ਵਿੱਚ ਮਿਸਾਲ ਹਨ।
ਭਾਈ ਹਰਦੀਪ ਸਿੰਘ ਨਿੱਝਰ ਮਨੁੱਖੀ ਅਧਿਕਾਰਾਂ ਨੂੰ ਸਮਰਪਤ ਹੋਣ ਦੇ ਨਾਲ-ਨਾਲ, ਮਾਨਵੀ ਸੇਵਾਵਾਂ ਦੇ ਵੀ ਅਲੰਬਰਦਾਰ ਸਨ। ਜਿਥੇ ਇਕ ਪਾਸੇ ਉਹ ਸਿੱਖ ਸੰਘਰਸ਼ ਦੇ ਨਾਇਕ ਹਨ, ਉਥੇ ਦੂਜੇ ਪਾਸੇ ਉਹਨਾਂ ਨਿਸ਼ਕਾਮ ਸੇਵਾ ਅਧੀਨ ਬਹੁਤ ਕਾਰਜ ਕੀਤੇ ਗਏ ਹਨ। ਤਿੰਨ ਸਾਲ ਪਹਿਲਾਂ ਕੈਨੇਡਾ ਆਏ ਅੰਤਰ-ਰਾਸ਼ਟਰੀ ਭਾਰਤੀ ਵਿਦਿਆਰਥੀਆਂ ਨੂੰ ਖਾਣੇ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਮੱਦੇ ਨਜ਼ਰ, ਉਨ੍ਹਾਂ ਨੂੰ ਲੰਗਰ ’ਚੋਂ ਪੈਕ ਖਾਣਾ ਘਰ ਲਿਜਾਣ ਦੀ ਸ਼ੁਰੂਆਤ ਭਾਈ ਹਰਦੀਪ ਸਿੰਘ ਨਿੱਝਰ ਨੇ ਹੀ ਕਰਵਾਈ ਸੀ। ਗੁਰਦੁਆਰਾ ਸਾਹਿਬ ਅੰਦਰ ਸਿੱਖ ਰਵਾਇਤ ਅਨੁਸਾਰ ਲੋੜਵੰਧ ਲਈ ਰਿਹਾਇਸ਼, ਦਵਾ-ਦਾਰੂ ਅਤੇ ਆਰਥਿਕ ਮਦਦ ਆਦਿ ਦਾ ਪ੍ਰਬੰਧ ਕਾਇਮ ਕੀਤਾ ਸੀ। ਉਹਨਾਂ ਨੇ ਸੂਬੇ ਵਿੱਚ ਹੜ੍ਹਾਂ, ਜੰਗਲੀ ਅੱਗਾਂ ਅਤੇ ਕਰੋਨਾ ਕਾਲ ਦੌਰਾਨ ਮਾਨਵੀ ਸੇਵਾਵਾਂ ਸਭ ਤੋਂ ਮੋਹਰੀ ਰੋਲ ਨਿਭਾਇਆ।
ਬੇਸ਼ੱਕ ਭਾਰਤ ਦਾ ਗੋਦੀ ਮੀਡੀਆ ਏਜੰਸੀਆਂ ਦੇ ਇਸ਼ਾਰੇ 'ਤੇ ਭਾਈ ਹਰਦੀਪ ਸਿੰਘ ਨਿਝਰ ਬਾਰੇ ਜੋ ਮਰਜ਼ੀ ਲਿਖੇ, ਪਰ ਕੈਨੇਡਾ ਦੇ ਮੀਡੀਏ ਨੇ ਬਿਆਨ ਕੀਤਾ ਹੈ ਕਿ ਇਤਿਹਾਸ ਵਿਚ ਕਿਸੇ ਵਿਅਕਤੀ ਨੂੰ, ਉਸ ਦੇ ਮਰਨ ਉਪਰੰਤ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਸ਼ਰਧਾ ਦੇ ਫੁੱਲ ਭੇਟ ਕਰਨ, ਵੱਡੀ ਗੱਲ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਮੀਡੀਏ ਨੇ ਇਹ ਗੱਲ ਵੀ ਬਿਆਨ ਕੀਤੀ ਹੈ ਕਿ ਸਿੱਖ ਭਾਈਚਾਰਾ ਭਾਈ ਨਿੱਝਰ ਦੇ ਸਾਜਿਸ਼ੀ ਢੰਗ ਨਾਲ ਕਤਲ ਪਿੱਛੇ ਵਿਦੇਸ਼ੀ ਏਜੰਸੀਆਂ, ਖਾਸ ਕਰ ਕੇ ਭਾਰਤੀ ਖੁਫੀਆ ਏਜੰਸੀਆਂ ਦੀ ਜਾਂਚ ਦੀ, ਕੈਨੇਡਾ ਸਰਕਾਰ ਤੋਂ ਮੰਗ ਕਰਦਾ ਹੈ, 'ਤੇ ਗੌਰ ਕਰਨੀ ਜ਼ਰੂਰੀ ਹੈ। ਗੋਦੀ ਮੀਡੀਆ ਵੱਲੋਂ ਖਾਲਸਾ ਸਕੂਲਾਂ ਦੇ ਸੰਸਥਾਪਕ ਰਿਪਦੁਮਨ ਸਿੰਘ ਮਲਿਕ ਦੇ ਪਿਛਲੇ ਸਾਲ ਹੋਏ ਕਤਲ ਵਿਚ, ਹਰਦੀਪ ਸਿੰਘ ਨਿੱਝਰ ਦਾ ਨਾਮ ਜੋੜਿਆ ਜਾਂਦਾ ਰਿਹਾ ਹੈ, ਪਰ ਸਥਾਨਕ ਪੁਲਿਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ। ਭਾਈ ਨਿੱਝਰ ਨੂੰ ਕਈ ਮਹੀਨਿਆਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ, ਜਿਨ੍ਹਾਂ ਬਾਰੇ ਉਨ੍ਹਾਂ ਦਾ ਸਪੱਸ਼ਟ ਕਹਿਣਾ ਸੀ ਕਿ ਇਹ ਧਮਕੀਆਂ ਉਨ੍ਹਾਂ ਨੂੰ ਭਾਰਤੀ ਏਜੰਸੀਆਂ ਤੋਂ ਮਿਲ ਰਹੀਆਂ ਹਨ।18 ਜੂਨ 2023 ਨੂੰ ਉਨ੍ਹਾਂ ਦੀ ਹੱਤਿਆ ਤੋਂ ਮਗਰੋਂ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਸੁਸਾਇਟੀਆਂ ਨੇ ਸਾਂਝੇ ਰੂਪ ਵਿੱਚ ਭਾਰਤੀ ਏਜੰਸੀਆਂ ਨੂੰ ਭਾਈ ਨਿੱਝਰ ਦੀ ਹੱਤਿਆ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ।
ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡਾ ਦੀ ਨਿਯੁੂ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਅਤੇ ਕਈ ਹੋਰਨਾਂ ਨੇ ਵਿਦੇਸ਼ੀ ਏਜੰਸੀਆਂ ਦੀ ਦਖ਼ਲਅੰਦਾਜ਼ੀ ਦੀ ਮੁਕੰਮਲ ਜਾਂਚ ਬਾਰੇ ਆਵਾਜ਼ ਉਠਾਈ ਹੈ। ਜੇ ਇੱਕ ਪਾਸੇ ਕੈਨੇਡਾ ਦੀ ਏਜੰਸੀ ਸੀਸਿਜ਼ ਭਾਈ ਹਰਦੀਪ ਸਿੰਘ ਨਿੱਝਰ 'ਤੇ ਹਮਲੇ ਦਾ ਖਦਸ਼ਾ ਪ੍ਰਗਟ ਕਰ ਰਹੇ ਸਨ, ਤਾਂ ਇਸ ਤੋਂ ਸਪੱਸ਼ਟ ਹੁੰਦਾ ਹੈ ਉਨ੍ਹਾਂ ਨੂੰ ਇਲਮ ਸੀ ਕਿ ਇਹ ਹਮਲਾ ਕਿਸ ਵੱਲੋਂ ਹੋ ਸਕਦਾ ਹੈ। ਸਵਾਲ ਇਹ ਉਠਦਾ ਹੈ ਕਿ ਉਨ੍ਹਾਂ ਅਜਿਹੇ ਹਮਲੇ ਨੂੰ ਰੋਕਣ ਲਈ ਕੀ ਕੀਤਾ? ਫੌਰੀ ਅਪਰਾਧਿਕ ਜਾਂਚ ਤੋਂ ਇਲਾਵਾ, ਕੈਨੇਡੀਅਨ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਭਾਰਤੀ ਖੁਫੀਆ ਅਧਿਕਾਰੀਆਂ ਦੀ ਅਪਰਾਧ ਵਿੱਚ ਕਿਹੋ ਜਿਹੀ ਭੂਮਿਕਾ ਸੀ? ਕੀ ਅਜਿਹੀਆਂ ਏਜੰਸੀਆਂ ਜਾਂ ਵਿਦੇਸ਼ੀ ਕਰਿੰਦੇ, ਹੱਤਿਆ ਮਗਰੋਂ ਦੇ ਮੀਡੀਆ ਚਿੱਤਰਣ ਜਾਂ ਰਾਜਨੀਤਿਕ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਵਿੱਚ ਸ਼ਾਮਲ ਹਨ?

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025