Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰਨਾ ਅਤੇ ਮਾਨ ਵਿਚਾਲੇ ਮੀਟਿੰਗ ਹੋਈ - ਸਿੱਖ ਵਿਦਵਾਨਾਂ ਦੀ ਕਾਨਫਰੰਸ ਸੱਦਣ ਦਾ ਫੈਸਲਾ

Posted on July 17th, 2013


ਅੰਮ੍ਰਿਤਸਰ- ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਇਕ ਵਾਰ ਮੁੜ ਮੋਰਚਾ ਖੋਲ੍ਹਦਿਆਂ ਵੱਖ-ਵੱਖ ਅਕਾਲੀ ਦਲਾਂ ਨੇ ਇਕ ਮੰਚ ’ਤੇ ਇਕੱਠੇ ਹੋਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਚਾਲੇ ਮੀਟਿੰਗ ਹੋਈ।

ਇਹ ਮੀਟਿੰਗ ਦਿੱਲੀ ਵਿਖੇ ਸ੍ਰੀ ਸਰਨਾ ਦੇ ਘਰ ਵਿਚ ਹੋਈ। ਮੀਟਿੰਗ ਵਿਚ ਸ੍ਰੀ ਪਰਮਜੀਤ ਸਿੰਘ ਸਰਨਾ, ਸ੍ਰੀ ਹਰਵਿੰਦਰ ਸਿੰਘ ਸਰਨਾ ਅਤੇ ਦੂਜੇ ਪਾਸੇ ਸ੍ਰੀ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਗੂ ਸ਼ਾਮਲ ਸਨ। ਮੀਟਿੰਗ ਵਿਚ ਸਿੱਖ ਵਿਦਵਾਨਾਂ ਦੀ ਕਾਨਫਰੰਸ ਸੱਦਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਭਵਿੱਖ ਵਿੱਚ ਪੰਥਕ ਏਜੰਡੇ ਮੁਤਾਬਕ ਪ੍ਰੋਗਰਾਮ ਉਲੀਕਿਆ ਜਾ ਸਕੇ। ਮੀਟਿੰਗ ਦੀ ਪੁਸ਼ਟੀ ਕਰਦਿਆਂ ਸ੍ਰੀ ਸਰਨਾ ਨੇ ਦੱਸਿਆ ਕਿ ਉਨ੍ਹਾਂ ਸਿੱਖ ਵਿਦਵਾਨਾਂ ਦੀ ਕੌਂਸਲ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਕ ਘੱਟੋ ਘੱਟ ਸਾਂਝੇ ਪ੍ਰੋਗਰਾਮ ਤਹਿਤ ਵੱਖ ਵੱਖ ਅਕਾਲੀ ਦਲਾਂ ਨੂੰ ਇਕ ਮੰਚ ’ਤੇ ਇਕੱਠੇ ਕੀਤਾ ਜਾ ਸਕੇ। ਘੱਟੋ ਘੱਟ ਇਕ ਸਾਂਝਾ ਪ੍ਰੋਗਰਾਮ ਉਲੀਕੇ ਜਾਣ ਨਾਲ ਸਮੂਹ ਅਕਾਲੀ ਦਲਾਂ ਦੇ ਆਪਸੀ ਮਤਭੇਦ ਘੱਟ ਜਾਣਗੇ ਅਤੇ ਸਾਰੇ ਇਸ ਸਾਂਝੇ ਪ੍ਰੋਗਰਾਮ ਨੂੰ ਲੈ ਕੇ ਇਕ ਮੰਚ ’ਤੇ ਇਕੱਠੇ ਹੋ ਸਕਣਗੇ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਭਵਿੱਖ ਵਿਚ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਖ਼ਤ ਮੁਕਾਬਲਾ ਦੇਣ ਲਈ ਇਹ ਸਾਰੇ ਅਕਾਲੀ ਦਲ ਇਕ ਮੰਚ ’ਤੇ ਇਕੱਠੇ ਹੋ ਜਾਣਗੇ। ਜੇਕਰ ਸਭ ਕੁਝ ਯੋਜਨਾਬੱਧ ਢੰਗ ਨਾਲ ਹੋਇਆ ਤਾਂ ਅਗਲੇ ਮਹੀਨੇ ਤੱਕ ਇਹ ਸਾਂਝਾ ਫੋਰਮ ਸਾਹਮਣੇ ਆ ਜਾਵੇਗਾ। ਇਸ ਦੌਰਾਨ ਉਨ੍ਹਾਂ ਹਾਕਮ ਸ਼੍ਰੋਮਣੀ ਅਕਾਲੀ ਦਲ ’ਤੇ ਦੋਸ਼ ਲਾਇਆ ਕਿ ਉਸ ਨੇ ਸਿੱਖ ਸਿਧਾਂਤਾਂ ਨੂੰ ਢਾਹ ਲਾਈ ਹੈ ਅਤੇ ਪੰਜਾਬ ਵਿਚ ਸਿੱਖੀ ਵਿਚ ਨਿਘਾਰ ਵੀ ਆਇਆ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕੀਤੇ ਜਾਣਾ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਸ੍ਰੀ ਮੋਦੀ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਸਮੁੱਚੇ ਹਿੰਦੂ ਭਾਈਚਾਰੇ ਨੂੰ ਇਕਜੁਟ ਕਰਨ ਦਾ ਯਤਨ ਕਰ ਰਹੇ ਹਨ, ਜਿਸ ਨਾਲ ਹੋਰ ਫਿਰਕਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੇਗੀ।
ਜ਼ਿਕਰਯੋਗ ਹੈ ਕਿ ਵੱਖ ਵੱਖ ਅਕਾਲੀ ਦਲਾਂ ਨੂੰ ਇਕ ਮੰਚ ’ਤੇ ਲਿਆਉਣ ਲਈ ਇਹ ਮੁਹਿੰਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸੇ ਵਰ੍ਹੇ ਸ਼ੁਰੂ ਕੀਤੀ ਗਈ ਸੀ। ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਜਸਵੰਤ ਸਿੰਘ ਮਾਨ ਨੇ ਆਪਣੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਰਲੇਵਾਂ ਕਰ ਦਿੱਤਾ ਸੀ। ਮਗਰੋਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖ ਵਿਦਵਾਨ ਮਨਜੀਤ ਸਿੰਘ ਕਲਕੱਤਾ ਨਾਲ ਵੀ ਇਸੇ ਮਈ ਮਹੀਨੇ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਵਿਚ ਉਨ੍ਹਾਂ ਸ੍ਰੀ ਕਲਕੱਤਾ ਨੂੰ ਜਥੇਬੰਦੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਦੋਵਾਂ ਵੱਲੋਂ ਅਕਾਲੀ ਦਲ 1920 ਨਾਲ  ਆਪਸੀ ਏਕਤਾ ਬਾਰੇ ਗੱਲਬਾਤ ਕੀਤੀ ਗਈ ਹੈ ਅਤੇ ਹਾਲ ਹੀ ਵਿਚ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਾਲ ਵੀ ਇਨ੍ਹਾਂ ਆਗੂਆਂ ਨੇ ਕਸੌਲੀ ਵਿਖੇ ਮੁਲਾਕਾਤ ਕੀਤੀ। ਹੁਣ ਇਸ ਤੋਂ ਬਾਅਦ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਦੀ ਪੁਸ਼ਟੀ ਕਰਦਿਆਂ ਜਸਵੰਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਯਤਨ ਜਾਰੀ ਹਨ ਅਤੇ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹੋਰ ਅਕਾਲੀ ਦਲਾਂ ਨੂੰ ਨਾਲ ਲੈ ਕੇ ਇਕ ਮੰਚ ਤੋਂ ਹਾਕਮ ਧਿਰ ਨੂੰ ਸਖ਼ਤ ਮੁਕਾਬਲਾ ਦੇਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਮੂਹ ਅਕਾਲੀ ਦਲਾਂ ਨੂੰ ਇਕ ਮੰਚ ’ਤੇ ਇਕੱਠੇ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਆਸ ਹੈ ਕਿ ਇਹ ਕਾਰਜ 30 ਨਵੰਬਰ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਜੇਕਰ ਸਮੂਹ ਅਕਾਲੀ ਦਲ ਇਕ ਮੰਚ ’ਤੇ ਆ ਗਏ ਤਾਂ ਉਹ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ਵਿਚ ਅਹਿਮ ਕਾਨਫਰੰਸ ਵੀ ਕਰਨਗੇ, ਜਿਸ ਵਿੱਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।



Archive

RECENT STORIES