Posted on March 7th, 2024

ਸਰੀ ਡੈਲਟਾ : 'ਪ੍ਰੋਫੈਸਰ ਆਫ ਸਿੱਖਿਜ਼ਮ', ਪੰਜਾਬੀ ਅਤੇ ਅੰਗਰੇਜ਼ੀ ਦੇ ਸਮਰੱਥ ਲਿਖਾਰੀ ਅਤੇ ਮਹਾਨ ਸਿੱਖ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਦੇ ਜਨਮ ਦਿਨ 'ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਸਮਾਗਮ ਕਰਵਾਏ ਗਏ। ਲੋਕ ਲਿਖਾਰੀ ਪੰਜਾਬੀ ਸਾਹਿਤ ਸਭਾ ਉੱਤਰੀ ਅਮਰੀਕਾ ਅਤੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਬੀਸੀ ਕੈਨੇਡਾ ਦੇ ਸਹਿਯੋਗ ਨਾਲ ਹੋਏ ਇਹਨਾਂ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਸਮਾਗਮ 'ਚ ਸਿਰਦਾਰ ਕਪੂਰ ਸਿੰਘ ਜੀ ਦੇ ਜੀਵਨ ਇਤਿਹਾਸ ਅਤੇ ਪੰਥਕ ਦੇਣ ਬਾਰੇ ਵਿਚਾਰਾਂ ਹੋਈਆਂ।
ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਵਿੰਦਰ ਸਿੰਘ ਨੇ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਇਹ ਮੰਗ ਰੱਖੀ ਕਿ ਸਿਰਦਾਰ ਕਪੂਰ ਸਿੰਘ ਨੂੰ ਸਿੱਖ ਪੰਥ ਦੀਆਂ ਵਡਮੁੱਲੀਆਂ ਸੇਵਾਵਾਂ ਬਦਲੇ 'ਪੰਥ ਰਤਨ' ਸਨਮਾਨ ਦੇ ਕੇ ਨਿਵਾਜਿਆ ਜਾਏ, ਜਿਸ ਨੂੰ ਵੱਡੀ ਤਾਦਾਦ ਵਿੱਚ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਸਿਰਦਾਰ ਕਪੂਰ ਸਿੰਘ ਜੀ ਦੇ ਜੀਵਨ ਸਫਰ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਆਪ ਦਾ ਜਨਮ 2 ਮਾਰਚ, 1909 ਨੂੰ ਜਗਰਾਉਂ, ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਵਿਖੇ, ਸ. ਦੀਦਾਰ ਸਿੰਘ ਧਾਲੀਵਾਲ ਅਤੇ ਮਾਤਾ ਹਰਨਾਮ ਕੌਰ ਦੇ ਗ੍ਰਹਿ ਵਿਖੇ ਹੋਇਆ। ਬਾਅਦ ਵਿਚ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ। ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਫਸਟ ਕਲਾਸ ਕਰਣ ਮਗਰੋਂ, ਉਚੇਰੀ ਸਿੱਖਿਆ ਲਈ ਆਪ ਕੈਂਬਰਿਜ਼ ਯੂਨੀਵਰਸਿਟੀ, ਇੰਗਲੈਂਡ ਚਲੇ ਗਏ। ਪੰਜਾਬ ਵਾਪਸ ਪਰਤ ਕੇ, ਆਪ ਨੇ ਲੋਕ ਸੇਵਾ ਨੂੰ ਹੀ ਤਰਜ਼ੀਹ ਦਿੱਤੀ। ਇਸੇ ਦੌਰਾਨ ਆਪ ਨੇ ਇੰਡੀਅਨ ਐਡਮਨਿਸਟਰੇਸ਼ਨ ਸਰਵਿਸੱਸ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਬਤੌਰ ਡਿਪਟੀ ਕਮਿਸ਼ਨਰ ਦੇ ਪ੍ਰਸ਼ਾਸਨਕ ਸੇਵਾ ਸ਼ੁਰੂ ਕਰ ਦਿੱਤੀ, ਜਿਸ ਨੂੰ ਆਪ ਨੇ ਪੂਰੀ ਤਨਦੇਹੀ ਤੇ ਬੜੀ ਇਮਾਨਦਾਰੀ ਨਾਲ ਨਿਭਾਇਆ।
1962 ਦੀਆਂ ਸੰਸਦੀ ਚੋਣਾਂ ਵਿੱਚ ਸਿਰਦਾਰ ਕਪੂਰ ਸਿੰਘ ਨੇ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤੇ ਅਤੇ ਸਾਲ 1969 ਵਿੱਚ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੋਣ ਜਿੱਤੇ। 1984 ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਵਾਈਟ ਪੇਪਰ (ਦਾ ਮੈਸੇਕਰ ਸਿੱਖਜ਼ – ਵਾਈਟ ਪੇਪਰ ਬਾਈ ਸਿੱਖ ਰੀਲੀਜੀਅਸ ਪਾਰਲੀਮੈਂਟ) ਜਾਰੀ ਕੀਤਾ ਗਿਆ ਸੀ, ਜਿਸ ਦਾ ਖਰੜਾ ਵੀ ਸਿਰਦਾਰ ਸਾਹਿਬ ਨੇ ਹੀ ਤਿਆਰ ਕੀਤਾ। ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਅਨੇਕਾਂ ਪੁਸਤਕਾਂ ਲਿਖ ਕੇ ਸਿੱਖ ਸਾਹਿਤ ਦੀ ਝੋਲੀ ਵਿੱਚ ਪਾਈਆਂ। ਸਿਰਦਾਰ ਕਪੂਰ ਸਿੰਘ ਦੇ 1952 ਈ: ਵਿੱਚ 'ਬਹੁ ਵਿਸਥਾਰ' ਅਤੇ "ਪੁੰਦਰੀਕ" ਨਾਂਅ ਦੇ ਦੋ ਲੇਖ ਸੰਗ੍ਰਹਿ ਪ੍ਰਕਾਸ਼ਿਤ ਹੋਏ। ਆਪ ਵਲੋਂ ਲਿੱਖੀ ਅੰਗਰੇਜ਼ੀ ਪੁਸਤਕ "ਪ੍ਰਾਸ਼ਰ ਪ੍ਰਸ਼ਨਾ-ਵੈਸਾਖੀ ਆਫ ਗੁਰੂ ਗੋਬਿੰਦ ਸਿੰਘ" ਸਿੱਖ ਫਿਲਾਸਫੀ ਨੂੰ ਪੇਸ਼ ਕਰਦੀ ਇੱਕ ਸ਼ਾਹਕਾਰ ਰਚਨਾ ਹੈ।
ਆਪ ਜੀ ਦੀਆਂ ਪ੍ਰਸਿੱਧ ਪੁਸਤਕਾਂ ਵਿੱਚ ਸਾਚੀ ਸਾਖੀ (ਜੀਵਨ ਸੰਘਰਸ਼ ਦੀ ਦਾਸਤਾਨ), ਪ੍ਰਾਸ਼ਰ-ਪ੍ਰਸ਼ਨਾ, ਹਸ਼ੀਸ਼ (ਕਵਿਤਾਵਾਂ), ਸਪਤ-ਸਰਿੰਗ (ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ), ਮਨਸੂਰ ਅੱਲ-ਹਲਾਜ, ਸਿਖਇਜ਼ਮ ਫਾਰ ਮਾਡਰਨ ਮੈਨ, ਮੀ ਜੂਡੀਸ, ਸੇਕਰਡ ਰਾਈਟਿੰਗਜ਼ ਆਫ ਦੀ ਸਿਖਜ਼ (ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਵਲੋਂ ਪ੍ਰਕਾਸ਼ਿਤ ), ਕੰਟਰੀਬਿਊਸ਼ਨਜ਼ ਆਫ ਗੁਰੂ ਨਾਨਕ, ਦੀ ਆਵਰ ਆਫ ਸਵੋਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ ਆਦਿ ਸ਼ਾਮਲ ਹਨ।
14 ਜੁਲਾਈ, 1965 ਨੂੰ ਲੁਧਿਆਣੇ ਵਿਖੇ ਨਲਵਾ ਅਕਾਲੀ ਕਾਨਫਰੰਸ ਹੋਈ, ਉਸ ਵਿੱਚ ‘ਸਿੱਖ ਹੋਮਲੈਂਡ ਦਾ ਜਿਹੜਾ ਮਤਾ ਪਾਸ ਕੀਤਾ ਗਿਆ, ਉਸ ਦਾ ਖਰੜਾ ਸਿਰਦਾਰ ਕਪੂਰ ਸਿੰਘ ਜੀ ਨੇ ਹੀ ਤਿਆਰ ਕੀਤਾ ਸੀ। 1973 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਮਤਾ ਪਾਸ ਕੀਤਾ ਸੀ, ਜਿਸ ਨੂੰ ‘ਅਨੰਦਪੁਰ ਸਾਹਿਬ' ਦੇ ਮਤੇ ਦੇ ਨਾਂ ਨਾਲ ਜਾਣਿਆ ਗਿਆ। ਇਸ ਮਤੇ ਦਾ ਖਰੜਾ ਵੀ ਸਿਰਦਾਰ ਕਪੂਰ ਸਿੰਘ ਦੀ ਹੀ ਮਿਹਨਤ ਦਾ ਨਤੀਜਾ ਸੀ ਜੂਨ-1984 ਦੇ ਸਾਲ ਦੌਰਾਨ ਇੰਦਰਾ ਗਾਂਧੀ ਵਲੋਂ ਅਕਾਲ ਤੱਖਤ ਸਾਹਿਬ 'ਤੇ ਕਰਵਾਇਆ ਗਿਆ ਹਮਲਾ ਅਤੇ ਫੇਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ – 1984 ਦੀ ਸਿੱਖਾਂ ਦੀ ਨਸਲਕੁਸ਼ੀ ਦੀ ਪੀੜ ਨੂੰ ਸਿਰਦਾਰ ਸਾਹਿਬ ਨੇ ਬੜੀ ਸ਼ਿੱਦਤ ਅਤੇ ਬੜੇ ਦਰਦ ਦੇ ਨਾਲ ਹੰਢਾਇਆ।
ਇਹ ਕਵਿਤਾ ਸਿੱਖ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਹੈ, ਜੋ ਪਹਿਲੀ ਵਾਰ 1974 'ਚ ਪ੍ਰਕਾਸ਼ਿਤ ਹੋਈ ਸੀ ਅਤੇ ਅੱਜ 50 ਸਾਲ ਬਾਅਦ ਵੀ ਬਿਲਕੁਲ ਸੱਚ ਜਾਪ ਰਹੀ ਹੈ;
''ਸ਼੍ਰੋਮਣੀ ਹਮਾਰੀ ਰਹੇ, ਸੇਵਾ ਚੰਦਾ ਜਾਰੀ ਰਹੇ
ਸੰਘ੍ਹ ਨਾਲ਼ ਯਾਰੀ ਰਹੇ, ਥੱਲੇ ਆਰੀਆ ਸਮਾਜ ਕੇ
ਸਿੱਖੀ ਕੀ ਨਾ ਬਾਤ ਚਲੈ, ਪੰਥ ਕੀ ਨਾ ਗਾਥ ਚਲੈ
ਲੂਟ ਦੋਨੋਂ ਹਾਥ ਚਲੈ, ਸੰਗ ਸਾਜ ਬਾਜ ਕੇ
ਅਕਲ ਕੀ ਨਾ ਗੱਲ ਕਹੈ, ਇੱਕੋ 'ਕਾਲੀ ਦਲ ਰਹੈ
ਨਿੱਤ ਤਰਥੱਲ ਰਹੈ, ਜਿੰਦਾਬਾਦ ਗਾਜ ਕੇ
ਝੰਡੀ ਵਾਲੀ ਕਾਰ ਰਹੈ, ਫੂਲਨ ਕੇ ਹਾਰ ਰਹੈ
ਗੋਲਕੇਂ ਭਰਪੂਰ ਕਰੈ, ਸਿੱਖ ਭਾਜ ਭਾਜ ਕੇ
ਪੰਥ ਕੇ ਦਰਦ ਹਿੱਤ, ਬੁੱਧੀ ਕੀ ਜੋ ਸੇਧ ਦੇਵੈ
ਨਿਕਟ ਨਾ ਆਣ ਪਾਵੈ, ਰਾਜ ਭਾਗ ਕਾਜ ਕੇ
ਝੂਲਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025