Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉਡਣੇ ਸਿੱਖ ਨੂੰ ਮਾਤ ਪਾਉਣ ਵਾਲੇ ਮੱਖਣ ਸਿੰਘ ਦਾ ਪਰਿਵਾਰ ਬੇਰੁਖੀ ਦਾ ਸ਼ਿਕਾਰ

Posted on July 18th, 2013

<p>ਉਡਣੇ ਸਿੱਖ ਮਿਲਖਾ ਸਿੰਘ ਨੂੰ ਹਰਾਉਣ ਵਾਲੇ ਮੱਖਣ ਸਿੰਘ ਦਾ ਅਪਾਹਜ ਲੜਕਾ ਪਰਮਿੰਦਰ ਸੋਢੀ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ</p>

ਮਾਹਿਲਪੁਰ- ਉਡਣੇ ਸਿੱਖ ਮਿਲਖਾ ਸਿੰਘ ਨੂੰ ਦੌੜਾਂ ਦੇ ਇੱਕ ਮੁਕਾਬਲੇ ਵਿੱਚ ਹਰਾਉਣ ਵਾਲੇ ਮਰਹੂਮ ਅਥਲੀਟ  ਮੱਖਣ ਸਿੰਘ ਦਾ ਪਰਿਵਾਰ ਅੱਜ ਕੱਲ੍ਹ ਗਰੀਬੀ ਦੇ ਘੋਲ ’ਚੋਂ ਲੰਘ ਰਿਹਾ ਹੈ। ਚੱਬੇਵਾਲ ਨਾਲ ਲਗਦੇ ਪਹਾੜੀ ਖਿੱਤੇ ਦੇ ਪਿੰਡ ਬਠੁੱਲਾ ਵਿਖੇ ਮੱਖਣ ਸਿੰਘ ਦੀ ਵਿਧਵਾ ਸੁਰਿੰਦਰ ਕੌਰ  ਆਪਣੇ ਅਪਾਹਜ ਪੁੱਤਰ ਅਤੇ ਨੂੰਹ ਨਾਲ ਦਿਨ ਕਟੀ ਕਰ ਰਹੀ ਹੈ।  ਸਰਕਾਰ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਵੀ ਪਿਛਲੇ ਕਈ ਸਾਲਾਂ ਤੋਂ ਬੰਦ ਹੈ। ਉਸ ਦੇ ਦੋ ਪੁੱਤਰਾਂ ਇੰਦਰਪਾਲ ਸਿੰਘ ਦੀ 1994 ਅਤੇ ਗੁਰਵਿੰਦਰ ਸਿੰਘ ਦੀ 2009 ਵਿਚ ਭਿਆਨਕ ਬਿਮਾਰੀ ਕਾਰਨ ਮੌਤ ਹੋ ਗਈ ਸੀ। ਤੀਜਾ ਲੜਕਾ ਪਰਮਿੰਦਰ ਸਿੰਘ ਸੋਢੀ  ਬਚਪਨ ਤੋਂ ਹੀ ਅਧਰੰਗ ਕਾਰਨ ਅਪਾਹਜ ਹੋ ਗਿਆ। ਉਹ ਹੁਸ਼ਿਆਰਪੁਰ ਬਲਾਕ-ਇਕ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ 2500 ਰੁਪਏ ਮਾਸਿਕ ਤਨਖਾਹ ’ਤੇ ਸੇਵਾਦਾਰ ਵਜੋਂ ਨੌਕਰੀ ਕਰ ਰਿਹਾ ਹੈ।

ਅੱਜ ਸਵੇਰੇ ਪਿੰਡ ਬਠੁੱਲਾ ਵਿਖੇ ਆਪਣੇ ਘਰ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਅਤੇ ਪਰਵਾਸੀ ਭਾਰਤੀ ਜੋਗਾ ਸਿੰਘ ਬਠੁੱਲਾ ਦੀ ਹਾਜ਼ਰੀ ਵਿਚ ਪਰਮਿੰਦਰ ਸਿੰਘ ਸੋਢੀ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਦੁੱਖ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੇ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਮੱਖਣ ਸਿੰਘ ਸਿਰਫ ਸੱਤ ਜਮਾਤਾਂ ਪਾਸ ਸੀ ਅਤੇ ਆਰਥਿਕ ਤੰਗੀ ਕਾਰਨ ਉਹ 1955 ਵਿਚ ਜਲੰਧਰ ਜਾ ਕੇ ਫੌਜ ਵਿਚ ਭਰਤੀ ਹੋ ਗਿਆ। ਉਸ ਦੇ ਕਰੀਬੀ ਦੋਸਤ ਪਰਵਾਸੀ ਭਾਰਤੀ ਜੋਗਾ ਸਿੰਘ ਬਠੁੱਲਾ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਮੱਖਣ ਸਿੰਘ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ। ਉਸ ਦੀਆਂ ਪ੍ਰਾਪਤੀਆਂ ਕਾਰਨ ਜਿੱਥੇ ਦੇਸ਼ ਦਾ ਨਾਮ ਦੁਨੀਆਂ ਵਿਚ ਚਮਕਿਆ, ਉਥੇ ਪੰਜਾਬ ਦਾ ਸਿਰ ਉੱਚਾ ਚੁੱਕਣ ਵਿਚ ਉਸ ਨੇ ਆਪਣੀ ਸਾਰੀ ਤਾਕਤ ਦਾਅ ’ਤੇ ਲਗਾ ਦਿੱਤੀ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਮੰਤਰੀਆਂ ਨੇ ਉਸ ਦੀਆਂ ਪ੍ਰਾਪਤੀਆਂ ’ਤੇ ਪਰਿਵਾਰ ਨੂੰ ਆਰਥਿਕ ਸਹਿਯੋਗ ਦੇਣ ਦੇ ਵਾਅਦੇ ਤਾਂ ਬਹੁਤ ਕੀਤੇ ਪ੍ਰੰਤੂ ਕਿਸੇ ਨੇ ਵੀ ਉਸ ਦੇ ਜਿਊਂਦੇ ਜੀਅ ਨਹੀਂ ਨਿਭਾਏ।  ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 1964 ਵਿਚ ਮੱਖਣ ਸਿੰਘ ਥਲ ਸੈਨਾ ਵਿਚ ਨਾਇਬ ਸੂਬੇਦਾਰ ਬਣ ਗਿਆ। ਉਸ ਨੇ ਟਰੈਕ ਦੌੜਾਂ ਵਿਚ ਜਿੱਤਾਂ ਦਰਜ ਕਰਨ ਤੋਂ ਇਲਾਵਾ ਮੈਦਾਨੇ-ਜੰਗ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ। ਉਸ ਨੇ 1965 ਵਿਚ ਭਾਰਤ ਪਾਕਿਸਤਾਨ ਜੰਗ ਦੌਰਾਨ ਸਿਆਲਕੋਟ ਸੈਕਟਰ ਵਿੱਚ ਮੋਹਰੀ ਭੂਮਿਕਾ ਨਿਭਾਈ। 1972 ਵਿਚ ਉਸ ਦੀ ਫੌਜ ਵਿਚੋਂ ਸੇਵਾ ਮੁਕਤੀ ਤੋਂ ਬਾਅਦ ਪਰਿਵਾਰ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਨੇ ਦੱਸਿਆ ਕਿ ਮੱਖਣ ਸਿੰਘ ਨੇ 18 ਸਾਲ ਟਰੱਕ ਚਲਾਇਆ। ਉਸ ਦੇ ਖੜ੍ਹੇ ਟਰੱਕ ਨਾਲ ਕੋਈ ਤੇਜ਼ ਰਫ਼ਤਾਰ ਟਰੱਕ ਟੱਕਰ ਮਾਰ ਗਿਆ। ਇਸ ਹਾਦਸੇ ਵਿਚ ਮੱਖਣ ਸਿੰਘ ਦੀ ਇਕ ਲੱਤ ਤਿੰਨ ਜਗ੍ਹਾ ਤੋਂ ਟੁੱਟਣ ਅਤੇ ਵਾਧੂ ਸ਼ੂਗਰ ਹੋਣ ਕਾਰਨ ਡਾਕਟਰਾਂ ਨੂੰ ਉਸ ਦੀ ਇਕ ਲੱਤ ਕੱਟਣੀ ਪਈ। ਘਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੂੰ ਚੱਬੇਵਾਲ ਵਿਖੇ ਕਾਪੀਆਂ ਕਿਤਾਬਾਂ ਦੀ ਦੁਕਾਨ ਪਾਉਣੀ ਪਈ। ਉਨ੍ਹਾਂ ਦੱਸਿਆ ਕਿ ਉਸ ਨੇ ਉਸ ਸਮੇਂ ਦੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਮਿਲਖਾ ਸਿੰਘ ਕੋਲ ਸਰਕਾਰੀ ਨੌਕਰੀ ਲਈ ਪਹੁੰਚ ਕੀਤੀ ਪ੍ਰੰਤੂ ਉਨ੍ਹਾਂ ਵੱਲੋਂ ਉਸ ਦੀ ਘੱਟ ਵਿਦਿਅਕ ਯੋਗਤਾ ਹੋਣ ਕਾਰਨ ਉਸ ਨੂੰ ਨੌਕਰੀ ਤੋਂ ਸਾਫ  ਨਾਂਹ ਕਰ ਦਿੱਤੀ।

ਮੱਖਣ ਸਿੰਘ ਨੇ 1964 ਵਿਚ ਕਲਕੱਤਾ ਵਿਖੇ ਹੋਈਆਂ ਕੌਮੀ ਅਥਲੈਟਿਕਸ ਖੇਡਾਂ ਵਿੱਚ ਉਡਣੇ ਸਿੱਖ ਵਜੋਂ ਮਸ਼ਹੂਰ ਹੋਏ ਮਿਲਖਾ ਸਿੰਘ ਨੂੰ ਹਰਾ ਦਿੱਤਾ ਸੀ। ਸਟੇਡੀਅਮ ਵਿਚ ਦਰਸ਼ਕ ਉਸ ਵਕਤ ਹੈਰਾਨ ਰਹਿ ਗਏ ਜਦ ਤੀਸਰੀ ਲਾਈਨ ਵਿੱਚ ਮੱਖਣ ਸਿੰਘ ਨੇ ਮਿਲਖਾ ਸਿੰਘ ਤੋਂ ਅੱਗੇ ਲੰਘਦਿਆਂ ਸਮਾਪਤੀ ਰੇਖਾ ਨੂੰ ਪਾਰ ਕਰ ਲਿਆ ਅਤੇ ਮੁਕਾਬਲੇ ਦਾ ਖਿਤਾਬ ਆਪਣੇ ਨਾਮ ਕਰ ਲਿਆ।

ਮੱਖਣ ਸਿੰਘ ਨੂੰ ਫੁਟਬਾਲ ਖੇਡਣ ਦਾ ਸ਼ੌਕ ਸੀ ਪ੍ਰੰਤੂ ਉਸ ਦੇ ਫੌਜੀ ਸਾਥੀ ਹਵਲਦਾਰ ਨਰੰਜਣ ਸਿੰਘ ਦੀ ਪ੍ਰੇਰਨਾ ਨਾਲ ਉਹ ਦੌੜ ਵੱਲ ਖਿਚਿਆ ਗਿਆ। 1956 ਵਿੱਚ ਆਰਮੀ ਸਪੋਰਟਸ ਕੰਟਰੋਲ ਬੋਰਡ ਵੱਲੋਂ ਪੁਣੇ ਵਿਚ ਅਥਲੈਟਿਕ ਮੀਟ ਕਰਵਾਈ ਜਿਸ ਦੌਰਾਨ ਉਸ ਨੇ ਸਖ਼ਤ ਮਿਹਨਤ ਕੀਤੀ। ਦਿਨ ਰਾਤ ਮਿਹਨਤ ਦਾ ਫਲ ਉਸ ਵਕਤ ਮਿਲਿਆ ਜਦ ਉਸ ਨੇ 1957-58 ਵਿਚ ਕੌਮੀ ਅਥਲੈਟਿਕਸ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਏਸ਼ੀਅਨ ਖੇਡਾਂ ਲਈ ਦਿੱਲੀ ਵਿਖੇ ਤਿੰਨ ਮਹੀਨੇ ਲੱਗੇ ਕੈਂਪ ਵਿਚ ਉਸ ਨੇ ਸਖ਼ਤ ਮਿਹਨਤ ਕੀਤੀ ਪ੍ਰੰਤੂ ਅਚਾਨਕ ਬੁਖਾਰ ਚੜ੍ਹਨ ਕਾਰਨ ਉਹ ਉਕਤ ਖੇਡਾਂ ਵਿਚ ਸ਼ਾਮਿਲ ਨਾ ਹੋ ਸਕਿਆ। ਇਸ ਤੋਂ ਬਾਅਦ 1959 ਵਿਚ ਤ੍ਰਿਵੈਂਦਰਮ ਅਥਲੈਟਿਕ ਮੀਟ ਵਿਚ ਮੱਖਣ ਸਿੰਘ ਨੇ 100 ਮੀਟਰ ਵਿੱਚ ਪਹਿਲਾ ਅਤੇ 200 ਮੀਟਰ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। 1962 ਵਿਚ ਜਕਾਰਤਾ ਏਸ਼ਿਆਈ ਖੇਡਾਂ ਵਿਚ ਉਸ ਨੇ 4&100 ਮੀਟਰ ਰੀਲੇਅ ਦੌੜ ਵਿਚ ਗੋਲਡ ਮੈਡਲ ਜਿੱਤਿਆ ਅਤੇ 400 ਮੀਟਰ ਵਿਚ ਮਿਲਖਾ ਸਿੰਘ ਨਾਲ ਦੌੜ ਕੇ ਦੂਜਾ ਸਥਾਨ ਪ੍ਰਾਪਤ ਕੀਤਾ। 1964 ਵਿਚ ਕੌਮੀ ਅਥਲੈਟਿਕਸ ਵਿਚ 200 ਮੀਟਰ ਦੌੜ ਵਿਚ ਉਸ ਨੇ ਮਿਲਖਾ ਸਿੰਘ ਨੂੰ ਹਰਾਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਜਿੱਤ ਨਾਲ ਕੌਮੀ ਪਛਾਣ ਬਣਾਈ।  ਇਸੇ ਦੌਰਾਨ ਉਸ ਨੇ 400 ਮੀਟਰ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਮਿਲਖਾ ਸਿੰਘ  ਦਾ10 ਸਾਲ ਸਾਥ ਨਿਭਾਇਆ ਅਤੇ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਿਆ। ਉਹ ਦੱਸਦੀ ਹੈ ਕਿ 1964 ਵਿਚ ਟੋਕੀਓ ਓਲੰਪਿਕ ਵਿਚ ਮੱਖਣ ਸਿੰਘ ਨੇ 4&100 ਰਿਲੇਅ ਦੌੜ ਵਿਚ ਮਿਲਖਾ ਸਿੰਘ, ਅੰਮ੍ਰਿਤਪਾਲ ਅਤੇ ਅਜਮੇਰ ਸਿੰਘ ਨਾਲ ਹਿੱਸਾ ਲਿਆ ਸੀ। ਉਸ ਨੇ ਦੱਸਿਆ ਕਿ ਉਸ ਦੀ ਨੂੰਹ ਅਰਜਨ ਐਵਾਰਡੀ ਪਰਿਵਾਰ ਦੀ ਨੂੰਹ ਮਾਹਿਲਪੁਰ ਵਾਸੀ ਮਾਧੁਰੀ ਏ. ਸਿੰਘ ਦੀ ਰਿਸ਼ਤੇਦਾਰੀ ਵਿਚੋਂ ਹੈ। ਉਸ ਨੇ ਦੱਸਿਆ ਕਿ ਅਰਜਨਾ ਐਵਾਰਡ ਨਾਲ ਸਨਮਾਨਿਤ ਉਸ ਦੇ ਪਤੀ ਨੂੰ ਸਾਬਕਾ ਕੇਂਦਰੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਵੱਲੋਂ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੀ ਰਾਸ਼ੀ ਦਿੱਤੀ ਸੀ ਜੋ ਸਾਰੀ ਲੜਕਿਆਂ ਦੀ ਬਿਮਾਰੀ ਅਤੇ ਘਰ ਵਿਚ ਹੀ ਖਰਚ ਹੋ ਗਈ। 1964 ਵਿਚ ਸਾਬਕਾ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਵੱਲੋਂ ਮੱਖਣ ਸਿੰਘ ਨੂੰ ਅਰਜਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਦਾ ਘਰ ਸਨਮਾਨਾਂ ਨਾਲ ਭਰਿਆ ਪਿਆ ਹੈ। ਪੁਰਾਣੀਆਂ ਅਖ਼ਬਾਰਾਂ ਨਾਲ ਭਰਿਆ ਝੋਲਾ ਫੜਾਉਂਦਿਆਂ ਕਿਹਾ ਕਿ ਸਰਕਾਰ ਜੇ ਸਾਡੇ ’ਤੇ ਤਰਸ ਕਰੇ ਤਾਂ ਮੈਂ ਵੀ 10+2 ਪਾਸ ਹਾਂ ਅਤੇ ਮੇਰਾ ਪਤੀ ਸਰਕਾਰੀ ਦਫ਼ਤਰ ਵਿਚ 2500 ਰੁਪਏ ਪ੍ਰਤੀ ਮਹੀਨਾ ਕੱਚਾ ਮੁਲਾਜ਼ਮ ਹੈ। ਉਸ ਦੀ ਮੰਗ ਹੈ ਕਿ ਜੇ ਸਰਕਾਰ ਨੇ ਸਾਨੂੰ ਮਾਲੀ ਸਹਾਇਤਾ ਨਹੀਂ ਕਰਨੀ ਤਾਂ ਘੱਟੋ ਘੱਟ ਸਾਨੂੰ ਢੁੱਕਵੀਂ ਸਰਕਾਰੀ ਨੌਕਰੀ ਹੀ ਦੇ ਦੇਵੇ। ਉਸ ਦੇ ਅਪਾਹਜ ਪਤੀ ਨੂੰ ਪੱਕਾ ਕਰ ਦੇਵੇ।



Archive

RECENT STORIES