Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਿਥੇ ਗਈਆਂ ਕੇਦਾਰ ਘਾਟੀ 'ਚ ਵਿਛੀਆਂ ਲਾਸ਼ਾਂ

Posted on July 14th, 2013

ਰੁਦਰਪ੍ਰਯਾਗ : ਕੇਦਾਰ ਘਾਟੀ ਵਿਚ ਆਫ਼ਤ ਕਾਰਨ ਕਿੰਨੇ ਲੋਕ ਮਾਰੇ ਗਏ, ਇਸ ਭੇਦ ਤੋਂ ਪਰਦਾ ਸ਼ਾਇਦ ਹੀ ਕਦੇ ਉੱਠ ਸਕੇ। ਉੱਤਰਾਖੰਡ ਸਰਕਾਰ ਇਸ 5 ਹਜ਼ਾਰ ਤੋਂ ਵਧ ਲੋਕਾਂ ਦੇ ਲਾਪਤਾ ਹੋਣ ਦੀ ਗੱਲ ਸਵੀਕਾਰ ਚੁੱਕੀ ਹੈ ਪਰ ਹੁਣ ਤਕ ਕੁੱਲ 127 ਲਾਸ਼ਾਂ ਦਾ ਹੀ ਅੰਤਿਮ-ਸੰਸਕਾਰ ਹੋ ਸਕਿਆ। ਲਾਸ਼ਾਂ ਦੀ ਗਿਣਤੀ ਨੂੰ ਲੈ ਕੇ ਵੀ ਪ੍ਰਸ਼ਾਸਨ ਸਥਿਤੀ ਸਾਫ ਨਹੀਂ ਕਰ ਪਾ ਰਿਹਾ। ਬਚਾਅ ਕਾਰਜ ਦੌਰਾਨ ਕੇਦਾਰ ਘਾਟੀ ਵਿਚ ਹੀ 250 ਤੋਂ ਵਧ ਲਾਸ਼ਾਂ ਪਈਆਂ ਹੋਣ ਦੀ ਗੱਲ ਪ੍ਰਸ਼ਾਸਨ ਵਲੋਂ ਕਹੀ ਗਈ ਸੀ ਪਰ ਮੌਜੂਦਾ ਸਮੇਂ 'ਚ ਕੇਦਾਰ ਘਾਟੀ ਵਿਚ ਰਹਿ ਰਹੇ ਰਾਹਤ ਅਤੇ ਬਚਾਅ ਦਲ ਨੇ ਉਥੇ ਲਾਸ਼ਾਂ ਦੇ ਨਾ ਹੋਣ ਦੀ ਗੱਲ ਕਹੀ ਹੈ। ਤ੍ਰਾਸਦੀ ਵਿਚ ਲਾਪਤਾ ਹੋਏ ਲੋਕਾਂ ਦੇ ਰਿਸ਼ਤੇਦਾਰ ਇਸ ਦਰਦ ਨੂੰ ਭੁੱਲ ਸਕਣ ਇਹ ਸੰਭਵ ਨਹੀਂ। ਉਨ੍ਹਾਂ ਨੂੰ ਇਹ ਦਰਦ ਹਮੇਸ਼ਾ ਸਤਾਉਂਦਾ ਰਹੇਗਾ ਕਿ ਉਹ ਆਪਣਿਆਂ ਦਾ ਅੰਤਿਮ ਸੰਸਕਾਰ ਨਹੀਂ ਕਰ ਸਕੇ।

 ਕੇਦਾਰ ਘਾਟੀ ਵਿਚ ਹੁਣ ਤਕ ਕੁੱਲ 50 ਲਾਸ਼ਾਂ ਦਾ ਅੰਤਿਮ ਸੰਸਕਾਰ ਹੋਇਆ, ਗੌਰੀਕੁੰਡ ਤੇ ਜੰਗਲਚੱਟੀ ਵਿਚ 43 ਅਤੇ ਹਰਿਦੁਆਰ ਵਿਚ 34 ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਾਲਾਂਕਿ, ਤਬਾਹੀ ਤੋਂ ਬਾਅਦ 250 ਤੋਂ ਵਧ ਲਾਸ਼ਾਂ ਸਿਰਫ ਕੇਦਾਰ ਘਾਟੀ ਵਿਚ ਦੇਖੇ ਜਾਣ ਦੀ ਗੱਲ ਪੁਲਸ ਵਲੋਂ ਕਹੀ ਗਈ ਸੀ। ਇਥੋਂ ਤਕ ਕਿ ਕੇਦਾਰ ਘਾਟੀ 'ਚੋਂ ਬਚ ਨਿਕਲਣ ਵਿਚ ਸਫਲ ਰਹੇ ਪ੍ਰਤੱਖ ਦਰਸ਼ੀਆਂ ਨੇ ਵੀ ਸੈਂਕੜਿਆਂ ਦੀ ਗਿਣਤੀ ਵਿਚ ਲਾਸ਼ਾਂ ਪਈਆਂ ਹੋਣ ਦੀ ਗੱਲ ਪੁਲਸ ਅਤੇ ਪ੍ਰਸ਼ਾਸਨ ਨੂੰ ਦੱਸੀ ਸੀ। ਪਰ ਉਹ ਲਾਸ਼ਾਂ ਕਿਥੇ ਗਈਆਂ, ਇਹ ਰਹੱਸ ਹੀ ਹੈ। ਨਾਲ ਹੀ ਰਾਮਬਾੜਾ, ਜੰਗਲਚੱਟੀ, ਵਾਸੁਕੀਤਾਲ ਸਣੇ ਕੇਦਾਰ ਘਾਟੀ ਦੇ ਜੰਗਲਾਂ ਵਿਚ ਵੀ ਸੈਂਕੜੇ ਲਾਸ਼ਾਂ ਦੇਖੀਆਂ ਗਈਆਂ ਸਨ ਪਰ ਹੁਣ ਉਨ੍ਹਾਂ ਬਾਰੇ ਕੋਈ ਅਧਿਕਾਰਿਕ ਤੌਰ 'ਤੇ ਜ਼ੁਬਾਨ ਖੋਲ੍ਹਣ ਨੂੰ ਤਿਆਰ ਨਹੀਂ। ਪੁਲਸ ਦਾ ਕਹਿਣਾ ਹੈ ਕਿ ਜਿਹੜੀਆਂ ਲਾਸ਼ਾਂ ਜ਼ਮੀਨ ਉੱਪਰ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪੈਦਲ ਮਾਰਗ 'ਤੇ ਵੀ ਛਾਣਬੀਣ ਕੀਤੀ ਗਈ ਹੈ, ਜਿਸ ਵਿਚ ਰਾਮਬਾੜਾ ਕੋਲ ਹੀ 10 ਤੋਂ 12 ਲਾਸ਼ਾਂ ਵੇਖੀਆਂ ਗਈਆਂ। 

ਏਨੀ ਦਿਨੀਂ ਰਾਹਤ ਅਤੇ ਬਚਾਅ ਦਲ ਦੇ 57 ਮੈਂਬਰ ਕੇਦਾਰ ਘਾਟੀ ਵਿਚ ਹਨ। ਇਹ ਟੀਮ ਲਾਸ਼ਾਂ ਲੱਭਣ ਦੇ ਕੰਮ ਵਿਚ ਜੁਟੀ ਹੈ ਪਰ ਉਸ ਨੂੰ ਕੇਦਾਰ ਘਾਟੀ ਵਿਚ ਕਿਤੇ ਵੀ ਲਾਸ਼ ਨਹੀਂ ਵਿਖਾਈ ਦੇ ਰਹੀ। ਜਿਹੜੀਆਂ ਲਾਸ਼ਾਂ ਮਿਲੀਆਂ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਚੁੱਕਾ ਹੈ। ਲਾਸ਼ਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਦੇ ਬਿਆਨ ਵੀ ਸ਼ੱਕ ਪੈਦਾ ਕਰ ਰਹੇ ਹਨ। ਲਾਪਤਾ ਹੋਏ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਸ਼ਾਇਦ ਹੀ ਕਦੇ ਮਿਲ ਸਕਣਗੇ। ਰੁਦਰਪ੍ਰਯਾਗ ਦੇ ਜ਼ਿਲ੍ਹਾ ਅਧਿਕਾਰੀ ਦਿਲੀਪ ਜਾਵਲਕਰ ਦਾ ਕਹਿਣਾ ਹੈ ਕਿ 'ਲਾਸ਼ਾਂ ਦਾ ਅੰਤਿਮ-ਸੰਸਕਾਰ ਅਤੇ ਲੱਭਣ ਦਾ ਕੰਮ ਪੁਲਸ ਕਰ ਰਹੀ ਹੈ। ਇਸ ਦੇ ਲਈ ਪੁਲਸ ਨੂੰ ਹੀ ਸ਼ਾਸਨ ਪੱਧਰ 'ਤੇ ਜ਼ਿੰਮੇਵਾਰੀ ਦਿੱਤੀ ਗਈ ਹੈ।' ਪੁਲਸ ਸੁਪਰਡੈਂਟ ਬੀਜੇ ਸਿੰਘ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਲੱਭਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਵੇਂ-ਜਿਵੇਂ ਲਾਸ਼ਾਂ ਮਿਲਣਗੀਆਂ, ਉਨ੍ਹਾਂ ਦਾ ਅੰਤਿਮ ਸੰਸਕਾਰ ਕਰਕੇ ਡੀਐਨਏ ਸੈਂਪਲ ਲੈਣ ਤੋਂ ਬਾਅਦ ਕੀਤਾ ਜਾਵੇਗਾ।




Archive

RECENT STORIES