Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚੀਨ ਨੇ ਭਾਰਤੀ ਬੰਕਰ ਤੋੜਨ ਦੀ ਕਾਰਵਾਈ ਜਾਇਜ਼ ਆਖੀ

Posted on July 12th, 2013

ਪੇਇਚਿੰਗ- ਆਪਣੇ ਅੜੀਅਲ ਰਵੱਈਏ ਲਈ ਜਾਣੇ ਜਾਂਦੇ ਚੀਨ ਨੇ ਲੱਦਾਖ ਵਿੱਚ ਭਾਰਤੀ ਇਲਾਕੇ ਵਿੱਚ ਘੁਸਪੈਠ ਅਤੇ ਭਾਰਤੀ ਬੰਕਰ ਢਾਹੁਣ ਦੀ ਆਪਣੀ ਕਾਰਵਾਈ ਨੂੰ ਸਹੀ ਕਰਾਰ ਦਿੱਤਾ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਫੌਜੀ ਦਸਤਿਆਂ ਨੇ ਆਪਣੇ ਇਲਾਕੇ ਵਿੱਚ ਗਸ਼ਤ ਕਰਦਿਆਂ ਇਹ ਕਾਰਵਾਈ ਕੀਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਸਰਹੱਦੀ ਵਿਵਾਦ ਦਾ ਅੰਤਿਮ ਨਿਬੇੜਾ ਹੋਣ ਤੱਕ ਉਥੇ ‘ਪਹਿਲਾਂ ਵਾਲੀ ਸਥਿਤੀ’ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ।

ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੂਆ ਚੁਨਯਿੰਗ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ, ‘‘ਮੈਂ ਅਜਿਹੀਆਂ ਰਿਪੋਰਟਾਂ ਸੁਣੀਆਂ ਹਨ, ਪਰ ਮੈਨੂੰ ਕਿਸੇ ਖਾਸ ਮਾਮਲੇ ਦਾ ਪਤਾ ਨਹੀਂ ਹੈ।” ਭਾਰਤੀ ਰੱਖਿਆ ਮੰਤਰੀ ਏ ਕੇ ਐਂਟਨੀ ਦੇ ਚੀਨ ਦੌਰੇ ਤੋਂ ਪਹਿਲਾਂ ਹੋਈ ਇਸ ਘਟਨਾ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ, ‘‘ਚੀਨੀ ਫੌਜਾਂ ਭਾਰਤ ਚੀਨ ਸਰਹੱਦ ਦੀ ਅਸਲ ਕੰਟਰੋਲ ਲਕੀਰ (ਐਨ ਏ ਸੀ) ਦੇ ਚੀਨ ਵਾਲੇ ਪਾਸੇ ਗਸ਼ਤ ਕਰਦੀਆਂ ਹਨ।” ਉਨ੍ਹਾਂ ਕਿਹਾ, ‘‘ਸਰਹੱਦ ਉਤੇ ਆਮ ਹਾਲਾਤ ਸਥਿਰ ਹਨ। ਸਾਡੀ ਸਹਿਮਤੀ ਹੈ ਕਿ ਸਰਹੱਦ ਦੇ ਸਵਾਲ ਦਾ ਅੰਤਿਮ ਨਿਬੇੇੜਾ ਹੋਣ ਤੱਕ ਸਾਡੇ (ਭਾਰਤ ਤੇ ਚੀਨ) ਵਿੱਚ ਕਿਸੇ ਨੂੰ ਵੀ ਸਟੇਟਸ ਕੋ (ਪਹਿਲਾਂ ਵਾਲੀ ਸਥਿਤੀ) ਨੂੰ ਬਦਲਣਾ ਨਹੀਂ ਚਾਹੀਦਾ।” ਬੀਬੀ ਹੂਆ ਨੇ ਕਿਹਾ ਕਿ ਚੀਨ ਵੱਲੋਂ ਭਾਰਤ ਨਾਲ ਮਿਲ ਕੇ ਸਰਹੱਦ ਉਤੇ ਅਮਨ ਦੀ ਰਾਖੀ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣਗੀਆਂ।

ਇਹ ਘਟਨਾ 17 ਜੂਨ ਨੂੰ ਵਾਪਰੀ ਸੀ, ਜਦੋਂ ਚੀਨੀ ਫੌਜ ਨੇ ਲੱਦਾਖ ਦੇ ਚੂਮਰ ਸੈਕਟਰ ਵਿੱਚ ਘੁਸਪੈਠ ਕਰਕੇ ਭਾਰਤੀ ਫੌਜ ਦੇ ਬੰਕਰ ਢਾਹ ਦਿੱਤੇ ਸਨ ਤੇ ਭਾਰਤੀ ਚੌਕੀ ਉਤੇ ਲਾਏ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ ਸਨ। ਉਹ ਉਥੋਂ ਕੈਮਰਾ ਵੀ ਲੈ ਗਏ ਸਨ, ਜੋ ਸ੍ਰੀ ਐਂਟਨੀ ਦੀ ਚੀਨ ਫੇਰੀ ਤੋਂ ਇਕ ਦਿਨ ਪਹਿਲਾਂ ਤਿੰਨ ਜੁਲਾਈ ਨੂੰ ਮੋੜਿਆ ਗਿਆ। ਇਹ 2006 ਤੋਂ ਬਾਅਦ ਕਿਸੇ ਭਾਰਤੀ ਰੱਖਿਆ ਮੰਤਰੀ ਦਾ ਪਹਿਲਾ ਚੀਨ ਦੌਰਾ ਸੀ।



Archive

RECENT STORIES