Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪ੍ਰਾਣ ਦੇ ਚਲਾਣੇ ਨਾਲ ਸੱਖਣਾ ਮਹਿਸੂਸ ਕਰ ਰਿਹਾ ਹੈ ਜੱਦੀ ਪਿੰਡ ਭਰੋਵਾਲ

Posted on July 13th, 2013

<p>ਫਿਲਮੀ ਅਦਾਕਾਰ ਪ੍ਰਾਣ ਉਰਫ ਕ੍ਰਿਸ਼ਨ ਸਿਕੰਦ ਦੀ ਪਿੰਡ ਭਰੋਵਾਲ ਵਿਚ ਪੁਰਾਣੀ ਹਵੇਲੀ ਦਾ ਦ੍ਰਿਸ਼<br></p>


ਮਾਹਿਲਪੁਰ- ਸ਼ਿਵਾਲਿਕ ਪਹਾੜੀਆਂ ਦੀ ਗੋਦੀ ਵਿਚ ਵਸਿਆ ਇਤਿਹਾਸਿਕ ਪਿੰਡ ਭਰੋਵਾਲ ਅੱਜ ਉਦਾਸ ਹੈ। ਇਸ ਪਿੰਡ ਦੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ  ਹਿੰਦੀ ਫਿਲਮਾਂ ਦੇ ਉੱਘੇ  ਅਦਾਕਾਰ ਪ੍ਰਾਣ ਉਰਫ ਕ੍ਰਿਸ਼ਨ ਸਿਕੰਦ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਸਦਾ ਲਈ ਛੱਡ ਕੇ ਚਲੇ ਗਏ। ਮੌਤ ਦੀ ਖ਼ਬਰ ਬੀਤੀ ਰਾਤ ਜਦੋਂ ਪਿੰਡ ਪੁੱਜੀ ਤਾਂ ਉਸ ਦੇ ਪਰਿਵਾਰਕ ਮੈਂਬਰ ਬਜ਼ੁਰਗ ਰਾਜਜੀਤ ਸਿੰਘ ਵਾਲੀਆ ਦੋਵੇਂ ਪੱਟਾਂ ਤੇ ਹੱਥ ਮਾਰ ਕੇ ਪਿੱਟ ਪਿੱਟ ਕੇ ਰੋਣ ਲੱਗ ਪਏ। ਉਨ੍ਹਾਂ ਪ੍ਰਾਣ ਦੀ ਮੌਤ ਦੀ ਖ਼ਬਰ ਰਾਤੋ ਰਾਤ ਪਿੰਡ ਦੇ ਘਰ ਘਰ ਪਹੁੰਚਾ ਦਿੱਤੀ ਤੇ ਸਵੇਰੇ ਵੱਡੇ ਪੱਧਰ ’ਤੇ ਅਖ਼ਬਾਰਾਂ ਅਤੇ ਟੀ ਵੀ ਚੈਨਲਾਂ ਵਿੱਚ ਪ੍ਰਾਣ ਦੇ ਚਲਾਣੇ ਦੀਆਂ ਖ਼ਬਰਾਂ ਸੁਣ ਕੇ ਸਮੁੱਚੇ ਪਿੰਡ ਵਾਸੀਆਂ ਨੂੰ ਬੜਾ ਦੁੱਖ ਲੱਗਾ ਕਿ ਮੀਡੀਆ ਨੇ ਇਸ ਮਹਾਨ ਕਲਾਕਾਰ ਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨਾਲ ਲੱਗਦੇ ਪਿੰਡ ਭਰੋਵਾਲ ਨਾਲ ਸਬੰਧ ਰੱਖਣ ਦਾ ਜ਼ਿਕਰ ਤੱਕ ਨਹੀਂ ਕੀਤਾ।


ਰਾਜਜੀਤ ਸਿੰਘ ਵਾਲੀਆ ਹੀ ਇਕ ਅਜਿਹਾ ਪਰਿਵਾਰਕ ਮੈਂਬਰ ਹੈ ਜਿਸ ਨੇ ਪ੍ਰਾਣ ਨਾਲ ਆਪਣਾ ਬਚਪਨ  ਗੁਜ਼ਾਰਿਆ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਪਾਕਿਸਤਾਨ  ਪੰਜਾਬ ਵਿਚ ਰਹੇ । ਦੇਸ਼ ਦੀ ਵੰਡ ਤੋਂ ਬਾਅਦ ਪਰਿਵਾਰ ਦੇ ਕੁਝ ਮੈਂਬਰ ਦਿੱਲੀ ਵਿਖੇ ਰਹਿਣ ਲੱਗੇ ਤੇ ਪ੍ਰਾਣ ਨਾਲ ਸਬੰਧਤ ਪਰਿਵਾਰ ਪਿੰਡ ਭਰੋਵਾਲ ਵਿਖੇ ਆ ਵਸਿਆ। ਪਿੰਡ ਵਿਚ ਪ੍ਰਾਣ ਦੇ ਪਰਿਵਾਰ ਦੀ ਲਗਪਗ 70 ਕਿੱਲੇ ਜ਼ਮੀਨ ਸੀ, ਪਰ ਜਦ ਪ੍ਰਾਣ ਦੀ ਹਿੰਦੀ ਫਿਲਮਾਂ ਵਿਚ ਤੂਤੀ ਬੋਲਣ ਲੱਗੀ ਤਾਂ ਇਕ ਇਕ ਕਰਕੇ ਪਰਿਵਾਰ ਦੇ ਸਾਰੇ ਮੈਂਬਰ ਦਿੱਲੀ ਅਤੇ ਮੁੰਬਈ ਰਹਿਣ ਲੱਗ ਪਏ। ਉਨ੍ਹਾਂ ਦੱਸਿਆ ਕਿ ਪ੍ਰਾਣ ਦਾ ਜਨਮ ਫਰਵਰੀ 1920 ਵਿਚ ਦਿੱਲੀ ਵਿਖੇ ਹੋਇਆ ਸੀ। ਉਸ ਦੇ ਪਿਤਾ ਕੇਵਲ ਕ੍ਰਿਸ਼ਨ ਵੀ ਵਧੀਆ ਸਮਾਜ ਸੇਵੀ ਸੁਭਾਅ ਵਾਲੇ ਵਿਅਕਤੀ ਸਨ।


ਜਦ ਪ੍ਰਾਣ ਦੀ ਮੌਤ ਦੀਆਂ ਖ਼ਬਰਾਂ ਪੜ੍ਹ ਕੇ ਮੀਡੀਆ ਕਰਮੀ ਪਿੰਡ ਭਰੋਵਾਲ ਪੁੱਜੇ ਤਾਂ ਪਿੰਡ ਵਿਚ ਗ਼ਮੀ ਦਾ ਮਾਹੌਲ ਸੀ ਪਰ ਨਵੀਆਂ ਪੰਚਾਇਤ ਚੋਣਾਂ ਹੋਣ ਕਰਕੇ ਪਿੰਡ ਦੇ ਸਮੂਹ ਲੋਕ ਅਤੇ ਚੁਣੇ ਹੋਏ ਪੰਚਾਇਤ ਮੈਂਬਰਾਂ ਅਤੇ ਸਰਪੰਚ ਸਮੇਤ ਇਲਾਕੇ ਦੇ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਪ੍ਰਾਪਤ ਕਰ ਰਹੇ ਸਨ। ਵਿਧਾਇਕ ਸੁਰਿੰਦਰ ਸਿੰਘ ਨੇ ਵੀ ਪ੍ਰਾਣ ਦੀ ਮੌਤ ਹੋਣ ਕਾਰਨ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਹੁਤਾ ਕੁਝ ਨਹੀਂ ਬੋਲਿਆ ਸਗੋਂ ਉਨ੍ਹਾਂ ਵਾਅਦਾ ਕੀਤਾ ਕਿ ਉਹ ਉਸ ਮਹਾਨ ਕਲਾਕਾਰ ਦੀ ਪਿੰਡ ਵਿਚ ਯਾਦਗਾਰ ਬਣਾਉਣ ਲਈ ਸਰਕਾਰੀ ਪੱਧਰ ’ਤੇ ਪਿੰਡ ਦੇ ਹੋਰ ਵਿਕਾਸ ਕੰਮਾਂ ਨੂੰ ਤਰਜੀਹ ਨਾਲ ਨੇਪਰੇ ਚਾੜ੍ਹਨਗੇ।

ਪ੍ਰਾਣ ਦੇ ਦੋਸਤ ਰਹੇ ਬਜ਼ੁਰਗ ਨੰਬਰਦਾਰ ਧਰਮ ਸਿੰਘ ਨੇ ਦੱਸਿਆ ਕਿ ਪ੍ਰਾਣ ਪਿੰਡ ਬਹੁਤ ਘੱਟ ਆਇਆ, ਪਰ ਉਹ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਬੱਚਿਆਂ ਸਮੇਤ ਪਿੰਡ ਆਉਂਦੇ ਸਨ। ਜਦ ਉਹ ਫਿਲਮਾਂ ਵਿਚ ਨਾਮਵਰ ਅਦਾਕਾਰ ਬਣ ਗਏ ਤਾਂ ਦਿੱਲੀ ਰਹਿੰਦੇ ਉਸ ਦੇ ਚਾਚੇ ਕਮਲਜੀਤ ਸਿੰਘ ਵਾਲੀਆ ਅਤੇ ਉਸ ਦੇ ਲੜਕਿਆਂ ਨੇ ਪਿੰਡ ਆ ਕੇ ਆਪਣੀ ਜੱਦੀ ਜ਼ਮੀਨ ਵੇਚ ਦਿੱਤੀ। ਪ੍ਰਾਣ ਦੇ ਖਾਸ ਦੋਸਤ ਰਹੇ ਬਜ਼ੁਰਗ ਹਰੀ ਸਿੰਘ ਨੇ ਦੱਸਿਆ ਕਿ ਪ੍ਰਾਣ ਦਾ ਚਾਚਾ ਕਮਲਜੀਤ ਸਿੰਘ ਪਿੰਡ ਭਰੋਵਾਲ ਦਾ ਕਈ ਸਾਲ ਸਰਪੰਚ ਚੁਣਿਆ ਜਾਂਦਾ ਰਿਹਾ । ਉਸ ਨੇ ਦੱਸਿਆ ਕਿ ਉਹ 1974 ਵਿਚ ਭਜਨ ਸਿੰਘ, ਧਰਮ ਸਿੰਘ ਅਤੇ ਪਿੰਡ ਦੇ ਹੋਰ ਬੰਦਿਆਂ ਨਾਲ ਮੁੰਬਈ ਵਿਖੇ ਪ੍ਰਾਣ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਸਨ। ਪ੍ਰਾਣ ਵੱਲੋਂ ਉਨ੍ਹਾਂ ਦੀ ਖੂਬ ਸੇਵਾ ਕੀਤੀ ਅਤੇ ਪਿੰਡ ਦੇ ਵਿਕਾਸ ਲਈ ਆਪਣੇ ਭਤੀਜੇ  ਕਮਲਜੀਤ ਸਿੰਘ ਵਾਲੀਆ ਦੀ ਡਿਊਟੀ ਲਾਈ। ਉਨ੍ਹਾਂ ਦੱਸਿਆ ਪ੍ਰਾਣ ਉਸ ਵਕਤ  ਫਿਲਮ ‘ਲਾਖੋਂ ਮੇਂ ਏਕ ’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਸਨ। ਉਨ੍ਹਾਂ ਦੇ ਭਤੀਜੇ ਨੇ ਉਸ ਵਕਤ ਪਿੰਡ ਦੇ ਵਿਕਾਸ ਲਈ 2 ਲੱਖ ਰੁਪਿਆ ਦਿੱਤਾ ਅਤੇ 30 ਤੋਂ 40 ਲੱਖ ਰੁਪਿਆ ਪਿੰਡ ਨੂੰ ਹੋਰ ਦੇਣ ਦਾ ਵਾਅਦਾ ਕੀਤਾ ਸੀ। ਪ੍ਰਾਣ ਦੇ ਪਰਿਵਾਰ ਵਲੋਂ ਪਿੰਡ ਦੀ ਸਰਪੰਚੀ ਕੀਤੀ ਹੋਣ ਕਾਰਨ ਉਹ ਪਿੰਡ ਨੂੰ ਹੋਰ ਵੀ ਸੁੰਦਰ ਬਣਾਉਣ ਦੇ ਚਾਹਵਾਨ ਸਨ ਪ੍ਰੰਤੂ ਫਿਲਮਾਂ ਵਿਚ ਮਸਰੂਫ ਰਹਿਣ ਕਾਰਨ ਉਨ੍ਹਾਂ ਨੂੰ ਪਿੰਡ ਆਉਣ ਦਾ ਸਮਾਂ ਹੀ ਨਹੀਂ ਮਿਲਿਆ।


ਪਿੰਡ ਦੇ ਮੌਜੂਦਾ ਸਰਪੰਚ ਮਲਕੀਤ ਸਿੰਘ, ਪੰਚਾਇਤ ਮੈਂਬਰਾਂ ਹਰਭਜਨ ਸਿੰਘ, ਪ੍ਰਭੂਸ਼ਨ ਦੱਤ ਉਰਫ ਬਿੱਟੂ, ਪਰਮਜੀਤ ਕੌਰ, ਦਲਬੀਰ ਕੌਰ, ਨੰਬਰਦਾਰ ਧਰਮ ਸਿੰਘ, ਬਲਾਕ ਸਮਿਤੀ ਮੈਂਬਰ ਕਮਲਾ ਦੇਵੀ, ਕਿਸ਼ਨ ਦਾਸ, ਸਾਬਕਾ ਬਲਾਕ ਸਮਿਤੀ ਮੈਂਬਰ ਚਰਨ ਦਾਸ ਸਮੇਤ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਪ੍ਰਾਣ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਤੋਂ ਮੋਹਤਬਰ ਵਿਅਕਤੀ ਪ੍ਰਾਣ ਦੀ ਰਸਮ ਪਗੜੀ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਜਾਣਗੇ। ਸਰਪੰਚ ਮਲਕੀਤ ਸਿੰਘ ਅਤੇ ਪੰਚਾਇਤ ਮੈਂਬਰ ਬਿੱਟੂ ਨੇ ਦੱਸਿਆ ਕਿ  ਪ੍ਰਾਣ ਵੱਲੋਂ ਆਪਣੇ ਪਿੰਡ ਦਾ ਜ਼ਿਕਰ ਆਪਣੀ ਫਿਲਮ ‘ਲਾਖੋਂ ਮੇਂ ਏਕ ’ ਵਿਚ ਖੁਦ ਵਿਸਥਾਰਪੂਰਵਕ ਕੀਤਾ ਹੈ।


ਪੰਡਿਤ ਸੁਰਿੰਦਰ ਮੋਹਨ ਜੋ ਪ੍ਰਾਣ ਦੇ ਗੁਆਂਢੀ ਹਨ ਨੇ ਦੱਸਿਆ ਕਿ ਉਹ ਪ੍ਰਾਣ ਨੂੰ ਬਚਪਨ ਤੋਂ ਹੀ ਪਸੰਦ ਕਰਦਾ ਹੈ। ਬੇਸ਼ੱਕ ਉਸ ਦਾ ਕਦੇ ਮੇਲ ਨਹੀਂ ਹੋਇਆ, ਪਰ ਉਸ ਨੇ ਪ੍ਰਾਣ ਸਾਹਿਬ ਦੀਆਂ ਸਾਰੀਆਂ ਫਿਲਮਾਂ ਦੇਖੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਬੱਬ ਹੀ ਸੀ ਕਿ ਫਗਵਾੜੇ ਤੋਂ ਰੇਲ ਗੱਡੀ ਵਿਚ ਬੈਠ ਕੇ ਇਕ ਨਿਵੇਕਲੇ ਅੰਦਾਜ਼ ਵਿਚ ਸਿਗਰਟ ਪੀਂਦੇ ਨੂੰ ਦੇਖ ਕੇ ਕੀਲੇ ਗਏ ਨਾਲ ਬੈਠੇ ਅਣਜਾਣ ਫਿਲਮੀ ਡਾਇਰੈਕਟਰ ਨੇ ਪ੍ਰਾਣ ਨੂੰ ਆਪਣੇ ਨਾਲ ਲਿਜਾਣ ਦੀ ਜ਼ਿੱਦ ਫੜ ਲਈ ਤੇ ਉਸ ਨੂੰ ਮਹਾਂ ਨਗਰੀ ਦਾ ਮਹਾਨ ਅਦਾਕਾਰ ਬਣਾ ਦਿੱਤਾ। ਸਿਗਰਟ ਮਾੜੀ ਚੀਜ਼ ਹੈ ਸ਼ਾਇਦ ਹੁਣ ਪ੍ਰਾਣ ਪੀਂਦੇ ਵੀ ਨਹੀਂ ਸਨ ਪ੍ਰੰਤੂ ਉਨ੍ਹਾਂ ਦਾ ਸੂਟਾ ਮਾਰਨ ਦਾ ਅੰਦਾਜ਼ ਖਤਰਨਾਕ ਖਲਨਾਇਕੀ ਵਾਲਾ ਸੀ।



Archive

RECENT STORIES